ਹਰੀਸ਼ ਜੈਨ
8 ਅਪਰੈਲ 1929 ਨੂੰ ਸੋਮਵਾਰ ਦੇ ਦਿਨ ਦਿੱਲੀ ਵਿਚ ਅਸੈਂਬਲੀ ਚੈਂਬਰ ਦੀਆਂ ਗੈਲਰੀਆਂ ਦਰਸ਼ਕਾਂ ਨਾਲ ਖਚਾਖਚ ਭਰੀਆਂ ਹੋਈਆਂ ਸਨ। ਅਸੈਂਬਲੀ ਦੇ ਪ੍ਰੈਜ਼ੀਡੈਂਟ ਸ੍ਰੀ ਵਿੱਠਲਭਾਈ ਜਵੇਰਭਾਈ ਪਟੇਲ ਦੀ ਪਬਲਿਕ ਸੇਫਟੀ ਬਿਲ ’ਤੇ ਰੂਲਿੰਗ ਆਉਣੀ ਸੀ ਜਿਸ ਬਿਲ ਬਾਰੇ ਦੇਸ਼ ਵਿਚ ਵਿਆਪਕ ਰੋਸ ਸੀ ਅਤੇ ਅਸੈਂਬਲੀ ਵਿਚ ਇਸ ਬਾਰੇ 28 ਮਾਰਚ 1929 ਨੂੰ ਸਿਲੈਕਟ ਕਮੇਟੀ ਵਾਲੀ ਰਿਪੋਰਟ ਪੇਸ਼ ਕੀਤੇ ਜਾਣ ਸਮੇਂ ਤੋਂ ਬਹਿਸ ਚੱਲ ਰਹੀ ਸੀ। ਸਦਨ ਦੀ ਕਾਰਵਾਈ ਟਰੇਡ ਡਿਸਪਿਊਟਸ ਬਿਲ ਦੀ ਤੀਸਰੀ ਪੜ੍ਹਤ ਤੋਂ ਸ਼ੁਰੂ ਹੋਈ। ਸਰਕਾਰੀ ਅਤੇ ਨੈਸ਼ਨਲਿਸਟ ਮੈਂਬਰਾਂ ਵਿਚ ਤਿੱਖੀ ਬਹਿਸ ਸੀ। ਮਸ਼ਹੂਰ ਪੱਤਰਕਾਰ ਸੀਐੱਸ ਰੰਗਾ ਆਇਰ ਨੇ ਇਸ ਨੂੰ ਟਰੇਡ ਯੂਨੀਅਨ ਦੇ ਨਵ ਜਨਮੇ ਬਾਲ ਦਾ ਗਲ਼ਾ ਘੁੱਟਣ ਦੇ ਤੁੱਲ ਦੱਸਿਆ ਪਰ ਸਰਕਾਰ ਨੇ ਆਪਣੇ ਦਬਾਉ ਨਾਲ ਬਿਲ ਪਾਸ ਕਰਵਾ ਲਿਆ। ਸਦਨ ਅਗਲੀ ਕਾਰਵਾਈ ਲਈ ਮੁੜ ਰੌਂਅ ਵਿਚ ਆਉਣ ਲੱਗਾ। ਇੰਡੀਆ ਸਟੈਇਯੂਟਰੀ ਕਮਿਸ਼ਨ ਦਾ ਚੇਅਰਮੈਨ ਸਰ ਜਾਨ ਸਾਇਮਨ ਰੂਲਿੰਗ ਸੁਣਨ ਲਈ ਪ੍ਰੈਜ਼ੀਡੈਂਟ ਗੈਲਰੀ ਵਿਚ ਦਾਖਿਲ ਹੋਇਆ। ਇਸ ਰੂਲਿੰਗ ਬਾਰੇ ਸਪੀਕਰ ਪਟੇਲ ਆਪਣਾ ਇਰਾਦਾ ਪਹਿਲਾਂ ਹੀ ਜ਼ਾਹਿਰ ਕਰ ਚੁੱਕੇ ਸਨ ਕਿ ਜਦੋਂ ਤਕ ਮੇਰਠ ਸਾਜਿ਼ਸ਼ ਕੇਸ ਅਦਾਲਤ ਅਧੀਨ ਹੈ, ਉਹ ਇਸ ਬਿਲ ਬਾਰੇ ਅਸੈਂਬਲੀ ਵਿਚ ਬਹਿਸ ਦੀ ਇਜਾਜ਼ਤ ਨਹੀਂ ਦੇ ਸਕਦੇ। ਗਾਊਨ ਅਤੇ ਸਿਰ ਉੱਤੇ ਵਿੱਗ ਪਹਿਨ ਪ੍ਰੈਜ਼ੀਡੈਂਟ ਪਟੇਲ ਆਪਣੇ ਸ਼ਾਂਤ ਚਿੱਤ ਸੁਭਾਅ ਨਾਲ ਕੁਰਸੀ ਤੋਂ ਉੱਠੇ। ਹਾਲ ਵਿਚ ਬਿਲਕੁੱਲ ਚੁੱਪ ਸੀ। ਸਮਾਂ 12.35 ਹੋ ਗਏ ਸਨ। ਪ੍ਰੈਜ਼ੀਡੈਂਟ ਪਟੇਲ ਨੇ ਬੋਲਣਾ ਸ਼ੁਰੂ ਕੀਤਾ, “ਜਿਵੇਂ ਟ੍ਰੇਡ ਡਿਸਪਿਊਟਸ ਬਿਲ ਦਾ ਅੜਿੱਕਾ ਹੁਣ ਮੁੱਕ ਗਿਆ ਹੈ, ਮੈਂ ਆਪਣੀ ਰੂਲਿੰਗ ਦੇਣ ਦੀ ਤਜਵੀਜ਼ ਕਰਦਾ ਹਾਂ…।” ਉਹ ਸਿਰਫ਼ ਇੰਨੇ ਸ਼ਬਦ ਹੀ ਬੋਲੇ ਸਨ ਕਿ ਉਨ੍ਹਾਂ ਦੀ ਲੰਮੀ ਤਕਰੀਰ ਬੰਬ ਦੇ ਧਮਾਕੇ ਅਤੇ ਫਿਰ ਉਸ ਦੇ ਮਗਰ ਦੂਸਰੇ ਬੰਬ ਦੇ ਧਮਾਕੇ ਦੀ ਗੂੰਜ ਵਿਚ ਦਬ ਗਈ।
ਕੁਝ ਗੋਲੀਆਂ ਚੱਲੀਆਂ ਅਤੇ ਕੁਝ ਪੈਂਫਲਟ ਅਸੈਂਬਲੀ ਦੇ ਚੈਂਬਰ ਵਿਚ ਆਪਣੀ ਆਵਾਜ਼ ਦਰਜ ਕਰਵਾਉਣ ਲਈ ਹਵਾ ਵਿਚ ਲਹਿਰਾਉਣ ਲੱਗੇ। ਬੰਬ ਫਟਣ ਨਾਲ ਹਾਲ ਧੂੰਏਂ ਨਾਲ ਭਰ ਗਿਆ। ਚਾਰੇ ਪਾਸੇ ਅਫ਼ਰਾ ਤਫ਼ਰੀ ਮਚ ਗਈ। ਜਿਸ ਨੂੰ ਜਿੱਧਰ ਜਗ੍ਹਾ ਮਿਲੀ, ਆਪਣੇ ਬਚਾਉ ਲਈ ਉੱਧਰ ਨੱਸ ਲਿਆ। ਇਸ ਭੱਜ-ਨੱਸ ਦੌਰਾਨ ਦਰਸ਼ਕ ਗੈਲਰੀ ਵਿਚ ਦੋ ਨੌਜਵਾਨ ਅਡੋਲ ਖੜ੍ਹੇ ਦਿਖਾਈ ਦੇ ਰਹੇ ਸਨ ਜਿਨ੍ਹਾਂ ਦੇ ਚਿਹਰੇ ’ਤੇ ਕੋਈ ਡਰ ਭੈਅ ਨਹੀਂ ਸੀ। ਆਪਣੇ ਆਲੇ-ਦੁਆਲੇ ਦੀ ਉਥਲ-ਪੁਥਲ ਤੋਂ ਨਿਰਲੇਪ ਖੜ੍ਹੇ ਉਹ ਇਕ ਚਿੱਤ ਹਾਲ ਵੱਲ ਦੇਖ ਰਹੇ ਸਨ। ਬੰਬ ਫਟਣ ਮਗਰੋਂ ਉਨ੍ਹਾਂ ਚੈਂਬਰ ਵਿਚ ਕੁਝ ਪਰਚੇ ਸੁੱਟੇ ਸਨ ਜਿਨ੍ਹਾਂ ਉੱਤੇ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ’ ਦਾ ਨੋਟਿਸ ਸੀ ਜਿਸ ਨੂੰ ਇਸ ਦੇ ਕਮਾਂਡਰ-ਇਨ-ਚੀਫ ਬਲਰਾਜ ਨੇ ਜਾਰੀ ਕੀਤਾ ਸੀ। ਬੰਬ ਸੁੱਟਣ ਮਗਰੋਂ ਉਨ੍ਹਾਂ ਵਿਚੋਂ ਇਕ ਨੇ ਪਿਸਟਲ ਦੇ ਦੋ ਹਵਾਈ ਫਾਇਰ ਕੀਤੇ ਅਤੇ ਫਿਰ ਪਿਸਟਲ ਨਾਲ ਪਈ ਖਾਲੀ ਸੀਟ ’ਤੇ ਸੁੱਟ ਦਿੱਤਾ। ਉਸ ਨੇ ਉੱਥੇ ਪਹੁੰਚੇ ਪੁਲੀਸ ਸਾਰਜੈਂਟ ਟੈਰੀ ਨੂੰ ਕਿਹਾ, “ਮੈਂ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾ ਦਿੱਤਾ ਹੈ।” ਉਸ ਨੇ ਸਾਰਜੈਂਟ ਨੂੰ ਇਸ਼ਾਰਾ ਕਰ ਕੇ ਸੀਟ ’ਤੇ ਪਏ ਆਪਣੇ ਪਿਸਟਲ ਬਾਰੇ ਦੱਸਿਆ। ਉਸ ਦੇ ਸਾਥੀ ਨੇ ਵੀ ਬਿਨਾਂ ਕਿਸੇ ਵਿਰੋਧ ਦੇ ਆਤਮ-ਸਮਰਪਣ ਕਰ ਦਿੱਤਾ।
ਬ੍ਰਿਟਿਸ਼ ਸਰਕਾਰ ਦੇ ਵਿੱਤ ਮੈਂਬਰ ਸਰ ਜਾਰਜ ਸ਼ੁਸਟਰ ਅਤੇ ਸਦਨ ਦੇ ਹੋਰ ਤਿੰਨ ਮੈਂਬਰ ਸਰ ਬੋਮਨ ਜੀ ਦਲਾਲ (ਮਨੋਨੀਤ-ਗ਼ੈਰ ਸਰਕਾਰੀ) ਅਤੇ ਰਾਘਵੇਂਦਰ ਰਾਉ, ਸ਼ੰਕਰ ਰਾਉ (ਦੋਵੇਂ ਮਨੋਨੀਤ-ਸਰਕਾਰੀ) ਜਖ਼ਮੀ ਹੋ ਗਏ ਸਨ। ਆਫੀਸਰ ਗੈਲਰੀ ਵਿਚ ਬੈਠੇ ਸ੍ਰੀ ਐੱਸਐੱਨ ਰਾਇ ਜਿਹੜੇ ਇੰਡੀਅਨ ਸੈਂਟਰਲ ਕਮੇਟੀ ਦੇ ਉਪ ਸਕੱਤਰ ਸਨ, ਦੇ ਬੰਬ ਦਾ ਟੁਕੜਾ ਵੱਜਿਆ। ਸਰ ਜਾਰਜ ਸ਼ੁਸਟਰ ਦੀ ਸੱਜੀ ਬਾਂਹ ਜ਼ਖ਼ਮੀ ਹੋ ਗਈ। ਬੰਬ ਦੇ ਟੁਕੜੇ ਨੇ ਉਸ ਦੇ ਕੋਟ ਅਤੇ ਕਮੀਜ਼ ਨੂੰ ਕੱਟ ਕੇ ਬਾਂਹ ਜ਼ਖ਼ਮੀ ਕਰ ਦਿੱਤੀ ਸੀ ਭਾਵੇਂ ਜ਼ਖ਼ਮ ਬਹੁਤਾ ਡੂੰਘਾ ਨਹੀਂ ਸੀ। ਸਰ ਬੋਮਨਜੀ ਜਿਹੜੇ ਸਦਨ ਵਿਚ ਚੁੱਪ ਰਹਿਣ ਲਈ ਬਹੁਤ ਪ੍ਰਸਿੱਧ ਸਨ, ਸਰ ਜਾਰਜ ਸ਼ੁਸਟਰ ਦੇ ਪਿਛਲੇ ਬੈਂਚ ’ਤੇ ਉਨ੍ਹਾਂ ਦੇ ਨੇੜੇ ਹੀ ਬੈਠੇ ਸਨ ਅਤੇ ਉਨ੍ਹਾਂ ਦਾ ਸੱਜਾ ਪੱਟ ਜ਼ਖ਼ਮੀ ਹੋ ਗਿਆ ਸੀ। ਇਹ ਬੰਬ ਦਾ ਕੁਝ ਵੱਡਾ ਟੁਕੜਾ ਸੀ ਜਿਸ ਦਾ ਜ਼ਖ਼ਮ ਧੁਰ ਮਾਸਪੇਸ਼ੀ ਤਕ ਅਪੜ ਗਿਆ ਸੀ। ਉਨ੍ਹਾਂ ਦਾ ਜ਼ਖ਼ਮ ਗੰਭੀਰ ਸੀ ਅਤੇ 2.5 ਇੰਚ ਲੰਮਾ ਅਤੇ ਅੱਧਾ ਇੰਚ ਗਹਿਰਾ ਸੀ। ਤੇ ਇਕ ਸਮੇਂ ਉਨ੍ਹਾਂ ਦੀ ਹਾਲਤ ਵੀ ਕੁਝ ਨਾਜ਼ੁਕ ਸੀ ਭਾਵੇਂ ਬਾਅਦ ਵਿਚ ਉਹ ਬਿਲਕੁਲ ਤੰਦਰੁਸਤ ਹੋ ਗਏ। ਐੱਸਐੱਨ ਰਾਇ ਦੀਆਂ ਸੱਜੇ ਹੱਥ ਦੀਆਂ ਦੋ ਉਂਗਲਾਂ ’ਤੇ ਚੋਟ ਆਈ ਸੀ। ਰਾਘਵੇਂਦਰ ਰਾਓ ਅਤੇ ਸ਼ੰਕਰ ਰਾਓ ਦੀਆਂ ਸੱਟਾਂ ਮਾਮੂਲੀ ਸਨ। ਜ਼ਿਆਦਾਤਰ ਮੈਂਬਰ ਵਾਲ ਵਾਲ ਬਚ ਗਏ ਸਨ। ਐਸੋਸੀਏਟਡ ਪ੍ਰੈੱਸ ਆਫ ਇੰਡੀਆ ਦੇ ਮੁਖੀ ਕੇਸੀ ਰਾਇ ਸੱਚਮੁੱਚ ਹੀ ਵਾਲ ਵਾਲ ਬਚੇ ਸਨ ਕਿਉਂਕਿ ਉਹ ਸਰਕਾਰੀ ਕਤਾਰ ਵਿਚ ਪਿਛਲੇ ਬੈਂਚ ’ਤੇ ਬੈਠੇ ਸਨ ਅਤੇ ਪਹਿਲੇ ਬੰਬ ਧਮਾਕੇ ਤੋਂ ਬਾਅਦ ਉੱਥੋਂ ਉੱਠੇ ਸਨ। ਦੂਜਾ ਬੰਬ ਉੱਥੇ ਹੀ ਡਿੱਗਿਆ ਸੀ। ਸਰ ਬੋਮਨਜੀ ਅਤੇ ਸਰ ਸ਼ੁਸਟਰ ਦੀ ਮੱਲ੍ਹਮ ਪੱਟੀ ਕਰਨਲ ਗਿਡਨੀ ਨੇ ਉੱਥੇ ਹੀ ਕਰ ਦਿੱਤੀ ਸੀ। ਉਹ ਮਨੋਨੀਤ ਮੈਂਬਰ ਸਨ। ਬੋਮਨਜੀ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਬੰਬ ਭਾਵੇਂ ਦੇਸੀ ਹੀ ਸਨ ਪਰ ਤਾਕਤ ਵਿਚ ਇੰਨੇ ਮਾੜੇ ਨਹੀਂ ਸਨ। ਪਹਿਲਾ ਬੰਬ ਫਰਸ਼ ’ਤੇ ਜਿੱਥੇ ਡਿੱਗਿਆ, ਟੋਆ ਪੈ ਗਿਆ ਅਤੇ ਦੂਸਰਾ ਬੰਬ ਜਿਸ ਨੂੰ ਸਾਰਿਆਂ ਨੇ, ਪ੍ਰੈਸ ਸਮੇਤ, ਜ਼ਿਆਦਾ ਸ਼ਕਤੀਸ਼ਾਲੀ ਮੰਨਿਆ ਸੀ, ਨੇ ਸਰਕਾਰੀ ਪਾਸੇ ਦੇ ਕੋਨੇ ਦੀ ਆਖਰੀ ਬੈਂਚ ਨੂੰ ਬਿਲਕੁੱਲ ਨਕਾਰਾ ਕਰਕੇ, ਉਸ ਦੇ ਪਿਛਲੇ ਬੈਂਚ ਨੂੰ ਵੀ ਤਬਾਹ ਕਰ ਦਿੱਤਾ। ਸਰਕਾਰੀ ਗੈਲਰੀ ਦੇ ਸੰਗਮਰਮਰ ਦੇ ਖੰਭੇ ’ਤੇ ਗੋਲੀ ਦਾ ਨਿਸ਼ਾਨ ਪੈ ਗਿਆ। ਬੰਬਾਂ ਦੇ ਟੁਕੜੇ ਚੈਂਬਰ ਅਤੇ ਗੈਲਰੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਥਾਂ ਪੁਰ ਥਾਂ ਖਿੰਡ ਗਏ। ਇਸ ਦੌਰਾਨ ਪ੍ਰੈਜ਼ੀਡੈਂਟ, ਸਰਕਾਰੀ ਮੈਂਬਰ ਅਤੇ ਸਵਰਾਜ ਪਾਰਟੀ ਦੇ ਜ਼ਿਆਦਾਤਰ ਮੈਂਬਰ ਆਪਣੀਆਂ ਸੀਟਾਂ ’ਤੇ ਬੈਠੇ ਰਹੇ। ਪ੍ਰੈਜ਼ੀਡੈਂਟ ਪਟੇਲ ਨੇ ਸਦਨ ਨੂੰ ਆਰਡਰ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਘੜਮੱਸ ਦੇ ਇਸ ਮਾਹੌਲ ਵਿਚ ਉਹ ਆਪਣੇ ਚੈਂਬਰ ਵਿਚ ਚਲੇ ਗਏ। ਕੁਝ ਮਿੰਟਾਂ ਬਾਅਦ ਵਾਪਸ ਆ ਕੇ ਸਪੀਕਰ ਦੀ ਕੁਰਸੀ ’ਤੇ ਬੈਠ ਗਏ।
ਸਦਨ 15 ਮਿੰਟ ਬਾਅਦ ਸ਼ੁਰੂ ਹੋ ਗਿਆ। ਜ਼ਿਆਦਾਤਰ ਮੈਂਬਰ ਲਾਬੀ ਤਕ ਹੀ ਗਏ ਸਨ। ਚੈਂਬਰ ਅਜੇ ਵੀ ਧੂੰਏਂ ਨਾਲ ਭਰਿਆ ਸੀ। ਸਦਨ ਦੇ ਨੇਤਾ, ਜੇਮਸ ਕ੍ਰੀਅਰਰ ਨਾਲ ਮਸ਼ਵਰਾ ਕਰ ਕੇ ਪ੍ਰੈਜ਼ੀਡੈਂਟ ਨੇ ਸਦਨ ਦੀ ਕਾਰਵਾਈ ਵੀਰਵਾਰ, 11 ਅਪਰੈਲ 1929 ’ਤੇ ਪਾ ਦਿੱਤੀ। ਸੀਨੀਅਰ ਅਫਸਰਾਂ ਦੇ ਆਉਣ ਤਕ ਦੋਵੇਂ ਨੌਜਵਾਨਾਂ ਨੂੰ ਹਿਰਾਸਤ ਵਿਚ ਰੱਖਣ ਲਈ ਪਹਿਲੀ ਮੰਜ਼ਿਲ ’ਤੇ ਇਕ ਕਮਰਾ ਪੁਲੀਸ ਨੂੰ ਦੇ ਦਿੱਤਾ ਗਿਆ। ਪੁਲੀਸ ਨੇ ਦੋਵਾਂ ਨੌਜਵਾਨਾਂ ਦੀ ਹਥਿਆਰ, ਹੋਰ ਕਾਗ਼ਜ਼ਾਂ ਆਦਿ ਲਈ ਜਾਮਾ ਤਲਾਸ਼ੀ ਲਈ। ਦੋਵੇਂ ਇਸ ਦੌਰਾਨ ਬਿਲਕੁੱਲ ਸ਼ਾਂਤ ਚਿਤ ਸਨ। ਉਨ੍ਹਾਂ ਨੇ ਆਪਣਾ ਸਾਰਾ ਕਾਰਜ ਕਬੂਲ ਕੀਤਾ ਅਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਸਾਰੇ ਜਵਾਬ ਅਦਾਲਤ ਵਿਚ ਆਪਣੇ ਬਿਆਨ ਵਿਚ ਦੇਣਗੇ। ਸਦਨ ਦੇ ਉੱਠ ਜਾਣ ’ਤੇ ਪੁਲੀਸ ਨੇ ਕੌਂਸਲ ਹਾਊਸ (ਅੱਜ ਦੀ ਪਾਰਲੀਮੈਂਟ) ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਸਾਰੀ ਭੀੜ ਨੂੰ ਦੋ ਘੰਟਿਆਂ ਲਈ ਰੋਕ ਲਿਆ ਸੀ। ਇਸ ਦੌਰਾਨ ਪੁਲੀਸ ਚੈਂਬਰ ਦੀ ਪੜਤਾਲ ਕਰ ਰਹੀ ਸੀ। ਦੋਵੇਂ ਨੌਜਵਾਨ ਜਿਨ੍ਹਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਸੀ, ਵਿਚੋਂ ਇਕ ਨੇ ਖਾਕੀ ਨਿੱਕਰ ਪਾਈ ਹੋਈ ਸੀ। ਉਸ ਦਾ ਨਾਂ ਭਗਤ ਸਿੰਘ ਸੀ। ਗੈਲਰੀ ਵਿਚ ਖੜ੍ਹੇ ਦਰਸ਼ਕਾਂ ਨੇ ਦੱਸਿਆ ਸੀ ਕਿ ਉਸ ਨੇ ਪਹਿਲਾਂ ‘ਵੰਦੇ ਮਾਤ੍ਰਮ’ ਦਾ ਨਾਅਰਾ ਲਗਾਇਆ ਅਤੇ ਫਿਰ ਬੰਬ ਸੁੱਟਿਆ ਜਿਹੜਾ ਸਿੱਧਾ ਮੂਹਰਲੇ ਸਰਕਾਰੀ ਬੈਂਚਾਂ ਉੱਤੇ ਡਿੱਗਿਆ। ਕੁਝ ਸਮਕਾਲੀ ਅਖ਼ਬਾਰਾਂ ਅਨੁਸਾਰ ਉਨ੍ਹਾਂ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਸਨ। ਉਹ ਨੈਸ਼ਨਲ ਯੂਨੀਵਰਸਿਟੀ ਦਾ ਸਨਾਤਕ ਸੀ ਅਤੇ ਸਰਦਾਰ ਕਿਸ਼ਨ ਸਿੰਘ ਦਾ ਪੁੱਤਰ, ਸਰਦਾਰ ਅਜੀਤ ਸਿੰਘ ਦਾ ਭਤੀਜਾ।
ਦੂਸਰੇ ਨੌਜਵਾਨ ਨੇ ਕਾਲਜ ਵਿਦਿਆਰਥੀਆਂ ਵਰਗੇ ਕੱਪੜੇ ਪਾਏ ਹੋਏ ਸਨ। ਉਸ ਦਾ ਨਾਂ ਬਟੁਕੇਸ਼ਵਰ ਦੱਤ ਸੀ ਅਤੇ ਕਾਨਪੁਰ ਰਹਿਣ ਵਾਲਾ ਬੰਗਾਲੀ ਸੀ। ਭਗਤ ਸਿੰਘ ਨੇ ਹੈਟ ਪਹਿਨਿਆ ਹੋਇਆ ਸੀ ਅਤੇ ਦੱਤ ਸਿਰ ਤੋਂ ਨੰਗਾ ਸੀ। ਦੋਵੇਂ ਨੌਜਵਾਨਾਂ ਨੇ ਦੱਸਿਆ ਸੀ ਕਿ ਉਹ ਬਿਨਾਂ ਕਿਸੇ ਪਾਸ ਤੋਂ ਸਵੇਰੇ ਸੁਵਖ਼ਤੇ ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਅਸੈਂਬਲੀ ਵਿਚ ਦਾਖਿਲ ਹੋ ਗਏ ਸਨ। ਉਨ੍ਹਾਂ ਨੇ ਲੇਡੀਜ਼ ਗੈਲਰੀ ਦੇ ਨਾਲ ਪਬਲਿਕ ਗੈਲਰੀ ਵਿਚ ਪ੍ਰੈਜ਼ੀਡੈਂਟ ਦੀ ਚੇਅਰ ਦੇ ਸੱਜੇ ਪਾਸੇ ਦੀਆਂ ਸੀਟਾਂ ਲੈ ਲਈਆਂ ਸਨ। ਜਲਦੀ ਹੀ ਸਦਨ ਮੁਲਤਵੀ ਹੋ ਗਿਆ ਅਤੇ 70 ਪੁਲੀਸ ਕਰਮਚਾਰੀਆਂ ਨੂੰ ਅਸੈਂਬਲੀ ਚੈਂਬਰ ਦੀ ਦਿਨ ਰਾਤ ਰਾਖੀ ਲਈ ਤਾਇਨਾਤ ਕਰ ਦਿੱਤਾ ਗਿਆ। ਬਟੁਕੇਸ਼ਵਰ ਦੱਤ ਨੂੰ ਕਰੜੀ ਸੁਰੱਖਿਆ ਵਿਚ ਨਵੀਂ ਦਿੱਲੀ ਥਾਣੇ ਲਿਜਾਇਆ ਗਿਆ ਅਤੇ ਭਗਤ ਸਿੰਘ ਨੂੰ ਸੈਂਟਰਲ ਪੁਲੀਸ ਸਟੇਸ਼ਨ ਚਾਂਦਨੀ ਚੌਕ ਵਿਚ ਲਿਜਾਇਆ ਗਿਆ। ਅਸੈਂਬਲੀ ਦੇ ਬਾਹਰ ਭੀੜ ਜਮ੍ਹਾਂ ਹੋ ਗਈ ਸੀ।
ਬਾਅਦ ਦੀ ਪੁਲੀਸ ਤਫਤੀਸ਼ ਤੋਂ ਪਤਾ ਲੱਗਿਆ ਕਿ ਭਗਤ ਸਿੰਘ ਕੋਲ ਬੈਲਜੀਅਨ ਬਰਾਉਨਿੰਗ ਆਟੋਮੈਟਿਕ ਪਿਸਟਲ ਸੀ। ਇਕ ਭਰੀ ਹੋਈ ਮੈਗਜ਼ੀਨ ਪਿਸਟਲ ਵਿਚ ਸੀ ਅਤੇ ਦੂਸਰੀ ਉਸ ਕੋਲ ਜੇਬ ਵਿਚ ਸੀ। ਭਗਤ ਸਿੰਘ ਕੋਲ ਇਕ ਹੋਰ ਭਰੀ ਹੋਈ ਪਿਸਤੌਲ ਸੀ। ਰਿਪੋਰਟ ਨੇ ਇਹ ਵੀ ਦੱਸਿਆ ਕਿ ਦੋ ਗੋਲੀਆਂ ਚਲਾਉਣ ਬਾਅਦ ਪਿਸਤੌਲ ਜਾਮ ਹੋ ਗਿਆ ਅਤੇ ਨਾ ਚੱਲਿਆ। ਭਗਤ ਸਿੰਘ ਨੇ ਪਿਸਤੌਲ ਸੀਟ ’ਤੇ ਸੁੱਟ ਦਿੱਤਾ ਸੀ। ਉਸ ਕੋਲੋਂ 14 ਕਾਰਤੂਸ ਬਰਾਮਦ ਹੋਏ ਸਨ (ਦੂਸਰੀ ਪਿਸਤੌਲ ਦਾ ਜਿ਼ਕਰ ਕੁਝ ਕੁ ਸਮਕਾਲੀ ਅਖਬਾਰਾਂ ਵਿਚ ਹੈ ਪਰ ਬਾਅਦ ਵਿਚ ਅਤੇ ਅਦਾਲਤੀ ਕਾਰਵਾਈ ਵਿਚ ਇਸ ਦਾ ਜਿ਼ਕਰ ਨਹੀਂ ਆਉਂਦਾ)। 8 ਅਪਰੈਲ 1929 ਨੂੰ ਲੈਜਿਸਲੇਟਿਵ ਅਸੈਂਬਲੀ ਦੀ ਬਹਿਸ ਵਿਚ ਇਸ ਘਟਨਾ ਬਾਰੇ ਸਿਰਫ਼ ਇੰਨਾ ਹੀ ਦਰਜ ਹੈ: ਦਰਸ਼ਕ ਗੈਲਰੀ ਵਿਚੋਂ ਦੋ ਬੰਬ ਸੁੱਟੇ ਗਏ ਜਿਹੜੇ ਸਰਕਾਰੀ ਬੈਂਚਾਂ ’ਤੇ ਬੈਠੇ ਮੈਂਬਰਾਂ ਵਿਚਕਾਰ ਡਿੱਗੇ ਜਿਸ ਨਾਲ ਕੁਝ ਮੈਂਬਰਾਂ ਦੇ ਸੱਟਾਂ ਲੱਗੀਆਂ। ਅਫ਼ਰਾ-ਤਫ਼ਰੀ ਜਿਹੀ ਮਚ ਗਈ। ਪ੍ਰੈਜ਼ੀਡੈਂਟ ਆਪਣੇ ਨਿਜੀ ਚੈਂਬਰ ਵਿਚ ਚਲੇ ਗਏ। ਕੁਝ ਮਿੰਟਾਂ ਬਾਅਦ ਪ੍ਰੈਜ਼ੀਡੈਂਟ ਆਪਣੀ ਕੁਰਸੀ ’ਤੇ ਵਾਪਸ ਬਿਰਾਜਮਾਨ ਹੋ ਗਏ।” ਸਾਈਮਨ ਕਮਿਸ਼ਨ ਵਿਚ ਕੋਈ ਵੀ ਭਾਰਤੀ ਮੈਂਬਰ ਨਾ ਸ਼ਾਮਿਲ ਕੀਤੇ ਜਾਣ ਕਰਕੇ ਇਸ ਦੇ ਵਿਰੋਧ ਵਿਚ ਦੇਸ਼ ਭਰ ਵਿਚ ਹੜਤਾਲਾਂ ਤੇ ਮੁਜ਼ਾਹਰੇ ਹੋਏ ਸਨ। ਲਾਹੌਰ ਵਾਲੇ ਮੁਜ਼ਾਹਰੇ ਵਿਚ ਨੌਜਵਾਨ ਭਾਰਤ ਸਭਾ ਦੀ ਸ਼ਮੂਲੀਅਤ ਸੀ। ਲਾਲਾ ਲਾਜਪਤ ਰਾਏ ਦੇ ਸੱਟਾਂ ਲੱਗੀਆਂ ਜਿਨ੍ਹਾਂ ਦੀ ਤਾਬ ਨਾ ਝੱਲਦੇ ਹੋਏ 17 ਨਵੰਬਰ 1928 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਅਸੈਂਬਲੀ ਵਿਚ ਗ਼ੈਰ-ਸਰਕਾਰੀ ਮਤਾ 11 ਫਰਵਰੀ 1929 ਨੂੰ ਪੇਸ਼ ਕੀਤਾ ਗਿਆ ਕਿ ਲਾਲਾ ਜੀ ਦੀ ਮੌਤ ਦੇ ਕਾਰਨਾਂ ਅਤੇ ਹਾਲਾਤ ਦੀ ਪੂਰੀ ਤਫਤੀਸ਼ ਕਰਵਾਈ ਜਾਵੇ। ਵਿਦੇਸ਼ੀ ਕੱਪੜੇ ਦਾ ਬਾਈਕਾਟ ਕਰਕੇ ਮਹਾਤਮਾ ਗਾਂਧੀ ਨੂੰ 4 ਮਾਰਚ 1929 ਨੂੰ ਕਲਕੱਤਾ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ।
ਮੇਰਠ ਸਾਜਿ਼ਸ਼ ਕੇਸ
ਮੇਰਠ ਦੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ’ਤੇ ਕਲਕੱਤਾ, ਬੰਬਈ, ਮਦਰਾਸ, ਲਖਨਊ, ਪੂਨਾ, ਅਲਾਹਾਬਾਦ ਅਤੇ ਹੋਰ ਸ਼ਹਿਰਾਂ ਵਿਚ ਮਜ਼ਦੂਰ ਲਹਿਰ ਨਾਲ ਜੁੜੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ’ਤੇ ਬਗ਼ਾਵਤ ਦੇ ਦੋਸ਼ਾਂ ਅਧੀਨ ਮੁਕੱਦਮਾ ਦਰਜ ਕਰ ਲਿਆ। ਦੇਸ਼ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਝਲਕਾਰਾ ਅਸੈਂਬਲੀ ਹਾਲ ਵਿਚ ਨਿੱਤ ਹੀ ਨਜ਼ਰ ਆਉਂਦਾ ਸੀ। ਫਾਈਨਾਂਸ ਬਿਲ ਪਾਸ ਕਰਨ ਲਈ ਵੀ ਕੋਈ ਦਸ ਵਾਰ ਵੋਟ ਡਿਵੀਜ਼ਨ ਹੋਈ ਸੀ। ਸਿਲੈਕਟ ਕਮੇਟੀ ਵਿਚ ਪਬਲਿਕ ਸੇਫਟੀ ਬਿਲ ਉੱਤੇ ਭਖਵੀਂ ਬਹਿਸ ਹੋਈ ਜਿਹੜੀ ਸਦਨ ਵਿਚ ਉਸ ਦੀ ਰਿਪੋਰਟ ਪੇਸ਼ ਹੋਣ ਪਿੱਛੋਂ ਜਾਰੀ ਰਹੀ। ਬਿਲ ਦਾ ਪ੍ਰਵਾਨਤ ਮਕਸਦ ਭਾਵੇਂ ਦੇਸ਼ ਵਿਚ ਕਮਿਊਨਿਜ਼ਮ ਦੇ ਫੈਲਾਉ ਨੂੰ ਰੋਕਣਾ ਅਤੇ ਉਨ੍ਹਾਂ ਤਾਕਤਾਂ ਨੂੰ ਨੱਥ ਪਾਉਣਾ ਸੀ ਜਿਹੜੀਆਂ ਸਿੱਧੇ ਜਾਂ ਅਸਿੱਧੇ ਰੂਪ ਵਿਚ ਹਿੰਸਕ ਸਾਧਨਾਂ ਰਾਹੀਂ ਸਰਕਾਰ ਦਾ ਤਖਤਾ ਪਲਟਣਾ ਚਾਹੁੰਦੇ ਸਨ ਪਰ ਮਦਨ ਮੋਹਨ ਮਾਲਵੀਆ ਜੀ ਨੇ ਕਿਹਾ ਕਿ ਸਰਕਾਰ ਇਸ ਬਿਲ ਰਾਹੀਂ ਅਦਾਲਤਾਂ ਦੀਆਂ ਸਾਰੀਆਂ ਸ਼ਕਤੀਆਂ ਆਪਣੇ ਹੱਥਾਂ ਵਿਚ ਲੈ ਲਵੇਗੀ ਅਤੇ ਕਿਸੇ ਨੂੰ ਵੀ ਬਿਨਾਂ ਮੁਕੱਦਮਾ ਚਲਾਏ ਜੇਲ੍ਹ ਵਿਚ ਤੁੰਨ ਦਿੱਤਾ ਜਾਵੇਗਾ, ਉਸ ਕੋਲ ਸਿਰਫ਼ ਤਿੰਨ ਜੱਜਾਂ ਕੋਲ ਅਪੀਲ ਕਰਨ ਦੀ ਗੁੰਜਾਇਸ਼ ਰਹਿ ਜਾਏਗੀ। ਮੋਤੀ ਲਾਲ ਨਹਿਰੂ ਜੀ ਨੇ ਇਸ ਨੂੰ ‘ਭਾਰਤੀ ਗੁਲਾਮੀ ਦਾ ਬਿਲ’ ਕਹਿ ਕੇ ਨਿੰਦਿਆ। ਜਿਸ ਸਮੇਂ ਇਹ ਬਿਲ ਪੇਸ਼ ਹੋਇਆ ਸੀ, 31 ਬੰਦੇ ਜਿਨ੍ਹਾਂ ਵਿਚ ਦੋ ਬ੍ਰਿਟਿਸ਼ ਨਾਗਰਿਕ ਫਿਲਿਪ ਸਪ੍ਰੈਟ ਅਤੇ ਬੈਂਜਾਮਿਨ ਫ੍ਰੈਂਕਿਸ ਵੀ ਸ਼ਾਮਿਲ ਸਨ, ਉਤੇ ਮੇਰਠ ਵਿਚ ਮੁਕੱਦਮਾ ਚਲਾਇਆ ਜਾ ਰਿਹਾ ਸੀ ਕਿ ਉਹ ਕਮਿਊਨਿਸਟ ਇੰਟਰਨੈਸ਼ਨਲ ਦੇ ਮੈਂਬਰ ਸਨ, ਭਾਰਤ ਵਿਚ ਹਥਿਆਰਬੰਦ ਬਗ਼ਾਵਤ ਦੀ ਤਿਆਰੀ ਕਰ ਰਹੇ ਸਨ ਅਤੇ ਇੱਥੇ ਮਾਸਕੋ ਦਾ ਰਾਜ ਕਾਇਮ ਕਰਨਾ ਚਾਹੁੰਦੇ ਸਨ। ਇਨ੍ਹਾਂ ਸਾਰਿਆਂ ’ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਇਆ ਜਾ ਰਿਹਾ ਸੀ ਜਿਹੜਾ ਮੇਰਠ ਸਾਜਿ਼ਸ਼ ਕੇਸ ਦੇ ਨਾਂ ਨਾਲ ਮਸ਼ਹੂਰ ਹੋਇਆ। ਕਿਸਾਨ ਮਜ਼ਦੂਰ ਸੰਗਠਨਾਂ ਅਤੇ ਨੌਜਵਾਨ ਦਲਾਂ ਦੇ ਨੇਤਾਵਾਂ ਦੀ ਫੜੋ-ਫੜਾਈ ਪੂਰੇ ਹਿੰਦੋਸਤਾਨ ਵਿਚ ਕੀਤੀ ਜਾ ਰਹੀ ਸੀ। 21 ਮਾਰਚ 1929 ਨੂੰ ਪੰਡਿਤ ਮੋਤੀ ਲਾਲ ਨਹਿਰੂ ਨੇ ਇਸ ਮਸਲੇ ’ਤੇ ‘ਸ਼ੌਰਟ ਨੋਟਿਸ’ ਸਵਾਲ ਕੀਤਾ ਅਤੇ ਤੁਰੰਤ ਬਾਅਦ ਇਸ ਬਾਰੇ ਤੁਰੰਤ ਬਹਿਸ ਲਈ ਸਦਨ ਨੂੰ ਮੁਲਤਵੀ ਕਰਨ ਦਾ ਨੋਟਿਸ ਦੇ ਦਿੱਤਾ। ਇਸ ਨੋਟਿਸ ’ਤੇ ਸ਼ਾਮ 4 ਵਜੇ ਸੁਣਵਾਈ ਹੋਣੀ ਸੀ ਪਰ ਇਸ ਤੋਂ ਪਹਿਲਾਂ ਵਾਇਸਰਾਏ ਨੇ ਆਪਣੀਆਂ ਤਾਕਤਾਂ ਵਰਤਦੇ ਹੋਏ ‘ਪਬਲਿਕ ਹਿਤਾਂ’ ਨੂੰ ਮੁੱਖ ਰੱਖ ਕੇ ਇਸ ਨੋਟਿਸ ’ਤੇ ਕਾਰਵਾਈ ਕੀਤੇ ਜਾਣ ਦੀ ਇਜਾਜ਼ਤ ਨਾ ਦਿੱਤੀ। 28 ਮਾਰਚ 1929 ਨੂੰ ਜਦੋਂ ਪਬਲਿਕ ਸੇਫਟੀ ਬਿਲ ਅਸੈਂਬਲੀ ਵਿਚ ਬਹਿਸ ਹੇਠ ਆਇਆ ਸੀ ਤਾਂ ਐੱਮਆਰ ਜੈਯਕਰ ਨੇ ਪ੍ਰੈਜ਼ੀਡੈਂਟ ਦੇ ਧਿਆਨ ਵਿਚ ਲਿਆਂਦਾ ਸੀ ਕਿ ਸਦਨ ਵਿਚ ਦੋਵਾਂ ਧਿਰਾਂ ਵਲੋਂ ਦਿੱਤੇ ਜਾਣ ਵਾਲੇ ਬਿਆਨ ਹਰ ਹੀਲੇ ਅਦਾਲਤ ਅਧੀਨ ਮਸਲੇ ਵਿਚ ਦਖ਼ਲਅੰਦਾਜ਼ੀ ਕਰਨਗੇ। ਅਸੀਂ ਚਾਹੁੰਦੇ ਜਾਂ ਨਾ ਚਾਹੁੰਦਿਆਂ ਬਹੁਤ ਸਾਰੇ ਅਜਿਹੇ ਮਸਲਿਆਂ ’ਤੇ ਗੱਲਾਂ ਕਰਾਂਗੇ ਜਿਹੜੇ ਮੁਕੱਦਮੇ ਦੀ ਕਾਰਵਾਈ ਨੂੰ ਕਿਵੇਂ ਨਾ ਕਿਵੇਂ ਪ੍ਰਭਾਵਿਤ ਕਰਨਗੇ। ਇਸ ਬਿਲ ਦੀਆਂ ਮਦਾਂ ’ਤੇ ਵਿਚਾਰ ਕਰਦੇ ਹੋਏ ਵੀ ਅਸੀਂ ਬਹੁਤ ਸਾਰੇ ਅਜਿਹੇ ਸਵਾਲ-ਜਵਾਬ ਕਰ ਰਹੇ ਹੋਵਾਂਗੇ ਜਿਹੜੇ ਅਦਾਲਤ ਅਧੀਨ ਇਸ ਮੁਕੱਦਮੇ ਦੀ ਕਾਰਵਾਈ ’ਤੇ ਅਸਰ ਪਾਉਣਗੇ ਜਿਵੇਂ ਦੇਸ਼ ਵਿਚ ਕਮਿਊਨਿਸਟ ਲਹਿਰ ਦੇ ਫੈਲਾਉ ਅਤੇ ਦੇਸ਼ ਦੇ ਬਾਹਰ ਤੋਂ ਆ ਰਹੇ ਪੈਸੇ ਤੇ ਇਸ ਬਿਲ ਦੀਆਂ ਮਦਾਂ ਰਾਹੀਂ ਉਸ ਪੈਸੇ ਨੂੰ ਸਰਕਾਰ ਰਾਹੀਂ ਜ਼ਬਤ ਕਰਨ ਲਈ ਬੈਂਕ ਸਕੱਤਰ ਨੂੰ ਅਜਿਹੀਆਂ ਸ਼ਕਤੀਆਂ ਸੌਂਪਣੀਆਂ ਜਿਨ੍ਹਾਂ ਨੂੰ ਕਿ ਮੈਂ ਨਿੱਜੀ ਤੌਰ ’ਤੇ ਵੀ ਬਹੁਤ ਸਖ਼ਤ ਮੰਨਦਾ ਹਾਂ। ਉਸ ਦਿਨ ਸਦਨ ਦੀ ਕਾਰਵਾਈ ਇਸ ਤੋਂ ਅਗਾਂਹ ਨਾ ਤੁਰ ਸਕੀ।
ਜਦੋਂ 2 ਅਪਰੈਲ 1929 ਨੂੰ ਬਿਲ ਫਿਰ ਬਹਿਸ ਲਈ ਆਇਆ, ਪ੍ਰੈਜ਼ੀਡੈਂਟ ਨੇ ਕਾਰਵਾਈ ਅਗਾਂਹ ਵਧਾਉਣ ਬਾਰੇ ਆਪਣਾ ਖਦਸ਼ਾ ਪ੍ਰਗਟ ਕੀਤਾ ਕਿ ਮੇਰਠ ਸਾਜਿ਼ਸ਼ ਕੇਸ ਦੇ ਚੱਲਦਿਆਂ ਇਸ ਬਿਲ ’ਤੇ ਬਹਿਸ ਜਾਰੀ ਰੱਖਣੀ ਜਾਇਜ਼ ਨਹੀਂ ਕਿਉਂਕਿ ਇਸ ਬਿਲ ਦੇ ਬਹੁਤ ਸਾਰੇ ਮੁੱਦੇ ਉਸ ਮੁਕੱਦਮੇ ਨਾਲ ਸਿੱਧਾ ਸਬੰਧ ਰੱਖਦੇ ਹਨ। ਇਸ ਲਈ ਉਨ੍ਹਾਂ ਨੇ ਸਰਕਾਰ ਨੂੰ ਰਾਇ ਦਿੱਤੀ ਕਿ ਉਨ੍ਹਾਂ ਅਨੁਸਾਰ ਸਦਨ ਦੀ ਇਕ ਮਤ ਰਾਇ ਸੀ ਕਿ ਕਿਵੇਂ ਵੀ ਮੇਰਠ ਸਾਜਿ਼ਸ਼ ਕੇਸ ਨੂੰ ਪ੍ਰਭਾਵਿਤ ਨਾ ਕੀਤਾ ਜਾਵੇ। ਇਸ ਲਈ ਉਨ੍ਹਾਂ ਫ਼ੈਸਲਾ ਕੀਤਾ ਕਿ ਇਸ ਤੋਂ ਪਹਿਲਾਂ ਕਿ ਇਸ ਬਾਰੇ ਉਹ ਆਪਣੀ ਰੂਲਿੰਗ ਸੁਣਾਉਣ ਸਰਕਾਰ, ਜਾਂ ਤਾਂ ਮੇਰਠ ਸਾਜਿ਼ਸ਼ ਕੇਸ ਦੇ ਪੂਰੇ ਹੋਣ ਤਕ ਬਿਲ ਨੂੰ ਮੁਲਤਵੀ ਕਰ ਲਵੇ ਜਾਂ ਮੁਕੱਦਮੇ ਨੂੰ ਬਿਲ ਪਾਸ ਹੋਣ ਤਕ ਵਾਪਸ ਲੈ ਲਵੇ ਅਤੇ ਬਿਲ ਪਾਸ ਹੋਣ ਮਗਰੋਂ ਮੁਕੱਦਮਾ ਦੁਬਾਰਾ ਸ਼ੁਰੂ ਕਰ ਲਵੇ। ਜਿਵੇਂ ਆਸ ਸੀ, ਸਰਕਾਰ ਨੂੰ ਇਹ ਸੰਜੀਦਾ ਰਾਇ ਉੱਕਾ ਹੀ ਪਸੰਦ ਨਾ ਆਈ। ਗ੍ਰਹਿ ਮੈਂਬਰ ਨੇ 4 ਅਪਰੈਲ 1929 ਨੂੰ ਪ੍ਰੈਜ਼ੀਡੈਂਟ ਨੂੰ ਦੱਸਿਆ ਕਿ ਸਰਕਾਰ ਨੂੰ ਉਨ੍ਹਾਂ ਦੀਆਂ ਦੋਵਾਂ ਵਿਚੋਂ ਕੋਈ ਵੀ ਤਜਵੀਜ਼ ਮਨਜ਼ੂਰ ਨਹੀਂ ਹੈ। ਇਸ ਪਿੱਛੋਂ ਪੰਡਿਤ ਮੋਤੀ ਲਾਲ ਨਹਿਰੂ ਨੇ ਪ੍ਰੈਜ਼ੀਡੈਂਟ ਨੂੰ ਬੇਨਤੀ ਕੀਤੀ ਕਿ ਸਦਨ ਨੂੰ ਗ੍ਰਹਿ ਮੈਂਬਰ ਦੇ ਬਿਆਨ ’ਤੇ ਵਿਚਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਇਸ ਬਾਰੇ ਸਦਨ ਵੀ ਆਪਣੇ ਵਿਚਾਰ ਪ੍ਰਗਟ ਕਰ ਸਕੇ। ਪ੍ਰੈਜ਼ੀਡੈਂਟ ਦੇ ਹਾਂ ਕਰਨ ’ਤੇ ਇਹ ਚਰਚਾ 5 ਅਪਰੈਲ ਨੂੰ ਹੋਈ ਜਿਸ ਦੇ ਸੰਪੂਰਨ ਹੋਣ ’ਤੇ ਪ੍ਰੈਜ਼ੀਡੈਂਟ ਨੇ ਆਪਣਾ ਫ਼ੈਸਲਾ ਸੁਣਾਉਣ ਲਈ 8 ਅਪਰੈਲ 1929 ਦਾ ਦਿਨ ਮਿੱਥ ਲਿਆ।
ਉਹ ਦਿਨ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਆਪਣੇ ਐਕਸ਼ਨ ਲਈ ਤੈਅ ਕਰ ਲਿਆ ਜੋ ਉਨ੍ਹਾਂ 8 ਅਪਰੈਲ ਨੂੰ 12 ਵੱਜ ਕੇ 35 ਮਿੰਟ ਉਪਰੰਤ ਅੰਜ਼ਾਮ ਦੇ ਦਿੱਤਾ। ਬ੍ਰਿਟਿਸ਼ ਸਾਮਰਾਜ ਦੀ ਮੂੰਹਜ਼ੋਰ ਤਾਕਤ ਦਾ ਸਭ ਤੋਂ ਵਧੀਆ ਮੁਜ਼ਾਹਰਾ ਅਸੈਂਬਲੀ ਦੀ ਕਾਰਵਾਈ ਵਿਚ ਵੀ ਪੇਸ਼ ਹੁੰਦਾ ਸੀ ਅਤੇ ਭਗਤ ਸਿੰਘ ਹੁਰਾਂ ਦਾ ਚੈਂਬਰ ਵਿਚ ਸੁੱਟਿਆ ਪੈਂਫਲਟ ਇਸ ਧੌਂਸ ਨੂੰ ਸਿੱਧੀ ਵੰਗਾਰ ਸੀ। ‘ਰੈਡ ਪੈਂਫਲਟ’ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਆਰਮੀ ਨੋਟਿਸ ‘ਬੋਲਿਆਂ ਨੂੰ ਸੁਣਾਉਣ ਲਈ ਉੱਚੀ ਆਵਾਜ਼ ਦੀ ਲੋੜ ਪੈਂਦੀ ਹੈ’। ਇਨ੍ਹਾਂ ਸ਼ਬਦਾਂ ਨਾਲ ਜੋ ਅਜਿਹੇ ਹੀ ਮੌਕੇ ’ਤੇ ਫਰਾਂਸ ਦੇ ਅਰਾਜਕਤਾਵਾਦੀ ਸ਼ਹੀਦ ਵੇਲਾਂ (Vaillant) ਨੇ ਉਚਾਰੇ ਸਨ, ਅਸੀਂ ਆਪਣੇ ਕਾਰਜ ਦੀ ਜ਼ੋਰਦਾਰ ਪ੍ਰੋੜ੍ਹਤਾ ਕਰਦੇ ਹਾਂ। ਪਿਛਲੇ ਦਸ ਵਰ੍ਹਿਆਂ ਦੇ ਪ੍ਰਸ਼ਾਸਨਿਕ ਸੁਧਾਰਾਂ ਦੇ ਸ਼ਰਮਨਾਕ ਇਤਿਹਾਸ ਨੂੰ ਦੋਹਰਾਏ ਬਿਨਾਂ ਅਤੇ ਇਸ ਅਖੌਤੀ ਪਾਰਲੀਮੈਂਟ ਵਿਚ ਭਾਰਤੀ ਕੌਮ ਨੂੰ ਦਿੱਤੀਆਂ ਫਿੱਟ ਲਾਹਣਤਾਂ ਦਾ ਜ਼ਿਕਰ ਕੀਤੇ ਬਗੈਰ ਅਸੀਂ ਇਹ ਇਸ਼ਾਰਾ ਕਰਨਾ ਚਾਹੁੰਦੇ ਹਾਂ ਕਿ ਜਦੋਂ ਕਿ ਕੁਝ ਲੋਕ ਸਾਈਮਨ ਕਮਿਸ਼ਨ ਦੇ ਪ੍ਰਸਤਾਵਿਤ ਪ੍ਰਸ਼ਾਸਨਿਕ ਸੁਧਾਰਾਂ ਤੋਂ ਮਿਲਣ ਵਾਲੇ ਲਾਹਿਆਂ ਦੇ ਉਡੀਕਵਾਨ ਹਨ ਅਤੇ ਲੁੱਟ ਦੀ ਵੰਡ ਲਈ ਆਪਸੀ ਝਗੜਿਆਂ ਵਿਚ ਰੁੱਝੇ ਹੋਏ ਹਨ, ਉਸ ਸਮੇਂ ਸਰਕਾਰ ਸਾਡੇ ਉੱਤੇ ‘ਪਬਲਿਕ ਸੇਫਟੀ ਬਿਲ’ ਅਤੇ ‘ਟਰੇਡ ਡਿਸਪਿਊਟਸ ਬਿਲ’ ਜਿਹੇ ਦਮਨਕਾਰੀ ਕਾਨੂੰਨ ਠੋਸ ਰਹੀ ਹੈ ਤੇ ‘ਪ੍ਰੈੱਸ ਸਿਡੀਸ਼ਨ ਬਿਲ’ ਆਉਣ ਵਾਲੇ ਇਜਲਾਸ ਲਈ ਰਿਜ਼ਰਵ ਕਰ ਲਿਆ ਹੈ। ਜਨਤਾ ਵਿਚ ਕੰਮ ਕਰਨ ਵਾਲੇ ਮਜ਼ਦੂਰ ਆਗੂਆਂ ਦੀਆਂ ਅੰਨ੍ਹੇਵਾਹ ਗ੍ਰਿਫ਼ਤਾਰੀਆਂ ਤੋਂ ਹਵਾ ਦਾ ਰੁਖ਼ ਸਾਫ਼ ਦਿਸਦਾ ਹੈ। ਅਜਿਹੇ ਬੇਹੱਦ ਭੜਕਾਊ ਹਾਲਾਤ ਵਿਚ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਨੇ ਪੂਰੀ ਸੰਜੀਦਗੀ ਨਾਲ ਅਤੇ ਆਪਣੀ ਪੂਰੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਫ਼ੈਸਲਾ ਕੀਤਾ ਹੈ ਅਤੇ ਆਪਣੀ ਫ਼ੌਜ ਨੂੰ ਇਹ ਕਾਰਵਾਈ ਅੰਜਾਮ ਦੇਣ ਦਾ ਹੁਕਮ ਦਿੱਤਾ ਤਾਂ ਜੋ ਇਸ ਜ਼ਲਾਲਤ ਭਰੇ ਤਮਾਸ਼ੇ ਨੂੰ ਠੱਲ੍ਹ ਪਾਈ ਜਾ ਸਕੇ।
ਪੈਂਫਲਟ ਵਿਚ ਕਿਹਾ ਗਿਆ ਕਿ ਵਿਦੇਸ਼ੀ ਸਰਕਾਰ ਅਤੇ ਉਸ ਦੇ ਨੌਕਰਸ਼ਾਹ ਜੋ ਉਨ੍ਹਾਂ ਦੀਆਂ ਮਨ-ਆਈਆਂ ਹਨ, ਉਹ ਕਰਨ ਪਰ ਸਾਡਾ ਇਹ ਫਰਜ਼ ਹੈ ਕਿ ਉਨ੍ਹਾਂ ਦਾ ਅਸਲ ਰੂਪ ਜਨਤਾ ਸਾਹਮਣੇ ਨੰਗਾ ਕੀਤਾ ਜਾਵੇ। ਲੋਕਾਂ ਦੇ ਨੁਮਾਇੰਦੇ ਆਪਣੇ ਹਲਕਿਆਂ ਨੂੰ ਪਰਤ ਜਾਣ ਅਤੇ ਜਾ ਕੇ ਜਨਤਾ ਨੂੰ ਭਾਵੀ ਇਨਕਲਾਬ ਲਈ ਤਿਆਰ ਕਰਨ। ਸਰਕਾਰ ਵੀ ਸਮਝ ਲਵੇ ਕਿ ਭਾਰਤ ਦੀ ਬੇਵੱਸ ਜਨਤਾ ਵੱਲੋਂ ਪਬਲਿਕ ਸੇਫਟੀ ਬਿਲ, ਟ੍ਰੇਡ ਡਿਸਪਿਊਟ ਬਿਲ ਅਤੇ ਲਾਲਾ ਲਾਜਪਤ ਰਾਇ ਦੇ ਵਹਿਸ਼ੀਆਨਾ ਕਤਲ ਦੇ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਅਸੀਂ ਇਤਿਹਾਸ ਦੇ ਇਸ ਸਬਕ ’ਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਵਿਅਕਤੀਆਂ ਨੂੰ ਖ਼ਤਮ ਕਰ ਸਕਦੇ ਹੋ ਪਰ ਵਿਚਾਰਾਂ ਨੂੰ ਨਹੀਂ। ਮਹਾਨ ਸਾਮਰਾਜ ਢਹਿ-ਢੇਰੀ ਹੋ ਗਏ ਪਰ ਵਿਚਾਰ ਅਮਰ ਰਹੇ। ਬਰਬਨ (Bourbons) ਤੇ ਜ਼ਾਰ (Czars) ਮੁੱਕ ਗਏ ਅਤੇ ਇਨਕਲਾਬ ਜਿੱਤ ਦੇ ਗੀਤ ਗਾਉਂਦਾ ਅਗਾਂਹ ਵਧਦਾ ਗਿਆ। ਅਸੀਂ ਮਨੁੱਖੀ ਜੀਵਨ ਨੂੰ ਪਵਿੱਤਰ ਮੰਨਦੇ ਹਾਂ ਅਤੇ ਉਸ ਸੁਨਹਿਰੀ ਭਵਿੱਖ ਦਾ ਸੁਪਨਾ ਦੇਖਦੇ ਹਾਂ ਜਦੋਂ ਮਨੁੱਖ ਪੂਰਨ ਸ਼ਾਂਤੀ ਅਤੇ ਆਜ਼ਾਦੀ ਮਾਣੇਗਾ। ਸਾਨੂੰ ਇਹ ਮੰਨਦਿਆਂ ਦੁਖ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਮਨੁੱਖੀ ਖ਼ੂਨ ਡੋਲ੍ਹਣ ਤੇ ਮਜਬੂਰ ਕੀਤੇ ਗਏ ਹਾਂ ਪਰ ਸਭਨਾਂ ਲਈ ਆਜ਼ਾਦੀ ਲਿਆਉਣ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਬਣਾਉਣ ਵਾਲੇ ਮਹਾਨ ਇਨਕਲਾਬ ਦੀ ਵੇਦੀ ’ਤੇ ਮਨੁੱਖਾਂ ਦੀ ਬਲੀ ਅਟੱਲ ਹੈ। ਇਨਕਲਾਬ ਜ਼ਿੰਦਾਬਾਦ। ਬਲਰਾਜ ਕਮਾਂਡ-ਇਨ-ਚੀਫ।
9 ਅਪਰੈਲ ਨੂੰ ਵਾਇਸਰਾਏ ਨੇ ਕਾਰਜਕਾਰੀ ਕੌਂਸਲ ਦੀ ਮੀਟਿੰਗ ਸੱਦੀ ਅਤੇ ਪ੍ਰੈਜ਼ੀਡੈਂਟ ਪਟੇਲ ਨਾਲ ਵੀ ਗੱਲ ਕੀਤੀ।
(ਚੱਲਦਾ)
ਸੰਪਰਕ: 98150-00873