ਰਮੇਸ ਭਾਰਦਵਾਜ
ਲਹਿਰਾਗਾਗਾ, 27 ਜੂਨ
ਪਿੰਡ ਸੰਗਤਪੁਰਾ ਵਿੱਚ ਸਿੰਜਾਈ ਵਿਭਾਗ ਵੱਲੋਂ ਅੱਜ ਤੋਂ ਕਰੀਬ 25 ਸਾਲ ਪਹਿਲਾਂ ਖੁੱਲ੍ਹੀ ਬੋਲੀ ਰਾਹੀਂ ਵੇਚੀ ਨਹਿਰੀ ਕੋਠੀ ਵਾਲੀ ਥਾਂ ਦਾ ਮੁੜ ਤੋਂ ਕਬਜ਼ਾ ਲੈਣ ਲਈ ਜਿਥੇ ਅੱਜ ਨੋਟਿਸ ਜਾਰੀ ਕੀਤਾ ਗਿਆ ਸੀ, ਉਥੇ ਇਸ ਵਾਰੰਟ ਕਬਜ਼ਾ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪਿੰਡਾਂ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਕਬਜ਼ੇ ਵਾਲੀ ਥਾਂ ਉੱਪਰ ਮੋਰਚਾ ਲਾ ਦਿੱਤਾ। ਖ਼ਬਰ ਲਿਖੇ ਜਾਣ ਤੱਕ ਕਬਜ਼ਾ ਲੈਣ ਲਈ ਕੋਈ ਵੀ ਸਬੰਧਤ ਅਧਿਕਾਰੀ ਕਬਜ਼ੇ ਵਾਲੀ ਥਾਂ ‘ਤੇ ਨਹੀਂ ਆਇਆ। ਨਹਿਰੀ ਵਿਭਾਗ ਦੇ ਐੱਸਡੀਓ ਨੇ ਕਿਹਾ ਕਿ ਅੱਜ ਸੁਰੱਖਿਆ ਨਾ ਮਿਲਣ ਕਰਕੇ ਕਬਜ਼ਾ ਨਹੀ ਲਿਆ।
ਅੱਜ ਦੇ ਮੋਰਚੇ ਵਿਚ ਜੁੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਸਿੰਜਾਈ ਵਿਭਾਗ ਨੂੰ ਇਸ ਕੋਠੀ ਵਾਲੀ ਜ਼ਮੀਨ ਦਾ ਕਬਜ਼ਾ ਤਾਂ ਕੀ ਕਿਸੇ ਹੋਰ ਵੀ ਥਾਂ ਉੱਪਰ ਵੀ ਧੱਕੇ ਨਾਲ ਕਬਜ਼ਾ ਨਹੀਂ ਕਰਨ ਦੇਵਾਂਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਣੇ ਹੱਕ ਲਈ ਇੱਕਮੁੱਠ ਹੋ ਕੇ ਸਰਕਾਰਾਂ ਖ਼ਿਲਾਫ਼ ਲੜਾਈ ਲੜਨੀ ਪੈਣੀ ਹੈ। ਇਸ ਮੌਕੇ ਦਰਸ਼ਨ ਸਿੰਘ, ਬਲਾਕ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੁਟਾਲ, ਰਾਮਚੰਦ ਸਿੰਘ ਚੋਟੀਆਂ, ਬਿੰਦਰ ਸਿੰਘ ਖੋਖਰ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਸੁਖਦੇਵ ਸਿੰਘ ਕੜੈਲ ਪ੍ਰਧਾਨ ਮੂਣਕ ਹਾਜ਼ਰ ਸਨ।