ਹਰਜੀਤ ਸਿੰਘ
ਜ਼ੀਰਕਪੁਰ, 22 ਸਤੰਬਰ
ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੀ ਹਾਲਤ ਲੰਮੇਂ ਸਮੇਂ ਤੋਂ ਖਸਤਾ ਬਣੀ ਹੋਈ ਹੈ ਜਿਸ ਕਾਰਨ ਇਨ੍ਹਾਂ ’ਤੇ ਸਫਰ ਕਰਨ ਵਾਲੇ ਰਾਹਗੀਰਾਂ ਨੂੰ ਭਾਰੀ ਔਖ ਝੱਲਣੀ ਪੈ ਰਹੀ ਹੈ। ਸ਼ਹਿਰ ਵਾਸੀ ਲੰਮੇਂ ਸਮੇਂ ਤੋਂ ਸੜਕਾਂ ਦੀ ਹਾਲਤ ਸੁਧਾਰਨ ਦੀ ਮੰਗ ਕਰ ਰਹੇ ਹਨ ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ।
ਸੂਬੇ ਦੀ ਸਭ ਤੋਂ ਅਮੀਰ ਕੌਂਸਲਾਂ ਵਿੱਚ ਸ਼ਾਮਲ ਜ਼ੀਰਕਪੁਰ ਕੌਂਸਲ ਦੇ ਅਧਿਕਾਰੀ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਦੀ ਲਾਪ੍ਰਵਾਹੀ ਦੇ ਚਲਦਿਆਂ ਜ਼ੀਰਕਪੁਰ ਦਾ ਗੈਰ ਯੋਜਨਾਬੱਧ ਵਿਕਾਸ ਹੋਣ ਨਾਲ ਇਥੋਂ ਦੀ ਮੁੱਖ ਅੰਦਰੂਨੀ ਸੜਕਾਂ ਕਾਫੀ ਤੰਗ ਅਤੇ ਟੁੱਟੀਆਂ ਹੋਈਆਂ ਹਨ। ਜਦਕਿ ਸ਼ਹਿਰ ਦੀ ਵਸੋਂ ਇਸ ਵੇਲੇ ਸਾਢੇ ਚਾਰ ਲੱਖ ਦੇ ਕਰੀਬ ਪਹੁੰਚ ਚੁੱਕੀ ਹੈ। ਸ਼ਹਿਰ ਦੀ ਹਰੇਕ ਸੜਕ ’ਤੇ ਆਵਾਜਾਈ ਦਾ ਇੰਨਾ ਭਾਰ ਵਧ ਗਿਆ ਹੈ ਜਿਸ ਨੂੰ ਤੰਗ ਸੜਕਾਂ ਝੱਲਣ ਵਿੱਚ ਫੇਲ੍ਹ ਸਾਬਤ ਹੋ ਰਹੀਆਂ ਹਨ। ਸ਼ਹਿਰ ਦੀਆਂ ਤਕਰੀਬਨ ਸਾਰੀ ਅੰਦਰੂਨੀ ਸੜਕਾਂ ਦੀ ਲੰਮੇਂ ਸਮੇਂ ਤੋਂ ਮੁਰੰਮਤ ਨਾ ਹੋਣ ਕਾਰਨ ਇਨ੍ਹਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਇਥੋਂ ਢਕੋਲੀ ਤੋਂ ਗਾਜ਼ੀਪੁਰ ਅਤੇ ਸਨੌਲੀ ਰਾਹੀਂ ਮੁਬਾਰਕਪੁਰ ਜਾਣ ਵਾਲੀ ਸੜਕ, ਚੰਡੀਗੜ੍ਹ ਅੰਬਾਲਾ ਹਾਈਵੇਅ ਤੋਂ ਪਿੰਡ ਨਗਲਾ ਤੋਂ ਢਕੋਲੀ ਜਾਣ ਵਾਲੀ ਸੜਕ, ਸਿੰਘਪੁਰਾ ਸੜਕ, ਲੋਹਗੜ੍ਹ ਦੀਆਂ ਸੜਕਾਂ, ਪਿੰਡ ਦਿਆਲਪੁਰਾ ਨੂੰ ਜਾਣ ਵਾਲੀ ਮੁੱਖ ਸੜਕ ਸਣੇ ਪਿੰਡ ਸ਼ਤਾਬਗੜ੍ਹ ਅਤੇ ਛੱਤ ਨੂੰ ਜਾਣ ਵਾਲੀ ਸੜਕਾਂ ’ਤੇ ਥਾਂ-ਥਾਂ ਟੋਏ ਪਏ ਹੋਏ ਹਨ। ਇਨ੍ਹਾਂ ਵਿੱਚ ਡਿੱਗ ਕੇ ਰੋਜ਼ਾਨਾ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਢਕੋਲੀ ਤੋਂ ਗਾਜ਼ੀਪੁਰ ਜਾਣ ਵਾਲੀ ਸੜਕ ਸਣੇ ਹੋਰਨਾਂ ਸੜਕਾਂ ’ਤੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ ਪਰ ਸੜਕਾਂ ਟੁੱਟੀਆਂ ਹੋਣ ਕਾਰਨ ਵਾਹਨਾਂ ਦੀ ਰਫਤਾਰ ਘੱਟ ਰਹਿੰਦੀ ਹੈ ਅਤੇ ਟੋਇਆਂ ਕਾਰਨ ਲੋਕਾਂ ਦੇ ਮਹਿੰਗੇ ਵਾਹਨ ਨੁਕਸਾਨੇ ਜਾ ਰਹੇ ਹਨ। ਲੰਘੇ ਦਿਨਾਂ ਵਿੱਚ ਕਈਂ ਦੋ ਪਹੀਆ ਵਾਹਨ ਚਾਲਕ ਖੱਡਿਆਂ ਵਿੱਚ ਡਿੱਗ ਕੇ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰਨ ਨਾਲ ਸੜਕਾਂ ਹੋਰ ਖ਼ਤਰਨਾਕ ਰੁਖ ਅਖ਼ਤਿਆਰ ਕਰ ਲੈਂਦੀਆਂ ਹਨ।
ਗੱਲ ਕਰਨ ’ਤੇ ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਸ਼ਹਿਰ ਦੀ ਵੀਆਈਪੀ ਸੜਕ ਸਣੇ ਹੋਰਨਾਂ ਦੀ ਲੰਘੇ ਦਿਨਾਂ ਵਿੱਚ ਮੁਰੰਮਤ ਕਰਵਾਈ ਗਈ ਹੈ। ਨਗਲਾ ਰੋਡ ’ਤੇ ਵੀ ਟਾਈਲਾਂ ਲਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਛੇਤੀ ਬਾਕੀ ਸੜਕਾਂ ਦੀ ਹਾਲਤ ਸੁਧਾਰੀ ਜਾਏਗੀ।