ਪੱਤਰ ਪ੍ਰੇਰਕ
ਕੁਰਾਲੀ, 9 ਜਨਵਰੀ
ਪੰਜਾਬ ਪੁਲੀਸ ਵਿੱਚ ਤਾਇਨਾਤ ਪੁਲੀਸ ਅਧਿਕਾਰੀ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਪਿਛਲੇ ਚਾਰ ਸਾਲਾਂ ਤੋਂ ਤਰਸ ਦੇ ਆਧਾਰ ’ਤੇ ਨੌਕਰੀ ਲੈਣ ਅਤੇ ਹੋਰ ਸਰਕਾਰੀ ਲਾਭ ਲੈਣ ਲਈ ਦਫ਼ਤਰਾਂ ਦੇ ਗੇੜੇ ਮਾਰਨ ਲਈ ਮਜਬੂਰ ਹੈ। ਪੀੜਤਾ ਨੇ ਪੁਲੀਸ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਸਥਾਨਕ ਨਿਵਾਸੀ ਸੀਮਾ ਸ਼ਰਮਾ ਨੇ ਦੱਸਿਆ ਕਿ ਉਸ ਦਾ ਪਤੀ ਬਿਸ਼ਨ ਦਾਸ ਪੰਜਾਬ ਪੁਲੀਸ ’ਚ ਤਾਇਨਾਤ ਸੀ। ਉਸ ਦੀ ਪਹਿਲੀ ਪਤਨੀ ਦੇ ਕੋਈ ਔਲਾਦ ਨਹੀਂ ਸੀ ਅਤੇ ਪਹਿਲੀ ਪਤਨੀ ਦੀ 2007 ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਾਲ 2013 ਵਿੱਚ ਉਸ ਦਾ ਵਿਆਹ ਬਿਸ਼ਨ ਦਾਸ ਨਾਲ ਹੋਇਆ ਅਤੇ ਉਨ੍ਹਾਂ ਦਾ ਇੱਕ ਬੱਚਾ ਵੀ ਹੈ ਜੋ ਅਜੇ ਪੜ੍ਹ ਰਿਹਾ ਹੈ।
ਸੀਮਾ ਸ਼ਰਮਾ ਨੇ ਦੱਸਿਆ ਕਿ ਵਿਆਹ ਮਗਰੋਂ ਬਿਸ਼ਨ ਦਾਸ ਨੇ ਉਸ ਨੂੰ ਪੁਲੀਸ ਮਹਿਕਮੇ ਦੇ ਸਰਵਿਸ ਰਿਕਾਰਡ ਵਿੱਚ ਉਸ ਨੂੰ ਹਰ ਤਰ੍ਹਾਂ ਦਾ ਹੱਕਦਾਰ ਬਣਾ ਦਿੱਤਾ। ਅਚਾਨਕ ਹੀ ਬਿਸ਼ਨ ਦਾਸ ਦੀ ਸਾਲ 2017 ਵਿੱਚ ਅਚਾਨਕ ਮੌਤ ਹੋ ਗਈ ਸੀ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਆਪਣੇ ਬੱਚੇ ਦੇ ਪਾਲਣ-ਪੋਸ਼ਣ ਲਈ ਤਰਸ ਦੇ ਆਧਾਰ ’ਤੇ ਪੁਲੀਸ ਵਿਭਾਗ ਵਿੱਚ ਨੌਕਰੀ ਲਈ ਪੱਤਰ ਦਿੱਤਾ ਸੀ ਪਰ ਹੁਣ ਤੱਕ ਪੁਲੀਸ ਵਿਭਾਗ ਨੇ ਨਾ ਤਾਂ ਉਸ ਨੂੰ ਨੌਕਰੀ ਦਿੱਤੀ ਅਤੇ ਨਾ ਹੀ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਮਿਲਣ ਵਾਲੇ ਲਾਭ ਦਿੱਤੇ। ਸੀਮਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ 7 ਸਾਲ ਦਾ ਬੱਚਾ ਹੈ ਜਿਸ ਨੂੰ ਕਿਡਨੀ ਦੀ ਸਮੱਸਿਆ ਹੈ ਅਤੇ ਉਸ ਦਾ ਇਲਾਜ ਚੰਡੀਗੜ੍ਹ ਪੀਜੀਆਈ ਤੋਂ ਚੱਲ ਰਿਹਾ ਹੈ। ਸੀਮਾ ਸ਼ਰਮਾ ਨੇ ਪੁਲੀਸ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।