ਜੀ ਪਾਰਥਾਸਾਰਥੀ
ਮੁਹੰਮਦ ਅਲੀ ਜਿਨਾਹ ਤੋਂ ਲੈ ਕੇ ਜ਼ੁਲਫ਼ਿਕਾਰ ਅਲੀ ਭੁੱਟੋ, ਬੇਨਜ਼ੀਰ ਭੁੱਟੋ ਅਤੇ ਨਵਾਜ਼ ਸ਼ਰੀਫ ਤੱਕ ਪਾਕਿਸਤਾਨੀ ਸਿਆਸਤ ਦੇ ਜਿੰਨੇ ਵੀ ਵੱਡੇ ਹਸਤਾਖਰ ਰਹੇ ਹਨ, ਇਮਰਾਨ ਖ਼ਾਨ ਦਾ ਦਾਖ਼ਲਾ ਤੇ ਉਭਾਰ ਵੱਖਰੀ ਤਰ੍ਹਾਂ ਦਾ ਰਿਹਾ ਹੈ। ਸਿਆਸਤ ਵਿਚ ਇਮਰਾਨ ਖ਼ਾਨ ਦਾ ਦਾਖ਼ਲੇ ਅਤੇ ਉਭਾਰ ਦੀ ਯੋਜਨਾਬੰਦੀ ਕਿਸੇ ਸਿਆਸੀ ਪਾਰਟੀ ਜ਼ਰੀਏ ਨਹੀਂ ਹੋਈ। ਇਸ ਦਾ ਰਾਹ ਪੱਧਰਾ ਕਰਨ ਵਾਲਾ ਹੋਰ ਕੋਈ ਨਹੀਂ ਸਗੋਂ ਆਈਐੱਸਆਈ ਦਾ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਹਾਮਿਦ ਗੁਲ ਸੀ। ਜਦੋਂ ਮੈਂ ਇਸਲਾਮਾਬਾਦ ਵਿਚ ਤਾਇਨਾਤ ਸਾਂ ਤਾਂ ਹਾਮਿਦ ਗੁਲ ਨੂੰ ਜ਼ਾਤੀ ਤੌਰ ਤੇ ਜਾਣਨ ਦਾ ਮੌਕਾ ਮਿਲਿਆ। ਕਾਰਗਿਲ ਜੰਗ ਦੀ ਸਿਖਰ ਵੇਲੇ ਉਨ੍ਹਾਂ ਨਾਲ ਕੀਤੀਆਂ ਗੱਲਾਂ-ਬਾਤਾਂ ਤੋਂ ਇਸ ਕਿਸਮ ਦੇ ਬਹੁਤ ਸਾਰੇ ਰਾਜ਼ ਖੁੱਲ੍ਹੇ ਸਨ ਕਿ ਫ਼ੌਜੀ ਤਾਨਾਸ਼ਾਹ ਜਨਰਲ ਜ਼ਿਆ-ਉਲ-ਹੱਕ ਰਾਸ਼ਟਰਪਤੀ ਅਤੇ ਫ਼ੌਜ ਦੇ ਮੁਖੀ ਵਜੋਂ ਇੰਨਾ ਲੰਮਾ ਸਮਾਂ ਬੇਕਿਰਕੀ ਨਾਲ ਰਾਜ ਕਿਵੇਂ ਕਰਦਾ ਰਿਹਾ ਸੀ। ਜਨਰਲ ਜ਼ਿਆ ਨੇ ਪਾਕਿਸਤਾਨ ਨੂੰ ਕੱਟੜ ਇਸਲਾਮੀ ਰਾਹਾਂ ਤੇ ਚੜ੍ਹਾਇਆ ਸੀ। ਬਤੌਰ ਆਈਐੱਸਆਈ ਡਾਇਰੈਕਟਰ ਜਨਰਲ ਹਾਮਿਦ ਗੁਲ ਨੇ ਅਫ਼ਗਾਨਿਸਤਾਨ ਅਤੇ ਜੰਮੂ ਕਸ਼ਮੀਰ ਵਿਚ ਕੱਟੜਪੰਥੀ ਇਸਲਾਮੀ ਗਰੁਪਾਂ ਨੂੰ ਸ਼ਹਿ ਦੇ ਕੇ ਟਕਰਾਅ ਭੜਕਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।
ਹਾਲਾਂਕਿ ਇਮਰਾਨ ਖ਼ਾਨ ਆਪਣੇ ਆਪ ਨੂੰ ਉਦਾਰਵਾਦੀ ਤੇ ਕੈਂਬ੍ਰਿਜ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਅਤੇ ਕ੍ਰਿਕਟਰ ਦੇ ਤੌਰ ਤੇ ਪੇਸ਼ ਕਰਦੇ ਰਹੇ ਹਨ ਪਰ ਉਨ੍ਹਾਂ ਦੇ ਹਾਮਿਦ ਗੁਲ ਨਾਲ ਨੇੜਲੇ ਸੰਬੰਧ ਰਹੇ ਹਨ ਜੋ ਇਸ ਵੇਲੇ ਪਾਕਿਸਤਾਨ ਦੀ ਹਕੂਮਤ ਚਲਾ ਰਹੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਬਾਨੀ ਮੈਂਬਰਾਂ ਵਿਚ ਸ਼ਾਮਲ ਸਨ। ਇਸ ਵਿਚ ਵੀ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਤਹਿਰੀਕ -ਏ-ਇਨਸਾਫ਼ ਨੂੰ ਪਾਕਿਸਤਾਨੀ ਫ਼ੌਜ ਵਲੋਂ ਹਮਾਇਤ ਦਿੱਤੀ ਜਾਂਦੀ ਰਹੀ ਹੈ। ਹਾਮਿਦ ਗੁਲ ਦੇ ਮਾਰਗ ਦਰਸ਼ਨ ਹੇਠ ਇਮਰਾਨ ਖ਼ਾਨ ਕੱਟੜਪੰਥੀ ਮੁਸਲਮਾਨ ਬਣ ਗਏ ਜੋ ਭਾਰਤ ਵਿਰੋਧੀ ਨੀਤੀਆਂ ਨੂੰ ਅਕਸਰ ਜ਼ੁਬਾਨ ਦਿੰਦੇ ਰਹਿੰਦੇ ਹਨ ਤੇ ਨਾਲ ਹੀ ਪੱਛਮੀ ਮੁਲਕਾਂ ਵਿਚ ਬੈਠੇ ਆਪਣੇ ਦੋਸਤਾਂ ਸਾਹਮਣੇ ਆਪਣੀ ਉਦਾਰਵਾਦੀ ਦਿੱਖ ਪੇਸ਼ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਇਮਰਾਨ ਖ਼ਾਨ ਨੇ ਤੁਰਕੀ ਤੇ ਮਲੇਸ਼ੀਆ ਨਾਲ ਸੰਬੰਧ ਗਹਿਰੇ ਕਰਨ ਦੇ ਚੱਕਰ ਵਿਚ ਪਾਕਿਸਤਾਨ ਦੇ ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਜਿਹੇ ਮੁਲਕਾਂ ਨਾਲ ਸੰਬੰਧ ਵੀ ਵਿਗਾੜ ਲਏ ਹਨ। ਇਸ ਦੌਰਾਨ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਨਾਲ ਭਾਰਤ ਦੇ ਸੰਬੰਧ ਮਜ਼ਬੂਤ ਹੋ ਰਹੇ ਹਨ।
ਪਾਕਿਸਤਾਨ ਦੀ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰਨ ਅਤੇ ਆਪਣੇ ਕਰਜ਼ੇ ਨਾ ਮੋੜ ਸਕਣ ਦੀ ਆਦਤ ਰਹੀ ਹੈ। ਇਮਰਾਨ ਖ਼ਾਨ ਕੋਲ ਹੁਣ ਬਹੁਤੇ ਰਾਹ ਨਹੀਂ ਬਚੇ ਸਗੋਂ ਕੌਮਾਂਤਰੀ ਮਾਲੀ ਕੋਸ਼ ਜਿਹੇ ਕੌਮਾਂਤਰੀ ਕਰਜ਼ਦਾਤਿਆਂ ਦੀਆਂ ਕਠੋਰ ਸ਼ਰਤਾਂ ਪ੍ਰਵਾਨ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ। ਹਾਲੀਆ ਅਧਿਐਨਾਂ ਅਤੇ ਪਾਕਿਸਤਾਨੀ ਰਿਪੋਰਟਾਂ ਮੁਤਾਬਕ ਪਿਛਲੇ ਤਿੰਨ ਸਾਲਾਂ ਦੌਰਾਨ ਪਾਕਿਸਤਾਨ ਦਾ ਬਾਹਰੀ ਕਰਜ਼ਾ ਦੁੱਗਣਾ ਵਧ ਕੇ 85 ਅਰਬ ਡਾਲਰ ਤੇ ਪੁੱਜ ਗਿਆ ਹੈ ਤੇ ਨਾਲ ਹੀ ਇਹ ਬਾਹਰੀ ਕਰਜ਼ ਲੈਣ ਦਾ ਨਵਾਂ ਰਿਕਾਰਡ ਕਾਇਮ ਕਰ ਰਿਹਾ ਹੈ। ਬਹਰਹਾਲ, ਸ੍ਰੀਲੰਕਾ ਨੇ ਚੀਨ ਤੋਂ ਹੋਰ ਜ਼ਿਆਦਾ ਕਰਜ਼ੇ ਨਾ ਲੈਣ ਦੀ ਸਮਝਦਾਰੀ ਦਾ ਮੁਜ਼ਾਹਰਾ ਕੀਤਾ ਹੈ ਕਿਉਂਕਿ ਉਹ ਹੰਬਨਟੋਟਾ ਬੰਦਰਗਾਹ ਦੇ ਨਿਰਮਾਣ ਲਈ ਚੁੱਕਿਆ ਕਰਜ਼ਾ ਨਾ ਮੋੜ ਸਕਣ ਕਰ ਕੇ ਉਸ ਨੂੰ ਚੀਨ ਦੇ ਸਪੁਰਦ ਕਰਨਾ ਪਿਆ ਸੀ; ਲੇਕਿਨ ਪਾਕਿਸਤਾਨ ਨਾ ਚੁਕਾਏ ਜਾ ਸਕਣ ਵਾਲੇ ਕਰਜ਼ੇ ਦੀ ਖੱਡ ਵਿਚ ਡੂੰਘਾ ਧਸ ਰਿਹਾ ਹੈ। ਪਾਕਿਸਤਾਨ ਆਰਥਿਕ ਲਾਂਘੇ ਦੇ ਨਿਰਮਾਣ ਲਈ ਚੀਨ ਤੋਂ ਅੰਨ੍ਹੇਵਾਹ ਕਰਜ਼ਾ ਲੈ ਰਿਹਾ ਹੈ ਹਾਲਾਂਕਿ ਇਹ ਆਰਥਿਕ ਲਾਂਘਾ ਚੀਨ ਦੇ ਹੀ ਕੰਮ ਆਉਣਾ ਹੈ ਜਿਸ ਰਾਹੀਂ ਉਹ ਅਫ਼ਗਾਨਿਸਤਾਨ ਤੋਂ ਕੁਦਰਤੀ ਸਰੋਤਾਂ ਦੀ ਢੋਅ-ਢੁਆਈ ਕਰੇਗਾ। ਇਸੇ ਦੌਰਾਨ ਚੀਨ ਨੇ ਗਵਾਦਰ ਆਵਾਜਾਈ ਲਾਂਘੇ ਦਾ ਵੀ ਪੂਰਾ ਕੰਟਰੋਲ ਹਾਸਲ ਕਰ ਲਿਆ ਅਤੇ ਮੱਛੀਆਂ ਫੜਨ ਵਾਲੀਆਂ ਚੀਨੀ ਕਿਸ਼ਤੀਆਂ ਦੀ ਗਵਾਦਰ ਵਿਚ ਧੜਾਧੜ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਅਰਬ ਸਾਗਰ ਵਿਚ ਮਛਲੀ ਸਰੋਤਾਂ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਜੋਅ ਬਾਇਡਨ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਇਮਰਾਨ ਖ਼ਾਨ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ। ਵਾਸ਼ਿੰਗਟਨ ਅਫ਼ਗਾਨਿਸਤਾਨ ਵਿਚੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਮੌਕੇ ਹੋਏ ਆਪਣੀ ਬੇਇੱਜ਼ਤੀ ਨੂੰ ਭੁਲਾ ਨਹੀਂ ਸਕਿਆ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਜਿੰਨੇ ਵੀ ਪ੍ਰਧਾਨ ਮੰਤਰੀ ਬਣੇ ਹਨ, ਉਨ੍ਹਾਂ ਨੇ ਇਹ ਗੱਲ ਪ੍ਰਵਾਨ ਕੀਤੀ ਹੈ ਕਿ ਉਹ ਦੇਸ਼ ਦੀ ਵਿਦੇਸ਼ ਅਤੇ ਸੁਰੱਖਿਆ ਨੀਤੀਆਂ ਦੀ ਦਿਸ਼ਾ ਵਿਚ ਤਬਦੀਲੀ ਕਰ ਸਕਦੇ ਹਨ ਪਰ ਦੇਸ਼ ਦੀ ਫ਼ੌਜੀ ਲੀਡਰਸ਼ਿਪ ਨਾਲ ਟੱਕਰ ਲੈਣੀ ਕਿਸੇ ਵੀ ਹਾਕਮ ਲਈ ਖ਼ਤਰਨਾਕ ਹੋ ਸਕਦਾ ਹੈ, ਖ਼ਾਸਕਰ ਕੌਮੀ ਸੁਰੱਖਿਆ ਅਤੇ ਭਾਰਤ ਤੇ ਅਫ਼ਗਾਨਿਸਤਾਨ ਜਿਹੇ ਗੁਆਂਢੀ ਮੁਲਕਾਂ ਨਾਲ ਸੰਬੰਧਾਂ ਦੇ ਸਵਾਲ ਤੇ। ਜਾਪਦਾ ਹੈ ਕਿ ਇਮਰਾਨ ਖ਼ਾਨ ਅਜਿਹੇ ਰਾਹ ਤੁਰ ਪਏ ਹਨ ਜੋ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਰਾਹ ਨਾਲ ਟਕਰਾਉਂਦਾ ਹੈ। ਇਮਰਾਨ ਖ਼ਾਨ ਇਹ ਹਕੀਕਤ ਭੁੱਲ ਗਏ ਹਨ ਕਿ ਉਹ ਫੌਜ ਦੇ ਮੁਖੀ ਨਾਲੋਂ ਹਟ ਕੇ ਕੁਝ ਨੀਤੀਆਂ ਬਣਾ ਸਕਦੇ ਹਨ ਪਰ ਫ਼ੌਜ ਦੇ ਮੁਖੀ ਦੀ ਭੂਮਿਕਾ ਨੂੰ ਛੁਟਿਆਉਣਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।
ਫੌਜ ਨਾਲ ਇਮਰਾਨ ਖ਼ਾਨ ਦੀਆਂ ਦਿੱਕਤਾਂ ਦੀ ਜੜ੍ਹ ਆਈਐੱਸਆਈ ਦੇ ਸਾਬਕਾ ਮੁਖੀ ਫੈਜ਼ ਹਮੀਦ ਨਾਲ ਉਨ੍ਹਾਂ ਦੇ ਕਰੀਬੀ ਸੰਬੰਧਾਂ ਵਿਚ ਪਈ ਹੈ। ਆਈਐੱਸਆਈ ਮੁਖੀ ਨੇ ਅਫ਼ਗਾਨਿਸਤਾਨ ਵਿਚ ਨਵੀਂ ਸਰਕਾਰ ਦੇ ਗਠਨ ਮੌਕੇ ਕੌਮਾਂਤਰੀ ਭਾਈਚਾਰੇ ਦੀਆਂ ਨਜ਼ਰਾਂ ਵਿਚ ਆ ਕੇ ਵੱਡੀ ਖਤਾ ਕੀਤੀ। ਫੈਜ਼ ਹਮੀਦ ਨੇ ਉਦੋਂ ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਜਿਹੇ ਸੀਨੀਅਰ ਤਾਲਿਬਾਨ ਆਗੂਆਂ ਨੂੰ ਲਾਂਭੇ ਕਰਨ ਦੀ ਕਾਰਵਾਈ ਦੀ ਨਿਗਾਹਬਾਨੀ ਕੀਤੀ ਸੀ। ਹਾਲਾਂਕਿ ਮੁੱਲ੍ਹਾ ਬਰਾਦਰ ਜਲਦੀ ਹੀ ਕੰਧਾਰ ਤੋਂ ਕਾਬੁਲ ਵਾਪਸ ਆ ਗਿਆ ਸੀ ਪਰ ਇਸ ਵਾਰ ਉਸ ਦੀ ਹੈਸੀਅਤ ਪਹਿਲਾਂ ਵਾਂਗ ਨਹੀਂ ਰਹੀ ਸੀ। ਇਸ ਕਾਰਵਾਈ ਨੂੰ ਆਈਐੱਸਆਈ ਦੀ ਹਮਾਇਤ ਯਾਫ਼ਤਾ ਹਕਾਨੀ ਨੈੱਟਵਰਕ ਨੇ ਸਿਰੇ ਚੜ੍ਹਾਇਆ ਸੀ ਜੋ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੋਵਾਂ ਮੁਲਕਾ ਵਿਚ ਸਰਗਰਮ ਹੈ।
ਫ਼ੌਜ ਦੇ ਮੁਖੀ ਜਨਰਲ ਬਾਜਵਾ ਨੇ ਗੁੱਸੇ ਵਿਚ ਆ ਕੇ ਫੈਜ਼ ਹਮੀਦ ਨੂੰ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਨੇੜਲੀ ਕੋਰ ਦੇ ਕਮਾਂਡਰ ਨਿਯੁਕਤ ਕਰ ਦਿੱਤਾ ਸੀ ਤੇ ਉਸ ਦੀ ਥਾਂ ਆਈਐੱਸਆਈ ਦਾ ਨਵਾਂ ਮੁਖੀ ਥਾਪ ਦਿੱਤਾ ਸੀ। ਹੁਣ ਹਾਲਤ ਇਹ ਹੈ ਕਿ ਨਾ ਅਫ਼ਗਾਨ ਤਾਲਿਬਾਨ ਤੇ ਨਾ ਹੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਲੀ ਸਰਹੱਦੀ ਰੇਖਾ ਡੂਰੰਡ ਲਾਈਨ ਦਾ ਸਤਿਕਾਰ ਕਰ ਰਹੇ ਹਨ। ਅਫਗਾਨਿਸਤਾਨ ਦੇ ਉਪ ਵਿਦੇਸ਼ ਮੰਤਰੀ ਅੱਬਾਸ ਸਟਾਨਿਕਜ਼ਈ ਨੇ 6 ਜਨਵਰੀ ਨੂੰ ਆਖਿਆ ਸੀ- “ਡੂਰੰਡ ਲਾਈਨ ਸਿਰਫ਼ ਸਰਕਾਰ ਦਾ ਨਹੀਂ ਸਗੋਂ ਸਮੁੱਚੇ ਮੁਲਕ ਦਾ ਮੁੱਦਾ ਹੈ। ਇਕੱਲੀ ਸਰਕਾਰ ਇਸ ਨਾਲ ਨਹੀਂ ਸਿੱਝ ਸਕਦੀ। ਅਸੀਂ ਕੌਮ ਨੂੰ ਇਸ ਦੀ ਜ਼ਿੰਮੇਵਾਰੀ ਸੌਂਪਾਂਗੇ ਤਾਂ ਕਿ ਉਹ ਇਸ ਦਾ ਫ਼ੈਸਲਾ ਕਰ ਸਕੇ।” ਡੂਰੰਡ ਲਾਈਨ ਤੋਂ ਪਾਰ ਪੈਂਦੇ ਪਖਤੂਨ ਇਲਾਕਿਆਂ ਤੇ ਦਾਅਵੇ ਕਰ ਕੇ ਪਾਕਿਸਤਾਨ ਅੰਦਰ ਹਾਲਾਤ ਸੰਗੀਨ ਬਣ ਰਹੇ ਹਨ। ਜਨਰਲ ਬਾਜਵਾ ਨਾਲ ਮੱਤਭੇਦਾਂ ਤੋਂ ਇਲਾਵਾ ਇਮਰਾਨ ਖ਼ਾਨ ਨੂੰ ਬਲੋਚਿਸਤਾਨ ਵਿਚ ਚੱਲ ਰਹੀ ਗੜਬੜ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਚੀਨੀ ਮਛੇਰਿਆਂ ਦੀਆਂ ਸਰਗਰਮੀਆਂ ਕਰ ਕੇ ਲੋਕਾਂ ਅੰਦਰ ਰੋਸ ਉਬਾਲੇ ਖਾ ਰਿਹਾ ਹੈ।
ਆਉਣ ਵਾਲੇ ਅਠਾਰਾਂ ਮਹੀਨੇ ਪਾਕਿਸਤਾਨ ਲਈ ਬਹੁਤ ਅਹਿਮ ਸਾਬਿਤ ਹੋ ਸਕਦੇ ਹਨ। ਜਨਰਲ ਬਾਜਵਾ ਇਸ ਸਾਲ ਸਤੰਬਰ ਵਿਚ ਸੇਵਾਮੁਕਤ ਹੋ ਜਾਣਗੇ। ਇਸ ਦੌਰਾਨ ਵਿਰੋਧੀ ਧਿਰ ਦਲਬਦਲੀਆਂ ਕਰਵਾ ਕੇ ਇਮਰਾਨ ਖ਼ਾਨ ਸਰਕਾਰ ਨੂੰ ਡੇਗਣ ਲਈ ਪੱਬਾਂ ਭਾਰ ਹੋਈ ਪਈ ਹੈ। ਜੇ ਫ਼ੌਜ ਨੇ ਇਸ ਬਾਰੇ ਕੋਈ ਇਸ਼ਾਰਾ ਦੇ ਦਿੱਤਾ ਤਾਂ ਇਹ ਕੋਸ਼ਿਸ਼ਾਂ ਸਫ਼ਲ ਹੋ ਸਕਦੀਆਂ ਹਨ। ਸਤੰਬਰ ਮਹੀਨੇ ਤੋਂ ਪਹਿਲਾਂ ਜਨਰਲ ਬਾਜਵਾ ਆਪਣੇ ਉਤਰਾਧਿਕਾਰੀ ਦੇ ਨਾਂ ਦੀ ਸਿਫ਼ਾਰਸ਼ ਕਰਨਗੇ। ਸਾਫ ਜ਼ਾਹਰ ਹੈ ਕਿ ਇਮਰਾਨ ਖ਼ਾਨ ਆਪਣੇ ਚਹੇਤੇ ਫ਼ੈਜ਼ ਹਮੀਦ ਨੂੰ ਫੌਜ ਦਾ ਨਵਾਂ ਮੁਖੀ ਥਾਪਣਾ ਚਾਹੁਣਗੇ ਜਿਸ ਦੀ ਮਦਦ ਨਾਲ ਉਹ ਅਕਤੂਬਰ 2023 ਦੀਆਂ ਚੋਣਾਂ ਵਿਚ ਦੁਬਾਰਾ ਸੱਤਾ ਹਾਸਲ ਕਰ ਸਕਦੇ ਹਨ। ਇਸ ਨਾਲ ਫ਼ੌਜ ਅੰਦਰ ਤ੍ਰੇੜ ਪੈ ਸਕਦੀ ਹੈ ਕਿਉਂਕਿ ਫ਼ੈਜ਼ ਹਮੀਦ ਫ਼ੌਜ ਦੇ ਕੋਰ ਕਮਾਂਡਰਾਂ ਵਿਚੋਂ ਸਭ ਤੋਂ ਜੂਨੀਅਰ ਤੇ ਤਿੰਨ ਸਿਤਾਰਾ ਅਫ਼ਸਰ ਹਨ। ਕੀ ਪਾਕਿਸਤਾਨੀ ਫ਼ੌਜ ਇਹੋ ਜਿਹੇ ਹਾਲਾਤ ਵਿਚ ਕਿਸੇ ਪ੍ਰਧਾਨ ਮੰਤਰੀ ਦੇ ਇਹੋ ਜਿਹੇ ਫ਼ੈਸਲੇ ਨੂੰ ਪ੍ਰਵਾਨ ਕਰੇਗੀ ਜਾਂ ਇਹ ਆਪਣੀਆਂ ਤਰਜੀਹਾਂ ਨੂੰ ਅਮਲ ਵਿਚ ਲਿਆਉਣ ਲਈ ਇਹੋ ਜਿਹੀ ਨੌਬਤ ਪੈਦਾ ਹੀ ਹੋਣ ਨਹੀਂ ਦੇਵੇਗੀ? ਇਹ ਘਟਨਾਕ੍ਰਮ ਕੀ ਰੁਖ਼ ਅਖਤਿਆਰ ਕਰਦਾ ਹੈ, ਇਸ ਬਾਰੇ ਫਿਲਹਾਲ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਫ਼ੌਜ ਵਲੋਂ ਰਾਜਪਲਟਾ ਜਾਂ ਫਿਰ ਸਰਕਾਰ ਦੀ ਬਦਲੀ, ਪਾਕਿਸਤਾਨ ਵਿਚ ਕੋਈ ਨਵੀਂ ਗੱਲ ਤਾਂ ਨਹੀਂ ਹੋਵੇਗੀ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।