ਜਗਮੋਹਨ ਸਿੰਘ
ਘਨੌਲੀ, 2 ਮਈ
ਇੱਥੇ ਹੱਡਾਰੋੜੀ ਨੇੜੇ ਨੈਸ਼ਨਲ ਹਾਈਵੇਅ ’ਤੇ ਪਏ ਡੂੰਘੇ ਖੱਡੇ ਨੇ ਔਰਤ ਦੀ ਜਾਨ ਲੈ ਲਈ। ਪਿੰਡ ਨਵਾਂ ਮਲਿਕਪੁਰ ਦੇ ਵਸਨੀਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੀ ਪਤਨੀ ਸੁਸ਼ਮਾ ਦੇਵੀ ਸਮੇਤ ਕੀਰਤਪੁਰ ਸਾਹਿਬ ’ਚ ਰਿਸ਼ਤੇਦਾਰੀ ਵਿੱਚ ਵਿਆਹ ਦਾ ਸ਼ਗਨ ਦੇ ਕੇ ਆਪਣੇ ਮੋਟਰਸਾਈਕਲ (ਨੰਬਰ ਪੀਬੀ12ਏਜੀ-2714) ’ਤੇ ਵਾਪਸ ਆ ਰਿਹਾ ਸੀ। ਜਦੋਂ ਉਹ ਘਨੌਲੀ ਦੀ ਹੱਡਾ ਰੋੜੀ ਨੇੜੇ ਪੁੱਜੇ ਤਾਂ ਸੜਕ ’ਤੇ ਪਏ ਡੂੰਘੇ ਖੱਡੇ ਨੂੰ ਪਾਰ ਕਰਦੇ ਸਮੇਂ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਜਿਸ ਦੌਰਾਨ ਉਹ ਦੋਵੇਂ ਜਣੇ ਮੋਟਰਸਾਈਕਲ ਸਮੇਤ ਸੜਕ ਵਿਚਕਾਰ ਡਿੱਗ ਗਏ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਸੱਟਾਂ ਜ਼ਿਆਦਾ ਲੱਗ ਜਾਣ ਕਾਰਨ ਉਸ ਨੂੰ ਗੰਭੀਰ ਹਾਲਤ ਵਿੱਚ ਰੂਪਨਗਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਅਸ਼ੋਕ ਕੁਮਾਰ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਟੌਲ ਇਕੱਤਰ ਕਰਨ ਦੇ ਬਾਵਜੂਦ ਵੀ ਸੜਕ ਦੀ ਮੁਰੰਮਤ ਨਾ ਕਰਨ ਵਾਲੀ ਕੰਪਨੀ ਦੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤਾ ਜਾਵੇ।