ਕਰਮਜੀਤ ਸਿੰਘ ਚਿੱਲਾ
ਬਨੂੜ, 28 ਅਕਤੂਬਰ
ਕਿਸਾਨਾਂ ਨੇ ਕਣਕ ਦੀ ਬਿਜਾਈ ਆਰੰਭ ਕਰ ਦਿੱਤੀ ਹੈ, ਪਰ ਡੀਏਪੀ ਖਾਦ ਨਾ ਮਿਲਣ ਕਾਰਨ ਉਹ ਪ੍ਰੇਸ਼ਾਨ ਹਨ। ਇਲਾਕੇ ਦੀ ਕਿਸੇ ਵੀ ਸਹਿਕਾਰੀ ਖੇਤੀਬਾੜੀ ਸਭਾ ਵਿੱਚ ਵੀ ਡੀਏਪੀ ਖਾਦ ਦਾ ਇੱਕ ਵੀ ਥੈਲਾ ਨਹੀਂ ਪੁੱਜਾ।
ਇਲਾਕੇ ਦੇ ਕਿਸਾਨ ਹਰਿਆਣਾ ਦੇ ਸ਼ਹਿਰਾਂ ਵਿੱਚੋਂ ਬਲੈਕ ਵਿੱਚ ਡੀਏਪੀ ਖਾਦ ਲਿਆਉਣ ਲਈ ਮਜਬੂਰ ਹਨ ਜਦਕਿ ਪ੍ਰਾਈਵੇਟ ਖਾਦ ਡੀਲਰ ਕਿਸਾਨਾਂ ਨੂੰ ਡੀਏਪੀ ਦੇ ਹਰ ਥੈਲੇ ਨਾਲ ਨਦੀਨਨਾਸ਼ਕ ਦਵਾਈਆਂ ਜਾਂ ਹੋਰ ਵਸਤਾਂ ਲੈਣ ਲਈ ਮਜਬੂਰ ਕਰ ਰਹੇ ਹਨ। ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਸਾਧੂ ਸਿੰਘ ਖਲੌਰ, ਸਰਕਲ ਬਨੂੜ ਦੇ ਪ੍ਰਧਾਨ ਕਰਤਾਰ ਸਿੰਘ ਖਲੌਰ, ਹਰਮਨਦੀਪ ਸਿੰਘ, ਗੁਰਦੀਪ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਸਹਿਕਾਰੀ ਸਭਾ ਵਿੱਚ ਡੀਏਪੀ ਦਾ ਇੱਕ ਥੈਲਾ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਤੋੋਂ ਵੀ ਡੀਏਪੀ ਖਾਦ ਨਹੀਂ ਮਿਲ ਰਹੀ।
ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਖੇਤੀਬਾੜੀ ਸਭਾਵਾਂ ਵਿੱਚ ਤੁਰੰਤ ਖਾਦ ਭੇਜਣ ਦੀ ਮੰਗ ਕਰਦਿਆਂ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਮਾਰਕਫ਼ੈੱਡ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਹੈ।
ਸਹਿਕਾਰੀ ਸਭਾਵਾਂ ਦੀ ਕਰਜ਼ਾ ਵਸੂਲੀ ’ਤੇ ਪੈ ਰਿਹੈ ਅਸਰ
ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 66 ਸੁਸਾਇਟੀਆਂ ਵਿੱਚ 10-12 ਸੁਸਾਇਟੀਆਂ ਵਿੱਚ ਨਾਮਾਤਰ ਡੀਏਪੀ ਖਾਦ ਆਈ ਹੈ। ਉਨ੍ਹਾਂ ਕਿਹਾ ਕਿ ਸਭਾਵਾਂ ਵੱਲੋਂ ਮਾਰਕਫੈੱਡ ਕੋਲ ਖਾਦ ਲਈ 50-50 ਹਜ਼ਾਰ ਦੀ ਐਡਵਾਂਸ ਰਾਸ਼ੀ ਅਤੇ ਖਾਦ ਦੀ ਡਿਮਾਂਡ ਅਨੁਸਾਰ ਖਾਲੀ ਚੈੱਕ ਦੇਣ ਦੇ ਬਾਵਜੂਦ ਖਾਦ ਨਹੀਂ ਆਈ। ਉਨ੍ਹਾਂ ਕਿਹਾ ਡੀਏਪੀ ਦੇ ਰੂਪਨਗਰ ਵਿੱਚ ਲੱਗੇ ਰੈਕ ਦੇ ਬਾਵਜੂਦ ਪ੍ਰਾਈਵੇਟ ਡੀਲਰਾਂ ਨੂੰ ਖਾਦ ਸਪਲਾਈ ਕੀਤੀ ਗਈ ਪਰ ਸੁਸਾਇਟੀਆਂ ਕੋਲ ਨਹੀਂ ਭੇਜੀ ਗਈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਦੂਰ-ਦੁਰੇਡੇ ਤੋਂ ਖਾਦ ਖਰੀਦਣ ਨਾਲ ਸਭਾਵਾਂ ਦੀ ਕਰਜ਼ਾ ਵਸੂਲੀ ਉੱਤੇ ਵੀ ਅਸਰ ਪੈ ਰਿਹਾ ਹੈ।