ਹਰਜੀਤ ਸਿੰਘ
ਜ਼ੀਰਕਪੁਰ, 6 ਸਤੰਬਰ
ਇਥੋਂ ਦੇ ਛੱਤਬੀੜ ਚਿੜੀਆਘਰ ਵਿੱਚ ਅੱਜ ਚਿੱਟੇ ਬਾਘਾਂ ਦੇ ਦੋ ਬੱਚਿਆਂ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਚਿੱਟੇ ਬਾਘਾਂ ਦੇ ਦੋਵੇਂ ਬੱਚਿਆਂ ਦਾ ਜਨਮ ਇਸੇ ਸਾਲ ਅੱਠ ਮਈ ਨੂੰ ਛੱਤਬੀੜ ਚਿੜੀਆਘਰ ਵਿੱਚ ਹੋਇਆ ਸੀ। ਕਰੋਨਾ ਕਾਲ ਤੋਂ ਬਾਅਦ ਕੋਵਿਡ-19 ਦੇ ਪੂਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਅੱਜ ਬਾਘਾਂ ਦੇ ਬੱਚਿਆਂ ਨੂੰ ਦੇਖਣ ਲਈ ਛੱਤਬੀੜ ਚਿੜੀਆਘਰ ਵਿੱਚ ਰਿਕਾਰਡ ਤੋੜ 4600 ਸੈਲਾਨੀ ਪਹੁੰਚੇ। ਇਸ ਤੋਂ ਪਹਿਲਾਂ ਇੱਥੇ ਸਭ ਤੋਂ ਵੱਧ ਸੈਲਾਨੀਆਂ ਦਾ ਰਿਕਾਰਡ 2017 ਵਿੱਚ ਦਰਜ ਕੀਤਾ ਗਿਆ ਸੀ। ਉਸ ਸਾਲ ਦੌਰਾਨ ਕੁੱਲ 13,235 ਸੈਲਾਨੀ ਇੱਥੇ ਪਹੁੰਚੇ ਸਨ।
ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਨਰੇਸ਼ ਮਹਾਜਨ ਨੇ ਦੱਸਿਆ ਕਿ ਦੋਵੇਂ ਬੱਚਿਆਂ ਨੂੰ ਅੱਜ ਉਨ੍ਹਾਂ ਦੀ ਮਾਂ ‘ਦੀਆ’ ਨਾਲ ਪਹਿਲੇ ਦਿਨ ਸੈਲਾਨੀਆਂ ਲਈ ਖੋਲ੍ਹਿਆ ਗਿਆ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਦੋਵੇਂ ਬੱਚਿਆਂ ਨੇ ਸੈਲਾਨੀਆਂ ਦਾ ਪੂਰਾ ਮਨੋਰੰਜਨ ਕੀਤਾ। ਜ਼ਿਕਰਯੋਗ ਹੈ ਕਿ ਦੋਵਾਂ ਬੱਚਿਆਂ ਦਾ ਪਿਤਾ ਨੌਂ ਸਾਲਾ ਦਾ ਬਾਘ ‘ਅਮਨ’ ਵੀ ਇਸੇ ਚਿੜੀਆਘਰ ਵਿੱਚ ਹੈ। ਇਸ ਤੋਂ ਪਹਿਲਾਂ ‘ਦੀਆ’ ਨੇ 2019 ਵਿੱਚ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਸੀ। ਫੀਲਡ ਡਾਇਰੈਕਟਰ ਸ੍ਰੀ ਮਹਾਜਨ ਨੇ ਕਿਹਾ ਕਿ ਬਾਘਾਂ ਦੇ ਬੱਚਿਆਂ ਤੋਂ ਇਲਾਵਾ ਛੱਤਬੀੜ ਚਿੜੀਆਘਰ ਵਿੱਚ ਬੀਤੇ ਦਿਨੀਂ ਚਾਲੂ ਕੀਤਾ ਡਾਇਨਾਸੌਰ ਪਾਰਕ ਵੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਲੁਪਤ ਹੋ ਚੁੱਕੇ ਡਾਇਨਾਸੌਰ ਦੇ ਰੋਬੋਟ ਸਥਾਪਤ ਕੀਤੇ ਗਏ ਹਨ।