ਕਰਮਜੀਤ ਸਿੰਘ ਚਿੱਲਾ
ਬਨੂੜ, 10 ਦਸੰਬਰ
ਬਨੂੜ ਤੋਂ ਜ਼ੀਰਕਪੁਰ ਜਾਂਦੇ ਕੌਮੀ ਮਾਰਗ ਉੱਤੇ ਅਜ਼ੀਜ਼ਪੁਰ ਵਿੱਚ ਲੱਗੇ ਟੌਲ ਪਲਾਜ਼ੇ ਨੂੰ ਚਾਲੂ ਕਰਨ ਲਈ ਸਫ਼ਾਈ ਸ਼ੁਰੂ ਕਰ ਦਿੱਤੀ ਗਈ ਹੈ। ਕਿਸਾਨ ਅੰਦੋਲਨ ਕਾਰਨ ਇਹ ਟੌਲ ਪਲਾਜ਼ਾ ਪਿਛਲੇ 431 ਦਿਨਾਂ ਤੋਂ ਬੰਦ ਪਿਆ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਦਸੰਬਰ ਤੋਂ ਪੰਜਾਬ ਵਿੱਚ ਲੱਗੇ ਸਾਰੇ ਧਰਨੇ ਚੁੱਕਣ ਦਾ ਐਲਾਨ ਕੀਤਾ ਗਿਆ ਹੈ। ਕੌਮੀ ਸ਼ਾਹਰਾਹ ਅਥਾਰਟੀ ਵੱਲੋਂ ਟੌਲ ਪਲਾਜ਼ਿਆਂ ਨੂੰ ਨਵੇਂ ਸਿਰਿਉਂ ਠੇਕਿਆਂ ਉੱਤੇ ਦੇਣ ਲਈ ਦੋ-ਤਿੰਨ ਪਹਿਲਾਂ ਟੈਂਡਰ ਦਿੱਤੇ ਗਏ ਹਨ। ਅਜ਼ੀਜ਼ਪੁਰ ਟੌਲ ਪਲਾਜ਼ਾ ਲਈ ਰਾਜਿਸਥਾਨ ਦੀ ਸ਼ਿਵਾ ਕਾਰਪੋਰੇਸ਼ਨ ਨਾਮੀ ਕੰਪਨੀ ਨੇ ਟੈਂਡਰ ਲਿਆ ਹੈ। ਇਸ ਕੰਪਨੀ ਦੇ ਮੈਨੇਜਰ ਇਮਰਾਨ ਖਾਨ ਨੇ ਦੱਸਿਆ ਕਿ ਟੌਲ ਪਲਾਜ਼ੇ 16 ਦਸੰਬਰ ਤੋਂ ਚੱਲਣ ਦੀ ਸੰਭਾਵਨਾ ਘੱਟ ਹੈ ਤੇ ਇੱਕ ਦੋ ਦਿਨ ਹੋਰ ਵਾਧੂ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਕੰਪਿਊਟਰ ਸਿਸਟਮ ਚਾਲੂ ਕਰਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਤਿੰਨ ਮਹੀਨਿਆਂ ਦੇ ਟਰਾਇਲ ਉੱਤੇ ਟੌਲ ਪਲਾਜ਼ਾ ਲਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਦੇ ਬੰਦ ਪਏ ਟੌਲ ਪਲਾਜ਼ੇ ਇੱਕੋ ਸਮੇਂ ਚਾਲੂ ਹੋਣਗੇ।
ਮੈਨੇਜਰ ਨੇ ਦੱਸਿਆ ਕਿ ਅਜ਼ੀਜ਼ਪੁਰ ਦਾ ਟੌਲ ਪਲਾਜ਼ਾ ਸੌ ਫ਼ੀਸਦੀ ਫਾਸਟ ਟੈਗ ਕਰ ਦਿੱਤਾ ਗਿਆ ਹੈ। ਟੈਗ ਤੋਂ ਬਿਨਾਂ ਲੰਘਣ ਵਾਲੇ ਵਾਹਨ ਨੂੰ ਕਰ ਤੋਂ ਦੁੱਗਣੀ ਰਾਸ਼ੀ ਜੁਰਮਾਨੇ ਵਜੋਂਂ ਅਦਾ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਵਾਹਨਾਂ ਦੇ ਮਹੀਨਾਵਾਰ ਪਾਸਾਂ ਵਿੱਚ ਮਾਮੂਲੀ ਵਾਧਾ ਹੋਇਆ ਹੈ।