ਹਰਜੀਤ ਸਿੰਘ
ਜ਼ੀਰਕਪੁਰ, 21 ਅਗਸਤ
ਜ਼ੀਰਕਪੁਰ ਪੁਲੀਸ ਨੇ ਡੇਰਾਬੱਸੀ ਵਸਨੀਕ ਆਟੋ ਚਾਲਕ ਦੇ ਕਤਲ ਦੇ ਮਾਮਲੇ ਨੂੰ 24 ਘੰਟੇ ਅੰਦਰ ਸੁਲਝਾ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਨਾਲ ਦੋ ਸਹਿ-ਆਟੋ ਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਤਹਿਤ ਇਹ ਕਤਲ ਕੀਤਾ ਹੈ। ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਪ੍ਰਮੋਦ ਕੁਮਾਰ(46) ਵਾਸੀ ਗਲੀ ਨੰਬਰ 10 ਗੁਲਾਬਗੜ੍ਹ ਰੋਡ ਡੇਰਾਬੱਸੀ ਅਤੇ ਗੌਰਵ(24) ਵਾਸੀ ਗੁਲਾਬਗੜ੍ਹ ਵਜੋਂ ਹੋਈ ਹੈ।
ਚੇਤੇ ਰਹੇ ਕਿ ਜ਼ੀਰਕਪੁਰ ਦੀ 200 ਫੁਟੀ ਐਰੋ ਸਿਟੀ ਰੋਡ ’ਤੇ ਲੰਘੇ ਕਲ ਪੁਲੀਸ ਨੂੰ ਡੇਰਾਬੱਸੀ ਬਾਲਾ ਜੀ ਨਗਰ ਵਸਨੀਕ ਹਰਿੰਦਰ ਸਿੰਘ ਦੀ ਲਾਸ਼ ਮਿਲੀ ਸੀ। ਮ੍ਰਿਤਕ ਦੀ ਗਰਦਨ ’ਤੇ ਚਾਕੂ ਨਾਲ ਵਾਰ ਕਰਨ ਦੇ ਨਿਸ਼ਾਨ ਸੀ ਅਤੇ ਉਸ ਦੀ ਗਰਦਨ ’ਤੇ ਬਿਜਲੀ ਦੀ ਤਾਰ ਲਪੇਟੀ ਹੋਈ ਸੀ। ਮ੍ਰਿਤਕ ਕੁਆਰਾ ਸੀ ਤੇ ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ’ਤੇ ਕਤਲ ਦਾ ਕੇਸ ਦਰਜ ਕਰ ਮਾਮਲੇ ਦੀ ਜਾਂਚ ਆਰੰਭੀ ਸੀ। ਪੁਲੀਸ ਮੁਲਜ਼ਮਾਂ ਨੂੰ ਸ਼ਨਿੱਚਰਵਾਰ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।