ਗਗਨਦੀਪ ਅਰੋੜਾ
ਲੁਧਿਆਣਾ, 7 ਜੂਨ
ਲਾਡੋਵਾਲ ਦੇ ਪਿੰਡ ਨੂਰਪੁਰ ਬੇਟ ਇਲਾਕੇ ‘ਚ ਰਹਿਣ ਵਾਲੇ ਸੇਵਾਮੁਕਤ ਏਐਸਆਈ ਕੁਲਦੀਪ ਸਿੰਘ, ਉਨ੍ਹਾਂ ਦੀ ਪਤਨੀ ਪਰਮਿੰਦਰ ਕੌਰ ਤੇ ਲੜਕੇ ਗੁਰਿੰਦਰ ਸਿੰਘ ਦਾ ਕਤਲ ਕਰਨ ਵਾਲਾ ਆਖਰਕਾਰ ਲੁਧਿਆਣਾ ਪੁਲੀਸ ਦੇ ਹੱਥ ਆ ਗਿਆ ਹੈ। ਜਲੰਧਰ ਦਿਹਾਤੀ ਪੁਲੀਸ ਵੱਲੋਂ ਕੁਝ ਦਿਨ ਪਹਿਲਾਂ ਚੋਰੀ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤੇ ਅਤੇ ਕਪੂਰਥਲਾ ਜੇਲ੍ਹ ਭੇਜੇ ਗਏ ਮੁਲਜ਼ਮ ਪ੍ਰੇਮ ਚੰਦ ਉਰਫ਼ ਮਿਥੁਨ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਹੈ। ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਨੇ ਸੇਵਾਮੁਕਤ ਏਐਸਆਈ ਤੇ ਉਸ ਦੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਚੋਰੀ ਕੀਤੇ ਗਏ ਗੁਰਿੰਦਰ ਦੇ ਪਿਸਤੌਲ ਨਾਲ ਹੀ ਪਿੰਡ ਤਲਵੰਡੀ ‘ਚ ਗੋਲੀ ਚਲਾਈ ਸੀ। ਇਸ ਗੋਲੀਕਾਂਡ ‘ਚ ਕੁੱਤਾ ਜ਼ਖਮੀ ਹੋ ਗਿਆ ਸੀ। ਮੁਲਜ਼ਮ ਉਸ ਘਰ ‘ਚ ਨਸ਼ਾ ਖਰੀਦਣ ਗਿਆ ਸੀ। ਪਿੰਡ ਤਲਵੰਡੀ ‘ਚ ਹੀ ਲੁਧਿਆਣਾ ਪੁਲੀਸ ਨੂੰ ਚੋਰੀ ਹੋਏ ਬੈਗ ‘ਚੋਂ ਮਿਲੀ ਰੇਲਵੇ ਦੀ ਟਿਕਟ ਤੋਂ ਲੀਡ ਮਿਲੀ ਤੇ ਟਿਕਟ ਖਰੀਦਣ ਵਾਲੇ ਕੋਲ ਪੁੱਜ ਕੇ ਪੁਲੀਸ ਨੇ ਮੁਲਜ਼ਮ ਬਾਰੇ ਪਤਾ ਕੀਤਾ। ਉਸ ਤੋਂ ਪਹਿਲਾਂ ਮੁਲਜ਼ਮ ਨੂੰ ਜਲੰਧਰ ਦਿਹਾਤੀ ਪੁਲੀਸ ਕਾਬੂ ਕਰ ਚੁੱਕੀ ਸੀ। ਪੁਲੀਸ ਨੇ ਮੁਲਜ਼ਮ ਨੂੰ ਵੀਰਵਾਰ ਅਦਾਲਤ ‘ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰੇਗੀ। ਮੁਲਜ਼ਮ ਤੋਂ ਫਿਲਹਾਲ ਪੁਲੀਸ ਦੀਆਂ ਵੱਖ-ਵੱਖ ਟੀਮਾਂ ਪੁੱਛ-ਗਿੱਛ ਕਰ ਰਹੀਆਂ ਹਨ।
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਮੁਲਜ਼ਮ ਨਸ਼ਾ ਕਰਨ ਦਾ ਆਦੀ ਹੈ ਨਸ਼ੇ ਦੀ ਹਾਲਤ ‘ਚ ਮੁਲਜ਼ਮ ਨੂੰ ਕੋਈ ਸੁਰਤ ਨਹੀਂ ਰਹਿੰਦੀ ਕਿ ਉਹ ਕੀ ਕਰ ਰਿਹਾ ਹੈ। ਮੁਲਜ਼ਮ ਪਹਿਲਾਂ ਦੀਨਾਨਨਗਰ ‘ਚ ਔਰਤ ਦਾ ਕਤਲ ਕਰਕੇ ਫ਼ਰਾਰ ਹੋਇਆ ਤੇ ਬਾਅਦ ‘ਚ 2 ਔਰਤਾਂ ‘ਤੇ ਕਾਤਲਾਨਾ ਹਮਲਾ ਕੀਤਾ। ਫਿਰ ਮੁਲਜ਼ਮ ਸੇਵਾਮੁਕਤ ਏਐਸਆਈ ਕੁਲਦੀਪ ਸਿੰਘ ਦੇ ਘਰ ਵੜਿਆ। ਪਹਿਲਾਂ ਰਾਡ ਮਾਰ ਕੇ ਕੁਲਦੀਪ ਸਿੰਘ ਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਕੁਲਦੀਪ ਦੀ ਪਤਨੀ ਤੇ ਲੜਕੇ ਨੂੰ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨੇ ਉਸ ਤੋਂ ਬਾਅਦ ਲੁੱਟ ਕੀਤੀ ‘ਤੇ ਫ਼ਰਾਰ ਹੋ ਗਿਆ। ਘਰ ਤੋਂ ਉਹ ਕੁਲਦੀਪ ਸਿੰਘ ਦੇ ਲੜਕੇ ਦੀ ਰਿਵਾਲਵਰ ਵੀ ਚੋਰੀ ਕਰਕੇ ਲੈ ਗਿਆ ਤੇ ਨਾਲ ਹੀ ਗਹਿਣੇ ਤੇ 10 ਹਜ਼ਾਰ ਕੈਸ਼ ਲੁੱਟ ਲੈ ਗਿਆ।
ਪਿੰਡ ਤਲਵੰਡੀ ਤੋਂ ਮਿਲੇ ਬੈਗ ‘ਚੋਂ ਪੁਲੀਸ ਨੂੰ ਮਿਲਿਆ ਸੁਰਾਗ
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਤਲਵੰਡੀ ‘ਚ ਜਿੱਥੇ ਮੁਲਜ਼ਮ ਨੇ ਕੁੱਤੇ ਨੂੰ ਗੋਲੀ ਮਾਰੀ ਸੀ, ਉਥੋਂ ਇੱਕ ਬੈਗ ਮਿਲਿਆ। ਬੈਗ ‘ਚ ਇੱਕ ਬੱਸ ਦੀ ਅਤੇ 2 ਰੇਲ ਗੱਡੀ ਦੀਆਂ ਟਿਕਟਾਂ ਸਨ। ਰੇਲ ਦੀ ਟਿਕਟ ਤੋਂ ਪਤਾ ਲੱਗਿਆ ਕਿ ਇਹ ਟਿਕਟ ਬਿਹਾਰ ਦੇ ਨਾਲੰਦਾ ਸ਼ਹਿਰ ‘ਚ ਰਹਿਣ ਵਾਲੇ ਪਰਵਾਸੀ ਮਜ਼ਦੂਰ ਦੀ ਹੈ। ਜੋ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਨਾਲੰਦਾ ਲਈ ਗਿਆ ਹੈ। ਬਿਹਾਰ ਪੁਲੀਸ ਦੇ ਉਚ ਅਧਿਕਾਰੀਆਂ ਨਾਲ ਸੰਪਰਕ ਕਰਨ ‘ਤੇ ਪਤਾ ਲੱਗਿਆ ਕਿ ਬੈਗ ਕਿਸ ਵਿਅਕਤੀ ਦਾ ਹੈ। ਪੁਲੀਸ ਨੇ ਉਸ ਵਿਅਕਤੀ ਨੂੰ ਹਿਰਾਸਤ ‘ਚ ਲਿਆ, ਜਿਸ ਦਾ ਬੈਗ ਸੀ। ਪੁਲੀਸ ਪੁੱਛਗਿਛ ‘ਚ ਪਤਾ ਲੱਗਿਆ ਕਿ ਉਸ ਦਾ ਬੈਗ ਚੋਰੀ ਹੋਇਆ ਸੀ। ਉਕਤ ਵਿਅਕਤੀ ਨੇ ਪੁਲੀਸ ਨੇ ਮੁਲਜ਼ਮ ਦੇ ਹੁਲੀਏ ਬਾਰੇ ਦੱਸਿਆ ਕਿ ਮਿਥੁਨ ਨੇ ਉਸ ਦਾ ਬੈਗ ਚੋਰੀ ਕੀਤਾ ਹੈ। ਪੁਲੀਸ ਨੇ ਸੀਸੀਟੀਵੀ ਕੈਮਰੇ ਰਾਹੀਂ ਮੁਲਜ਼ਮ ਮਿਥੁਨ ਦੀ ਫੋਟੋ ਦਿਕਾਈ ਤਾਂ ਉਕਤ ਵਿਅਕਤੀ ਦੀ ਪਛਾਣ ਹੋਈ ਜਿਸ ਤੋਂ ਬਾਅਦ ਪੁਲੀਸ ਨੇ ਹਿਰਾਸਤ ‘ਚ ਲਏ ਵਿਅਕਤੀ ਨੂੰ ਛੱਡ ਦਿੱਤਾ ਤੇ ਪੁਲੀਸ ਟੀਮ ਵਾਪਸ ਪੰਜਾਬ ਆ ਗਈ।