ਨਿੱਜੀ ਪੱਤਰ ਪ੍ਰੇਰਕ
ਮੋਗਾ, 23 ਜੂਨ
ਬਾਘਾਪੁਰਾਣਾ ਵਿੱਚ ਇੱਕ ਸਰਾਫ਼ ਨੇ ਆਪਣੀ ਦੁਕਾਨ ‘ਚ ਅੱਜ ਸਵੇਰੇ ਪੱਖੇ ਨਾਲ ਕੱਪੜਾ ਬੰਨ੍ਹ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੁਰਪਾਲ ਸਿੰਘ ਵਜੋਂ ਦੱਸੀ ਗਈ ਹੈ। ਗਹਿਣਿਆਂ ਦੇ ਕਾਰੋਬਾਰੀ ਨੇ ਖੁਦਕੁਸ਼ੀ ਤੋਂ ਪਹਿਲਾਂ ਨੋਟ ਵੀ ਲਿਖਿਆ ਜਿਸ ਦੇ ਆਧਾਰ ‘ਤੇ ਥਾਣਾ ਬਾਘਾਪੁਰਾਣਾ ਪੁਲੀਸ ਨੇ ਦੋ ਔਰਤਾਂ ਸਮੇਤ 11 ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਕੇਸ ਦਰਜ਼ ਕੀਤਾ ਹੈ। ਪੰਜ ਮਹੀਨੇ ਪਹਿਲਾਂ ਮ੍ਰਿਤਕ ਦੇ ਪੁੱਤ ਨੇ ਘਰ ‘ਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਦੋਵੇਂ ਪਿਉ ਪੁੱਤ ਬਾਘਾਪੁਰਾਣਾ ਦੀ ਮੁੱਦਕੀ ਰੋਡ ‘ਤੇ ਬਾਬਾ ਫ਼ਰੀਦ ਜਿਊਲਰਜ਼ ਨਾਮ ਹੇਠ ਸਰਾਫ਼ ਦਾ ਕੰਮ ਕਰਦੇ ਸਨ।
ਡੀਐੱਸਪੀ ਬਾਘਾਪੁਰਾਣਾ ਜਸਜੋਤ ਸਿੰਘ ਤੇ ਥਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਸਰਾਫ਼ ਗੁਰਪਾਲ ਸਿੰਘ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਮ੍ਰਿਤਕ ਗੁਰਪਾਲ ਸਿੰਘ ਦੇ ਪੋਤਰੇ ਜਸਪ੍ਰੀਤ ਸਿੰਘ ਉਰਫ ਜੱਸੀ ਦੇ ਬਿਆਨ ਉੱਤੇ ਜਸਵਿੰਦਰ ਸਿੰਘ ਉਰਫ ਕਾਕਾ, ਗਗਨਦੀਪ ਸਿੰਘ ਉਰਫ ਗੱਗੀ, ਵਿਕਾਸ ਤੇ ਹਰੀ ਓਮ ਦੇਵੇਂ ਭਰਾ ਤੇ ਉਨ੍ਹਾਂ ਦੇ ਪਿਤਾ ਪਵਨ ਕੁਮਾਰ, ਰਜਿੰਦਰ ਕੁਮਾਰ ਉਰਫ਼ ਭਾਂਡਾ, ਮਹਿਲਾ ਕੋਮਲ ਬਾਂਸਲ, ਰਿੰਕੂ ਸਪਰਾ ਅਤੇ ਉਸ ਦੀ ਪਤਨੀ ਅਨੀਤਕਾ ਅਰੋੜਾ, ਰਾਕੇਸ਼ ਕੁਮਾਰ ਉਰਫ ਰਿਸ਼ੂ ਅਤੇ ਸੁੱਚਾ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਮੁਤਾਬਕ ਗੁਰਪਾਲ ਸਿੰਘ ਦਾ ਪੁੱਤਰ ਗੱਜਣ ਸਿੰਘ ਨੇ ਵੀ ਕਮੇਟੀਆਂ ਦੇ ਕਾਰੋਬਾਰ ਵਿਚ ਘਾਟਾ ਪੈਣ ਕਰਕੇ 5 ਮਹੀਨੇ ਪਹਿਲਾਂ 18 ਜਨਵਰੀ ਨੂੰ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿਚ ਉਕਤ ਮੁਲਜ਼ਮਾਂ ਵਿਚ ਸ਼ਾਮਲ ਚਾਰ ਮੁਲਜ਼ਮਾਂ ਜਸਵਿੰਦਰ ਸਿੰਘ ਕਾਕਾ, ਰਾਜਿੰਦਰ ਸਿੰਘ ਉਰਫ਼ ਭਾਂਡਾ, ਰਾਜੇਸ਼ ਕੁਮਾਰ ਤੇ ਪਵਨ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ।
ਪੁਲੀਸ ਮੁਤਾਬਕ ਪੀੜਤ ਜਸਪ੍ਰੀਤ ਸਿੰਘ ਉਰਫ ਜੱਸੀ ਨੇ ਬਿਆਨ ਵਿੱਚ ਕਿਹਾ ਕਿ ਉਸ ਦੇ ਪਿਤਾ ਗੱਜਣ ਸਿੰਘ ਦਾ ਲੋਕਾ ਨਾਲ ਕਾਫੀ ਜ਼ਿਆਦਾ ਲੈਣ ਦੇਣ ਸੀ। ਮੁਲਜ਼ਮਾਂ ਵੱਲੋਂ ਪੈਸਿਆਂ ਲੈਣ ਲਈ ਤੰਗ ਕਰਨ ਕਰਕੇ ਉਸ ਦੇ ਪਿਤਾ ਗੱਜਣ ਸਿੰਘ ਨੇ 18 ਜਨਵਰੀ ਨੂੰ ਖੁਦਕੁਸ਼ੀ ਕਰ ਲਈ ਸੀ। ਇਸ ਬਾਅਦ ਉਸ ਦਾ ਦਾਦਾ ਗੁਰਪਾਲ ਸਿੰਘ ਦੁਕਾਨ ‘ਤੇ ਸੋਨੇ ਦੇ ਗਹਿਣੇ ਬਣਾਉਣ ਦਾ ਕੰਮ ਕਰਨ ਲੱਗ ਪਿਆ ਅਤੇ ਮੁਲਜ਼ਮ ਪੈਸੇ ਲੈਣ ਲਈ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸ ਤੋਂ ਤੰਗ ਆ ਕੇ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ।