ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜੂਨ
ਪੱਖੋਵਾਲ ਰੋਡ-ਦੁੱਗਰੀ ਸਥਿਤ ਦਰਜਨਾਂ ਕਲੋਨੀਆਂ ਦੇ ਵਸਨੀਕਾਂ ਨੂੰ ਅੱਜ ਸਵੇਰੇ-ਸਵੇਰੇ ਲੱਗੇ ਅਣ ਐਲਾਨੇ ਬਿਜਲੀ ਕੱਟ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਅੱਜ ਸਵੇਰੇ ਸੱਤ ਵਜੇ ਦੇ ਕਰੀਬ ਬਿਨਾਂ ਕਿਸੇ ਸੂਚਨਾ ਦੇ ਮੋਤੀ ਬਾਗ ਕਲੋਨੀ, ਪਿੰਡ ਫੁੱਲਾਂਵਾਲ, ਪਾਸੀ ਨਗਰ, ਗੁਰੂ ਅੰਗਦ ਦੇਵ ਨਗਰ, ਗਰੀਨ ਐਵਨਿਊ, ਫਲਾਵਰ ਇਨਕਲੇਵ, ਹਾਊਸਫੈਡ ਕੰਪਲੈਕਸ ਪੱਖੋਵਾਲ ਰੋਡ, ਵਿਕਰਮਾਦਿੱਤ ਸਿਟੀ, ਭਾਰਤ ਗੈਸ ਗੁਦਾਮ, ਬਸੰਤ ਵਾਟਿਕਾ ਅਤੇ ਮੋਨਿਕਾ ਗੈਸ ਗੁਦਾਮ ਦੇ ਇਲਾਕੇ ਦੀ ਬਿਜਲੀ ਬੰਦ ਹੋ ਗਈ। ਗਰਮੀ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪਿਆ। ਪਾਵਰਕੌਮ ਦੀ ਐਪ ‘ਤੇ ਬਿਜਲੀ ਸਪਲਾਈ 8: 30 ਵਜੇ ਤੱਕ ਬਹਾਲ ਹੋਣ ਦੀ ਸੂਚਨਾ ਦਿੱਤੀ ਗਈ ਸੀ ਪਰ ਇਸ ਨੂੰ ਐਨ ਮੌਕੇ ‘ਤੇ ਵਧਾ ਕੇ ਪਹਿਲਾਂ 9: 30 ਅਤੇ ਮੁੜ 10: 30 ਕਰ ਦਿੱਤਾ ਗਿਆ ਪਰ ਜਦੋਂ ਦਿੱਤੇ ਗਏ ਸਮੇਂ ‘ਤੇ ਵੀ ਬਿਜਲੀ ਸਪਲਾਈ ਬੰਦ ਰਹੀ ਤਾਂ ਐਪ ਉਪਰ ਬਿਜਲੀ ਸਪਲਾਈ ਬਹਾਲ ਹੋਣ ਦੀ ਸੂਚਨਾ ਦੇ ਦਿੱਤੀ ਗਈ ਪਰ ਲੋਕਾਂ ਨੂੰ ਉਸ ਵਕਤ ਹੈਰਾਨੀ ਹੋਈ ਜਦੋਂ ਕੁੱਝ ਮਿੰਟਾਂ ਬਾਅਦ ਹੀ ਐਪ ਉਂਪਰ 1: 30 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਬਾਰੇ ਦੱਸਿਆ ਗਿਆ।
12: 30 ਵਜੇ ਦੇ ਕਰੀਬ ਬਿਜਲੀ ਸਪਲਾਈ ਬਹਾਲ ਹੋ ਗਈ। ਪਾਵਰਕੌਮ ਅਧਿਕਾਰੀ ਨੇ ਦੱਸਿਆ ਕਿ ਖਰਾਬ ਲਾਈਨਾਂ ਦੀ ਮੁਰੰਮਤ ਕਰਨ ਲੱਗੇ ਕਈ ਵਾਰ ਲੱਗਦਾ ਹੈ ਕਿ ਮੁਰੰਮਤ ਦਾ ਕੰਮ ਇੱਕ ਦੋ ਘੰਟਿਆਂ ਵਿੱਚ ਪੂਰਾ ਹੋ ਜਾਵੇਗਾ ਪਰ ਜਦੋਂ ਨੁਕਸ ਵੱਡਾ ਨਿਕਲ ਆਉਂਦਾ ਹੈ ਤਾਂ ਉਨ੍ਹਾਂ ਨੂੰ ਸਮਾਂ ਵਧਾਉਣਾ ਪੈਂਦਾ ਹੈ।