ਹਰਜੀਤ ਸਿੰਘ
ਜ਼ੀਰਕਪੁਰ, 2 ਅਗਸਤ
ਪੁਲੀਸ ਵੱਲੋਂ ਅੱਜ ਵੀਆਈਪੀ ਰੋਡ ’ਤੇ ਨਿਰਮਲ ਛਾਇਆ ਸੁਸਾਇਟੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਐਸਪੀ (ਦਿਹਾਤੀ) ਨਵਰੀਤ ਸਿੰਘ ਵਿਰਕ ਦੀ ਅਗਵਾਈ ਹੇਠ ਚਲਾਈ ਇਸ ਮੁਹਿੰਮ ਵਿੱਚ ਪੁਲੀਸ ਨੇ ਅੱਜ ਤੜਕੇ ਸੁਸਾਇਟੀ ਨੂੰ ਚਾਰੇ ਪਾਸਿਓਂ ਘੇਰ ਲਿਆ। ਪੁਲੀਸ ਨੇ ਨਾ ਕਿਸੇ ਨੂੰ ਅੰਦਰ ਜਾਣ ਦਿੱਤਾ ਅਤੇ ਨਾ ਹੀ ਕਿਸੇ ਨੂੰ ਸੁਸਾਇਟੀ ਵਿੱਚੋਂ ਬਾਹਰ ਆਉਣ ਦਿੱਤਾ। ਪੁਲੀਸ ਨੇ ਹਰੇਕ ਫਲੈਟ ਵਿੱਚ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਸ਼ੱਕੀ ਘਰਾਂ ਦੇ ਸਾਮਾਨ ਦੀ ਤਲਾਸ਼ੀ ਲਈ। ਇਸ ਦੌਰਾਨ ਪੁਲੀਸ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਸਾਮਾਨ ਨਹੀਂ ਮਿਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੇ ਸੁਸਾਇਟੀ ਦੇ ਹਰ ਫਲੈਟ ਦੀ ਤਲਾਸ਼ੀ ਲਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਵੀਆਈਪੀ ਰੋਡ ਦੀਆਂ ਸੁਸਾਇਟੀਆਂ ’ਤੇ ਫੌਕਸ ਕੀਤਾ ਹੋਇਆ ਹੈ। ਹੁਣ ਤੱਕ ਪੁਲੀਸ ਵੱਲੋਂ ਵੀਆਈਪੀ ਰੋਡ ’ਤੇ ਸਥਿਤ ਪੈਂਟਾ ਹੋਮਸ, ਰੇਲਵੇ ਵਿਹਾਰ ਅਤੇ ਅੱਜ ਨਿਰਮਲ ਛਾਇਆ ਸੁਸਾਇਟੀ ਵਿੱਚ ਸਰਚ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਜ਼ੀਰਕਪੁਰ ਵਿੱਚ ਫਲੈਟ ਕਲਚਰ ਜ਼ਿਆਦਾ ਹੋਣ ਕਾਰਨ ਇਹ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਦੇ ਛੁੱਪਣ ਲਈ ਵੱਡੀ ਪਨਾਹਗਾਰ ਬਣਿਆ ਹੋਇਆ ਹੈ। ਅਜਿਹੇ ਅਨਸਰਾਂ ਦੀ ਭਾਲ ਲਈ ਹੀ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਜੋ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਨੇ ਹੋਟਲਾਂ, ਪੀਜੀ ਅਤੇ ਮਕਾਨ ਮਾਲਕਾਂ ਨੂੰ ਅਪੀਲ ਕੀਤੀ ਕਿ 15 ਅਗਸਤ ਆਜ਼ਾਦੀ ਦਿਹਾੜੇ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਘਰ ਜਾਂ ਕਮਰਾ ਕਿਰਾਏ ’ਤੇ ਨਾ ਦੇਣ। ਕਿਸੇ ਵੀ ਵਿਅਕਤੀ ਨੂੰ ਘਰ ਜਾਂ ਕਮਰਾ ਕਿਰਾਏ ’ਤੇ ਦੇਣ ਤੋਂ ਪਹਿਲਾਂ ਸਬੰਧਤ ਵਿਅਕਤੀ ਦੇ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਕਰਵਾਉਣ ਤੇ ਸ਼ੱਕੀ ਵਿਅਕਤੀ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ ਜਾਏ।
ਜ਼ਿਕਰਯੋਗ ਹੈ ਕਿ ਪੁਲੀਸ ਨੇ ਜ਼ੀਰਕਪੁਰ ਵਾਸੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਕਦਮ ਚੁੱਕੇ ਹਨ।