ਪੱਤਰ ਪ੍ਰੇਰਕ
ਅਮਲੋਹ, 27 ਅਕਤੂਬਰ
ਬਲਾਕ ਅਮਲੋਹ ਦੇ ਪਿੰਡ ਬੈਣਾ ਬੁਲੰਦ ਵਿੱਚ ਜ਼ਮੀਨ ਦਾ ਪਾਣੀ ਦੂਜੀ ਜ਼ਮੀਨ ਵਿੱਚ ਵੜਨ ਕਾਰਨ ਦੋ ਗੁੱਟ ਆਪਸ ਵਿਚ ਭਿੜ ਪਏ। ਝਗੜੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਅਮਲੋਹ ਪੁਲੀਸ ਨੇ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੰਜ ਵਿਅਕਤੀਆਂ ਖ਼ਿਲਾਫ਼ ਕੁੱਟਮਾਰ ਕਰਨ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਕਥਿਤ ਦੋਸ਼ੀਆਂ ਵਿੱਚ ਇੰਦਰਦੀਪ, ਗਗਨਦੀਪ ਸਮੇਤ 3 ਨਾਮਲੂਮ ਵਿਅਕਤੀ ਸ਼ਾਮਲ ਹਨ। ਪੁਲੀਸ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਜ਼ਮੀਨ ਨਾਲ ਲੱਗਦੀ ਜ਼ਮੀਨ ਵਿੱਚ ਚੂਹਿਆਂ ਨੇ ਖੱਡ ਪੁੱਟ ਦਿੱਤੀ ਸੀ, ਜਿਸ ਕਾਰਨ ਉਸ ਦੀ ਜ਼ਮੀਨ ਦਾ ਪਾਣੀ ਨਾਲ ਲੱਗਦੀ ਜ਼ਮੀਨ ਵਿੱਚ ਚਲਾ ਗਿਆ। ਇਸ ’ਤੇ ਦੂਜੇ ਗੁੱਟ ਵਾਲਿਆਂ ਨੇ ਉਸ ਦੀ ਕੁੱਟਮਾਰ ਕੀਤੀ।