ਸਵਰਾਜਬੀਰ
ਸਵਾਲ ਹੈ: ਕੀ ਮਮਤਾ ਤੇ ਤ੍ਰਿਣਮੂਲ ਕਾਂਗਰਸ ਦੀ ਇਹ ਜਿੱਤ ਭਾਜਪਾ ਦੇ ਸੋਚਣ ਦੇ ਤਰੀਕੇ ਵਿਚ ਕੋਈ ਸੰਜਮ, ਨਰਮੀ ਜਾਂ ਸੰਤੁਲਨ ਪੈਦਾ ਕਰੇਗੀ? ਕੀ ਇਸ ਹਾਰ ਕਾਰਨ ਕੇਂਦਰ ਸਰਕਾਰ ਕਿਰਤੀਆਂ, ਕਿਸਾਨਾਂ, ਸਨਅਤੀ ਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੀਆਂ ਮੰਗਾਂ ਵੱਲ ਧਿਆਨ ਦੇਵੇਗੀ?
ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਦੀ ਜਿੱਤ ਨਾਲ ਦੇਸ਼ ਦੀਆਂ ਭਾਰਤੀ ਜਨਤਾ ਪਾਰਟੀ ਵਿਰੋਧੀ ਧਿਰਾਂ ਵਿਚ ਖ਼ੁਸ਼ੀ ਤੇ ਹੁਲਾਸ ਦੀ ਲਹਿਰ ਦੌੜ ਗਈ ਹੈ। ਤ੍ਰਿਣਮੂਲ ਕਾਂਗਰਸ ਅਤੇ ਮਮਤਾ ਬੈਨਰਜੀ ਦੀ ਕਾਮਯਾਬੀ ਇਸ ਗੱਲ ਵਿਚ ਹੈ ਕਿ ਪਾਰਟੀ ਅਤੇ ਇਸ ਦੇ ਆਗੂ ਨੇ ਭਾਜਪਾ ਦੀ ਵੱਡੀ ਤਾਕਤ ਵਾਲੀ ਚੋਣ-ਮਸ਼ੀਨਰੀ ਨਾਲ ਲੜਦਿਆਂ ਕਿਸੇ ਵੀ ਮੌਕੇ ਅਜਿਹੀ ਭਾਵਨਾ ਨਹੀਂ ਦਿਖਾਈ ਜਿਸ ਤੋਂ ਇਹ ਪ੍ਰਤੀਤ ਹੋਵੇ ਕਿ ਉਹ ਭਾਜਪਾ ਦੁਆਰਾ ਕੀਤੇ ਜਾ ਰਹੇ ਤਾਕਤ ਦੇ ਮੁਜ਼ਾਹਰੇ ਸਾਹਮਣੇ ਹਥਿਆਰ ਸੁੱਟ ਰਹੇ ਹਨ। ਮਮਤਾ ਬੈਨਰਜੀ ਨੇ ਪੈਰ ਪੈਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਦੇ ਤਿੱਖੇ ਅਤੇ ਭੜਕਾਊ ਪ੍ਰਚਾਰ ਦਾ ਸਾਹਮਣਾ ਕੀਤਾ; ਉਹ ਖਹਿ ਕੇ ਲੜੀ। ਭਾਜਪਾ ਦੀ ਇਸ ਤਿੱਕੜੀ ਅਤੇ ਹੋਰ ਆਗੂਆਂ ਦੇ ਪ੍ਰਚਾਰ ਵਿਚ ਸ਼ਬਦਾਂ ਦੀ ਹਿੰਸਾ ਸਿਖ਼ਰਾਂ ’ਤੇ ਸੀ। ਮਮਤਾ ਬੈਨਰਜੀ ਦੇ ਹਮਾਇਤੀ ਪ੍ਰਧਾਨ ਮੰਤਰੀ ਦੇ ਉਸ ਭਾਸ਼ਨ ਨੂੰ ਕਦੇ ਵੀ ਨਹੀਂ ਭੁੱਲ ਸਕਦੇ ਜਿਸ ਵਿਚ ਉਸ ਨੇ ਤਨਜ਼, ਵਿਰੋਧੀ ਦੀ ਖਿੱਲੀ ਉਡਾਉਣ ਤੇ ਉਸ ਨੂੰ ਨੀਵਾਂ ਅਤੇ ਹਾਸੋਹੀਣਾ ਦਿਖਾਉਣ ਵਾਲੇ ਲਹਿਜੇ ਵਿਚ ਮਮਤਾ ਨੂੰ ‘ਦੀਦੀ ਓ ਦੀਦੀ’ ਕਹਿ ਕੇ ਸੰਬੋਧਿਤ ਕੀਤਾ। ਇਸ ਜਿੱਤ ਨਾਲ ਮਮਤਾ ਬੈਨਰਜੀ ਦਾ ਖਾੜਕੂ ਆਗੂ ਵਾਲਾ ਬਿੰਬ ਹੋਰ ਮਜ਼ਬੂਤ ਹੋਇਆ ਹੈ ਅਤੇ ਉਹ ਤਾਕਤ, ਧਨ, ਧੱਕੇਸ਼ਾਹੀ, ਫ਼ਿਰਕਾਪ੍ਰਸਤੀ ਅਤੇ ਹੋਰ ਵੰਡ-ਪਾਊ ਸ਼ਕਤੀਆਂ ਵਿਰੁੱਧ ਜੁਝਾਰੂ ਢੰਗ ਨਾਲ ਆਢਾ ਲਾਉਣ ਦਾ ਪ੍ਰਤੀਕ ਬਣ ਕੇ ਉੱਭਰੀ ਹੈ।
ਭਾਜਪਾ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਨੂੰ ਇੱਜ਼ਤ ਦਾ ਸਵਾਲ ਬਣਾ ਲਿਆ ਸੀ। ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ, ਭਾਜਪਾ ਦੇ ਮੁਖੀ, ਹੋਰਨਾਂ ਪ੍ਰਾਂਤਾਂ ਦੇ ਮੁੱਖ ਮੰਤਰੀਆਂ, ਸੰਸਦ ਮੈਂਬਰਾਂ ਤੇ ਹੋਰ ਆਗੂਆਂ ਨੇ ਲਗਾਤਾਰ ਪੱਛਮੀ ਬੰਗਾਲ ਦੇ ਦੌਰੇ ਕਰਕੇ ਮਮਤਾ ਅਤੇ ਤ੍ਰਿਣਮੂਲ ਕਾਂਗਰਸ ’ਤੇ ਤਾਬੜਤੋੜ ਹਮਲੇ ਕੀਤੇ। ਤ੍ਰਿਣਮੂਲ ਕਾਂਗਰਸ ਦੇ ਕਈ ਆਗੂਆਂ ਨੂੰ ਅਹੁਦਿਆਂ ਤੇ ਹੋਰ ਲਾਲਚਾਂ ਨਾਲ ਪਾਰਟੀ ਤੋਂ ਤੋੜਿਆ ਗਿਆ ਜਿਹੜੇ ਭਾਜਪਾ ਦੀ ਝੋਲੀ ਵਿਚ ਜਾ ਪਏ। ਅਜਿਹੇ ਮੌਕਾਪ੍ਰਸਤ ਤੱਤਾਂ ਦਾ ਭਾਜਪਾ ਵਿਚ ਜਾਣਾ ਕੁਝ ਵਰ੍ਹੇ ਪਹਿਲਾਂ ਹੈਰਾਨੀਜਨਕ ਮੰਨਿਆ ਜਾ ਸਕਦਾ ਸੀ; ਅਜੋਕੇ ਮਾਹੌਲ ਵਿਚ ਇਹ ਵਰਤਾਰਾ ਆਮ ਹੋ ਗਿਆ ਹੈ ਪਰ ਇਕ ਵੇਲੇ ਲੋਕਾਂ ਵਿਚ ਇਹ ਪ੍ਰਭਾਵ ਜਾ ਰਿਹਾ ਸੀ ਕਿ ਤ੍ਰਿਣਮੂਲ ਕਾਂਗਰਸ ਚੋਣਾਂ ਤੋਂ ਪਹਿਲਾਂ ਹੀ ਖੱਖੜੀ ਖੱਖੜੀ ਹੋ ਜਾਵੇਗੀ। ਭਾਜਪਾ ਨੇ ਕੁਝ ਵਰ੍ਹੇ ਪਹਿਲਾਂ ਅਜਿਹੇ ਹਰਬੇ ਕਾਂਗਰਸ ਅਤੇ ਉੱਤਰ-ਪੂਰਬ ਦੀਆਂ ਖੇਤਰੀ ਪਾਰਟੀਆਂ ਵਿਰੁੱਧ ਵੀ ਵਰਤੇ ਸਨ ਅਤੇ ਕਾਂਗਰਸ ਦੇ ਜਾਣੇ-ਪਛਾਣੇ ਆਗੂ ਤੇ ਖੇਤਰੀ ਪਾਰਟੀਆਂ ਭਾਜਪਾ ਦੀ ਝੋਲੀ ਵਿਚ ਜਾ ਡਿੱਗੀਆਂ ਸਨ। ਮਮਤਾ ਆਪਣੇ ਸਾਥੀਆਂ ਦੇ ਅਜਿਹੇ ਵਿਹਾਰ ਤੋਂ ਡੂੰਘੀ ਤਰ੍ਹਾਂ ਪ੍ਰੇਸ਼ਾਨ ਹੋਈ ਪਰ ਉਸ ਨੇ ਦਿਲ ਛੱਡਣ ਦੀ ਬਜਾਏ, ਇਸ ਨੂੰ ਵੰਗਾਰ ਵਜੋਂ ਲਿਆ ਅਤੇ ਆਪਣੇ ਦੋ ਦਹਾਕਿਆਂ ਦੇ ਸਾਥੀ ਸੁਵੇਂਧੂ ਅਧਿਕਾਰੀ ਵਿਰੁੱਧ ਨੰਦੀਗਰਾਮ ਤੋਂ ਚੋਣ ਮੈਦਾਨ ਵਿਚ ਨਿੱਤਰੀ। ਸੁਵੇਂਧੂ ਤ੍ਰਿਣਮੂਲ ਸਰਕਾਰ ਵਿਚ ਮੰਤਰੀ ਅਤੇ ਨੰਦੀਗਰਾਮ ਦਾ ਐੱਮਐੱਲਏ ਰਿਹਾ ਹੈ। ਉਸ ਨੇ ਮਮਤਾ ਨੂੰ ਨੰਦੀਗਰਾਮ ਵਿਚ ਹਰਾ ਦਿੱਤਾ ਪਰ ਮਮਤਾ ਬੈਨਰਜੀ ਨੇ ਪੂਰੇ ਪੱਛਮੀ ਬੰਗਾਲ ਵਿਚ ਭਾਜਪਾ ਨੂੰ ਹਰਾਇਆ। ਉਸ ਨੇ ਆਪਣੀ ਸਾਰੀ ਪਾਰਟੀ ਦੇ ਪ੍ਰਚਾਰ ਦਾ ਬੋਝ ਆਪਣੇ ਮੋਢਿਆਂ ’ਤੇ ਚੁੱਕਿਆ ਹੋਇਆ ਸੀ। ਉਹ ਨੰਦੀਗਰਾਮ ਤੋਂ ਹਾਰੀ ਪਰ ਉੱਥੋਂ ਚੋਣ ਲੜਨ ਦਾ ਫ਼ੈਸਲਾ ਕਰ ਕੇ ਉਹ ਆਪਣੀ ਨੈਤਿਕ ਜਿੱਤ ਪਹਿਲਾਂ ਹੀ ਦਰਜ ਕਰਾ ਚੁੱਕੀ ਸੀ। ਨੰਦੀਗਰਾਮ ਤੋਂ ਚੋਣ ਲੜਨਾ ਭਾਵਾਤਮਕ ਫ਼ੈਸਲਾ ਸੀ ਪਰ ਮਮਤਾ, ਜਿਸ ਨੂੰ ਲੋਕ ਪਿਆਰ ਨਾਲ ਦੀਦੀ ਕਹਿੰਦੇ ਹਨ, ਦੇ ਸਾਰੇ ਫ਼ੈਸਲੇ ਆਵੇਗਪੂਰਨ ਹੁੰਦੇ ਹਨ। ਉਸ ਨੇ ਇਹ ਚੋਣਾਂ ਹੈਰਾਨ ਕਰ ਦੇਣ ਵਾਲੀ ਭਾਵਾਤਮਕ ਊਰਜਾ ਦੇ ਸਹਾਰੇ ਲੜੀਆਂ ਹਨ। ਭਾਵੁਕ ਹੋਣ ਕਾਰਨ ਹੀ ਮਮਤਾ ਲੋਕਾਂ ਦੇ ਦੁੱਖ-ਸੁੱਖ ਮਹਿਸੂਸ ਕਰਦੀ ਹੈ ਅਤੇ ਉਸ ਦੁੱਖ-ਸੁੱਖ ਨੂੰ ਭਾਵਨਾ ਵਿਚ ਭਿੱਜੇ ਸ਼ਬਦਾਂ ਨਾਲ ਬੋਲਦੀ ਆਪਣੇ ਤੇ ਲੋਕਾਂ ਦੇ ਗੁੱਸੇ ਤੇ ਰੋਹ ਨੂੰ ਜ਼ਬਾਨ ਦਿੰਦੀ ਹੈ। ਉਹ ਤਿੱਖੇ ਤੇਵਰ ਦਿਖਾਉਂਦੀ ਹੈ। ਉਸ ਦੇ ਭਾਸ਼ਨ ਇਸ ਲਈ ਰੋਹ ਨਾਲ ਭਰੇ ਹੁੰਦੇ ਹਨ ਕਿਉਂਕਿ ਉਸ ਨੂੰ ਯਕੀਨ ਹੈ ਕਿ ਉਹ ਆਪਣੇ ਲੋਕਾਂ ਦੇ ਹੱਕਾਂ ਲਈ ਲੜ ਰਹੀ ਹੈ।
ਮਮਤਾ ਸਿਆਸੀ ਜੀਵ ਹੈ, ਉਸ ਨੇ ਕਈ ਦਹਾਕੇ ਸ਼ਿੱਦਤ ਨਾਲ ਸਿਆਸਤ ਕੀਤੀ ਅਤੇ ਆਪਣੇ ਰਸਤੇ ਆਪ ਬਣਾਏ ਹਨ। ਉਸ ਦੀ ਕੁਰਬਾਨੀ ਤੇ ਹਠ ਬੇਮਿਸਾਲ ਹਨ। ਉਸ ਨੇ ਕੇਂਦਰ ਸਰਕਾਰ ਦੇ ਵਿਤਕਰੇ ਭਰਪੂਰ ਵਤੀਰੇ, ਭਾਜਪਾ ਦੇ ਆਗੂਆਂ ਦੇ ਵਿਅੰਗਾਂ, ਗਾਲੀ-ਗਲੋਚ ਅਤੇ ਸੋਸ਼ਲ ਮੀਡੀਆ ਦੇ ਨਫ਼ਰਤ ਭਰੇ ਪ੍ਰਚਾਰ ਦਾ ਜਿਸ ਬਹਾਦਰੀ, ਹਿੰਮਤ ਤੇ ਜੇਰੇ ਨਾਲ ਸਾਹਮਣਾ ਕੀਤਾ ਹੈ, ਉਸ ਕਾਰਨ ਭਾਜਪਾ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਉਸ ਨੂੰ ਦੇਸ਼ ਦੇ ਭਵਿੱਖ ਦੀ ਆਸ ਵਜੋਂ ਦੇਖ ਰਹੀਆਂ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਉਸ ਦੀ ਨੰਦੀਗਰਾਮ ਵਿਚ ਹਾਰ ਉਸ ਦੇ ਮਨ ਵਿਚ ਭਾਜਪਾ ਦੇ ਵਿਰੁੱਧ ਰੋਹ ਦੀ ਅਗਨੀ ਨੂੰ ਹਮੇਸ਼ਾਂ ਭਖਾਈ ਰੱਖੇਗੀ ਅਤੇ ਉਹ ਭਾਜਪਾ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਦੀ ਧੁਰੀ ਬਣੇਗੀ। ਬਾਕੀ ਸੂਬਿਆਂ ਵਾਂਗ ਪੱਛਮੀ ਬੰਗਾਲ ਵਿਚ ਵੀ ਭਾਜਪਾ ਨੇ ਦੇਸ਼ ਦੀ ਵੱਡੀ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਦੇਸ਼ ਦੀ ਵੱਡੀ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਦੇ ਵਿਰੁੱਧ ਉਕਸਾਇਆ ਅਤੇ ਵੋਟਾਂ ਦਾ ਧਰੁਵੀਕਰਨ ਕਰਨ ਵਿਚ ਕਾਮਯਾਬ ਹੋਈ।
ਕੁਝ ਸਿਆਸੀ ਮਾਹਿਰ ਇਸ ਮੁੱਦੇ ਬਾਰੇ ਬਹਿਸ ਕਰ ਰਹੇ ਹਨ ਕਿ ਭਾਜਪਾ ਦੀ ਹਾਰ ਨੇ ਪਾਰਟੀ ਦੇ ਪ੍ਰਮੁੱਖ ਆਗੂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਕਸ ਨੂੰ ਕੀ ਨੁਕਸਾਨ ਪਹੁੰਚਾਇਆ ਹੈ; ਇਨ੍ਹਾਂ ਮਾਹਿਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਇਨ੍ਹਾਂ ਚੋਣਾਂ ਵਿਚ ਭਾਜਪਾ ਦੇ ਸਾਰੇ ਹਰਬਿਆਂ ਨੂੰ ਵਰਤਣ ਦੇ ਨਾਲ ਨਾਲ ਆਪਣੀ ਨਿੱਜੀ ਪ੍ਰਭਾਵ-ਸ਼ਕਤੀ ਨੂੰ ਇਸ ਚੋਣ ਮੁਹਿੰਮ ਵਿਚ ਪੂਰੀ ਤਰ੍ਹਾਂ ਝੋਕ ਕੇ ਮੁਹਿੰਮ ਨੂੰ ਉਨ੍ਹਾਂ ਸਿਖ਼ਰਾਂ ’ਤੇ ਪਹੁੰਚਾ ਦਿੱਤਾ ਸੀ ਜਿੱਥੇ ਉਸ ਨੂੰ ਹਾਰ ਮਨਜ਼ੂਰ ਨਹੀਂ ਸੀ। ਇਹ ਸਮਾਂ ਹੀ ਦੱਸੇਗਾ ਇਸ ਹਾਰ ਤੋਂ, ਉਹ ਕੋਈ ਨਿਮਰਤਾ ਭਰਿਆ ਸਬਕ ਸਿੱਖਦਾ ਹੈ ਜਾਂ ਭਵਿੱਖ ਵਿਚ ਉਹ ਆਪਣੇ ਚੋਣ ਜਿੱਤਣ ਵਾਲੇ ਤਰੀਕਿਆਂ ਨੂੰ ਹੋਰ ਤਿੱਖੇ, ਵੰਡ-ਪਾਊ ਅਤੇ ਭੜਕਾਊ ਬਣਾਉਂਦਾ ਹੈ। ਉਸ ਦੀ ਮਨੋਵਿਗਿਆਨਕ ਸੰਰਚਨਾ ਦੱਸਦੀ ਹੈ ਕਿ ਉਹ ਦੂਸਰੇ ਵਿਕਲਪ ਨੂੰ ਤਰਜੀਹ ਦੇਵੇਗਾ।
ਇਸ ਸਮੇਂ ਮਮਤਾ ਬੈਨਰਜੀ ਭਾਜਪਾ ਦੇ ਅਭਿਮਾਨ ਤੇ ਘਮੰਡ ਭਰੇ ਪ੍ਰਚਾਰ ਅਤੇ ਕਦੀ ਨਾ ਹਾਰਨ ਵਾਲੇ ਅਕਸ ਨੂੰ ਵੱਡਾ ਨੁਕਸਾਨ ਪਹੁੰਚਾਉਣ ਵਿਚ ਸਫ਼ਲ ਹੋਈ ਹੈ। ਉਸ ਦੀ ਇਹ ਸਫ਼ਲਤਾ ਜਮਹੂਰੀ ਤਾਕਤਾਂ ਨੂੰ ਊਰਜਾ ਪ੍ਰਦਾਨ ਕਰੇਗੀ ਅਤੇ ਭਾਜਪਾ ਦੀਆਂ ਨੀਤੀਆਂ ਵਿਰੁੱਧ ਲੜ ਰਹੀਆਂ ਪਾਰਟੀਆਂ ਤੇ ਜਥੇਬੰਦੀਆਂ ਵਿਚ ਇਹ ਵਿਸ਼ਵਾਸ ਦ੍ਰਿੜ ਕਰੇਗੀ ਕਿ ਮੋਦੀ ਨੂੰ ਹਰਾਇਆ ਜਾ ਸਕਦਾ ਹੈ। ਪ੍ਰਮੁੱਖ ਸਵਾਲ ਇਹ ਹੈ ਕਿ ਕੀ ਉਹ ਦੇਸ਼ ਪੱਧਰ ’ਤੇ ਭਾਜਪਾ ਵਿਰੋਧੀ ਤਾਕਤਾਂ ਨੂੰ ਇਕੱਠਿਆਂ ਕਰਨ ਵਿਚ ਕਾਮਯਾਬ ਹੋ ਸਕਦੀ ਹੈ। ਇਸ ਦਾ ਜਵਾਬ ਅਸਾਨ ਨਹੀਂ ਹੈ। ਹੁਣ ਤਾਂ ਕਾਂਗਰਸ ਅਤੇ ਖੇਤਰੀ ਪਾਰਟੀਆਂ ਦੇ ਆਗੂ ਮਮਤਾ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਪਰ ਜਦ ਸਵਾਲ ਭਾਜਪਾ ਵਿਰੋਧੀ ਫਰੰਟ ਬਣਾਉਣ ਦਾ ਆਉਂਦਾ ਹੈ ਤਾਂ ਅਜਿਹੀਆਂ ਕੋਸ਼ਿਸ਼ਾਂ ਕਈ ਵਾਰ ਖੇਤਰੀ ਆਗੂਆਂ ਦੀ ਨਿੱਜੀ ਅਤੇ ਪਾਰਟੀ ਕੇਂਦਰਿਤ ਹਉਮੈ ਕਾਰਨ ਅਸਫ਼ਲ ਹੋ ਜਾਂਦੀਆਂ ਹਨ ਅਤੇ ਕਈ ਵਾਰ ਭਾਜਪਾ ਖੇਤਰੀ ਆਗੂਆਂ ਵਿਚੋਂ ਕਈਆਂ ਨੂੰ ਲਾਲਚ ਅਤੇ ਕਈਆਂ ਨੂੰ ਤਫ਼ਤੀਸ਼ ਏਜੰਸੀਆਂ ਦਾ ਹਊਆ ਦਿਖਾ ਕੇ ਆਪਣੇ ਵੱਲ ਕਰ ਲੈਂਦੀ ਹੈ। ਖਿੰਡਰੀ ਹੋਈ ਵਿਰੋਧੀ ਧਿਰ ਨੂੰ ਇਕੱਠਿਆਂ ਕਰਨਾ ਚੁਣੌਤੀ ਹੈ। ਜਿੱਥੇ ਮਮਤਾ ਦੀ ਇਹ ਜਿੱਤ ਅਜਿਹੇ ਯਤਨ ਵਿਚ ਉਸ ਨੂੰ ਮੋਹਰੀ ਭੂਮਿਕਾ ਦੇਵੇਗੀ, ਉੱਥੇ ਖੇਤਰੀ ਆਗੂਆਂ ਦੀ ਹਉਮੈ ਤੇ ਉਸ ਦੀ ਆਪਣੀ ਭਾਵਨਾਤਮਕ ਸ਼ਖ਼ਸੀਅਤ ਅਜਿਹੇ ਯਤਨ ਵਿਚ ਅੜਚਣਾਂ ਪੈਦਾ ਕਰ ਸਕਦੀਆਂ ਹਨ। ਭਾਜਪਾ ਵਿਰੋਧੀ ਮੁਹਾਜ਼ ਦੀ ਆਗੂ ਬਣਨ ਲਈ ਉਸ ਨੂੰ ਖਿੱਚੋਤਾਣ ਘਟਾਉਣ ਅਤੇ ਵੱਖ ਵੱਖ ਤਰ੍ਹਾਂ ਦੇ ਦਬਾਵਾਂ ਵਿਚ ਤਵਾਜ਼ਨ ਪੈਦਾ ਕਰਨ ਵਾਲੀ ਦੂਰਅੰਦੇਸ਼ ਸਿਆਸਤਦਾਨ (Statesman) ਵਜੋਂ ਉੱਭਰਨਾ ਪਵੇਗਾ।
ਦੇਸ਼ ਦੇ ਸਿਆਸੀ ਮਾਹਿਰ ਬਹੁਤ ਦੇਰ ਤੋਂ ਇਹ ਦਲੀਲ ਦੇ ਰਹੇ ਸਨ/ਹਨ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜੇ ਦੇਸ਼ ਦੀ ਸਿਆਸਤ ’ਤੇ ਵੱਡਾ ਪ੍ਰਭਾਵ ਪਾਉਣਗੇ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਭਾਜਪਾ ਪੱਛਮੀ ਬੰਗਾਲ ਵਿਚ ਜਿੱਤਦੀ ਹੈ ਤਾਂ ਉਹ ਇਕ ਅਜਿਹੀ ਸਿਆਸੀ ਤਾਕਤ ਬਣ ਜਾਵੇਗੀ ਜੋ ਵਿਰੋਧੀ ਪਾਰਟੀਆਂ ਅਤੇ ਆਪਣੇ ਨਾਲ ਅਸਹਿਮਤੀ ਰੱਖਣ ਵਾਲੀਆਂ ਧਿਰਾਂ ਤੇ ਜਥੇਬੰਦੀਆਂ ਨੂੰ ਮਿੱਟੀ ਵਿਚ ਮਿਲਾਉਣ ਲਈ ਕੋਈ ਵੀ ਹਰਬਾ ਵਰਤਣ ਤੋਂ ਗੁਰੇਜ਼ ਨਹੀਂ ਕਰੇਗੀ; ਉਹ ਉਨ੍ਹਾਂ ਸੂਬਿਆਂ, ਜਿਨ੍ਹਾਂ ਵਿਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਹਨ, ਦੀਆਂ ਮੰਗਾਂ ਅਤੇ ਦਲੀਲਾਂ ਨੂੰ ਸੁਣਨ ਤੋਂ ਇਨਕਾਰ ਕਰ ਦੇਵੇਗੀ ਅਤੇ ਲੋਕ-ਅੰਦੋਲਨਾਂ ਨੂੰ ਖ਼ਤਮ ਕਰਨ ਲਈ ਤਾਕਤ ਦੀ ਵਰਤੋਂ ਕਰੇਗੀ। ਸਵਾਲ ਇਹ ਹੈ ਕਿ ਕੀ ਮਮਤਾ ਤੇ ਤ੍ਰਿਣਮੂਲ ਕਾਂਗਰਸ ਦੀ ਇਹ ਜਿੱਤ ਭਾਜਪਾ ਦੇ ਸੋਚਣ ਦੇ ਤਰੀਕੇ ਵਿਚ ਕੋਈ ਸੰਜਮ, ਨਰਮੀ ਜਾਂ ਸੰਤੁਲਨ ਪੈਦਾ ਕਰੇਗੀ? ਕੀ ਇਸ ਹਾਰ ਕਾਰਨ ਕੇਂਦਰ ਸਰਕਾਰ ਕਿਰਤੀਆਂ, ਕਿਸਾਨਾਂ, ਸਨਅਤੀ ਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੀਆਂ ਮੰਗਾਂ ਵੱਲ ਧਿਆਨ ਦੇਵੇਗੀ? ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਮੁਸ਼ਕਿਲ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਾਰ ਭਾਜਪਾ ਨੂੰ ਸੋਚਣ ਲਈ ਮਜਬੂਰ ਤਾਂ ਕਰੇਗੀ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਭਾਜਪਾ ਆਪਣੀ ਸੋਚ ਤੇ ਆਪਣੇ ਕੰਮ-ਕਾਰ ਦੇ ਤਰੀਕਿਆਂ ਵਿਚ ਕੋਈ ਵੱਡੀ ਤਬਦੀਲੀ ਲਿਆਵੇਗੀ।
ਉਹ ਵੱਡੀ ਤਬਦੀਲੀ ਲਿਆਵੇ ਵੀ ਕਿਉਂ? ਮਮਤਾ ਦੀ ਸਫ਼ਲਤਾ ਤੋਂ ਇਹ ਨਤੀਜਾ ਕੱਢਣਾ ਗ਼ਲਤ ਹੋਵੇਗਾ ਕਿ ਨਰਿੰਦਰ ਮੋਦੀ ਤੇ ਭਾਜਪਾ ਬਿਲਕੁਲ ਅਸਫ਼ਲ ਹੋ ਗਏ ਹਨ। ਪਿਛਲੀ ਵਿਧਾਨ ਸਭਾ ਵਿਚ ਭਾਜਪਾ ਦੀਆਂ 3 ਸੀਟਾਂ ਸਨ, ਇਸ ਵਿਧਾਨ ਸਭਾ ਵਿਚ 77; ਪਿਛਲੀ ਵਿਧਾਨ ਸਭਾ ਤੋਂ 26 ਗੁਣਾ ਜ਼ਿਆਦਾ। ਭਾਜਪਾ ਚੋਣਾਂ ਜਿੱਤਣ ਵਿਚ ਨਾਕਾਮ ਹੋਈ ਪਰ ਉਸ ਨੇ ਬੰਗਾਲ ਦੀ ਧਰਤੀ ’ਤੇ ਆਪਣੀ ਵੰਡ-ਪਾਊ ਸੋਚ ਦੇ ਬੀਜ ਬੋਅ ਦਿੱਤੇ ਹਨ; ਉਸ ਨੇ ਲੋਕਾਂ ਦੇ ਮਨਾਂ ਵਿਚ ਸ਼ੱਕ, ਸੰਸਿਆਂ ਅਤੇ ਨਫ਼ਰਤ ਦਾ ਉਹ ਸੰਸਾਰ ਪੈਦਾ ਕਰ ਦਿੱਤਾ ਹੈ ਜੋ ਕਿਸੇ ਵੀ ਸਮਾਜ ਨੂੰ ਨਾਕਾਰਾਤਮਕ ਭਵਿੱਖ ਵੱਲ ਲਿਜਾਣ ਦੀਆਂ ਸੰਭਾਵਨਾਵਾਂ ਰੱਖਦਾ ਹੈ। ਹਾਰ ਦੇ ਸਮੇਂ ਵੀ ਭਾਜਪਾ ਨੂੰ 38 ਫ਼ੀਸਦੀ ਵੋਟਾਂ ਮਿਲੀਆਂ ਹਨ (ਤ੍ਰਿਣਮੂਲ ਕਾਂਗਰਸ ਨੂੰ 48 ਫ਼ੀਸਦੀ, ਕਾਂਗਰਸ ਨੂੰ 3 ਫ਼ੀਸਦੀ ਅਤੇ ਖੱਬੇ-ਪੱਖੀਆਂ ਨੂੰ 6 ਫ਼ੀਸਦੀ); ਉਸ ਦੇ ਪੈਰ ਪੱਛਮੀ ਬੰਗਾਲ ਦੀ ਧਰਤੀ ’ਤੇ ਜੰਮ ਚੁੱਕੇ ਹਨ। ਭਾਜਪਾ ਪੱਛਮੀ ਬੰਗਾਲ ਦੇ ਵੰਡੇ ਹੋਏ ਸਮਾਜ ਵਿਚ ਹੋਰ ਦਰਾੜਾਂ ਪਾਉਣ ਦੀ ਕਾਬਲੀਅਤ ਰੱਖਦੀ ਹੈ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਤ੍ਰਿਣਮੂਲ ਇਕ ਸ਼ਖ਼ਸੀਅਤ ਕੇਂਦਰਿਤ ਪਾਰਟੀ ਹੈ ਜਦੋਂਕਿ ਭਾਜਪਾ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਵਿਚ ਜਥੇਬੰਦਕ ਤਾਕਤ ਉਸਾਰਨ ਦੇ ਸਮਰੱਥ ਹੈ।
ਮਮਤਾ ਦਾ ਅਗਲਾ ਪੈਂਡਾ ਬਹੁਤ ਬਿਖੜਾ ਹੈ। ਜਿੱਥੇ ਇਕ ਪਾਸੇ ਕੋਵਿਡ-19 ਤਬਾਹੀ ਤੇ ਮਨੁੱਖੀ ਦੁੱਖ ਦੇ ਪਹਾੜ ਬਣਾ ਰਿਹਾ ਹੈ, ਉੱਥੇ ਕੇਂਦਰ ਵਿਚਲੀ ਸਰਕਾਰ ਦਾ ਰਵੱਈਆ ਉਸ ਵੱਲ ਸਦਭਾਵਨਾ ਅਤੇ ਸਹਿਯੋਗ ਵਾਲਾ ਨਹੀਂ ਹੋਵੇਗਾ। ਇਸ ਸਬੰਧ ਵਿਚ ਕੇਂਦਰ ਸਰਕਾਰ ਬਹੁਤ ਹੇਠਲੇ ਪੱਧਰ ਦੀ ਸਿਆਸਤ ਅਤੇ ਸੂਬਿਆਂ ਵਿਚ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਨਾਲ ਵਿਤਕਰੇ ਭਰਿਆ ਵਿਵਹਾਰ ਕਰਦੀ ਹੈ; ਮਮਤਾ ਨੂੰ ਇਸ ਵਿਸ਼ੈਲੀ ਸੋਚ ਤੇ ਪ੍ਰਸ਼ਾਸਨਿਕ ਵਿਵਹਾਰ ਦਾ ਸਾਹਮਣਾ ਕਰਨਾ ਪਵੇਗਾ। ਇਹ ਉਸ ਦੇ ਸਫ਼ਰ ਨੂੰ ਮੁਸ਼ਕਲ ਬਣਾਏਗਾ ਪਰ ਮਮਤਾ ਹਰ ਮੈਦਾਨ ਵਿਚ ਪੈਰ ਜਮਾ ਕੇ ਲੜਨ ਵਾਲੀ ਹੈ। ਉਸ ਦੀ ਜਿੱਤ ਨੇ ਲੋਕਾਂ ਦੇ ਮਨਾਂ ਵਿਚ ਵਿਚ ਖ਼ੁਸ਼ੀ ਦੀ ਲਹਿਰ ਤੇ ਨਿਰਾਸ਼ਾ ’ਚੋਂ ਉਭਰਨ ਦੀ ਆਸ ਪੈਦਾ ਕੀਤੀ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਉਹ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਦੀ ਹੈ ਪਰ ਇਸ ਸਮੇਂ ਲੋਕ ਉਸ ਦੀ ਦ੍ਰਿੜਤਾ ਤੇ ਊਰਜਾ ਨੂੰ ਸਲਾਮ ਕਰਦੇ ਹੋਏ ਉਸ ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਹਨ। ਸਿਆਸੀ ਮਾਹਿਰਾਂ ਅਨੁਸਾਰ ਉਸ ਨੇ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਸਿਆਸੀ ਤਾਕਤ ਨਾਲ ਮੱਥਾ ਲਾ ਕੇ ਉਸ ਦੀ ਹਉਮੈਂ ਨੂੰ ਚਕਨਾਚੂਰ ਕੀਤਾ ਹੈ। ਲੋਕ ਮਮਤਾ ਦੀ ਇਮਾਨਦਾਰੀ ਤੇ ਨਿਮਾਣਿਆਂ ਵਾਂਗ ਜ਼ਿੰਦਗੀ ਬਿਤਾਉਣ ਦੀ ਉਸ ਦੀ ਜੀਵਨ-ਜਾਚ ਨੂੰ ਜਾਣਦੇ ਤੇ ਉਸ ਨਾਲ ਪਿਆਰ ਕਰਦੇ ਹਨ; ਉਹ ਪੱਛਮੀ ਬੰਗਾਲ ਦੇ ਲੋਕਾਂ ਦੀ ਦੀਦੀ ਹੈ ਅਤੇ ਉਸ ਦਾ ਇਹ ਅਕਸ ਹੋਰ ਮਜ਼ਬੂਤ ਹੋਇਆ ਹੈ।