ਪਰਮਜੀਤ ਸਿੰਘ/ਸੁੰਦਰ ਨਾਥ ਆਰੀਆ
ਫ਼ਾਜ਼ਿਲਕਾ/ਅਬੋਹਰ, 24 ਜੂਨ
ਇੱਥੇ ਸੀਡ ਫਾਰਮ ਅਧੀਨ ਆਉਂਦੇ ਬਾਬਾ ਜੀਵਨ ਸਿੰਘ ਨਗਰ ਵਿੱਚ ਬਜ਼ੁਰਗ ਦੀ ਹੱਤਿਆ ਮਗਰੋਂ ਟਰੈਕਟਰ-ਟਰਾਲੀ ਚੋਰੀ ਕਰਨ ਦੇ ਮਾਮਲੇ ਜੀਵਨ ਸਿੰਘ ਨਗਰ ਥਾਣਾ-1 ਦੀ ਪੁਲੀਸ ਨੇ ਮ੍ਰਿਤਕ ਦੇ ਗੁਆਂਢੀ ਸਣੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਰਣਜੀਤ ਸਿੰਘ, ਗੁਰਜੰਟ ਸਿੰਘ, ਆਕਾਸ਼ ਅਤੇ ਹਰਮਨਦੀਪ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਪੁੱਛ-ਪੜਤਾਲ ਲਈ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮਾਂ ਨੇ ਬੀਤੇ ਦਿਨੀਂ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਸਬੰਧੀ ਅੱਜ ਫ਼ਾਜ਼ਿਲਕਾ ਸਥਿਤ ਆਪਣੇ ਦਫ਼ਤਰ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਅਵਨੀਤ ਕੌਰ ਸਿੱਧੂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲੀਸ ਨੂੰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਘਟਨਾ ਵਾਲੀ ਥਾਂ ‘ਤੇ ਐਕਟੀਵ ਮੋਬਾਈਲ ਲੋਕੇਸ਼ਨ ਦੀ ਕਾਫੀ ਮਦਦ ਮਿਲੀ ਹੈ। ਇਸ ਦੇ ਆਧਾਰ ‘ਤੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਫੜੇ ਗਏ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਬਾਵਾ ਵਾਸੀ ਸੀਡ ਫਾਰਮ ਪੱਕਾ ਅਬੋਹਰ, ਗੁਰਜੰਟ ਸਿੰਘ ਉਰਫ ਜੰਟਾ, ਅਕਾਸ਼ਦੀਪ ਵਾਸੀਆਨ ਪਿੰਡ ਬੂਹ ਗੁੱਜਰ ਥਾਣਾ ਮੱਖੂ ਉਮਰ ਅਤੇ ਹਰਮਨਜੀਤ ਸਿੰਘ ਉਰਫ ਕਾਲੀ ਵਾਸੀ ਗੰਦੂ ਕਿਲਚਾ ਉਤਾੜ ਉਰਫ ਨਾਗਰ ਵਾਲਾ ਥਾਣਾ ਮਮਦੋਟ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 22 ਜੂਨ ਨੂੰ ਪੁਲੀਸ ਨੇ ਅਣਪਛਾਤੇ ਕਾਤਲਾਂ ਖ਼ਿਲਾਫ਼ ਅਧੀਨ ਧਾਰਾ 302, 379, 34 ਤਹਿਤ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਪਰ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।