ਗੁਰਬਚਨ ਸਿੰਘ ਭੁੱਲਰ
ਮਹਾਰਾਜਾ ਰਣਜੀਤ ਸਿੰਘ 27 ਜੂਨ 1839 ਨੂੰ ਚਲਾਣਾ ਕਰ ਗਿਆ। ਅਸਲ ਵਿਚ ਤਾਂ ਉਹਦੇ ਕਾਇਮ ਕੀਤੇ ਰਾਜ ਦੀ ਬੁਨਿਆਦ ਉਸੇ ਦਿਨ ਉੱਖੜ ਗਈ। ਮਗਰੋਂ ਦਾ ਇਕ ਦਹਾਕਾ ਤਾਂ ਉਹਦਾ ਉੱਖੜਿਆ ਹੋਇਆ ਰਾਜ ‘ਆਪਣਿਆਂ’ ਵੱਲੋਂ ਇੱਟ-ਇੱਟ ਕਰ ਕੇ ਢਾਹੁਣ ਅਤੇ ਨਕਸ਼ੇ ਤੋਂ ਮੇਸਣ ਦੀ ਕਹਾਣੀ ਹੈ। ਰਣਜੀਤ ਸਿੰਘ ਤੋਂ ਮਗਰੋਂ ਹਾਲਾਤ ਅਜਿਹੇ ਬਣ ਗਏ ਕਿ ਸਵਾ ਚਾਰ ਸਾਲ ਦੇ ਥੋੜ੍ਹੇ ਜਿਹੇ ਸਮੇਂ ਵਿਚ ਉਹਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਤੋਂ ਬਿਨਾਂ ਉਹਦੀ ਔਲਾਦ ਦਾ ਸਫ਼ਾਇਆ ਹੋ ਗਿਆ।
22 ਸਤੰਬਰ 1843 ਨੂੰ ਪੰਜ ਸਾਲ ਦੀ ਉਮਰ ਵਿਚ ਦਲੀਪ ਸਿੰਘ ਨੂੰ ਗੱਦੀ ਉੱਤੇ ਬਿਠਾ ਦਿੱਤਾ ਗਿਆ। ਇਸ ਸਾਰੇ ਸਮੇਂ ਦੌਰਾਨ ਪੰਜਾਬ ਅੰਗਰੇਜ਼ਾਂ ਦੇ ਧਿਆਨ ਦਾ ਕੇਂਦਰ ਸੀ। ਪਹਿਲੀ ਸਿੱਖ-ਅੰਗਰੇਜ਼ ਜੰਗ ਵਿਚ ਸਿੱਖਾਂ ਦੀ ਹਾਰ ਮਗਰੋਂ 9 ਮਾਰਚ 1846 ਨੂੰ ਈਸਟ ਇੰਡੀਆ ਕੰਪਨੀ ਅਤੇ ਲਾਹੌਰ ਦਰਬਾਰ ਵਿਚਕਾਰ ਹੋਈ ਸੰਧੀ ਅਨੁਸਾਰ ਦਲੀਪ ਸਿੰਘ ‘ਮਹਾਰਾਜਾ’ ਤਾਂ ਬਣਿਆ ਰਿਹਾ ਪਰ ਰਾਜ-ਪ੍ਰਬੰਧ ਦੀ ਵਾਗਡੋਰ ਅੰਗਰੇਜ਼ ਰੈਜ਼ੀਡੈਂਟ ਦੇ ਹੱਥ ਚਲੀ ਗਈ। 1848 ਦੀ ਦੂਜੀ ਸਿੱਖ-ਅੰਗਰੇਜ਼ ਜੰਗ ਵਿਚ ਸਿੱਖਾਂ ਦੀ ਹਾਰ ਮਗਰੋਂ 29 ਮਾਰਚ 1849 ਨੂੰ ‘ਆਜ਼ਾਦ’ ਪੰਜਾਬ ਦਾ ਆਖ਼ਰੀ ਦਰਬਾਰ ਸਜਿਆ। ਉਸ ਵਿਚ ਦੋ ਅੰਗਰੇਜ਼ ਅਧਿਕਾਰੀਆਂ ਦੀ ਹਾਜ਼ਰੀ ਵਿਚ ਐਲਾਨ ਕੀਤਾ ਗਿਆ ਕਿ ਮਹਾਰਾਜਾ ਦਲੀਪ ਸਿੰਘ ਨੇ ਗੱਦੀ ਛੱਡ ਦਿੱਤੀ ਹੈ ਤੇ ਪੰਜਾਬ ਅੰਗਰੇਜ਼ ਰਾਜ ਦਾ ਅੰਗ ਬਣ ਗਿਆ ਹੈ।
ਹੁਣ ਅੰਗਰੇਜ਼ਾਂ ਦੀ ਪਹਿਲੀ ਚਿੰਤਾ ਰਣਜੀਤ ਸਿੰਘ ਦੇ ਰਾਜ ਵਿਚ ਕਾਇਮ ਹੋਈ ਪੰਜਾਬੀ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਦੀ ਧਾਰਮਿਕ ਸਦਭਾਵਨਾ ਤੇ ਭਾਈਚਾਰਕ ਏਕਤਾ ਸੀ ਜਿਸ ਤੋਂ ਉਹਨਾਂ ਨੂੰ ਆਪਣੇ ਰਾਜ ਲਈ ਵੱਡਾ ਖ਼ਤਰਾ ਦਿਸਦਾ ਸੀ। ਮੁਸਲਮਾਨ ਵੀ ਹੋਰਾਂ ਵਾਂਗ ਉੱਚੀਆਂ ਪਦਵੀਆਂ ਉੱਤੇ ਸਨ। ਨੇੜਲੇ ਅਤੀਤ ਵਿਚ ਸਿੱਖਾਂ ਨੂੰ ਮੁਸਲਮਾਨ ਹਾਕਮਾਂ ਦੇ ਅਕਹਿ-ਅਸਹਿ ਜ਼ੁਲਮਾਂ ਦੇ ਲੰਮੇ ਦੌਰ ਵਿਚੋਂ ਲੰਘਣਾ ਪਿਆ ਹੋਣ ਦੇ ਬਾਵਜੂਦ ਅਜਿਹਾ ਭਾਈਚਾਰਕ ਮਾਹੌਲ ਪੈਦਾ ਕਰਨਾ ਮਹਾਰਾਜਾ ਰਣਜੀਤ ਸਿੰਘ ਦੀ ਵੱਡੀ ਰਾਜਨੀਤਕ ਸਿਆਣਪ ਤੇ ਸਮਾਜਿਕ ਦੂਰਦਰਸ਼ਤਾ ਸੀ।
ਕੁਦਰਤੀ ਸੀ, ਅੰਗਰੇਜ਼ਾਂ ਨੇ ਪਹਿਲੀ ਚਾਲ ਇਹ ਚੱਲੀ ਕਿ ਪੰਜਾਬੀਆਂ ਦੀ, ਖਾਸ ਕਰ ਕੇ ਸਿੱਖਾਂ ਦੀ ਅਣਖ ਉੱਤੇ ਵਾਰ ਕਰ ਕੇ ਉਹਨਾਂ ਨੂੰ ਸੱਤਾ ਦੀ ਤਬਦੀਲੀ ਦਾ ਅਹਿਸਾਸ ਕਰਵਾਇਆ ਜਾਵੇ। ਉਹਨਾਂ ਨੂੰ ਇਹ ਪਤਾ ਲੱਗ ਜਾਵੇ ਕਿ ਉਹ ਹੁਣ ਆਜ਼ਾਦ ਸਿੱਖ ਰਾਜ ਵਿਚ ਨਹੀਂ ਰਹਿ ਰਹੇ, ਗੋਰਿਆਂ ਦੇ ਗ਼ੁਲਾਮ ਬਣ ਗਏ ਹਨ। ਇਸ ਦਾ ਇਕ ਕਾਰਗਰ ਤਰੀਕਾ ਰਹਿਤਲ ਤੇ ਧਾਰਮਿਕ ਰੀਤ ਦੇ ਨਾਂ ਉੱਤੇ ਮੁਸਲਮਾਨਾਂ ਨੂੰ ਗਊਆਂ ਦੇ ਬੁੱਚੜਖਾਨੇ ਖੋਲ੍ਹਣ ਦੀ ਇਜਾਜ਼ਤ ਦੇਣਾ ਸੀ। ਗਊ-ਬੱਧ ਰਣਜੀਤ ਸਿੰਘ ਦੇ ਰਾਜ ਵਿਚ ਕਾਨੂੰਨਨ ਮਨਾਹ ਸੀ ਪਰ ਪਹਿਲੇ ਕਦਮ ਵਜੋਂ ਹੀ ਬੁੱਚੜਖਾਨਿਆਂ ਦੀ ਆਗਿਆ ਦੇਣਾ ਉਹਨਾਂ ਦੀ ਚਾਲ ਨੂੰ ਉਜਾਗਰ ਕਰ ਕੇ ਹਿੰਦੂਆਂ-ਸਿੱਖਾਂ ਵਿਚ ਰੋਸ ਪੈਦਾ ਕਰ ਸਕਦਾ ਸੀ। ਉਹਨਾਂ ਨੇ ਚਲਾਕੀ ਤੋਂ ਕੰਮ ਲੈਂਦਿਆਂ ਕਾਫ਼ੀ ਪਹਿਲਾਂ ਮੁੱਢਲੇ ਕਦਮ ਵਜੋਂ ਸਿੱਖ ਧਰਮ ਲਈ ਸਤਿਕਾਰ ਦਾ ਪਖੰਡ ਕੀਤਾ। ਰੈਜ਼ੀਡੈਂਟ ਹੈਨਰੀ ਲਾਰੈਂਸ ਨੇ 24 ਮਾਰਚ 1847 ਨੂੰ, ਜਦੋਂ ਅਜੇ ਨਾਂ ਨੂੰ ਦਲੀਪ ਸਿੰਘ ਦਾ ਹੀ ਰਾਜ ਸੀ, ਇਹ ਐਲਾਨ ਕੀਤਾ ਕਿ ਗਵਰਨਰ ਜਨਰਲ ਸਾਹਿਬ ਦੇ ਹੁਕਮ ਅਨੁਸਾਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਸਾਰੇ ਵਿਚ ਕੋਈ ਵੀ ਜੁੱਤੇ ਪਾ ਕੇ ਦਾਖ਼ਲ ਨਹੀਂ ਹੋਵੇਗਾ, ਅੰਮ੍ਰਿਤਸਰ ਵਿਚ ਗਊ-ਬੱਧ ਨਹੀਂ ਹੋਵੇਗਾ ਤੇ ਸਿੱਖਾਂ ਦੇ ਮਾਮਲਿਆਂ ਵਿਚ ਕੋਈ ਦਖ਼ਲ ਨਹੀਂ ਦਿੱਤਾ ਜਾ ਸਕੇਗਾ।
ਪਰ ਜਿਵੇਂ ਭਵਿੱਖ ਨੇ ਦਿਖਾਇਆ, ਇਹ ਐਲਾਨ ਸਿੱਖ ਧਰਮ ਦਾ ਸਤਿਕਾਰ ਕਰਨ ਲਈ ਨਹੀਂ ਸੀ ਸਗੋਂ ਇਸ ਨੂੰ ਸਿੱਖ ਧਰਮ ਦਾ ਨਿਰਾਦਰ ਕਰਨ ਲਈ ਆਧਾਰ ਬਣਾਇਆ ਜਾਣਾ ਸੀ। 29 ਮਾਰਚ 1849 ਨੂੰ ਪੰਜਾਬ ਦੇ ਅੰਗਰੇਜ਼ ਰਾਜ ਦਾ ਹਿੱਸਾ ਬਣਨ ਤੋਂ ਕੁੱਲ 51 ਦਿਨ ਮਗਰੋਂ ਅੰਗਰੇਜ਼ ਨੇ ਗੋਲ-ਮੋਲ ਸ਼ਬਦ ਵਰਤ ਕੇ ਨਵਾਂ ਐਲਾਨ ਕੀਤਾ ਜਿਸ ਅਨੁਸਾਰ ਸਿੱਖ ਧਰਮ ਵਾਂਗ ਹਰ ਧਰਮ ਵਿਚ ਕਿਸੇ ਵੀ ਬਾਹਰਲੇ ਦਖ਼ਲ ਦੀ ਮਨਾਹੀ ਕਰ ਦਿੱਤੀ ਗਈ। ਐਲਾਨ ਵਿਚ ਕਿਹਾ ਗਿਆ, “ਕਿਸੇ ਨੂੰ ਵੀ ਆਪਣੇ ਗੁਆਂਢੀ ਦੀ ਰਹਿਤਲ ਵਿਚ ਤੇ ਉਹਨਾਂ ਰਸਮਾਂ-ਰੀਤਾਂ ਵਿਚ ਦਖ਼ਲ ਦੇਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਮੰਨਣਾ ਉਸ ਗੁਆਂਢੀ ਦਾ ਧਰਮ ਲਾਜ਼ਮੀ ਬਣਾਉਂਦਾ ਹੋਵੇ ਜਾਂ ਮੰਨਣ ਦੀ ਖੁੱਲ੍ਹ ਦਿੰਦਾ ਹੋਵੇ।” ਇਉਂ ਅਸਲ ਵਿਚ ਰਹਿਤਲ ਤੇ ਰਸਮ-ਰੀਤ ਦੇ ਨਾਂ ਨਾਲ ਮੁਸਲਮਾਨਾਂ ਨੂੰ ਗਊ-ਬੱਧ ਦੀ ਖੁੱਲ੍ਹ ਦੇ ਦਿੱਤੀ ਗਈ। ਅੰਗਰੇਜ਼ ਦੀ ਸ਼ਹਿ ਨਾਲ ਪੰਜਾਬ ਵਿਚ ਬੁੱਚੜਖਾਨੇ ਖੁੱਲ੍ਹਣ ਲੱਗੇ। ਇਕ ਬੁੱਚੜਖਾਨਾ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੇ ਨੇੜੇ ਖੋਲ੍ਹਿਆ ਗਿਆ। ਮਾਸ-ਹੱਡੀਆਂ ਲੈ ਕੇ ਇੱਲ੍ਹਾਂ-ਕਾਂ ਦਰਬਾਰ ਸਾਹਿਬ ਉੱਤੇ ਆ ਬੈਠਦੇ। ਉੱਡੇ ਜਾਂਦੇ ਜਾਨਵਰਾਂ ਦੇ ਪੰਜਿਆਂ-ਚੁੰਝਾਂ ਵਿਚੋਂ ਮਾਸ-ਹੱਡੀਆਂ ਦਾ ਪਰਕਰਮਾ ਤੇ ਸਰੋਵਰ ਵਿਚ ਡਿੱਗਣਾ ਆਮ ਗੱਲ ਹੋ ਗਿਆ। ਆਖ਼ਰ ਨਾਮਧਾਰੀ ਸਿੱਖਾਂ ਨੇ 14-15 ਜੂਨ 1871 ਦੀ ਰਾਤ ਨੂੰ ਹੱਲਾ ਬੋਲ ਕੇ ਬੁੱਚੜ ਮਾਰ ਦਿੱਤੇ।
ਇਸੇ ਤਰ੍ਹਾਂ ਰਾਏਕੋਟ ਵਿਚ ਗੁਰਦੁਆਰਾ ਟਾਹਲੀਆਣਾ ਸਾਹਿਬ ਜੋ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਉਥੇ ਠਹਿਰਨ ਦੀ ਯਾਦ ਵਿਚ ਬਣਿਆ ਹੋਇਆ ਸੀ, ਨੇੜੇ ਰਾਂਝਾ ਤੇ ਬੂਟਾ ਨਾਂ ਦੇ ਕਸਾਈਆਂ ਨੇ ਬੁੱਚੜਖਾਨਾ ਖੋਲ੍ਹਿਆ ਹੋਇਆ ਸੀ। ਨੇੜੇ ਹੀ ਸੁਥਰਿਆਂ ਦੀ ਧਰਮਸ਼ਾਲਾ ਵੀ ਸੀ। ਇਥੇ ਵੀ ਗੁਰਦੁਆਰੇ ਤੇ ਧਰਮਸ਼ਾਲਾ ਦਾ ਇੱਲ੍ਹਾਂ-ਕਾਵਾਂ ਨੇ ਉਹੋ ਹਾਲ ਕਰ ਛੱਡਿਆ ਸੀ। ਬੁੱਚੜ ਆਪ ਵੀ ਵਾਧੂ ਮਾਸ-ਹੱਡ ਜਿਥੇ ਜੀਅ ਕਰਦਾ, ਸੁੱਟ ਦਿੰਦੇ।
ਭੈਣੀ ਸਾਹਿਬ ਨੂੰ ਜਾਂਦੇ ਹੋਏ ਮੇਰੇ ਪਿੰਡ ਪਿੱਥੋ ਦੇ ਤਿੰਨ ਨਾਮਧਾਰੀ- 22 ਸਾਲ ਦਾ ਮਸਤਾਨ ਸਿੰਘ ਭੁੱਲਰ ਪੁੱਤਰ ਕਿਸ਼ਨ ਸਿੰਘ, 28 ਸਾਲ ਦਾ ਮੰਗਲ ਸਿੰਘ ਭੁੱਲਰ ਪੁੱਤਰ ਸਮੁੰਦ ਸਿੰਘ ਤੇ 30 ਸਾਲਾਂ ਦਾ ਗੁਰਮੁਖ ਸਿੰਘ ਮੁਹਾਰ ਪੁੱਤਰ ਮੋਹਰ ਸਿੰਘ- ਇਕ ਰਾਤ ਸੁਥਰਿਆਂ ਦੀ ਧਰਮਸ਼ਾਲਾ ਵਿਚ ਠਹਿਰੇ। ਉਥੋਂ ਤੱਕ ਪਹੁੰਚ ਰਹੀ ਬੁੱਚੜਖਾਨੇ ਦੀ ਦੁਰਗੰਧ ਤੋਂ ਚੱਲੀ ਗੱਲ ਧਰਮਸ਼ਾਲਾ ਤੇ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਦਰਦ-ਕਥਾ ਤੱਕ ਜਾ ਪੁੱਜੀ। ਉਹਨਾਂ ਤਿੰਨਾਂ ਨੇ ਆਪਣੀ ਮੰਜ਼ਿਲ, ਭੈਣੀ ਸਾਹਿਬ ਜਾਣ ਦੀ ਥਾਂ ਬੁੱਚੜਾਂ ਨੂੰ ਮਾਰ ਮੁਕਾਉਣ ਦਾ ਫ਼ੈਸਲਾ ਕਰ ਲਿਆ। ਤਲਵਾਰਾਂ ਆਦਿ ਲੋੜੀਂਦੇ ਹਥਿਆਰਾਂ ਵਾਸਤੇ ਉਹ ਆਪਣੇ ਬੋਤਿਆਂ ਉੱਤੇ ਉਥੋਂ ਕੁਝ ਦੂਰ ਦੇ ਪਿੰਡ ਤਾਜਪੁਰ ਦੇ ਇਕ ਜਾਣਕਾਰ ਤੋਂ ਮਦਦ ਲੈਣ ਲਈ ਚੱਲ ਪਏ। 15-16 ਜੁਲਾਈ 1871 ਦੀ ਰਾਤ ਨੂੰ ਵਰ੍ਹਦੇ ਮੀਂਹ ਵਿਚ ਵਾਪਸ ਆ ਕੇ ਉਹਨਾਂ ਨੇ ਬੁੱਚੜਖਾਨੇ ਦਾ ਦਰਵਾਜ਼ਾ ਜਾ ਖੜਕਾਇਆ ਅਤੇ “ਕੌਣ ਹੈ” ਦੇ ਜਵਾਬ ਵਿਚ ਦੱਸਿਆ ਕਿ ਉਹ ਰਾਹੀ ਹਨ ਤੇ ਉਹਨਾਂ ਨੂੰ ਹੁੱਕੇ ਲਈ ਅੱਗ ਚਾਹੀਦੀ ਹੈ। ਜਿਉਂ ਹੀ ਦਰਵਾਜ਼ਾ ਖੁੱਲ੍ਹਿਆ, ਅੰਦਰ ਵੜ ਕੇ ਕੀਤੇ ਉਹਨਾਂ ਦੇ ਹਮਲੇ ਵਿਚ ਦੋ ਜਣੇ, ਇਕ ਮਰਦ ਤੇ ਇਕ ਔਰਤ, ਮਾਰੇ ਗਏ ਤੇ ਸੱਤ ਜ਼ਖ਼ਮੀ ਹੋ ਗਏ। ਉਹਨਾਂ ਨੇ ਗਊਆਂ ਦੇ ਰੱਸੇ ਵੱਢ ਕੇ ਉਹ ਬਾਹਰ ਭਜਾ ਦਿੱਤੀਆਂ। ਸਬਬ ਨਾਲ ਬੂਟਾ ਉਥੇ ਹੈ ਨਹੀਂ ਸੀ ਤੇ ਰਾਂਝਾ ਦੂਜਿਆਂ ਉੱਤੇ ਵਾਰ ਹੁੰਦੇ ਦੇਖ ਕੇ ਭੱਜਣ ਵਿਚ ਸਫਲ ਹੋ ਗਿਆ।
ਤਿੰਨੇ ਨੌਜਵਾਨ ਉਥੋਂ ਹੀ ਵਾਪਸ ਪਿੱਥੋ ਨੂੰ ਚੱਲ ਪਏ। ਕਈ ਲੋਕਾਂ ਤੋਂ ਕੀਤੀ ਗਈ ਪੁੱਛ-ਪੜਤਾਲ ਪੁਲੀਸ ਨੂੰ ਉਹਨਾਂ ਦੇ ਮਗਰੇ-ਮਗਰ ਪਿੰਡ ਪਿੱਥੋ ਲੈ ਪਹੁੰਚੀ। ਕਿਸੇ ਨੇ ਪੁਲੀਸ ਦੀ ਪਹੁੰਚ ਦੀ ਜਾਣਕਾਰੀ ਦੇ ਆਧਾਰ ਉੱਤੇ ਉਹਨਾਂ ਨੂੰ ਭੱਜ ਜਾਣ ਲਈ ਕਿਹਾ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਜੇ ਅਸੀਂ ਹੱਥ ਨਾ ਆਏ, ਪੁਲੀਸ ਪਰਿਵਾਰਾਂ ਅਤੇ ਪਿੰਡ ਵਾਲ਼ਿਆਂ ਨੂੰ ਤੰਗ ਕਰੇਗੀ; ਬੁੱਚੜ ਅਸੀਂ ਸੋਧੇ ਹਨ, ਸਜ਼ਾ ਵੀ ਅਸੀਂ ਹੀ ਭੁਗਤਾਂਗੇ।
ਅੰਗਰੇਜ਼ਾਂ ਦੀ ਸਮੱਸਿਆ ਬੁੱਚੜਾਂ ਦਾ ਕਤਲ ਨਹੀਂ ਸੀ ਸਗੋਂ ਇਸ ਤਰੀਕੇ ਸਰਕਾਰ ਨੂੰ ਪਾਈ ਵੰਗਾਰ ਸੀ। ਅੰਮ੍ਰਿਤਸਰ ਕਾਂਡ ਤੋਂ ਪੂਰਾ ਇਕ ਮਹੀਨਾ ਮਗਰੋਂ ਰਾਏਕੋਟ ਦਾ ਹਮਲਾ ਲੋਕਾਂ ਨੂੰ ਅੰਗਰੇਜ਼ ਹਕੂਮਤ ਦੀ ਕਮਜ਼ੋਰੀ ਦਾ ਸੁਨੇਹਾ ਸੀ। ਤਿੰਨਾਂ ਦਾ ਗ੍ਰਿਫ਼ਤਾਰ ਹੋਣਾ ਸੀ ਕਿ ਅੰਗਰੇਜ਼ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਫ਼ਾਂਸੀ ਚੜ੍ਹਾਉਣ ਦਾ ਇਰਾਦਾ ਕਰ ਲਿਆ ਤਾਂ ਜੋ ਲੋਕਾਂ ਵਿਚ ਸਰਕਾਰ ਦੇ ਦਬਦਬੇ ਅਤੇ ਭੈ ਦਾ ਮਾਹੌਲ ਬਣਾਇਆ ਜਾ ਸਕੇ। ਮੁਕੱਦਮਾ ਰਾਏਕੋਟ ਨੇੜੇ ਬੱਸੀਆਂ ਦੀ ਕੋਠੀ ਵਿਚ ਚੱਲਿਆ।
ਮੈਜਿਸਟਰੇਟ ਨੇ ਆਪਣੀ ਕਾਰਵਾਈ ਦੋ ਦਿਨ ਵਿਚ ਖ਼ਤਮ ਕਰ ਕੇ ਫ਼ਾਈਲ ਸੈਸ਼ਨ ਜੱਜ ਦੇ ਹਵਾਲੇ ਕਰ ਦਿੱਤੀ ਜੋ ਉਸ ਸਮੇਂ ਤੱਕ ਬੱਸੀਆਂ ਕੋਠੀ ਪਹੁੰਚ ਚੁੱਕਿਆ ਸੀ। ਸੈਸ਼ਨ ਜੱਜ ਨੇ 27 ਜੁਲਾਈ 1871 ਨੂੰ, ਭਾਵ ਸਾਕੇ ਦੇ ਬਾਰਵੇਂ ਦਿਨ, ਤਿੰਨਾਂ ਨੂੰ ਫ਼ਾਂਸੀ ਦਾ ਫ਼ੈਸਲਾ ਸੁਣਾ ਦਿੱਤਾ ਜਿਸ ਵਿਚ ਉਹਨੇ ਸਪੱਸ਼ਟ ਸ਼ਬਦਾਂ ਵਿਚ ਲਿਖਿਆ, “ਮੈਂ ਸਮਝਦਾ ਹਾਂ ਕਿ ਬੁੱਚੜਾਂ ਦਾ, ਜੋ ਅੰਗਰੇਜ਼ ਸਰਕਾਰ ਵੱਲੋਂ ਪੂਰੀ ਤਰ੍ਹਾਂ ਮਨਜ਼ੂਰ ਕੀਤੀ ਗਈ ਜਗ੍ਹਾ ਵਿਚ ਆਪਣਾ ਕਾਰੋਬਾਰ ਚਲਾ ਰਹੇ ਸਨ, ਉਹਨਾਂ ਨੂੰ ਨਾ ਜਾਣਨ ਵਾਲੇ ਬੰਦਿਆਂ ਹੱਥੋਂ ਕਤਲ ਸਾਡੀ ਸੱਤਾ ਤੋਂ ਸਿੱਧੀ ਨਾਬਰੀ ਹੈ। ਤੇ ਮੇਰਾ ਮੰਨਣਾ ਹੈ ਕਿ ਅਜਿਹੀ ਨਾਬਰੀ ਦੀ ਵੱਧ ਤੋਂ ਵੱਧ ਸਜ਼ਾ ਨਾ ਦੇਣਾ ਸਾਡੀ ਸੱਤਾ ਵਾਸਤੇ ਖ਼ਤਰਨਾਕ ਹੋਵੇਗਾ।”
1 ਅਗਸਤ ਨੂੰ ਪੰਜਾਬ ਦੀ ਚੀਫ ਕੋਰਟ ਦੇ ਜੱਜ ਨੇ ਮੌਤ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ। ਇਸੇ ਕੋਰਟ ਦੇ ਦੂਜੇ ਜੱਜ ਨੇ ਵੀ ਕਥਿਤ ਕਾਨੂੰਨ ਦੀ ਖਾਨਾ-ਪੂਰਤੀ ਕਰਨ ਲਈ ਇਸ ਫ਼ੈਸਲੇ ਨਾਲ ਆਪਣੀ ਸਹਿਮਤੀ ਉਸੇ ਦਿਨ ਹੀ ਦੇ ਦਿੱਤੀ। 5 ਅਗਸਤ ਦੀ ਸਵੇਰ ਨੂੰ, ਭਾਵ ਸਾਕੇ ਤੋਂ ਵੀਹਵੇਂ ਦਿਨ ਤਿੰਨਾਂ ਨਾਮਧਾਰੀਆਂ ਨੂੰ ਖੁੱਲ੍ਹੇ-ਆਮ, ਲਗਭਗ ਦੋ ਸੌ ਬੰਦਿਆਂ ਦੇ ਦੇਖਦਿਆਂ, ਉਸੇ ਬੁੱਚੜਖਾਨੇ ਦੇ ਨੇੜੇ ਫ਼ਾਂਸੀ ਦੇ ਦਿੱਤੀ ਗਈ। ਦੱਸਦੇ ਹਨ, ਉਹਨਾਂ ਨੇ ਚਿਹਰੇ ਢਕੇ ਬਿਨਾਂ ਫ਼ਾਂਸੀਆਂ ਦੇ ਰੱਸੇ ਆਪਣੇ ਗਲ਼ਾਂ ਵਿਚ ਆਪ ਪਾਏ। ਥਾਣੇਦਾਰ ਅਸੂਲ ਹਸਨ ਨੇ ਉਸੇ ਦਿਨ, ਭਾਵ 5 ਅਗਸਤ 1871 ਨੂੰ ਮਹਾਰਾਜਾ ਪਟਿਆਲਾ ਮਹਿੰਦਰ ਸਿੰਘ ਨੂੰ ਚਿੱਠੀ ਭੇਜ ਕੇ ਇਸ ਘਟਨਾ ਬਾਰੇ ਦੱਸਿਆ। ਸੰਖੇਪ ਜਿਹੀ, ਚਾਰ ਕੁ ਸਤਰਾਂ ਦੀ ਇਸ ਚਿੱਠੀ ਵਿਚੋਂ ਸਾਨੂੰ ਕਈ ਪੱਖਾਂ ਦੀ ਵਡਮੁੱਲੀ ਜਾਣਕਾਰੀ ਮਿਲਦੀ ਹੈ। ਉਹਨੇ ਲਿਖਿਆ ਸੀ: “ਅੱਜ ਸਵੇਰੇ ਪੰਜ ਵਜੇ ਰਾਏਕੋਟ ਦੇ ਬੁੱਚੜਾਂ ਦੇ ਕਾਤਲ ਗੁਰਮੁਖ ਸਿੰਘ, ਮਸਤਾਨ ਸਿੰਘ ਤੇ ਮੰਗਲ ਸਿੰਘ ਨੂੰ ਬੁੱਚੜਖਾਨੇ ਦੇ ਨੇੜੇ ਫ਼ਾਹੇ ਲਾਇਆ ਗਿਆ। ਫ਼ਾਹੇ ਲਾਏ ਗਏ ਤਿੰਨਾਂ ਕਾਤਲਾਂ ਦੀਆਂ ਲਾਸ਼ਾਂ ਬਾਰੇ ਗੁਰਮੁਖ ਸਿੰਘ ਕਾਤਲ ਦੇ ਚਾਚੇ ਚੰਦ ਸਿੰਘ ਨੂੰ, ਜਿਹੜਾ ਫ਼ਾਂਸੀ ਦੇ ਸਮੇਂ ਹਾਜ਼ਰ ਸੀ, ਕਿਹਾ ਗਿਆ ਕਿ ਉਹ ਆਪਣੇ ਪਿੰਡ ਲਿਜਾ ਕੇ ਉਹਨਾਂ ਦਾ ਦਾਹ-ਸੰਸਕਾਰ ਕਰ ਦੇਵੇ। ਉਹ ਤਿੰਨਾਂ ਕਾਤਲਾਂ ਦੀਆਂ ਲਾਸ਼ਾਂ ਨੂੰ ਗੱਡੇ ਵਿਚ ਲੱਦ ਕੇ ਪਿੰਡ ਪਿੱਥੋ ਨੂੰ ਰਵਾਨਾ ਹੋ ਗਿਆ ਹੈ।”
ਮੇਰੇ ਬਾਪੂ ਜੀ ਆਪਣੇ ਬਚਪਨ ਵਿਚ ਸੁਣੀਆਂ ਹੋਈਆਂ ਗੱਲਾਂ ਦੱਸਿਆ ਕਰਦੇ ਸਨ ਕਿ ਤਿੰਨੇ ਚਿਤਾਵਾਂ ਬਿਲਕੁਲ ਨਾਲ-ਨਾਲ ਚਿਣੀਆਂ ਗਈਆਂ ਜਿਸ ਕਰਕੇ ਉਹ ਇਕ ਵੱਡੀ ਸਾਂਝੀ ਚਿਤਾ ਵਾਂਗ ਹੋ ਗਈਆਂ। ਉਹਨਾਂ ਨੇ ਮੈਨੂੰ ਪਿੰਡ ਦੇ ਸਿਵਿਆਂ ਵਿਚ ਤਿੰਨਾਂ ਸ਼ਹੀਦਾਂ ਦੀ ਸਾਂਝੀ ਚਿਤਾ ਨਾਲ ਰੜ੍ਹੀ ਹੋਈ ਥਾਂ ਵੀ ਦਿਖਾਈ ਸੀ ਜਿਸ ਉੱਤੇ ਮਗਰੋਂ ਕੋਈ ਹੋਰ ਚਿਤਾ ਨਹੀਂ ਸੀ ਬਾਲ਼ੀ ਗਈ। ਉਹਨਾਂ ਦੀ ਸ਼ਹੀਦੀ ਨੂੰ ਸਤਿਕਾਰਦਿਆਂ ਹੁਣ ਸੁਹਣੀ ਯਾਦਗਾਰ ਉਸਾਰ ਦਿੱਤੀ ਗਈ ਹੈ। ਅੱਜ ਯਾਦਗਾਰ ਵਿਖੇ ਇਹਨਾਂ ਸ਼ਹੀਦਾਂ ਨੂੰ ਸਿਮਰਦਿਆਂ ਜੋੜਮੇਲਾ ਅਤੇ ਅਖੰਡ ਪਾਠ ਦਾ ਭੋਗ ਹੈ।
ਸੰਪਰਕ: 80763-63058