ਕਰਮਜੀਤ ਸਿੰਘ ਚਿੱਲਾ
ਬਨੂੜ, 12 ਮਈ
ਕਣਕ ਦਾ ਸੀਜ਼ਨ ਖਤਮ ਹੋਣ ਨੂੰ ਦਸ ਦਿਨ ਬੀਤਣ ਦੇ ਬਾਵਜੂਦ ਬਨੂੜ ਮੰਡੀ ਵਿੱਚ ਕਣਕ ਦੀਆਂ ਸੈਂਕੜੇ ਬੋਰੀਆਂ ਲਿਫ਼ਟਿੰਗ ਦੀ ਉਡੀਕ ਕਰ ਰਹੀਆਂ ਹਨ। ਖੁੱਲ੍ਹੇ ਅਸਮਾਨ ਥੱਲੇ ਪਈ ਕਣਕ ਪਿਛਲੇ ਦਿਨੀਂ ਸ਼ਾਮ ਸਮੇਂ ਹੋਈ ਬਾਰਿਸ਼ ਕਾਰਨ ਇੱਕ ਵਾਰ ਗਿੱਲੀ ਵੀ ਹੋ ਚੁੱਕੀ ਹੈ। ਮੰਡੀ ਵਿੱਚ ਪਈ ਕਣਕ ਪਨਗਰੇਨ ਏਜੰਸੀ ਦੀ ਹੈ ਤੇ ਜ਼ਿਆਦਾ ਕਣਕ ਤੀਹ-ਤੀਹ ਕਿੱਲੋ ਦੀਆਂ ਬੋਰੀਆਂ ਵਿੱਚ ਹੈ, ਜਿਸ ਨੂੰ ਪੰਜਾਬ ਸਰਕਾਰ ਨੇ ਦੋ ਰੁਪਏ ਕਿਲੋ ਦੇ ਹਿਸਾਬ ਨਾਲ ਨੀਲੇ ਸਮਾਰਟ ਕਾਰਡ ਹੋਲਡਰਾਂ ਨੂੰ ਮੁਹੱਈਆ ਕਰਾਉਣਾ ਹੈ। ਮੰਡੀ ਵਿੱਚੋਂ ਐਫ਼ਸੀਆਈ, ਵੇਅਰਹਾਊਸਿੰਗ, ਮਾਰਕਫ਼ੈੱਡ ਆਦਿ ਏਜੰਸੀਆਂ ਨੇ ਆਪਣੀ ਖਰੀਦੀ ਕਣਕ ਦੀ ਲਿਫ਼ਟਿੰਗ ਮੁਕੰਮਲ ਕਰ ਲਈ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਡੀ ਵਿੱਚ ਲਿਫ਼ਟਿੰਗ ਬਾਝੋਂ ਰਹਿੰਦੀ ਕਣਕ ਦੀ ਰਿਪੋਰਟ ਲਗਾਤਾਰ ਪ੍ਰਸ਼ਾਸਨ ਨੂੰ ਭੇਜੀ ਜਾ ਰਹੀ ਹੈ ਅਤੇ ਸਬੰਧਤ ਏਜੰਸੀ ਨੂੰ ਵੀ ਇਸ ਸਬੰਧੀ ਨੋਟਿਸ ਭੇਜਿਆ ਗਿਆ ਹੈ। ਉਧਰ ਪਨਗਰੇਨ ਦੇ ਇੰਸਪੈਕਟਰ ਦੀਪਕ ਸਿਨਹਾ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਦੌਰਾਨ ਮੰਡੀ ਵਿੱਚੋਂ ਲਿਫ਼ਟਿੰਗ ਦਾ ਕੰਮ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕਣਕ ਪੂਰੀ ਤਰ੍ਹ੍ਵਾਂ ਸੁਰੱਖਿਅਤ ਹੈ ਤੇ ਮੀਂਹ ਤੋਂ ਬਚਾਉਣ ਲਈ ਤਿਰਪਾਲਾਂ ਨਾਲ ਢਕਿਆ ਜਾਂਦਾ ਹੈ।