ਐਨਪੀ. ਧਵਨ
ਪਠਾਨਕੋਟ, 12 ਜੂਨ
ਧਾਰ ਕਲਾਂ ਦੇ ਨੀਮ ਪਹਾੜੀ ਖੇਤਰ ਵਿੱਚ ਲੋਕਾਂ ਦਾ ਜੀਵਨ ਪੱਧਰ ਸੁਖਾਲਾ ਕਰਨ ਅਤੇ ਉਨ੍ਹਾਂ ਦੀ ਆਰਥਿਕਤਾ ਦਾ ਪੱਧਰ ਉਚਾ ਚੁੱਕਣ ਲਈ ਉਥੇ 23 ਪਿੰਡਾਂ ਵਿੱਚ 14 ਕਰੋੜ ਰੁਪਏ ਦੀ ਯੋਜਨਾ ਲਾਗੂ ਕੀਤੀ ਜਾਵੇਗੀ ਜਿਸ ਤਹਿਤ ਕਈ ਵਾਟਰ ਹਾਰਵੈਸਟਿੰਗ ਪ੍ਰੋਗਰਾਮ ਕੀਤੇ ਜਾਣਗੇ। ਇਸ ਯੋਜਨਾ ਨੂੰ ਲਾਗੂ ਕਰਨ ਲਈ ਪਿੰਡਾਂ ਵਿੱਚ 17 ਵਾਟਰ ਸ਼ੈਡ ਮੈਨੇਜਮੈਂਟ ਕਮੇਟੀਆਂ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਇਹ ਪ੍ਰਾਜੈਕਟ ਭਾਰਤ ਸਰਕਾਰ ਦੇ ਭੂਮੀ ਸਰੋਤ ਤੇ ਰੂਰਲ ਡਿਵੈਲਪਮੈਂਟ ਮੰਤਰਾਲੇ ਦੀ ਸਹਾਇਤਾ ਨਾਲ ਭੂਮੀ ਰੱਖਿਆ ਵਿਭਾਗ ਪੰਜਾਬ ਵੱਲੋਂ ਨੇਪਰੇ ਚੜ੍ਹਾਉਣ ਲਈ ਡੀਪੀਆਰ ਤਿਆਰ ਕੀਤਾ ਜਾਵੇਗਾ।
ਇਸ ਦੀ ਪੁਸ਼ਟੀ ਕਰਦੇ ਹੋਏ ਭੂਮੀ ਰੱਖਿਆ ਵਿਭਾਗ ਦੇ ਐਕਸੀਅਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਾਜੈਕਟ ਬਘਾਰ, ਹਰਿਆਲ, ਹਾੜਾ, ਸੁਖਨਿਆਲ, ਨਰਾਇਣਪੁਰ, ਧਾਰ ਖੁਰਦ, ਲੰਜੇਰਾ, ਲਹਿਰੂਨ, ਘਾੜ ਬਗੜੋਲੀ, ਗਾਹਲ, ਗਰਲ, ਫਾਗਲੀ, ਭੰਗੂੜੀ, ਜਲਾਹੜ ਆਦਿ 23 ਪਿੰਡਾਂ ਵਿੱਚ ਲਾਗੂ ਕੀਤਾ ਜਾਵੇਗਾ ਜਿਸ ਤਹਿਤ ਪਿੰਡਾਂ ਵਿੱਚ ਜਾ ਕੇ ਉਥੋਂ ਦੀਆਂ ਵਾਟਰ ਸ਼ੈਡ ਕਮੇਟੀਆਂ ਦੀ ਰਾਏ ਲਈ ਜਾਵੇਗੀ ਕਿ ਪਿੰਡਾਂ ਵਿੱਚ ਖੇਤਾਂ, ਬਾਗਾਂ ਨੂੰ ਪਾਣੀ ਲਗਾਉਣ ਲਈ ਕਿੱਥੇ-ਕਿੱਥੇ ਵਾਟਰ ਹਾਰਵੈਸਟਿੰਗ ਪ੍ਰਾਜੈਕਟ, ਪਾਣੀ ਦੇ ਸਰੋਤਾਂ (ਪੁਰਾਣੇ ਖੂਹਾਂ, ਕੁਦਰਤੀ ਬਾਉਲੀਆਂ) ਨੂੰ ਮੁੜ ਸੁਰਜੀਤ ਕਰਨ ਤਲਾਬਾਂ ਆਦਿ ਦਾ ਪਤਾ ਲਗਾਇਆ ਜਾਵੇਗਾ ਅਤੇ ਕਮੇਟੀਆਂ ਤੋਂ ਪੁੱਛਿਆ ਜਾਵੇਗਾ ਕਿ ਉਨ੍ਹਾਂ ਦੇ ਪਿੰਡ ਵਿੱਚ ਕੀ-ਕੀ ਕੰਮ ਹੋਣ ਵਾਲੇ ਹਨ। ਉਨ੍ਹਾਂ ਦੇ ਆਧਾਰ ‘ਤੇ ਡੀਪੀਆਰ ਤਿਆਰ ਕੀਤਾ ਜਾਵੇਗਾ ਤੇ ਫਿਰ ਇਨ੍ਹਾਂ ਕੰਮਾਂ ਨੂੰ ਅਲੱਗ-ਅਲੱਗ ਪੜਾਵਾਂ ਵਿੱਚ ਤਿਆਰ ਕੀਤਾ ਜਾਵੇਗਾ।
ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਹ ਪ੍ਰਾਜੈਕਟ ਵਿਸ਼ੇਸ਼ ਤੌਰ ਤੇ ਮਨਜ਼ੂਰ ਕਰਵਾਇਆ ਗਿਆ ਹੈ ਅਤੇ ਇਸ ਨਾਲ ਇਸ ਖੇਤਰ ਦੇ ਲੋਕਾਂ ਦੀਆਂ ਕਾਫੀ ਮੁਸ਼ਕਲਾਂ ਹੱਲ ਹੋ ਸਕਣਗੀਆਂ। ਉਨ੍ਹਾਂ ਕਿਹਾ ਕਿ ਇਸੇ ਮਹੀਨੇ ਹੀ ਇਸ ਪ੍ਰੋਜੈਕਟ ਤਹਿਤ ਅਲੱਗ-ਅਲੱਗ ਪਿੰਡਾਂ ਵਿੱਚ 200 ਦੇ ਕਰੀਬ ਸੋਲਰ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ। ਇਸ ਦੇ ਇਲਾਵਾ ਇਨ੍ਹਾਂ ਪਿੰਡਾਂ ਵਿੱਚ ਵਿਅਰਥ ਜਾ ਰਹੇ ਪਾਣੀ ਨੂੰ ਰੋਕ ਕੇ ਸਿੰਜਾਈ ਲਈ ਵਰਤਣ ਅਤੇ ਭੂਮੀ ਕਟਾਅ ਨੂੰ ਰੋਕਣ ਲਈ ਵਿਸ਼ੇਸ਼ ਕੰਮ ਕੀਤੇ ਜਾਣਗੇ। ਅਧਿਕਾਰੀਆਂ ਨੂੰ ਇਸ ਦਾ ਡੀਪੀਆਰ ਜਲਦੀ ਤਿਆਰ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।