ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 25 ਅਕਤੂਬਰ
ਸ਼ਹਿਰ ਦੀਆਂ ਸੜਕਾਂ ’ਤੇ ਨਾਜਾਇਜ਼ ਰੇਹੜੀ-ਫੜ੍ਹੀਆਂ ਦੀ ਸਮੱਸਿਆ ਦੇ ਹੱਲ ਲਈ ਕੌਂਸਲ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਕੌਂਸਲ ਅਧਿਕਾਰੀਆਂ ਵੱਲੋਂ ਸੜਕਾਂ ਦੇ ਕੰਢੇ ਲੱਗੀਆਂ ਨਾਜਾਇਜ਼ ਰੇਹੜੀ-ਫੜੀ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਇਸ ਦੌਰਾਨ ਅਮਲੇ ਵੱਲੋਂ ਸੜਕਾਂ ਦੇ ਕੰਢੇ ਲੱਗੇ ਨਾਜਾਇਜ਼ ਪੋਸਟਰ, ਹੋਰਡਿੰਗ ਅਤੇ ਬੈਨਰ ਵੀ ਹਟਾ ਦਿੱਤੇ ਗਏ।
ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗਿਰੀਸ਼ ਵਰਮਾ ਨੇ ਦੱਸਿਆ ਕਿ ਲੰਮੇ ਸਮੇ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸੜਕਾਂ ਦੇ ਕੰਢੇ ਨਾਜਾਇਜ਼ ਤੌਰ ’ਤੇ ਰੇਹੜੀ-ਫੜੀ ਵਾਲੇ ਕਬਜ਼ੇ ਕਰ ਰਹੇ ਹਨ ਜਿਸ ਨਾਲ ਜਿੱਥੇ ਆਵਾਜਾਈ ਵਿੱਚ ਦਿੱਕਤ ਪੈਦਾ ਹੋ ਰਹੀ ਹੈ, ਉੱਥੇ ਰਾਹਗੀਰਾਂ ਨੂੰ ਭਾਰੀ ਦਿੱਕਤ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੰਮੇ ਸਮੇਂ ਤੋਂ ਮੁਨਿਆਦੀ ਕਰਵਾ ਇਨ੍ਹਾਂ ਲੋਕਾਂ ਨੂੰ ਚਿਤਾਵਨੀ ਦੇ ਕੇ ਨਾਜਾਇਜ਼ ਕਬਜ਼ੇ ਹਟਾਉਣ ਦੀ ਹਦਾਇਤ ਕੀਤੀ ਜਾ ਰਹੀ ਸੀ ਪਰ ਉਹ ਬਾਜ਼ ਨਹੀਂ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਲੋਹਗੜ੍ਹ ਖੇਤਰ ਵਿੱਚ ਤਾਂ ਕੁਝ ਰੇਹੜੀ-ਫੜੀ ਵਾਲਿਆਂ ਵੱਲੋਂ ਪੱਕੇ ਤੌਰ ’ਤੇ ਕਬਜ਼ੇ ਕੀਤੇ ਜਾ ਰਹੇ ਹਨ।
ਨਗਰ ਕੌਂਸਲ ਵੱਲੋਂ ਅੱਜ ਦੀ ਕਾਰਵਾਈ ਦੌਰਾਨ ਨਾਜਾਇਜ਼ ਤੌਰ ’ਤੇ ਲੱਗੇ ਹੋਰਡਿੰਗ, ਪੋਸਟਰ ਅਤੇ ਬੈਨਰ ਉਤਾਰ ਕੇ ਕਬਜ਼ੇ ਵਿੱਚ ਲੈ ਲਏ ਗਏ। ਉਨ੍ਹਾਂ ਕਿਹਾ ਕਿ ਅੱਜ ਦੀ ਕਾਰਵਾਈ ਦੌਰਾਨ ਕੁਝ ਰੇਹੜੀਆਂ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ ਨਾਜਾਇਜ਼ ਕਬਜ਼ੇ ਹਟਾ ਦਿੱਤੇ ਗਏ।