ਹਰਜੀਤ ਸਿੰਘ
ਜ਼ੀਰਕਪੁਰ, 28 ਜੂਨ
ਸ਼ਹਿਰ ਵਿੱਚ ਬਿਜਲੀ ਦੀ ਸਮੱਸਿਆ ਵਧਦੀ ਜਾ ਰਹੀ ਹੈ। ਬਿਜਲੀ ਦੀ ਵਧ ਰਹੀ ਕਿੱਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝਲਣੀ ਪੈ ਰਹੀ ਹੈ। ਪਾਵਰਕੌਮ ਵੱਲੋਂ ਬਿਨਾਂ ਅਗਾਊਂ ਜਾਣਕਾਰੀ ਦਿੱਤੇ ਰੋਜ਼ਾਨਾ ਘੰਟਿਆਂਬੱਧੀ ਕੱਟ ਲਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ ਲੰਘੀ ਰਾਤ ਇਕ ਵਜੇ ਤੋਂ ਬਲਟਾਣਾ ਖੇਤਰ ਵਿੱਚ ਬਿਜਲੀ ਦੀ ਅੱਖ ਮਿਚੌਲੀ ਜਾਰੀ ਹੈ। ਇਸ ਤੋਂ ਇਲਾਵਾ ਬਿਸ਼ਨਪੁਰਾ ਖੇਤਰ ਵਿੱਚ ਲੰਘੇ ਕੱਲ੍ਹ ਤੋਂ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ। ਪੀਜੇਐੱਸ ਚੌਹਾਨ, ਰਾਜੀਵ ਕੁਮਾਰ, ਸੁਨੀਲ ਕੁਮਾਰ, ਰਾਮ ਚੰਦਰ, ਮੋਹਨ ਲਾਲ, ਰਾਮ ਬਹਾਦੁਰ ਆਦਿ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਾਵਰਕੌਮ ਦੇ ਹੈਲਪਲਾਈਨ ਨੰਬਰ 1912 ’ਤੇ ਲੰਘੀ ਰਾਤ ਤੋਂ ਕਈਂ ਵਾਰ ਸ਼ਿਕਾਇਤ ਦਰਜ ਕਰਵਾਉਣ ’ਤੇ ਕੋਈ ਸਮੱਸਿਆ ਦਾ ਹੱਲ ਨਹੀਂ ਹੋਇਆ।
ਇਸ ਸਬੰਧੀ ਵਾਰ ਵਾਰ ਫੋਨ ਕਰਨ ’ਤੇ ਪਾਵਰਕੌਮ ਦੇ ਐਕਸੀਅਨ ਐੱਚ.ਐੱਚ. ਓਬਰਾਏ ਨੇ ਫੋਨ ਨਹੀਂ ਚੁੱਕਿਆ। ਜਦਕਿ ਪਾਵਰਕੌਮ ਦੇ ਐਸ.ਡੀ.ਓ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਤਕਨੀਕੀ ਨੁਕਸ ਆ ਜਾਣ ਕਾਰਨ ਪੰਜਾਬ ਮਾਡਰਨ ਕੰਪਲੈਕਸ ਵਿੱਚ ਸਮੱਸਿਆ ਆਈ ਸੀ, ਜਿਸ ਨੂੰ ਅੱਜ ਦੁਪਹਿਰ ਨੂੰ ਠੀਕ ਕਰਵਾ ਦਿੱਤਾ ਸੀ।
ਸ਼ਿਕਾਇਤਾਂ ਮਗਰੋਂ ਵੀ ਨਹੀਂਂ ਹੋ ਰਿਹਾ ਸਮੱਸਿਆ ਦਾ ਹੱਲ
ਪੰਜਾਬ ਮਾਡਰਨ ਕੰਪਲੈਕਸ ਕਲੋਨੀ ਦੇ ਪ੍ਰਧਾਨ ਅਰਵਿੰਦ ਰਾਣਾ ਨੇ ਦੱਸਿਆ ਕਿ ਕਲੋਨੀ ਅਤੇ ਆਲੇ-ਦੁਆਲੇ ਦੀਆਂ ਤਾਰਾਂ ਪੁਰਾਣੀਆਂ ਤੇ ਖਸਤਾ ਹਾਲ ਹੋ ਚੁੱਕੀਆਂ ਹਨ ਅਤੇ ਕੁਝ ਖੰਬੇ ਝੁਕੇ ਹੋਏ ਹਨ, ਜਿਸ ਸਬੰਧੀ ਉਨ੍ਹਾਂ ਉਚ ਅਧਿਕਾਰੀਆਂ ਨੂੰ ਕਈ ਲਿਖਤੀ ਸ਼ਿਕਾਇਤਾਂ ਦਿੱਤੀਆਂ ਪਰ ਕੋਈ ਕਾਰਵਾਈ ਨਹੀਂ ਹੋਈ।