ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੂਨ
‘ਵਿਸ਼ਵ ਖੂਨਦਾਨ ਦਿਵਸ’ ’ਤੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਸਕੱਤਰ ਸਿਹਤ ਤੇ ਮੈਡੀਕਲ ਸਿੱਖਿਆ ਤੇ ਖੋਜ ਯਸ਼ਪਾਲ ਗਰਗ ਨੇ ਕੀਤਾ। ਕੈਂਪ ’ਚ ਚੰਡੀਗੜ੍ਹ ਐੱਨਸੀਸੀ ਬਟਾਲੀਅਨ ਦੇ ਕੈਡਿਟ, ਹਸਪਤਾਲ ਦੀ ਫੈਕਲਟੀ, ਸਟਾਫ਼, ਵਿਦਿਆਰਥੀਆਂ ਤੇ ਡਾਕਟਰਾਂ ਸਣੇ 100 ਜਣਿਆਂ ਨੇ ਖੂਨਦਾਨ ਕੀਤਾ। ਸੈਕਟਰ 32 ਹਸਪਤਾਲ ਦੀ ਤਰਫੋਂ ਨਿੱਤ ਖੂਨਦਾਨ ਕਰਨ ਵਾਲੇ ਤੇ ਖੂਨਦਾਨ ਕੈਂਪ ਲਵਾਉਣ ਵਾਲੀਆਂ ਚੰਡੀਗੜ੍ਹ, ਪੰਜਾਬ, ਹਰਿਆਣਾ ਅੇ ਹਿਮਾਚਲ ਪ੍ਰਦੇਸ਼ ਦੀਆਂ 50 ਸੰਸਥਾਵਾਂ ਨੂੰ ਵੀ ਸਨਮਾਨਿਤ ਕੀਤਾ। ਸ੍ਰੀ ਗਰਗ ਨੇ ਕਿਹਾ ਕਿ ਖੂਨਦਾਨ ਇਕ ਨੇਕ ਕਾਰਜ ਹੈ ਤੇ ਸਮਾਜ ਸੇਵਾ ਦਾ ਉੱਤਮ ਜ਼ਰੀਆ ਹੈ। ਹਸਪਤਾਲ ਤੇ ਮੈਡੀਕਲ ਕਾਲਜ ਦੀ ਡਾਇਰੈਕਟਰ ਤੇ ਪ੍ਰਿੰਸੀਪਲ ਡਾ. ਜਸਬਿੰਦਰ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਬਲੱਡ ਬੈਂਕ ਦੀ ਮੁਖੀ ਡਾ. ਰਵਨੀਤ ਕੌਰ ਨੇ ਖੂਨਦਾਨ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
ਪੰਚਕੂਲਾ (ਪੱਤਰ ਪ੍ਰੇਰਕ): ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਕ ਵਿਭਾਗ) ਸੰਤ ਨਿਰੰਕਾਰੀ ਸਤਿਸੰਗ ਭਵਨ ਪੰਚਕੂਲਾ ਵਿੱਚ ਖੂਨਦਾਨ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਨੇ ਕੀਤਾ। ਕੈਂਪ ਵਿੱਚ ਸੰਤ ਨਿਰੰਕਾਰੀ ਮਿਸ਼ਨ ਦੇ 59 ਸ਼ਰਧਾਲੂਆਂ ਤੇ ਸੇਵਾਦਾਰਾਂ ਨੇ ਖੂਨਦਾਨ ਕੀਤਾ।
ਰੂਪਨਗਰ (ਪੱਤਰ ਪ੍ਰੇਰਕ): ਵਿਸ਼ਵ ਖੂਨਦਾਨ ਦਿਵਸ ਮੌਕੇ ਇੱਥੇ ਨਹਿਰੂ ਯੁਵਾ ਕੇਂਦਰ ਰੂਪਨਗਰ ਦੀ ਸਰਪ੍ਰਸਤੀ ਅਧੀਨ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ, ਰੂਪਨਗਰ ਵੱਲੋਂ ਬਲੱਡ ਬੈਂਕ, ਸਿਵਲ ਹਸਪਤਾਲ ਰੂਪਨਗਰ ਦੇ ਸਹਿਯੋਗ ਨਾਲ ਲਾਏ ਖੂਨਦਾਨ ਕੈਂਪ ’ਚ 35 ਬਲੱਡ ਯੂਨਿਟ ਇਕੱਤਰ ਕੀਤੇ ਗਏ।
ਪੀਜੀਆਈ ਵੱਲੋਂ ਕੈਂਪਾਂ ਵਿੱਚ 326 ਜਣਿਆਂ ਵੱਲੋਂ ਖੂਨਦਾਨ
ਚੰਡੀਗੜ੍ਹ (ਪੱਤਰ ਪ੍ਰੇਰਕ): ਵਿਸ਼ਵ ਖੂਨਦਾਨ ਦਿਵਸ ਮੌਕੇ ਅੱਜ ਪੀ.ਜੀ.ਆਈ. ਦੇ ਟਰਾਂਸਫਿਊਜ਼ਨ ਮੈਡੀਸਿਨ ਵਿਭਾਗ ਵੱਲੋਂ ਇੱਕੋ ਸਮੇਂ ਤਿੰਨ ਸਵੈ-ਇੱਛੁਕ ਖੂਨਦਾਨ ਅਤੇ ਪ੍ਰੇਰਣਾਦਾਇਕ ਮੁਹਿੰਮਾਂ ਦੌਰਾਨ 326 ਸਵੈ-ਇੱਛੁਕ ਖੂਨਦਾਨੀਆਂ ਨੂੰ ਇਕੱਠਾ ਕੀਤਾ ਗਿਆ। ਸਵੈ-ਇੱਛੁਕ ਖੂਨਦਾਨੀਆਂ ਨੇ ‘‘ਖੂਨ ਦਾਨ ਕਰਨਾ ਇੱਕਜੁਟਤਾ ਦਾ ਕੰਮ ਹੈ’’ ਦੇ ਨਾਅਰੇ ਨਾਲ ਵਿਸ਼ਵ ਖੂਨਦਾਨ ਦਿਵਸ 2022 ਮਨਾਉਣ ਲਈ ਪੂਰੇ ਉਤਸ਼ਾਹ ਨਾਲ ਖੂਨ ਦਾਨ ਕੀਤਾ। ਦਾਨੀਆਂ ਨੂੰ ਤੋਹਫ਼ੇ, ਪੈੱਨ ਅਤੇ ਸਰਟੀਫਿਕੇਟ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਆਲ ਇੰਡੀਆ ਰੇਡੀਓ (ਏਆਈਆਰ), ਦੂਰਦਰਸ਼ਨ, ਪ੍ਰਸਾਰ ਭਾਰਤੀ, ਚੰਡੀਗੜ੍ਹ ਵੱਲੋਂ ਚਲਾਏ ਗਏ ਆਡੀਓ ਸੰਦੇਸ਼ ਰਾਹੀਂ ਖੂਨਦਾਨੀਆਂ ਨੂੰ ਪ੍ਰੇਰਿਤ ਕਰਦੇ ਹੋਏ ਸ਼ਹਿਰ ਵਿੱਚ ਵਿਸ਼ਵ ਖੂਨਦਾਨੀ ਦਿਵਸ ਮੁਹਿੰਮ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਟਰਾਂਸਫਿਊਜ਼ਨ ਮੈਡੀਸਿਨ ਪੀ.ਜੀ.ਆਈ. ਦੇ ਵਿਭਾਗ ਵੱਲੋਂ ਚਲਾਈ ਗਈ ਪਹਿਲੀ ਸਵੈ-ਇੱਛੁਕ ਖੂਨਦਾਨ ਅਤੇ ਪ੍ਰੇਰਣਾ ਮੁਹਿੰਮ ਦਾ ਵੀ ਉਦਘਾਟਨ ਕੀਤਾ। ਦੂਸਰੀ ਸਵੈ-ਇੱਛੁਕ ਖੂਨਦਾਨ ਅਤੇ ਪ੍ਰੇਰਨਾਤਮਕ ਮੁਹਿੰਮ ਦਾ ਉਦਘਾਟਨ ਡਾਇਰੈਕਟਰ ਪੀ.ਜੀ.ਆਈ. ਪ੍ਰੋ. ਵਿਵੇਕ ਲਾਲ ਨੇ ਥੈਲੇਸੈਮਿਕ ਚੈਰੀਟੇਬਲ ਟਰੱਸਟ, ਚੰਡੀਗੜ੍ਹ ਦੇ ਸਹਿਯੋਗ ਨਾਲ ਖੂਨਦਾਨ ਕੇਂਦਰ, ਪੀ.ਜੀ.ਆਈ ਅਤੇ ਸਵੈ-ਇੱਛੁਕ ਖੂਨਦਾਨ ਅਤੇ ਪ੍ਰੇਰਕ ਮੁਹਿੰਮ ਦਾ ਉਦਘਾਟਨ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਬ੍ਰਿਜ ਮਾਰਕੀਟ, ਸੈਕਟਰ 17 ਵਿਖੇ ਕੀਤਾ।