ਮੁਕੇਸ਼ ਕੁਮਾਰ
ਚੰਡੀਗੜ੍ਹ, 21 ਜੂਨ
ਅੱਜ ਡੱਡੂਮਾਜਰਾ ’ਚ ਨਾਜਾਇਜ਼ ਉਸਾਰੀਆਂ ਵਿਰੁੱਧ ਚੰਡੀਗੜ੍ਹ ਹਾਊਸਿੰਗ ਬੋਰਡ ਦਾ ਪੀਲਾ ਪੰਜਾ ਚੱਲਿਆ। ਬੋਰਡ ਦੀ ਐਨਫੋਰਸਮੈਂਟ ਵਿੰਗ ਦੀ ਟੀਮ ਨੇ ਇਥੇ 3 ਰਿਹਾਇਸ਼ੀ ਇਕਾਈਆਂ ’ਚ ਕੀਤੇ ਕਬਜ਼ੇ ਨੂੰ ਢਹਿ ਢੇਰੀ ਕਰ ਦਿੱਤਾ। ਬੋਰਡ ਵੱਲੋਂ ਨਾਜਾਇਜ਼ ਸਾਰੀਆਂ ਨੂੰ ਹਟਾਉਣ ਦਾ ਸਾਰਾ ਖਰਚਾ ਕਬਜ਼ਾਕਾਰਾਂ ਤੋਂ ਵਸੂਲਿਆ ਜਾਵੇਗਾ ਤੇ ਭੁਗਤਾਨ ਨਾ ਕਰਨ ’ਤੇ ਮਕਾਨ ਦੀ ਅਲਾਟਮੈਂਟ ਰੱਦ ਕੀਤੀ ਜਾ ਸਕਦਾ ਹੈ।
ਬੋਰਡ ਵੱਲੋਂ ਪਿਛਲੇ ਹਫਤੇ ਵੀ ਇਥੇ ਨਾਜਾਇਜ਼ ਉਸਾਰੀਆਂ ਨੂੰ ਹਟਾਇਆ ਗਿਆ ਸੀ। ਬੋਰਡ ਅਨੁਸਾਰ ਇਥੋਂ ਦੀਆਂ 6 ਹੋਰ ਇਕਾਈਆਂ ’ਤੇ ਛੇਤੀ ਕਾਰਵਾਈ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਕੀਤੀਆਂ ਨਾਜਾਇਜ਼ ਉਸਾਰੀਆਂ ਨੂੰ ਇਸ ਹਫ਼ਤੇ ਹਟਾ ਦਿੱਤਾ ਜਾਵੇਗਾ। ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ ਅਨੁਸਾਰ ਇਥੇ ਰਾਮਦਰਬ ’ਚ 9 ਰਿਹਾਇਸ਼ੀ ਇਕਾਈਆਂ ਦੇ ਅਲਟੀਆਂ ਨੇ ਮਕਾਨ ਦੁਆਲੇ ਕਬਜ਼ਾ ਕੀਤਾ ਸੀ। ਇਨ੍ਹਾਂ ਮਕਾਨਾਂ ਦੇ ਅਲਾਟੀਆਂ ਵੱਲੋਂ ਘਰਾਂ ਕੋਲੋਂ ਲੰਘ ਰਹੀਆਂ ਬਿਜਲੀ ਦੀਆਂ ਲਾਈਨਾਂ ਤੋਂ ਹੇਠਾਂ ਦੀ ਜ਼ਮੀਨ ’ਤੇ ਕਬਜ਼ਾ ਕੀਤਾ ਗਿਆ ਹੈ, ਇਸ ਨਾਲ ਮਨੁੱਖੀ ਜਾਨਾਂ ਤੇ ਜਾਇਦਾਦ ਲਈ ਗੰਭੀਰ ਖਤਰੇ ਦੇ ਮੁੱਦੇ ਪੈਦਾ ਹੋ ਗਏ ਹਨ। ਨਾਜਾਇਜ ਕਬਜ਼ਿਆਂ ਦੀ ਹੱਦ ਉਦੋਂ ਦੇਖੀ ਗਈ ਜਦੋਂ ਇੱਕ ਅਲਾਟੀ ਵੱਲੋਂ ਬਿਜਲੀ ਦੇ ਖੰਭੇ ਨੂੰ ਆਪਣੇ ਘਰ ਦੀ ਚਾਰਦੀਵਾਰੀ ਅੰਦਰ ਹੀ ਲੈ ਲਿਆ। ਬੋਰਡ ਨੇ ਇਨ੍ਹਾਂ ਅਲਾਟੀਆਂ ਨੂੰ ਇਹ ਉਸਾਰੀਆਂ ਹਟਾਉਣ ਲਈ ਸਮਾਂ ਦਿੱਤਾ ਸੀ ਪਰ ਸਮੇਂ ਖਤਮ ਹੋਣ ਤੋਂ ਬਾਅਦ ਬੋਰਡ ਨੇ ਅੱਜ ਕਾਰਵਾਈ ਕਰਦੇ ਹੋਏ ਇਥੋਂ ਦੀਆਂ ਤਿੰਨ ਰਿਹਾਇਸ਼ੀ ਇਕਾਈਆਂ ਤੋਂ ਨਾਜਾਇਜ਼ ਕਬਜ਼ੇ ਹਟਾ ਦਿੱਤੇ ਤੇ ਬਾਕੀ ਖ਼ਿਲਾਫ਼ ਹਫਤੇ ’ਚ ਕਾਰਵਾਈ ਕਰਨ ਦੀ ਤਿਆਰੀ ਹੈ।