ਸ਼ਿਆਮ ਸਰਨ
ਪਿਛਲੇ ਕਈ ਸਾਲਾਂ ਤੋਂ ਮੈਂ ਹਿਮਾਲਿਆ ਦੀ ਯਾਤਰਾ ਕਰਦਾ ਰਿਹਾ ਹਾਂ ਪਰ ਇਸ ਵੇਲੇ ਜਿਸ ਤਰ੍ਹਾਂ ਦੀ ਬਿਪਤਾ ਦਾ ਅਹਿਸਾਸ ਹੋ ਰਿਹਾ ਹੈ, ਉਵੇਂ ਪਹਿਲਾਂ ਕਦੇ ਨਹੀਂ ਹੋਇਆ। ਮੈਂ ਇਸ ਦਾ ਗਵਾਹ ਰਿਹਾ ਹਾਂ ਕਿ ਕਿਵੇਂ ਵਿਕਾਸ ਦੇ ਨਾਂ ’ਤੇ ਇਸ ਪਵਿੱਤਰ ਅਸਥਾਨ ਨੂੰ ਨਿੱਠ ਕੇ ਬਰਬਾਦ ਕੀਤਾ ਗਿਆ, ਇਸ ਦੇ ਕੁਦਰਤੀ ਸੁਹੱਪਣ ਨੂੰ ਮਧੋਲਿਆ ਗਿਆ, ਪ੍ਰਾਚੀਨ ਕਾਲ ਤੋਂ ਇਸ ਦੀ ਗੋਦ ਵਿੱਚ ਰਹਿੰਦੇ ਆ ਰਹੇ ਬਹੁਤ ਹੀ ਦੁਰਲੱਭ ਪੰਛੀਆਂ ਅਤੇ ਜੀਵਾਂ ਅਤੇ ਇੱਥੋਂ ਤਕ ਕਿ ਮਨੁੱਖੀ ਭਾਈਚਾਰਿਆਂ ਨੂੰ ਵੀ ਉਜਾੜ ਦਿੱਤਾ ਗਿਆ ਜਿਨ੍ਹਾਂ ਦੀ ਜੀਵਨ ਜਾਚ, ਰਵਾਇਤਾਂ ਅਤੇ ਵਿਸ਼ਵਾਸਾਂ ਦੇ ਢੰਗ ਤਰੀਕੇ ਰਹੇ ਹਨ। “ਹਿਮਾਲਿਆ ਦੋ ਛੂਹੇ ਅਤੇ ਅਣਛੂਹੇ ਸੰਸਾਰਾਂ ਵਿਚਕਾਰ ਜੰਕਸ਼ਨ ਹੈ।” (ਐਕਸਲ ਮਾਈਕਲਜ਼ ਦੀ ਕਿਤਾਬ ‘ਹਿੰਦੂਇਜ਼ਮ ਪਾਸਟ ਐਂਡ ਪ੍ਰੈਜ਼ੈਂਟ’ ਵਿੱਚੋਂ)। ਸੰਸਕ੍ਰਿਤ ਦੇ ਸ਼ਬਦ ‘ਤੀਰਥ’ ਦਾ ਵੀ ਬਿਲਕੁਲ ਇਹੋ ਜਿਹਾ ਸੰਕਲਪ ਹੈ ਅਤੇ ਇਸੇ ਕਰ ਕੇ ਇਸ ਸਮੁੱਚੇ ਪਹਾੜੀ ਖੇਤਰ ਨੂੰ ਪਵਿੱਤਰ ਅਤੇ ਤੀਰਥ ਸਥਾਨ ਦੀ ਸੰਗਿਆ ਦਿੱਤੀ ਜਾਂਦੀ ਹੈ।
ਇਸ ਦੀ ਨਾਟਕੀ ਸ਼ੁਰੂਆਤ ਦੀ ਯਾਦਾਸ਼ਤ ਸਾਡੀਆਂ ਨਸਾਂ ਵਿੱਚ ਰਚੀ ਹੋਈ ਹੈ। ਸਾਗਰ ਇਸ ਦੀ ਮਾਂ ਹੈ ਅਤੇ ਇਸੇ ਕਾਰਨ ਨੇਪਾਲ ਦੇ ਲੋਕ ਇਸ ਨੂੰ ਐਵਰੈਸਟ ਸਾਗਰਮੱਠ ਜਾਂ ਸਮੁੰਦਰ ਦਾ ਮੱਥਾ ਕਹਿੰਦੇ ਹਨ। ਉਂਝ ਮਨੁੱਖੀ ਖੁਰਾਫ਼ਾਤੀਆਂ ਲਈ ਇਹ ਪਵਿੱਤਰਤਾ ਮੁਨਾਫ਼ੇ ਲਈ ਸ਼ੋਸ਼ਣ ਦਾ ਖ਼ਜ਼ਾਨਾ ਬਣ ਗਈ ਹੈ। ਐਵਰੈਸਟ ਕੂੜੇ ਦਾ ਉੱਚਾ ਢੇਰ ਬਣ ਗਿਆ ਹੈ ਅਤੇ ਇਸ ਦੀ ਚੋਟੀ ਸਾਹਸਿਕ ਕਾਰਜਾਂ ਦੀ ਸੂਚੀ ਵਿੱਚ ‘ਸਹੀ’ ਦਾ ਨਿਸ਼ਾਨ ਮਾਤਰ ਬਣ ਕੇ ਰਹਿ ਗਈ ਹੈ। ਚਾਰ ਧਾਮ ਹੁਣ ਪਵਿੱਤਰ ਤੀਰਥ ਸਥਾਨ ਨਹੀਂ ਰਹਿ ਗਿਆ ਸਗੋਂ ਧਾਰਮਿਕ ਸੈਰ-ਸਪਾਟੇ ਦਾ ਟਿਕਾਣਾ ਬਣ ਚੁੱਕਿਆ ਹੈ। ਗੰਗੋਤਰੀ ਸ਼ਹਿਰੀ ਪਸਾਰੇ ਦਾ ਰੂਪ ਧਾਰ ਚੁੱਕੀ ਹੈ। ਮੁੱਖ ਮੰਦਰ ਸਤਰੰਗੀਆਂ ਲਾਈਟਾਂ ਦੀ ਚਕਾਚੌਂਧ ਵਿਚ ਗੁਆਚ ਗਏ ਹਨ; ਲਾਊਡਸਪੀਕਰਾਂ ’ਤੇ ਭਜਨਾਂ ਦਾ ਸ਼ੋਰ ਵਿੱਚ ਨਦੀ ਦੀ ਕਲ-ਕਲ ਦਬ ਕੇ ਰਹਿ ਗਈ ਹੈ। ਸਿਰਫ਼ ਕੁਝ ਸਮੇਂ ਦੀ ਹੀ ਗੱਲ ਹੈ ਜਦੋਂ ਤੁਸੀਂ ਗੋਮੁਖ ਵਿਚ ਕਿਸੇ ਆਧੁਨਿਕ ਹੋਟਲ ਵਿੱਚ ਤੁਸੀਂ ਸੂਟ ਬੁੱਕ ਕਰ ਸਕੋਗੇ ਜਿਸ ਦੀ ਬਾਲਕੋਨੀ ਤੋਂ ਤੁਸੀਂ ਪ੍ਰਸਿੱਧ ਗਲੇਸ਼ੀਅਰ ਅਤੇ ਭਾਗੀਰਥੀ ਦੀਆਂ ਚੋਟੀਆਂ ਦਾ ਨਜ਼ਾਰਾ ਮਾਣ ਸਕੋਗੇ। ਗੋਮੁਖ ਦਾ ਮਤਲਬ ਹੈ ਗਾਂ ਦਾ ਮੁਖ ਅਤੇ ਜਿਸ ਕਰ ਕੇ ਇਸ ਵਿੱਚ ਵੱਡੇ ਪੱਧਰ ’ਤੇ ਧਾਰਮਿਕ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਮੌਜੂਦ ਹਨ।
ਜਿਵੇਂ ਪਿਛਲੇ ਕੁਝ ਦਹਾਕਿਆਂ ਤੋਂ ਚਾਰ ਧਾਮ ਯਾਤਰਾ ਵਿਕਸਤ ਕੀਤੀ ਗਈ ਹੈ, ਇਹ ਇਸ ਗੱਲ ਦਾ ਸੰਕੇਤ ਹੈ ਕਿ ਹਿਮਾਲਿਆਈ ਰੇਂਜ ਅੰਦਰ ਸਾਡੇ ਨਾਲ ਕੀ ਕੁਝ ਹੋਣ ਵਾਲਾ ਹੈ ਜੋ ਇਸ ਉਪ ਮਹਾਂਦੀਪ ਦੇ ਬਹੁਤ ਸਾਰੇ ਧਰਮਾਂ ਨਾਲ ਸਬੰਧਿਤ ਮਹਾਂ ਨਾਇਕਾਂ ਨਾਲ ਜੁੜੀ ਹੋਈ ਹੈ। ਤਾਜ਼ਾ ਤਰੀਨ ਰਿਪੋਰਟਾਂ ਮੁਤਾਬਕ ਚਾਰ ਧਾਮ ਯਾਤਰਾ 10-11 ਮਈ ਤੋਂ ਸ਼ੁਰੂ ਹੋਈ ਸੀ ਅਤੇ 9.5 ਲੱਖ ਯਾਤਰੀ ਗੰਗੋਤਰੀ, ਬਦਰੀਨਾਥ, ਕੇਦਾਰਨਾਥ ਅਤੇ ਯਮਨੋਤਰੀ ਵਿਚ ਪਹਿਲਾਂ ਹੀ ਪਹੁੰਚ ਚੁੱਕੇ ਹਨ। ਨਵੰਬਰ ਦੇ ਸ਼ੁਰੂ ਵਿਚ ਇਨ੍ਹਾਂ ਧਾਮਾਂ ਦੇ ਕਿਵਾੜ ਬੰਦ ਹੋਣ ਵਿਚ ਅਜੇ ਪੰਜ ਮਹੀਨਿਆਂ ਤੋਂ ਵੱਧ ਸਮਾਂ ਪਿਆ ਹੈ। ਉਤਰਾਖੰਡ ਸਰਕਾਰ ਨੇ ਇਨ੍ਹਾਂ ਧਾਮਾਂ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਪ੍ਰਣਾਲੀ ਸ਼ੁਰੂ ਕੀਤੀ ਹੈ ਪਰ ਕੇਦਾਰਨਾਥ ਲਈ ਰੋਜ਼ਾਨਾ 20 ਹਜ਼ਾਰ, ਬਦਰੀਨਾਥ ਲਈ 18 ਹਜ਼ਾਰ, ਗੰਗੋਤਰੀ ਲਈ 11 ਹਜ਼ਾਰ ਅਤੇ ਯਮਨੋਤਰੀ ਲਈ 9 ਹਜ਼ਾਰ ਸ਼ਰਧਾਲੂਆਂ ਦੀ ਸੰਖਿਆ ਨਿਸ਼ਚਤ ਕੀਤੀ ਹੈ। ਇਸ ਤਰ੍ਹਾਂ ਦੇ ਨਾਜ਼ੁਕ ਅਤੇ ਸੰਵੇਦਨਸ਼ੀਲ ਪਹਾੜੀ ਥਾਵਾਂ ਲਈ ਇਹ ਸ਼ਰਧਾਲੂਆਂ ਦੀ ਬਹੁਤ ਜਿ਼ਆਦਾ ਸੰਖਿਆ ਹੈ। ਧਾਰਮਿਕ ਸੈਰ-ਸਪਾਟਾ ਕਿਸ ਤੇਜ਼ੀ ਨਾਲ ਵਧ ਰਿਹਾ ਹੈ, ਇਸ ਦਾ ਅਨੁਮਾਨ ਪਿਛਲੇ ਸਾਲ ਆਏ 56 ਲੱਖ ਸ਼ਰਧਾਲੂਆਂ ਦੀ ਸੰਖਿਆ ਤੋਂ ਲਾਇਆ ਜਾ ਸਕਦਾ ਹੈ ਜੋ 2022 ਦੀ ਕੁੱਲ ਸੰਖਿਆ ਨਾਲੋਂ 10 ਲੱਖ ਜਿ਼ਆਦਾ ਸਨ ਜਿਨ੍ਹਾਂ ਵਿੱਚ ਹੇਮਕੁੰਟ ਸਾਹਿਬ ਦੇ ਯਾਤਰੂ ਵੀ ਸ਼ਾਮਿਲ ਸਨ ਹਾਲਾਂਕਿ ਉਨ੍ਹਾਂ ਦੀ ਸੰਖਿਆ ਨਿਸਬਤਨ ਘੱਟ ਹੁੰਦੀ ਹੈ।
ਜੇ ਟਰੈਵਲ ਵੈੱਬਸਾਈਟਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਬਦਰੀਨਾਥ ਅਤੇ ਕੇਦਾਰਨਾਥ ਵਿਚ ਕਈ ਦੋ, ਤਿੰਨ ਅਤੇ ਚਾਰ ਸਿਤਾਰਾ ਹੋਟਲ ਸੂਚੀਦਰਜ ਕੀਤੇ ਦਿਖਾਏ ਦਿੰਦੇ ਹਨ। ਕੁਝ ਦਿਨ ਪਹਿਲਾਂ ਕੇਦਾਰਨਾਥ ਲਾਗੇ ਇੱਕ ਚੌਪਰ ਡਿੱਗ ਪਿਆ ਸੀ। ਪਿਛਲੇ ਦੋ ਹਫ਼ਤਿਆਂ ਵਿਚ ਪਹਾੜੀ ਚੋਟੀਆਂ ਦੀ ਯਾਤਰਾ ’ਤੇ ਗਏ 50 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਪੁਲੀਸ ਨੇ ਕੇਦਾਰਨਾਥ ਵਿੱਚ ਸ਼ਰਾਬ ਨਾਲ ਧੁੱਤ ਅਤੇ ਹੁੱਲੜਬਾਜ਼ੀ ਕਰਦੇ 50 ਤੋਂ ਵੱਧ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਜਦੋਂ ਰੱਜ ਕੇ ਕਮਾਈ ਹੋ ਰਹੀ ਹੋਵੇ ਤਾਂ ਫਿਰ ਕੀ ਫ਼ਰਕ ਪੈਂਦਾ ਹੈ! ਪਿਛਲੇ ਦੋ ਹਫ਼ਤਿਆਂ ਵਿੱਚ ਹੋਟਲਾਂ, ਰੈਸਤਰਾਂ, ਖੱਚਰ ਚਾਲਕਾਂ ਅਤੇ ਕੁਲੀਆਂ ਨੇ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇੰਨੀ ਵੱਡੀ ਸੰਖਿਆ ਵਿੱਚ ਪੁੱਜੇ ਲੋਕਾਂ ਲਈ ਖਾਣੇ, ਬੋਤਲਬੰਦ ਪਾਣੀ, ਖਾਣਾ ਬਣਾਉਣ ਲਈ ਗੈਸ ਸਿਲੰਡਰ ਅਤੇ ਪਾਵਰ ਜੈਨਰੇਟਰਾਂ ਲਈ ਡੀਜ਼ਲ ਦਾ ਬੰਦੋਬਸਤ ਕਰਨਾ ਪੈਂਦਾ ਹੈ। ਕੁਝ ਸਾਲ ਪਹਿਲਾਂ ਜਦੋਂ ਆਵਾਜਾਈ ਬਹੁਤੀ ਨਹੀਂ ਹੋਈ ਸੀ ਤਾਂ ਇੱਕ ਸਰਕਾਰੀ ਅਧਿਐਨ ਕਰਾਇਆ ਗਿਆ ਸੀ ਜਿਸ ਵਿਚ ਪਤਾ ਲੱਗਿਆ ਸੀ ਕਿ ਇੱਕ ਧਾਮ ਦੇ ਰਸਤੇ ਵਿੱਚ ਸਾਲਾਨਾ 23 ਹਜ਼ਾਰ ਟਨ ਕੂੜਾ ਪੈਦਾ ਹੋਇਆ ਸੀ ਜਿਸ ਨੂੰ ਠਿਕਾਣੇ ਲਾਉਣ ਲਈ ਕੋਈ ਪ੍ਰਬੰਧ ਨਹੀਂ ਸੀ। ਹੁਣ ਜਦੋਂ ਸੰਖਿਆ ਵਿੱਚ ਬੇਤਹਾਸ਼ਾ ਵਾਧਾ ਹੋ ਚੁੱਕਿਆ ਹੈ ਤਾਂ ਇਸ ਬਾਰੇ ਸੋਚ ਕੇ ਹੀ ਕੰਬਣੀ ਛਿੜ ਜਾਂਦੀ ਹੈ।
ਚਾਰ ਤੋਂ ਛੇ ਲੇਨਾਂ ਵਾਲੇ ਚਾਰ ਧਾਮ ਰਾਜਮਾਰਗ ਸ਼ਰਧਾਲੂਆਂ ਅਤੇ ਹੋਰਨਾਂ ਸੈਲਾਨੀਆਂ ਦੇ ਝੁੰਡਾਂ ਨੂੰ ਇਨ੍ਹਾਂ ਗਰਮੀਆਂ ’ਚ ਪੂਰੀ ਅਲਕਨੰਦਾ ਨਦੀ ਘਾਟੀ ’ਚ ਲਿਆ ਰਿਹਾ ਹੈ। ਸਾਲ ਦੇ ਅਖੀਰ ਤੱਕ ਜਦ 127 ਕਿਲੋਮੀਟਰ ਲੰਮੀ ਰਿਸ਼ੀਕੇਸ਼-ਕਰਨਪ੍ਰਯਾਗ ਰੇਲਵੇ ਲਾਈਨ ਮੁਕੰਮਲ ਹੋ ਜਾਵੇਗੀ ਤਾਂ ਕਦੇ ਬਹੁਤ ਦੂਰ ਪੈਂਦੀਆਂ ਇਨ੍ਹਾਂ ਪ੍ਰਾਚੀਨ ਥਾਵਾਂ ’ਤੇ ਲੋਕਾਂ ਦੇ ਹੋਰ ਵੀ ਜਿ਼ਆਦਾ ਝੁੰਡ ਪਹੁੰਚਣੇ ਸ਼ੁਰੂ ਹੋ ਜਾਣਗੇ। ਸੈਲਾਨੀਆਂ ਦੀ ਵਧ ਰਹੀ ਗਿਣਤੀ ਦੀਆਂ ਲੋੜਾਂ ਪੂਰਨ ਲਈ ਕਈ ਲਿਸ਼ਕਦੇ ਹੋਟਲ ਤੇ ਗੈਸਟ ਹਾਊਸ ਵੀ ਉਸਰ ਗਏ ਹਨ; ਇੱਥੋਂ ਤੱਕ ਕਿ ਬਿਨਸਰ ਦੀ ਸੁਰੱਖਿਅਤ ਜੰਗਲੀ ਜੀਵ ਰੱਖ ਵਿੱਚ, ਸੜਕਾਂ ਦੇ ਕਿਨਾਰੇ ਠੋਸ ਕਚਰੇ ਦੇ ਢੇਰ ਲੱਗੇ ਹੋਏ ਹਨ, ਖ਼ਾਸ ਤੌਰ ’ਤੇ ਪਲਾਸਟਿਕ ਕਚਰੇ ਦੇ।
ਕੋਈ ਪਰਬਤੀ ਖੇਤਰ ’ਚ ਆਵਾਜਾਈ ’ਤੇ ਪਾਬੰਦੀ ਲਾ ਕੇ ਇਸ ਇਲਾਕੇ ਨੂੰ ਬੰਦ ਨਹੀਂ ਕਰ ਸਕਦਾ ਤੇ ਨਾ ਹੀ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਆਰਥਿਕ ਗਤੀਵਿਧੀ ਜੋ ਰੁਜ਼ਗਾਰ ਤੇ ਆਮਦਨੀ ਲਿਆ ਰਹੀ ਹੈ, ਨੂੰ ਤਿਆਗ ਦਿੱਤਾ ਜਾਵੇ ਪਰ ਇਨ੍ਹਾਂ ਸੰਵੇਦਨਸ਼ੀਲ ਥਾਵਾਂ ’ਤੇ ਵੱਡੇ ਪੱਧਰ ਦੇ ਉਸਾਰੀ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਵਧੇਰੇ ਸਚੇਤ ਤੇ ਵਿਆਪਕ ਯੋਜਨਾਬੰਦੀ ਕਰਨੀ ਚਾਹੀਦੀ ਹੈ। ਇਹ ਭੂ-ਭਾਗ ਹਾਲੇ ਵੀ ਅਸਥਿਰ ਹੈ ਤੇ ਖਿਸਕ ਰਿਹਾ ਹੈ ਜਿਸ ’ਚ ਸੌਖਿਆਂ ਹੀ ਗੜਬੜ ਹੋ ਸਕਦੀ ਹੈ। ਨਤੀਜੇ ਵਜੋਂ ਵਾਰ-ਵਾਰ ਜ਼ਮੀਨ ਖਿਸਕੇਗੀ ਤੇ ਢਿੱਗਾਂ ਡਿੱਗਣਗੀਆਂ। ਚਾਰ ਧਾਮ ਮਾਰਗ ਦੇ ਲੰਮੇ ਪੈਂਡੇ ’ਤੇ ਕਈ ਵਾਰ ਜ਼ਮੀਨ ਖਿਸਕਦੀ ਹੈ ਜਿਸ ਦੀ ਮਹਿੰਗੀ ਮੁਰੰਮਤ ਕਰਨੀ ਪੈਂਦੀ ਹੈ। ਗੰਗਾ ਦੀਆਂ ਸਹਾਇਕ ਨਦੀਆਂ ’ਤੇ ਲੱਗੇ ਕਈ ਪਣ-ਬਿਜਲੀ ਪ੍ਰਾਜੈਕਟ ਅਚਾਨਕ ਆਏ ਹੜ੍ਹਾਂ ਤੇ ਪਾਣੀ ਦੇ ਪੱਧਰ ’ਚ ਇਕਦਮ ਵਾਧੇ ਨਾਲ ਰੁੜ੍ਹੇ ਹਨ ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਸਿੱਟੇ ਵਜੋਂ ਕੁਦਰਤੀ ਜਲ ਨਿਕਾਸੀ ’ਚ ਅਡਿ਼ੱਕਾ ਪੈਂਦਾ ਹੈ ਤੇ ਉਚਾਈ ਉੱਤੇ ਪਾਣੀ ਜਮ੍ਹਾਂ ਹੋਣ ਕਾਰਨ ਹੇਠਲੇ ਇਲਾਕਿਆਂ ’ਚ ਪਾਣੀ ਦੇ ਸਰੋਤ ਤੇ ਕੁਦਰਤੀ ਝਰਨੇ ਸੁੱਕ ਜਾਂਦੇ ਹਨ। ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿਚ ਇਸ ਵਰਤਾਰੇ ਨੂੰ ਦੇਖਿਆ ਜਾ ਸਕਦਾ ਹੈ। ਫੌਰੀ ਲਾਭ ਭਾਵੇਂ ਕੁਝ ਵੀ ਹੋਵੇ ਪਰ ਇਸ ਤਰ੍ਹਾਂ ਕੁਦਰਤ ਦੀ ਬੇਕਿਰਕ ਲੁੱਟ ਆਖਿ਼ਰਕਾਰ ਲੋਕਾਂ ਲਈ ਹੋਰ ਜਿ਼ਆਦਾ ਸਜ਼ਾ ਤੇ ਨੁਕਸਾਨ ਦਾ ਸਬਬ ਬਣੇਗੀ। ਅਤਿ ਗ਼ਰੀਬ ਸਭ ਤੋਂ ਵੱਧ ਕਸ਼ਟ ਝੱਲਣਗੇ; ਤੇ ਅਜੇ ਕੋਈ ਆਲਮੀ ਤਪਸ਼ ਦੇ ਮਾੜੇ ਅਸਰਾਂ ਬਾਰੇ ਤਾਂ ਸੋਚ ਵਿਚਾਰ ਹੀ ਨਹੀਂ ਕਰ ਰਿਹਾ ਜੋ ਪਹਿਲਾਂ ਹੀ ਹਿਮਾਲਿਆ ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਦਾ ਕਾਰਨ ਬਣ ਰਹੀ ਹੈ। ਅਸੀਂ ਅਜਿਹੀ ਲਗਾਤਾਰ ਵਧਦੀ ਜਾ ਰਹੀ ਭ੍ਰਿਸ਼ਟ ਗਤੀਵਿਧੀ ਵਿੱਚ ਘਿਰ ਗਏ ਹਾਂ ਜਿੱਥੇ ਜਲਵਾਯੂ ਤਬਦੀਲੀ ਅਤੇ ਵਾਤਾਵਰਨ ਦਾ ਨਿਘਾਰ ਇੱਕ-ਦੂਜੇ ਦਾ ਸਹਾਰਾ ਬਣ ਰਹੇ ਹਨ। ਜੇ ਅਸੀਂ ਇਨ੍ਹਾਂ ਪਵਿੱਤਰ ਪਰਬਤਾਂ ’ਚ ਵੱਜ ਰਹੀਆਂ ਚਿਤਾਵਨੀ ਦੀਆਂ ਘੰਟੀਆਂ ’ਤੇ ਗੌਰ ਨਾ ਕੀਤਾ ਤਾਂ ਚਾਰ ਧਾਮ ਮੰਦਰਾਂ ਦੇ ਟੱਲ ਵੀ ਸ਼ਾਇਦ ਜਲਦੀ ਹੀ ਸ਼ਾਂਤ ਹੋ ਜਾਣ।
*ਲੇਖਕ ਸਾਬਕਾ ਵਿਦੇਸ਼ ਸਕੱਤਰ ਹੈ।