ਪੱਤਰ ਪ੍ਰੇਰਕ
ਜਲੰਧਰ, 23 ਜੂਨ
ਇਥੋਂ ਦੇ ਸੋਢਲ ਰੋਡ ‘ਤੇ ਸਥਿਤ ਫਲਿਪਕਾਰਟ ਕੰਪਨੀ ਦੇ ਗੋਦਾਮ ਵਿੱਚੋਂ ਪਿਸਤੋਲ ਦਿਖਾ ਕੇ ਸਾਢੇ ਤਿੰਨ ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਫਲਿਪਕਾਰਟ ਕੰਪਨੀ ਦੇ ਕਰਮਚਾਰੀਆਂ ਦੇ ਮੋਬਾਈਲ ਤੇ ਡੀ. ਵੀ. ਆਰ. ਵੀ ਨਾਲ ਲੈ ਗਏ । ਮਿਲੀ ਜਾਣਕਾਰੀ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਦੇਰ ਰਾਤ ਫਲਿਪਕਾਰਟ ਕੰਪਨੀ ‘ਚ 8 ਤੋਂ 9 ਸਟਾਫ਼ ਮੈਂਬਰ ਕੰਮ ਕਰ ਰਹੇ ਸਨ, ਕਿ ਅਚਾਨਕ ਕੰਪਨੀ ਦੇ ਮੇਨ ਗੇਟ ਤੋਂ ਦੋ ਹਥਿਆਰਬੰਦ ਲੁਟੇਰੇ ਅੰਦਰ ਦਾਖਲ ਹੋਏ, ਜਦਕਿ ਇਨ੍ਹਾਂ ਦੇ ਦੋ ਸਾਥੀ ਬਾਹਰ ਹੀ ਮੋਟਰਸਾਈਕਲ ‘ਤੇ ਬੈਠੇ ਰਹੇ। ਇਨ੍ਹਾਂ ਨੇ ਅੰਦਰ ਦਾਖ਼ਲ ਹੁੰਦਿਆਂ ਹੀ ਸਾਰੇ ਕਰਮਚਾਰੀਆਂ ਨੂੰ ਪਿਸਤੌਲ ਦੇ ਜ਼ੋਰ ‘ਤੇ ਬੰਦੀ ਬਣਾ ਲਿਆ। ਇਸ ਤੋਂ ਬਾਅਦ ਲੁਟੇਰਿਆਂ ਨੇ ਕੋਰੀਅਰ ਕੰਪਨੀ ‘ਚ ਕੰਮ ਕਰਨ ਵਾਲੇ ਕਰਮਚਾਰੀ ਨੂੰ ਨਾਲ ਲੈ ਕੇ ਕੈਸ਼ ਰੂਮ ਦਾ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਪਏ ਸਾਢੇ ਤਿੰਨ ਲੱਖ ਰੁਪਏ ਨਾਲ ਲੈ ਕੇ ਫ਼ਰਾਰ ਹੋ ਗਏ।
ਵਾਰਦਾਤ ਨੂੰ ਅੰਜਾਮ ਦੇਣ ਆਏ ਲੁਟੇਰੇ ਕੰਪਨੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਨਾਲ ਲੈ ਗਏ ਤੇ ਜਿੰਨੇ ਵੀ ਕੰਮ ਕਰਨ ਵਾਲੇ ਕਰਮਚਾਰੀ ਅੰਦਰ ਮੌਜੂਦ ਸੀ, ਉਨ੍ਹਾਂ ਸਭ ਦੇ ਮੋਬਾਈਲ ਵੀ ਲੁਟੇਰੇ ਆਪਣੇ ਨਾਲ ਲੈ ਗਏ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਮੌਕੇ ‘ਤੇ ਪਹੁੰਚੀ। ਉਨ੍ਹਾਂ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ। ਇਸ ਮੌਕੇ ਡੀਐੱਸਪੀ ਉੱਤਰੀ ਦਮਨਬੀਰ ਸਿੰਘ ਵੱਲੋਂ ਤੁਰੰਤ ਸਾਈਬਰ ਸੈੱਲ ਨੂੰ ਮੋਬਾਈਲ ਫੋਨਾਂ ਦੀ ਲੋਕੈਸ਼ਨ ਕੱਢਣ ਲਈ ਹੁਕਮ ਜਾਰੀ ਕੀਤੇ ਗਏ ਤੇ ਸਾਰੇ ਸ਼ਹਿਰ ‘ਚ ਸਖ਼ਤ ਨਾਕਾਬੰਦੀ ਕਰਵਾ ਦਿੱਤੀ ਗਈ ।