ਹਰਜੀਤ ਸਿੰਘ
ਜ਼ੀਰਕਪੁਰ, 7 ਜੁਲਾਈ
ਨਾਮ ਤੋਂ ਜੰਨਤ ਦਾ ਭੁਲੇਖਾ ਪਾਉਂਦੀ ਜ਼ੀਰਕਪੁਰ ਦੀ ਵੀਆਈਪੀ ਰੋਡ ਇਕ ਅਜਿਹੀ ਸੜਕ ਬਣ ਗਈ ਹੈ ਕਿ ਇਕ ਵਾਰ ਇਥੇ ਆਉਣ ਵਾਲਾ ਵਿਅਕਤੀ ਦੁਬਾਰਾ ਆਉਣ ਦੀ ਹਿੰਮਤ ਨਹੀਂ ਕਰ ਸਕਦਾ। ਪਰ ਧੰਨ ਹਨ ਇਸ ਇਲਾਕੇ ਦੇ ਲੋਕ ਜੋ ਹਰ ਰੋਜ਼ ਇਸ ਸੜਕ ਨਾਲ ਜੂਝਦੇ ਹਨ। ਸੜਕ ’ਤੇ ਥਾਂ ਥਾਂ ਟੋਏ ਪੈ ਗਏ ਹਨ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਜਿਥੇ ਸਾਰਾ ਦਿਨ ਅਵਾਰਾ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ।
ਜਾਣਕਾਰੀ ਅਨੁਸਾਰ ਇਸ ਸੜਕ ’ਤੇ ਸ਼ਹਿਰ ਦੀ ਸਭ ਤੋਂ ਵੱਡੀ ਮਾਰਕੀਟ ਹੈ। ਦਰਜਨਾਂ ਰਿਹਾਇਸ਼ੀ ਸੁਸਾਇਟੀਆਂ ਹਨ ਜਿਥੇ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਹਨ। ਇਸ ਸੜਕ ’ਤੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ ਅਤੇ ਇਥੋਂ ਦੀ ਮਾਰਕੀਟ ਵਿੱਚ ਸਾਰਾ ਦਿਨ ਗਾਹਕਾਂ ਦਾ ਭਾਰੀ ਭੀੜ ਰਹਿੰਦੀ ਹੈ। ਪਰ ਇਸ ਸੜਕ ਦੀ ਹਾਲਤ ਲੰਮੇ ਸਮੇਂ ਤੋਂ ਖਸਤਾ ਬਣੀ ਹੋਈ ਹੈ। ਸੜਕ ਦੇ ਕੁਝ ਹਿੱਸੇ ਵਿੱਚ ਤਾਂ ਪੇਵਰ ਬਲਾਕ ਲਾ ਦਿੱਤੇ ਗਏ ਸੀ ਪਰ ਕੁਝ ਸੜਕ ਹਾਲੇ ਵੀ ਪੁਰਾਣੀ ਹੈ। ਉਸ ਦੀ ਮੁਰੰਮਤ ਨਾ ਹੋਣ ਕਾਰਨ ਵੱਡੇ ਵੱਡੇ ਟੋਏ ਪੈ ਗਏ ਹਨ। ਮੀਂਹ ਦੇ ਦਿਨਾਂ ਵਿੱਚ ਇਹ ਖੱਡੇ ਖਤਰਨਾਕ ਰੂਪ ਅਖ਼ਤਿਆਰ ਕਰ ਲੈਂਦੇ ਹਨ। ਦੋ ਪਹੀਆ ਅਤੇ ਚਾਰ ਪਹੀਆ ਵਾਹਨ ਇਨ੍ਹਾਂ ’ਚ ਡਿੱਗ ਕੇ ਨੁਕਸਾਨੇ ਜਾਂਦੇ ਹਨ। ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਇਹ ਸੜਕ ਛੱਪੜ ਦਾ ਰੂਪ ਧਾਰ ਲੈਂਦੀ। ਮੀਂਹ ਦਾ ਪਾਣੀ ਭਰਨ ਨਾਲ ਟੋਏ ਦਿਖਾਈ ਨਹੀਂ ਦਿੰਦੇ ਅਤੇ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਸੜਕ ’ਤੇ ਸਾਫ ਸਫਾਈ ਦੇ ਢੁੱਕਵੇਂ ਪ੍ਰਬੰਧ ਨਹੀਂ ਹਨ ਜਿਸ ਕਾਰਨ ਇਥੇ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਗੰਦਗੀ ਦੇ ਢੇਰ ਵਿੱਚ ਸਾਰਾ ਦਿਨ ਅਵਾਰਾ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ। ਇਥੋਂ ਉੱਠਣ ਵਾਲੀ ਬਦਬੂ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਹੈ। ਮੀਂਹ ਪੈਣ ਮਗਰੋਂ ਸੜਕ ’ਤੇ ਥਾਂ ਥਾਂ ਚਿੱਕੜ ਹੋ ਜਾਂਦਾ ਹੈ। ਸੜਕ ਤੰਗ ਹੋਣ ਕਾਰਨ ਇਥੇ ਹਰ ਵੇਲੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਸ਼ਹਿਰ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੌਂਸਲ ਇਸ ਸੜਕ ਦੀ ਦੇਖਰੇਖ ਵੱਲ ਧਿਆਨ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਸੜਕ ਦਾ ਨਾਂਅ ਵੀਆਈਪੀ ਰੋਡ ਤੋਂ ਬਦਲ ਕੇ ਫਟੀਚਰ ਸੜਕ ਰੱਖ ਦੇਣਾ ਚਾਹੀਦਾ ਹੈ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕਰਕੇ ਸੜਕ ਦੀ ਹਾਲਤ ਸੁਧਾਰੀ ਜਾਏਗੀ। ਉਨ੍ਹਾਂ ਕਿਹਾ ਕਿ ਇਸ ਸੜਕ ਸਮੇਤ ਪੂਰੇ ਸ਼ਹਿਰ ਵਿੱਚ ਨਿਕਾਸੀ ਪ੍ਰਬੰਧ ਕੀਤੇ ਜਾਣਗੇ।