ਪੱਤਰ ਪ੍ਰੇਰਕ
ਬਨੂੜ, 15 ਸਤੰਬਰ
ਥਾਣਾ ਬਨੂੜ ਦੀ ਪੁਲੀਸ ਨੇ ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਅਧੀਨ ਕਮਲਜੀਤ ਸਿੰਘ, ਵੀਰਪਾਲ ਕੌਰ ਅਤੇ ਅਵਤਾਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਹ ਕਾਰਵਾਈ ਦਵਿੰਦਰ ਕੌਰ ਵਾਸੀ ਪਿੰਡ ਦੇਵੀਨਗਰ (ਅਬਰਾਵਾਂ) ਦੇ ਬਿਆਨਾਂ ਦੇ ਆਧਾਰ ’ਤੇ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਦਵਿੰਦਰ ਕੌਰ ਅਨੁਸਾਰ ਉਸ ਦਾ ਵਿਆਹ ਸਾਲ 2012 ਵਿੱਚ ਕਮਲਜੀਤ ਸਿੰਘ ਵਾਸੀ ਅਬਰਾਵਾਂ ਨਾਲ ਹੋਇਆ ਸੀ। 2021 ਵਿੱਚ ਉਸ ਦੇ ਪਤੀ ਕਮਲਜੀਤ ਸਿੰਘ ਨੇ ਪਰਿਵਾਰਕ ਮੈਂਬਰਾਂ ਤੋਂ ਚੋਰੀ ਦੂਜਾ ਵਿਆਹ ਵੀਰਪਾਲ ਕੌਰ ਨਾਲ ਕਰਵਾ ਲਿਆ ਸੀ। ਉਸ ਦਾ ਪਤੀ ਵੀਰਪਾਲ ਕੌਰ ਨਾਲ ਪਿੰਡ ਖੇੜਾ ਗੱਜੂ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ। ਦਵਿੰਦਰ ਕੌਰ ਨੇ ਦੋਸ਼ ਲਾਇਆ ਕਿ ਕਮਲਜੀਤ ਸਿੰਘ, ਵੀਰਪਾਲ ਕੌਰ ਤੇ ਅਵਤਾਰ ਸਿੰਘ ਨੇ 13 ਸਤੰਬਰ ਰਾਤ ਨੂੰ ਉਸ ਦੇ ਘਰ ਆ ਕੇ ਕੁੱਟਮਾਰ ਕੀਤੀ।