ਚੰਡੀਗੜ੍ਹ (ਪੱਤਰ ਪ੍ਰੇਰਕ): ਉੱਤਰ ਪ੍ਰਦੇਸ਼ ਵਿੱਚ ਜ਼ੀਕਾ ਵਾਇਰਸ ਦੇ ਸ਼ੱਕੀ ਕੇਸਾਂ ਨੂੰ ਭਾਂਪਦਿਆਂ ਯੂਟੀ ਪ੍ਰਸ਼ਾਸਨ ਵੱਲੋਂ ਵੀ ਚੁੱਪ-ਚਪੀਤੇ ਢੰਗ ਨਾਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪ੍ਰਸ਼ਾਸਨ ਦੇ ਡੀ.ਪੀ.ਆਰ. ਵਟਸਐਪ ਗਰੁੱਪ ਵਿੱਚ ਬਿਨਾ ਕਿਸੇ ਦਸਤਖ਼ਤਾਂ ਤੋਂ ਪਾਈ ਗਈ ਐਡਵਾਈਜ਼ਰੀ ਮੁਤਾਬਕ ਜ਼ੀਕਾ ਵਾਇਰਸ ਦੀ ਬਿਮਾਰੀ ਮੁੱਖ ਤੌਰ ’ਤੇ ਏਡੀਜ਼ ਮੱਛਰ ਜਿਹੜਾ ਕਿ ਡੇਂਗੂ ਪੈਦਾ ਕਰਨ ਲਈ ਜ਼ਿੰਮੇਵਾਰ ਹੈ, ਦੀ ਸੰਕਰਮਿਤ ਪ੍ਰਜਾਤੀ ਦੇ ਕੱਟਣ ਨਾਲ ਫੈਲਦੀ ਹੈ। ਇਸ ਤੋਂ ਇਲਾਵਾ ਜ਼ੀਕਾ ਵਾਇਰਸ ਵੀ ਏਡਜ਼ ਦੀ ਬਿਮਾਰੀ ਤਰ੍ਹਾਂ ਹੀ ਫੈਲਦਾ ਹੈ। ਇਹ ਵਾਇਰਸ ਗਰਭਵਤੀ ਔਰਤ ਤੋਂ ਗਰਭ ਅਵਸਥਾ ਦੌਰਾਨ ਜਾਂ ਜਨਮ ਸਮੇਂ ਦੇ ਆਸ ਪਾਸ ਵੀ ਬੱਚੇ ਤੱਕ ਪਹੁੰਚ ਸਕਦਾ ਹੈ। ਜ਼ੀਕਾ ਵਾਇਰਸ ਤੋਂ ਬਚਾਅ ਦੇ ਲਈ ਲੋਕਾਂ ਨੂੰ ਪਾਣੀ ਜਮ੍ਹਾਂ ਨਾ ਹੋਣ ਦੇਣ ਦੀ ਸਲਾਹ ਦਿੱਤੀ ਗਈ ਹੈ।