ਮਿਹਰ ਸਿੰਘ
ਕੁਰਾਲੀ, 30 ਮਈ
ਸ਼ਹਿਰ ਨੂੰ ਇਸ ਦੀ ਹੱਦ ਨਾਲ ਲੰਘਦੀ ਸਿਸਵਾਂ ਨਦੀ ਦੇ ਪਾਣੀ ਦੀ ਮਾਰ ਤੋਂ ਨੂੰ ਬਚਾਉਣ ਲਈ ਲਗਾਇਆ ਬੰਨ੍ਹ ਲੱਕੜ ਮਾਫੀਆ ਦੀ ਮਾਰ ਹੇਠ ਆ ਰਿਹਾ ਹੈ। ਲੱਕੜ ਮਾਫੀਆ ਵੱਲੋਂ ਰੇਤੇ ਨਾਲ ਬਣਾਏ ਬੰਨ੍ਹ ’ਤੇ ਲਗਾਏ ਦਰੱਖ਼ਤਾਂ ਪੁੱਟੇ ਜਾ ਰਹੇ ਹਨ।
ਪਹਾੜੀ ਖੇਤਰ ਤੋਂ ਆਉਣ ਵਾਲੇ ਬਰਸਾਤੀ ਪਾਣੀ ਤੋਂ ਸ਼ਹਿਰ ਨੂੰ ਬਚਾਉਣ ਲਈ ਕੱਚੇ ਬੰਨ੍ਹ ਬਣਾਏ ਹੋਏ ਹਨ। ਇਨ੍ਹਾਂ ਬੰਨ੍ਹਾਂ ਨੂੰ ਖੁਰਨ ਤੋਂ ਬਚਾਉਣ ਲਈ ਦਰੱਖਤ ਲਾਏ ਹੋਏ ਹਨ। ਲੱਕੜ ਮਾਫੀਆ ਵੱਲੋਂ ਬੰਨ੍ਹ ਉੱਤੇ ਖੜ੍ਹੇ ਦਰਖ਼ਤਾਂ ਪੁੱਟੇ ਜਾ ਰਹੇ ਹਨ। ਇਸ ਲਈ ਕਈ ਥਾਵਾਂ ’ਤੇ ਕਾਫ਼ੀ ਡੂੰਘਾਈ ਤਕ ਖੁਦਾਈ ਕੀਤੀ ਜਾ ਰਹੀ ਹੈ। ਇਸ ਕਾਰਨ ਨੇੜਲੇ ਪਿੰਡਾਂ ਨੂੰ ਮੀਂਹਾਂ ਦੇ ਦਿਨਾਂ ਵਿੱਚ ਨੁਕਸਾਨ ਹੋ ਸਕਦਾ ਹੈ।
ਸ਼ਹਿਰ ਵਿੱਚੋਂ ਲੰਘਣ ਵਾਲੀ ਇਸ ਸਿਸਵਾਂ ਨਦੀ ਵਿੱਚ ਪਹਾੜੀ ਖੇਤਰ ਤੋਂ ਆਉਣ ਵਾਲੀਆਂ ਚਾਰ ਨਦੀਆਂ ਪਟਿਆਲਾ ਕੀ ਰਾਓ, ਜੈਯੰਤੀ ਨਦੀ, ਪੜੌਲ ਨਦੀ ਅਤੇ ਸਿਸਵਾਂ ਡੈਮ ਵਾਲੀ ਨਦੀ ਦਾ ਪਾਣੀ ਆ ਕੇ ਸਿਆਮੀਪੁਰ ਵਿੱਚ ਮਿਲਦਾ ਹੈ। ਬਰਸਾਤ ਦੇ ਮੌਸਮ ਵਿੱਚ ਪਹਾੜੀ ਖੇਤਰਾਂ ਤੋਂ ਚਾਰਾਂ ਨਦੀਆਂ ਵਿੱਚ ਆਉਣ ਵਾਲਾ ਭਾਰੀ ਮਾਤਰਾ ਵਿੱਚ ਪਾਣੀ ਸਿਸਵਾਂ ਨਦੀ ਵਿੱਚ ਆਉਂਦਾ ਹੈ ਅਤੇ ਸ਼ਹਿਰ ਵਿਚੋਂ ਲੰਘਦੀ ਨਦੀ ਰਾਹੀਂ ਹੀ ਅੱਗੇ ਪੁੱਜਦਾ ਹੈ। ਇਸ ਨਦੀ ਦੇ ਬੰਨ੍ਹ ਉੱਤੇ ਵੀ ਹੁਣ ਲੱਕੜ ਮਾਫੀਆ ਦੀ ਨਜ਼ਰ ਪੈ ਗਈ ਹੈ।
ਇਸ ਸਬੰਧੀ ਡਰੇਨੇਜ਼ ਵਿਭਾਗ ਦੇ ਐਕਸੀਅਨ ਸਰਬਜੀਤ ਸਿੰਘ ਨੇ ਮਾਮਲੇ ਸਬੰਧੀ ਅਣਜਾਣ ਹੋਣ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਨਦੀ ਦੇ ਦਰਖ਼ਤਾਂ ਦੀ ਪੁਟਾਈ ਲਈ ਬੰਨ੍ਹ ਨੂੰ ਨੁਕਸਾਨ ਪਹੁੰਚਾਇਆ ਜਾਣਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਉਹ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਭੇਜ ਕੇ ਜਾਂਚ ਮਗਰੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।