ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 22 ਜੂਨ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਬਾਅਦ ਕਿਹਾ ਕਿ ਉਹ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਉਹ ਵੱਖ ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋ ਰਹੇ ਹਨ ਅਤੇ ਇਸੇ ਕੜੀ ਦੇ ਤਹਿਤ ਅੱਜ ਉਨ੍ਹਾਂ ਵੱਲੋਂ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਮੱਥਾ ਦੇਖਿਆ ਗਿਆ।
ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਪਥ ਸਕੀਮ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸ੍ਰੀ ਟਿਕੈਤ ਨੇ ਕਿਹਾ ਕਿ ਨੌਜਵਾਨ ਇਸ ਸਕੀਮ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਇਹ ਸਕੀਮ ਉਨ੍ਹਾਂ ਲਈ ਲਾਭਦਾਇਕ ਨਹੀਂ ਹੈ। 24 ਜੂਨ ਨੂੰ ਨੌਜਵਾਨਾਂ ਨਾਲ ਮਿਲ ਕੇ ਉਹ ਦੇਸ਼ ਪੱਧਰ ਤੇ ਇਸ ਸਕੀਮ ਦਾ ਵਿਰੋਧ ਕਰਨਗੇ। ਉਧਰ ਟਿਕੈਤ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵਿਰੋਧ ਸ਼ਾਂਤਮਈ ਢੰਗ ਨਾਲ ਕੀਤਾ ਜਾਵੇ ਕਿਉਂਕਿ ਸ਼ਾਂਤੀ ਦੇ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਟਿਕੈਤ ਨੇ ਭਾਰਤ ਦੀਆਂ ਤਿੰਨੋਂ ਫੌਜਾਂ ਦੇ ਮੁਖੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਅਗਨੀਪਥ ਰਾਜਨੀਤਿਕ ਫੈਸਲਾ ਹੈ, ਜਿਸ ਸਬੰਧੀ ਫੌਜ ਮੁਖੀਆਂ ਨੂੰ ਕੋਈ ਵੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਕਿਸਾਨੀ ਮੁੱਦਿਆਂ ’ਤੇ ਉਨ੍ਹਾਂ ਕਿਹਾ ਕਿ ਉਹ ਹਿਮਾਚਲ ਦੇ ਦੌਰੇ ’ਤੇ ਜਾ ਰਹੇ ਹਨ ਜਿੱਥੇ ਜਾ ਕੇ ਉਹ ਹਿਮਾਚਲ ਦੀ ਸਰਕਾਰ ਅਤੇ ਹਿਮਾਚਲ ਦੇ ਕਿਸਾਨਾਂ ਦੇ ਨਾਲ ਕਿਸਾਨੀ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਨਗੇ। ਇਸ ਮੌਕੇ ਰਾਕੇਸ਼ ਟਿਕੈਤ ਨੂੰ ਤਖ਼ਤ ਕੇਸਗੜ੍ਹ ਸਾਹਿਬ ਦੇ ਸੂਚਨਾ ਦਫ਼ਤਰ ਵਿਖੇ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਦਲਜੀਤ ਸਿੰਘ ਭਿੰਡਰ (ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ) ਵੱਲੋਂ ਤਖ਼ਤ ਸਾਹਿਬ ਦੀ ਫੋਟੋ ਅਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।