ਹਰਜੀਤ ਸਿੰਘ
ਜ਼ੀਰਕਪੁਰ, 4 ਮਾਰਚ
ਸ਼ਹਿਰ ਵਿੱਚ ਜਾਮ ਦੀ ਸਮੱਸਿਆ ਦੇ ਹੱਲ ਲਈ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਮੈਕ ਡੌਨਲਡ ਵਾਲੇ ਚੌਕ ਅਤੇ ਸਿੰਘਪੁਰਾ ਟਰੈਫਿਕ ਲਾਈਟਾਂ ’ਤੇ ਉਸਾਰੇ ਜਾ ਰਹੇ ਫਲਾਈਓਵਰ ਕਾਰਨ ਹਰ ਵੇਲੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਆਵਾਜਾਈ ਲਈ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਘੰਟਿਆਂਬੱਧੀ ਜਾਮ ਲੱਗ ਰਿਹਾ ਹੈ। ਇਸ ਸਬੰਧੀ ਅੱਜ ਐੱਸਡੀਐੱਮ ਡੇਰਾਬੱਸੀ ਸਵਾਤੀ ਟਿਵਾਣਾ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਐੱਸਡੀਐੱਮ ਵੱਲੋਂ ਕੌਮੀ ਸ਼ਾਹਰਾਹ ਅਥਾਰਿਟੀ, ਟਰੈਫਿਕ ਪੁਲੀਸ ਦੇ ਇੰਚਾਰਜ ਸੁਖਦੀਪ ਸਿੰਘ, ਡੀਐੱਸਪੀ ਜ਼ੀਰਕਪੁਰ ਐੱਨ.ਐੱਚ. ਮਾਹਲ, ਥਾਣਾ ਮੁਖੀ ਓਂਕਾਰ ਸਿੰਘ ਬਰਾੜ ਅਤੇ ਸੜਕ ਦੀ ਉਸਾਰੀ ਕਰਨ ਵਾਲੀ ਕੰਪਨੀ ਜੀਐੱਮਆਰ ਦੇ ਅਧਿਕਾਰੀ ਨਾਲ ਮੀਟਿੰਗ ਕਰ ਕੇ ਸਮੱਸਿਆ ਦਾ ਹੱਲ ਕਰਨ ਦੀ ਹਦਾਇਤ ਕੀਤੀ ਗਈ।
ਐੱਸਡੀਐੱਮ ਨੇ ਜਾਮ ਦੀ ਸਮੱਸਿਆ ਦੇ ਹੱਲ ਲਈ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸ਼ਾਹਰਾਹ ਅਥਾਰਿਟੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 200 ਫੁੱਟੀ ਐਰੋ ਸਿਟੀ ਰੋਡ ਤੋਂ ਸਿੱਧੀ ਆਵਾਜਾਈ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਚੜ੍ਹਨ ਲਈ ਰਾਹ 15 ਦਿਨਾਂ ਦੇ ਅੰਦਰ ਖੋਲ੍ਹਣ ਜਦਕਿ ਇਸ ਵੇਲੇ 200 ਫੁੱਟੀ ਐਰੋ ਸਿਟੀ ਰੋਡ ਤੋਂ ਆਉਣ ਵਾਲੀ ਆਵਾਜਾਈ ਮੈਕ ਡੌਨਲਡ ਚੌਕ ਤੋਂ ਹਾਈਵੇਅ ’ਤੇ ਚੜ੍ਹਦੀ ਹੈ ਜਿਸ ਕਾਰਨ ਇੱਥੇ ਜਾਮ ਲੱਗਦਾ ਹੈ। ਉਨ੍ਹਾਂ ਕਿਹਾ ਕਿ ਹਾਈਵੇਅ ’ਤੇ ਰਾਹ ਖੋਲ੍ਹਣ ਮਗਰੋਂ ਮੈਕ ਡੌਨਲਡ ਚੌਕ ਨੂੰ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਫਲਾਈਓਵਰ ਦੀ ਉਸਾਰੀ ਤੋਂ ਪਹਿਲਾਂ ਸਰਵਿਸ ਲੇਨ ਬਣਾਉਣ ਲਈ ਕਿਹਾ ਤਾਂ ਜੋ ਜਾਮ ਦੀ ਸਮੱਸਿਆ ਹੱਲ ਹੋ ਸਕੇ। ਇਸ ਤੋਂ ਇਲਾਵਾ ਉਨ੍ਹਾਂ ਟਰੈਫਿਕ ਪੁਲੀਸ ਨੂੰ ਫਲਾਈਓਵਰਾਂ ਦੀ ਉਸਾਰੀ ਦੌਰਾਨ ਜਾਮ ਦੀ ਸਮੱਸਿਆ ਤੋਂ ਬਚਣ ਲਈ ਆਵਾਜਾਈ ਦੇ ਬਦਲਵੇਂ ਰੂਟ ਦਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਜੀਐੱਮਆਰ ਕੰਪਨੀ ਦੇ ਅਧਿਕਰੀਆਂ ਨੂੰ ਜ਼ੀਰਕਪੁਰ ਫਲਾਈਓਵਰ ਦੇ ਹੇਠਾਂ ਹਰ ਵੇਲੇ ਫੈਲੀ ਰਹਿੰਦੀ ਗੰਦਗੀ ਸਾਫ਼ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਟਰੈਫਿਕ ਪੁਲੀਸ ਨੂੰ ਜਾਮ ’ਤੇ ਕਾਬੂ ਪਾਉਣ ਲਈ ਹਰੇਕ ਪੁਆਇੰਟ ’ਤੇ ਮੁਲਾਜ਼ਮ ਤਾਇਨਾਤ ਕਰਨ ਦੀ ਹਦਾਇਤ ਕੀਤੀ।
ਅਖੀਰ ਐੱਸਡੀਐੱਮ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਦਰਾਂ ਦਿਨਾਂ ਦੇ ਅੰਦਰ ਸਾਰਾ ਰੂਟ ਪਲਾਨ ਤਿਆਰ ਕਰ ਲਿਆ ਜਾਵੇਗਾ।