ਸੁਰਿੰਦਰ ਸਿੰਘ ਚੌਹਾਨ
ਦੇਵੀਗੜ੍ਹ, 25 ਜੂਨ
ਸੂਬੇ ਦੇ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਮਿਆਰ ਕੌਮਾਂਤਰੀ ਪੱਧਰ ਦਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਮੰਡੌਰ ਦੇ ਸਕੂਲ ਦੀ ਚੋਣ ਸਕੂਲ ਆਫ਼ ਐਮੀਨੈਂਸ ਵਜੋਂ ਹੋਈ ਹੈ, ਜਿਸ ਦਾ ਅੱਜ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਕੂਲ ਆਫ਼ ਐਮੀਨੈਂਸ ਵਿੱਚ ਵਿਦਿਆਰਥੀਆਂ ਦੇ ਰੁਝਾਨ ਮੁਤਾਬਕ ਉਨ੍ਹਾਂ ਨੂੰ ਸਿੱਖਿਆ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੇ ਪਸੰਦ ਦੇ ਖੇਤਰ ‘ਚ ਆਪਣਾ ਕਰੀਅਰ ਬਣਾ ਸਕਣ। ਉਨ੍ਹਾਂ ਕਿਹਾ ਕਿ ਸੂਬੇ ਦੇ ਸਕੂਲੀ ਵਿਦਿਆਰਥੀਆਂ ਨੂੰ ਕਾਰੋਬਾਰੀ ਉਦਮੀ ਬਣਾਉਣ ਵਿੱਚ ਸਕੂਲ ਆਫ਼ ਐਮੀਨੈਂਸ ਅਹਿਮ ਰੋਲ ਨਿਭਾਉਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਨੌਕਰੀ ਲੈਣ ਨੂੰ ਟੀਚਾ ਬਣਾਇਆ ਗਿਆ ਹੈ ਪਰ ਇਸ ਨਵੀਂ ਪਹਿਲਕਦਮੀ ਨਾਲ ਇਥੋਂ ਨਿਕਲੇ ਵਿਦਿਆਰਥੀ ਆਪਣਾ ਕਾਰੋਬਾਰ ਸ਼ੁਰੂ ਕਰ ਕੇ ਨੌਕਰੀ ਦੇਣ ਦੇ ਕਾਬਲ ਬਣਨਗੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਸਪਾਲ ਸਿੰਘ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਸ ਮੰਡੌਰ ਵਿੱਚ ਮੈਡੀਕਲ, ਨਾਨ-ਮੈਡੀਕਲ, ਕਾਮਰਸ, ਆਰਟਸ, ਵੋਕੇਸ਼ਨਲ ਸਣੇ ਆਧੁਨਿਕ ਲੈਬਜ਼ ਬਣਾਈਆਂ ਜਾਣੀਆਂ ਹਨ। ਇਸ ਦੇ ਨਾਲ ਹੀ ਖਿਡਾਰੀਆਂ ਲਈ 400 ਮੀਟਰ ਦੇ ਟਰੈਕ, ਸਵੀਮਿੰਗ ਪੂਲ, ਇੰਡੋਰ ਸਪੋਰਟਸ ਕੰਪਲੈਕਸ ਵੀ ਬਣਾਇਆ ਜਾਵੇਗਾ।