ਪੱਤਰ ਪ੍ਰੇਰਕ
ਅਬੋਹਰ, 10 ਜੂਨ
ਇੱਥੋਂ ਦੇ ਠਾਕਰ ਆਬਾਦੀ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਨੇ ਬੀਤੀ ਰਾਤ ਆਪਣੇ ਦੋਸਤ ਦੇ ਸਾਹਮਣੇ ਮਲੂਕਪੁਰਾ ਮਾਈਨਰ ਵਿੱਚ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਉਸ ਦੇ ਦੋਸਤ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਨੂੰ ਸੂਚਨਾ ਦਿੱਤੀ। ਅੱਜ ਸਵੇਰੇ ਉਸ ਦੀ ਲਾਸ਼ ਪਿੰਡ ਦਲਮੀਰਖੇੜਾ ਨੇੜਿਓਂ ਮਿਲੀ। ਮ੍ਰਿਤਕ ਦੇਹ ਨੂੰ ਥਾਣਾ ਸਿਟੀ-2 ਦੀ ਪੁਲੀਸ ਵੱਲੋਂ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਪ੍ਰਦੀਪ ਕੁਮਾਰ ਪੁੱਤਰ ਸਾਵਨ ਕਾਇਤ ਡਾਕਟਰ ਕਾਲੜਾ ਦੇ ਕਲੀਨਿਕ ‘ਤੇ ਕੰਮ ਕਰਦਾ ਸੀ ਤੇ ਅਣਵਿਆਹਿਆ ਸੀ। ਬੀਤੀ ਰਾਤ ਕਰੀਬ 11.30 ਵਜੇ ਉਸ ਨੇ ਆਪਣੇ ਦੋਸਤ ਕੁਸ਼ਲ ਨੂੰ ਫੋਨ ਕਰ ਕੇ ਕਿਹਾ ਕਿ ਉਹ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਜਾ ਰਿਹਾ ਹੈ। ਉਸ ਦੇ ਦੋਸਤ ਨੇ ਉਸ ਨੂੰ ਅਜਿਹਾ ਕਦਮ ਨਾ ਚੁੱਕਣ ਦੀ ਗੱਲ ਕਹੀ ਅਤੇ ਮੌਕੇ ‘ਤੇ ਹਨੂੰਮਾਨਗੜ੍ਹ ਰੋਡ ‘ਤੇ ਸਥਿਤ ਮਲੂਕਪੁਰਾ ਮਾਈਨਰ ‘ਤੇ ਪਹੁੰਚ ਗਿਆ। ਕੁਸ਼ਲ ਜਦੋਂ ਉੱਥੇ ਪਹੁੰਚਿਆ ਤਾਂ ਸਾਵਨ ਨੇ ਉਸ ਦੇ ਸਾਹਮਣੇ ਨਹਿਰ ਵਿੱਚ ਪੁਲ ਤੋਂ ਛਾਲ ਮਾਰ ਦਿੱਤੀ। ਉਸ ਦੇ ਦੋਸਤ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਉਸ ਨੂੰ ਨਹੀਂ ਬਚਾ ਸਕਿਆ।
ਇਸ ਤੋਂ ਬਾਅਦ ਕੁਸ਼ਲ ਨੇ ਆਪਣੇ ਦੋਸਤ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪਰਿਵਾਰਕ ਮੈਂਬਰਾਂ ਅਤੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਸੇਵਾਦਾਰਾਂ ਨੇ ਸਾਰੀ ਰਾਤ ਸਾਵਨ ਦੀ ਨਹਿਰ ‘ਚ ਭਾਲ ਕੀਤੀ। ਅੱਜ ਸਵੇਰੇ ਸੰਸਥਾ ਦੇ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਪਿੰਡ ਦਲਮੀਰਖੇੜਾ ਨੇੜੇ ਨਹਿਰ ਵਿੱਚ ਇੱਕ ਲਾਸ਼ ਪਈ ਹੈ। ਸੇਵਾਦਾਰਾਂ ਨੇ ਮੌਕੇ ‘ਤੇ ਲਾਸ਼ ਨੂੰ ਨਹਿਰ ‘ਚੋਂ ਬਾਹਰ ਕੱਢਿਆ।