ਮੁਕੇਸ਼ ਕੁਮਾਰ
ਚੰਡੀਗੜ੍ਹ, 1 ਮਈ
ਚੰਡੀਗੜ੍ਹ ਸ਼ਹਿਰ ਦੀ ਚਾਰ ਦਹਾਕੇ ਪੁਰਾਣੀ ਕਾਲੋਨੀ ਨੰਬਰ 4 ਵਿੱਚ ਅੱਜ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ ਅਤੇ ਪ੍ਰਸ਼ਾਸਨ ਅਨੁਸਾਰ ਗੈਰਕਾਨੂੰਨੀ ਐਲਾਨੀਆਂ ਝੁੱਗੀਆਂ ਅਤੇ ਹੋਰ ਉਸਾਰੀਆਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਚੰਡੀਗੜ੍ਹ ਦੇ ਜ਼ਿਲ੍ਹਾ ਮੈਜਿਸਟਰੇਟ ਤੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਦੇ ਆਦੇਸ਼ਾਂ ’ਤੇ ਅੱਜ ਸ਼ਹਿਰ ਦੀ ਦੂਜੀ ਸਭ ਤੋਂ ਵੱਡੀ ਇਸ ਕਾਲੋਨੀ ਨੂੰ ਹਟਾਉਣ ਦੀ ਕਾਰਵਾਈ ਕੀਤੀ ਗਈ। ਅੱਜ ਦੀ ਇਸ ਕਾਰਵਾਈ ਨੂੰ ਲੈ ਕੇ ਪ੍ਰਸ਼ਾਸਨ ਨੇ ਭਾਰੀ ਪੁਲੀਸ ਸੁਰੱਖਿਆ ਬੰਦੋਬਸਤ ਕੀਤੇ ਹੋਏ ਸਨ ਅਤੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਦੀ ਸੰਭਾਵਨਾ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਨੇ ਲੰਘੀ ਰਾਤ ਤੋਂ ਹੀ ਇਥੇ ਕਲੋਨੀ ਦੇ ਆਲੇ ਦੁਆਲੇ ਪੰਜ ਸੌ ਮੀਟਰ ਦੇ ਘੇਰੇ ਵਿੱਚ ਦਫ਼ਾ 144 ਲਗਾ ਦਿੱਤੀ ਸੀ।
ਇਥੇ ਰਹਿ ਰਹੇ ਲੋਕ ਪੁਲੀਸ ਸੁਰੱਖਿਆ ਕਾਰਨ ਆਪਣੇ ਘਰਾਂ ਨੂੰ ਟੁੱਟਦੇ ਹੋਏ ਦੂਰ ਤੋਂ ਹੀ ਦੇਖ ਰਹੇ ਸਨ ਅਤੇ ਕੁਝ ਕਲੋਨੀ ਵਾਸੀ ਭਰੇ ਮੰਨ ਨਾਲ ਆਪਣੇ ਘਰਾਂ ਦਾ ਸਾਮਾਨ ਸਾਈਕਲ, ਰਿਕਸ਼ਾ ਅਤੇ ਪੈਦਲ ਹੀ ਸਮੇਟ ਕੇ ਜਾ ਰਹੇ ਸਨ। ਲਗਪਗ 80 ਏਕੜ ਵਿੱਚ ਫੈਲੀ ਇਸ ਕਲੋਨੀ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਦਸ ਭਾਗਾਂ ਵਿੱਚ ਵੰਡ ਕੇ ਇਥੇ ਦਸ ਡਿਊਟੀ ਮੈਜਿਸਟਰੇਟ ਤੈਨਾਤ ਕੀਤੇ ਗਏ ਸਨ। ਇਥੇ ਰਹਿ ਰਹੇ ਕੁਝ ਕਲੋਨੀ ਵਾਸੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਬਕਾਇਦਾ ਬਾਇਓਮੀਟ੍ਰਿਕ ਸਰਵੇਖਣ ਹੋ ਚੁੱਕਿਆ ਹੈ, ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਮਕਾਨ ਨਹੀਂ ਮਿਲਿਆ। ਉਧਰ, ਪ੍ਰਸ਼ਾਸਨ ਦਾ ਦਾਅਵਾ ਹੈ ਕਿ ਸਰਕਾਰ ਦੀ ‘ਸਮਾਲ ਫਲੈਟ ਸਕੀਮ’ ਤਹਿਤ ਹੋਏ ਬਾਇਓਮੀਟ੍ਰਿਕ ਸਰਵੇਖਣ ਦੇ ਲਾਭਪਾਤਰਾਂ ਨੂੰ ਪ੍ਰਸ਼ਾਸਨ ਵੱਲੋਂ ਮਲੋਆ ਵਿੱਚ ਫਲੈਟ ਅਲਾਟ ਕੀਤੇ ਜਾ ਚੁੱਕੇ ਹਨ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਾਲੋਨੀ ਵਾਸੀਆਂ ’ਚੋਂ ਜਿਆਦਾਤਰ ਲੋਕਾਂ ਨੂੰ ਕੇਂਦਰ ਸਰਕਾਰ ਦੀ ‘ਸਮਾਲ ਫਲੈਟ ਸਕੀਮ’ ਤੇ ‘ਕਿਫਾਇਤੀ ਕਿਰਾਇਆ ਹਾਊਸਿੰਗ ਸਕੀਮ’ ਤਹਿਤ ਮਕਾਨ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਥੋਂ ਤੱਕ ਕਾਲੋਨੀ ਦੇ ਬਾਕੀ ਦੇ ਹੋਰ 300 ਲਾਭ ਪਾਤਰ, ਜਿਨ੍ਹਾਂ ਦੀ ਕਾਗਜ਼ੀ ਕਾਰਵਾਈ ਪੂਰੀ ਸੀ, ਨੂੰ ਵੀ ਲੰਘੇ ਦਿਨ ਐੱਸਡੀਐੱਮ (ਈਸਟ) ਦੇ ਦਫ਼ਤਰ ’ਚ ਮਿਲਖ ਵਿਭਾਗ ਤੇ ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਵਿਸ਼ੇਸ਼ ਕੈਂਪ ਲਗਾ ਕੇ ਮਲੋਆ ’ਚ ਫਲੈਟ ਦੇ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਥੇ ਕਲੋਨੀ ਵਿੱਚ ਗੈਰਕਾਨੂੰਨੀ ਢੰਗ ਨਾ ਰਹਿ ਰਹੇ ਬਾਕੀ ਦੇ ਲੋਕਾਂ ਨੂੰ ਕਾਲੋਨੀ ਨੂੰ ਖਾਲੀ ਕਰਨ ਲਈ ਪੂਰਾ ਸਮਾਂ ਦਿੱਤਾ ਗਿਆ ਸੀ, ਪਰ ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਨੇ ਅੱਜ ਇਹ ਕਾਰਵਾਈ ਕਰਕੇ ਕਾਲੋਨੀ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਹੈ।
ਉਧਰ, ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਸ਼ਹਿਰ ਦੀਆਂ ਸਿਆਸੀ ਪਾਰਟੀਆਂ ਨੇ ਸਖ਼ਤ ਸ਼ਬਦਾਂ ’ਚ ਅਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਥੇ ਵਸੇ ਲੋਕਾਂ ਨੂੰ ਉਜਾੜਨ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਰਹਿਣ ਲਈ ਮਕਾਨਾਂ ਦਾ ਬੰਦੋਬਸਤ ਕਰਨਾ ਚਾਹੀਦਾ ਸੀ। ਪ੍ਰਸ਼ਾਸਨ ਦੀ ਇਸ ਕਾਰਵਾਈ ਕਾਰਨ ਇਹ ਲੋਕ ਸੜਕ ’ਤੇ ਆ ਗਏ ਹਨ।
ਤੜਕੇ ਪੰਜ ਵਜੇ ਹੀ ਪੁਲੀਸ ਨੇ ਕਾਲੋਨੀ ਨੂੰ ਚੁਫੇਰਿਓਂ ਘੇਰਿਆ
ਅੱਜ ਤੜਕੇ ਪੰਜ ਵਜੇ ਹੀ ਪੁਲੀਸ ਨੇ ਕਾਲੋਨੀ ਨੂੰ ਚੁਫੇਰਿਓਂ ਘੇਰੇ ਵਿੱਚ ਲੈ ਲਿਆ ਸੀ। ਕਾਲੋਨੀ ਨੂੰ ਜਾਣ ਵਾਲੇ ਰਸਤਿਆਂ ਅਤੇ ਸੜਕਾਂ ਨੂੰ ਬੇਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ। ਕਾਲੋਨੀ ਨੂੰ ਹਟਾਉਣ ਲਈ ਚੰਡੀਗੜ੍ਹ ਮਿਲਖ ਵਿਭਾਗ ਸਮੇਤ ਹੋਰ ਸਹਿਯੋਗੀ ਟੀਮਾਂ ਲਗਪਗ ਸਵੇਰੇ 6 ਵਜੇ ਇਥੇ ਪੁੱਜ ਗਈਆਂ ਅਤੇ ਉਸਤੋਂ ਬਾਅਦ ਉਲੀਕੀ ਗਈ ਯੋਜਨਾ ਅਨੁਸਾਰ ਤਾਲਮੇਲ ਬਣਾ ਕੇ ਕਾਲੋਨੀ ’ਚੋਂ ਝੁੱਗੀਆਂ ਝੌਪੜੀਆਂ ਅਤੇ ਹੋਰ ਗੈਰਕਾਨੂੰਨੀ ਉਸਾਰੀਆਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਪ੍ਰਸ਼ਾਸਨ ਦੀਆਂ ਟੀਮਾਂ ਨੇ ਦੁਪਹਿਰ ਤੱਕ ਪੂਰੀ ਕਲੋਨੀ ਨੂੰ ਬੁਲਡੋਜਰਾਂ ਅਤੇ ਹੋਰ ਮਸ਼ੀਨਰੀ ਦੀ ਸਹਾਇਤਾ ਨਾਲ ਜ਼ਮੀਨਦੋਜ਼ ਕਰ ਦਿੱਤਾ ਗਿਆ।
ਕਾਰਵਾਈ ਦੌਰਾਨ ਭਾਰੀ ਅਮਲਾ ਫੈਲਾ ਰਿਹਾ ਹਾਜ਼ਰ
ਸ਼ਹਿਰ ਦੇ ਸਮੂਹ ਐੱਸਡੀਐੱਮ, ਤਹਿਸੀਲਦਾਰ, ਮਿਲਖ ਵਿਭਾਗ ਤੇ ਨਗਰ ਨਿਗਮ ਦਾ ਐਨਫੋਰਸਮੈਂਟ ਵਿੰਗ ਅਤੇ ਇੰਜੀਨੀਰਿੰਗ ਵਿੰਗ ਦੀ ਮਦਦ ਨਾਲ ਇਹ ਕਾਰਵਾਈ ਪੂਰੀ ਕੀਤੀ ਗਈ। ਇਸਤੋਂ ਇਲਾਵਾ ਲਗਪਗ ਦੋ ਹਜ਼ਾਰ ਪੁਲੀਸ ਜਵਾਨਾਂ ਦੇ ਘੇਰੇ ਵਿੱਚ ਕਾਲੋਨੀ ਨੰਬਰ ਚਾਰ ਦੀ ਜ਼ਮੀਨ ਨੂੰ ਕਬਜ਼ਾ-ਮੁਕਤ ਕਰਵਾਉਣ ਦੀ ਮੁਹਿੰਮ ਦੁਪਹਿਰ ਤੱਕ ਜਾਰੀ ਰਹੀ।