ਪੱਤਰ ਪ੍ਰੇਰਕ
ਭੁੱਚੋ ਮੰਡੀ, 26 ਜੂਨ
ਐਂਪਲਾਈਜ਼ ਫੈਡਰੇਸ਼ਨ (ਚਾਹਲ ਗਰੁੱਪ) ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਆਗੂਆਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ‘ਤੇ ਥਰਮਲ ਪਲਾਂਟ ਅਤੇ ਸੀਮਿੰਟ ਫੈਕਟਰੀ ਨੂੰ ਜਾਂਦੀ ਰੇਲਵੇ ਲਾਈਨ ‘ਤੇ ਬਣੇ ਰੇਲਵੇ ਫਾਟਕ ‘ਤੇ ਪੁਲ ਬਣਾਉਣ ਦੀ ਮੰਗ ਕੀਤੀ ਹੈ। ਫੈਡਰੇਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਬਰਾੜ, ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਕਿਲੀ, ਜਨਰਲ ਸਕੱਤਰ ਰਜਿੰਦਰ ਸਿੰਘ ਨਿੰਮਾ, ਪ੍ਰੇਮ ਕੁਮਾਰ ਉੱਪਲ, ਅਤੇ ਜਸਨਦੀਪ ਸਿੰਘ ਨੇ ਕਿਹਾ ਕਿ ਇਹ ਰੇਲਵੇ ਫਾਟਕ ਥਰਮਲ ਅਤੇ ਸੀਮਿੰਟ ਫੈਕਟਰੀ ਲਈ ਲੰਘਦੇ ਕੋਲੇ ਦੇ ਰੈਕਾਂ ਕਾਰਨ ਅਕਸਰ ਹੀ ਬੰਦ ਰਹਿੰਦਾ ਹੈ। ਇਸ ਮਾਰਗ ਤੋਂ ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਵੱਡੀ ਗਿਣਤੀ ਵਿੱਚ ਲੋਕ ਲੁਧਿਆਣਾ, ਪਟਿਆਲਾ, ਚੰਡੀਗੜ੍ਹ, ਹਿਮਾਚਲ ਅਤੇ ਧਾਰਮਿਕ ਸਥਾਨਾਂ ਲਈ ਸਫਰ ਕਰਦੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਅਤੇ ਚੰਡੀਗੜ੍ਹ ਲਈ ਗੰਭੀਰ ਮਰੀਜ਼ਾਂ ਨੂੰ ਲੈ ਕੇ ਲੰਘਣ ਵਾਲੀਆਂ ਐਂਬੂਲੈਂਸਾਂ ਨੂੰ ਵੀ ਫਾਟਕ ‘ਤੇ ਰੁਕਣਾ ਪੈਂਦਾ ਹੈ। ਇਸ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਉਹ ਇਸ ਫਾਟਕ ‘ਤੇ ਰੇਲਵੇ ਪੁਲ ਬਣਾਉਣ ਸਬੰਧੀ ਅੱਜ ਜ਼ਿਲ੍ਹੇ ਯੋਜਨਾ ਬੋਰਡ ਬਠਿੰਡਾ ਦੇ ਚੇਅਰਮੈਨ ਅਮਿਤ ਅਗਰਵਾਲ ਨੂੰ ਮੰਗ ਪੱਤਰ ਦੇ ਕੇ ਆਏ ਹਨ। ਉਨ੍ਹਾਂ ਨੇ ਇਸ ਮਸਲੇ ਦੇ ਹੱਲ ਲਈ ਅਗਲੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।