ਹਰਜੀਤ ਸਿੰਘ
ਜ਼ੀਰਕਪੁਰ, 5 ਅਗਸਤ
ਨਗਰ ਕੌਂਸਲ ਦੀ ਸਫ਼ਾਈ ਕਰਮਚਾਰੀ ਯੂਨੀਅਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ’ਤੇ ਸੋਮਵਾਰ ਨੂੰ ਸਵੇਰੇ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਲਗਾ ਕੇ ਸ਼ਹਿਰ ਵਿੱਚੋਂ ਕੂੜਾ ਇਕੱਤਰ ਕਰਨਾ ਬੰਦ ਕਰ ਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਨਗਰ ਕੌਂਸਲ ਐਂਪਲਾਈਜ਼ ਸਫ਼ਾਈ ਕਰਮਚਾਰੀ ਯੂਨੀਅਨ ਏਟਕ ਦੇ ਪ੍ਰਧਾਨ ਪ੍ਰਦੀਪ ਸੂਦ ਨੇ ਦੱਸਿਆ ਕਿ ਹੋਰਨਾਂ ਟਰੇਡ ਯੂਨੀਅਨਾਂ ਨੇ ਵੀ ਉਨ੍ਹਾਂ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਸ੍ਰੀ ਸੂਦ ਨੇ ਦੱਸਿਆ ਕਿ ਇਸ ਅਣਮਿਥੇ ਸਮੇਂ ਲਈ ਕੀਤੀ ਜਾਣ ਵਾਲੀ ਹੜਤਾਲ ਦੌਰਾਨ ਸ਼ਹਿਰ ਵਿੱਚ ਸਾਫ਼-ਸਫ਼ਾਈ ਦਾ ਕੰਮ ਅਤੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਬੰਦ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਦੀ ਮੰਗ ਸਮਾਜਿਕ ਸੁਰੱਖਿਆ ਨਾਲ ਜੁੜੀ ਹੋਈ ਹੈ ਅਤੇ ਇਸ ਦਾ ਸਿੱਧਾ ਸਬੰਧ ਪੰਜਾਬ ਸਰਕਾਰ ਨਾਲ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਹੜਤਾਲ ਕਰਨ ਲਈ ਮਜਬੂਰ ਹਨ। ਹੜਤਾਲ ਉਨ੍ਹਾਂ ਦਾ ਕਾਨੂੰਨੀ ਅਧਿਕਾਰ ਹੈ ਅਤੇ ਕੋਈ ਵੀ ਮੁਲਾਜ਼ਮ ਜਥੇਬੰਦੀ ਉਸ ਸਮੇਂ ਹੜਤਾਲ ’ਤੇ ਜਾਂਦੀ ਹੈ ਜਦੋਂ ਸਾਰੇ ਵਿਕਲਪ ਸਮਾਪਤ ਹੋ ਜਾਣ ਅਤੇ ਸਰਕਾਰ ਮੁਲਾਜ਼ਮਾਂ ਦੀ ਸੁਣਵਾਈ ਨਾ ਕਰੇ।
ਪ੍ਰਦੀਪ ਸੂਦ ਨੇ ਕਿਹਾ ਕਿ ਇਹ ਉਹੀ ਸਫ਼ਾਈ ਕਰਮਚਾਰੀ ਹਨ ਜਿਨ੍ਹਾਂ ਨੂੰ ਤਾਲਾਬੰਦੀ ਦੌਰਾਨ ਕਰੋਨਾ ਯੋਧਿਆਂ ਦਾ ਦਰਜਾ ਦਿੱਤਾ ਗਿਆ ਸੀ। ਜਿਨ੍ਹਾਂ ਸਫ਼ਾਈ ਕਰਮਚਾਰੀਆਂ ਨੇ ਤਨਦੇਹੀ ਨਾਲ ਡਿਊਟੀ ਨਿਭਾਈ ਸੀ ਉਨ੍ਹਾਂ ਨੂੰ ਆਪਣੇ ਹੱਕ ਲੈਣ ਲਈ ਹੜਤਾਲ ਕਰਨੀ ਪੈ ਰਹੀ ਹੈ। ਸ੍ਰੀ ਸੂਦ ਨੇ ਕਿਹਾ ਕਿ ਕੱਚੇ ਸਫ਼ਾਈ ਕਰਮਚਾਰੀਆਂ ਨੂੰ ਨਗਰ ਕੌਂਸਲ ਵਿੱਚ ਨੌਕਰੀ ਕਰਦਿਆਂ 15 ਤੋਂ 20 ਸਾਲਾ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਨੂੰ ਪੱਕੇ ਕਰਨ ਅਤੇ ਚੰਡੀਗੜ੍ਹ ਦੀ ਤਰਜ਼ ’ਤੇ ਤਨਖ਼ਾਹਾਂ ਦੇਣ ਦੀ ਮੰਗ ਵਾਰ-ਵਾਰ ਉਠਾਏ ਜਾਣ ਦੇ ਬਾਵਜੂਦ ਪੱਕਾ ਨਹੀਂ ਕੀਤਾ ਜਿਸ ਕਾਰਨ ਉਨ੍ਹਾਂ ਨੂੰ ਅਨਿਸ਼ਚਿਤ ਹੜਤਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਉਨ੍ਹਾਂ ਦੇ ਹੱਥ ਲਾਰਿਆਂ ਤੋਂ ਸਿਵਾਏ ਕੁੱਝ ਪੱਲੇ ਨਹੀਂ ਪੈ ਰਿਹਾ ਜਦੋਂਕਿ ਕਰਮਚਾਰੀ ਨਿਰਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਹੜਤਾਲ ’ਤੇ ਜਾਣ ਤੋਂ ਪਹਿਲਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਦਫ਼ਤਰੀ ਪ੍ਰਧਾਨ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ 22 ਕਰਮਚਾਰੀ ਪਿਛਲੇ 22 ਸਾਲਾਂ ਤੋਂ ਨਗਰ ਕੌਂਸਲ ਅਧੀਨ ਵੱਖ-ਵੱਖ ਅਹੁਦਿਆਂ ’ਤੇ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ।
ਕਰਮਚਾਰੀਆਂ ਦਾ ਮੰਗ ਪੱਤਰ ਡੀਸੀ ਨੂੰ ਭੇਜਿਆ: ਈਓ
ਕਾਰਜਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਕਿਹਾ ਕਿ ਕਰਮਚਾਰੀਆਂ ਦਾ ਮੰਗ ਪੱਤਰ ਲੈ ਕੇ ਡੀਸੀ ਮੁਹਾਲੀ ਨੂੰ ਭੇਜ ਕੇ ਉਨ੍ਹਾਂ ਨੂੰ ਕੰਮ ਉੱਤੇ ਵਾਪਸ ਆਉਣ ਦੀ ਅਪੀਲ ਕੀਤੀ ਗਈ ਹੈ।