ਟੀਐੱਨ ਨੈਨਾਨ
ਆਰਥਿਕ ਇਤਿਹਾਸਕਾਰ ਚਾਰਲਸ ਕਿੰਡਲਬਰਗਰ ਨੇ ਦਲੀਲ ਦਿੱਤੀ ਸੀ ਕਿ ਕਿਸੇ ਚੌਧਰੀ ਨੂੰ ਆਪਣੇ ਨੇਮ ਤੈਅ ਕਰਨ ਵਾਸਤੇ ਮਾਲੀ ਪਾਏਦਾਰੀ ਦਰਕਾਰ ਹੁੰਦੀ ਹੈ। ਉਸ ਦੀ ‘ਚੌਧਰਵਾਦੀ ਸਥਿਰਤਾ’ ਦਾ ਇਹ ਸਿਧਾਂਤ ਮਗਰੋਂ ਵਡੇਰੇ ਆਰਥਿਕ ਕੈਨਵਸ ’ਤੇ ਅਤੇ ਆਰਥਿਕਤਾ ਤੋਂ ਪਰੇ ਹੋਰਨਾਂ ਖੇਤਰਾਂ ਵਿਚ ਲਾਗੂ ਕੀਤਾ ਜਾਂਦਾ ਰਿਹਾ ਹੈ। ਮਿਸਾਲ ਦੇ ਤੌਰ ’ਤੇ ਇਹ ਦਲੀਲ ਦਿੱਤੀ ਜਾਂਦੀ ਰਹੀ ਹੈ ਕਿ ਦੋ ਆਲਮੀ ਜੰਗਾਂ ਦਰਮਿਆਨ ਵਕਫ਼ੇ ਵਿਚ ਪੈਦਾ ਹੋਈ ਅਸਥਿਰਤਾ ਇਸ ਕਰ ਕੇ ਪਨਪੀ ਸੀ ਕਿ ਜਿਸ ਵੇਲੇ ਬਰਤਾਨੀਆ ਦਾ ਪਤਨ ਹੋ ਰਿਹਾ ਸੀ, ਤਦ ਬਾਕੀ ਦੁਨੀਆ ਨਾਲੋਂ ਨਿਖੜਿਆ ਹੋਇਆ ਅਮਰੀਕਾ ਨਵੇਂ ਆਲਮੀ ਬੌਸ ਦੀ ਭੂਮਿਕਾ ਨਿਭਾਉਣ ਤੋਂ ਆਨਾਕਾਨੀ ਕਰ ਰਿਹਾ ਸੀ। ਉਦੋਂ ਤੋਂ ਹੀ ਅਮਰੀਕਨ ਆਪਣੇ ਆਪ ਨੂੰ ਅਤੇ ਬਾਕੀਆਂ ਨੂੰ ਵੀ ਇਹ ਕਹਿੰਦੇ ਆ ਰਹੇ ਹਨ ਕਿ ਪਿਛਲੇ 75 ਸਾਲਾਂ ਦਾ ਇਹ ਆਲਮੀ ਨਿਜ਼ਾਮ ਉਨ੍ਹਾਂ ਦੀ ਹੀ ਦੇਣ ਹੈ। ਇਹ ਕਾਫ਼ੀ ਹੱਦ ਤੱਕ ਸੱਚ ਵੀ ਹੈ ਹਾਲਾਂਕਿ ਇਸ ਗੱਲ ’ਤੇ ਪਰਦਾ ਪਾ ਦਿੱਤਾ ਜਾਂਦਾ ਹੈ ਕਿ ਪ੍ਰਵਾਨਤ ਨੇਮਾਂ ਦੀ ਪਾਲਣਾ ਕਰਨ ਤੋਂ ਅਮਰੀਕਾ ਕਿਉਂ ਟਿਭ ਜਾਂਦਾ ਹੈ।
ਅੱਜ ਵੱਡੇ ਚੌਧਰੀ ਨੂੰ ਵੰਗਾਰ ਪਈ ਹੋਈ ਹੈ। ਅਫ਼ਗਾਨਿਸਤਾਨ ’ਚੋਂ ਜਿਹੋ ਜਿਹੇ ਅਫਰਾ-ਤਫ਼ਰੀ ਦੇ ਮਾਹੌਲ ’ਚੋਂ ਅਮਰੀਕਾ ਨੂੰ ਨਿਕਲਣਾ ਪੈ ਰਿਹਾ ਹੈ, ਉਹ ਉਵੇਂ ਹੀ ਹੈ ਜਿਵੇਂ ਅਮਰੀਕਾ ਨੂੰ ਸੀਰੀਆ ਦੀ ਖ਼ਾਨਾਜੰਗੀ ’ਚ ਬੇਲੋੜੀ ਦਖ਼ਲਅੰਦਾਜ਼ੀ ਕਰਨ ਤੋਂ ਬਾਅਦ ਤੇ ਇਰਾਕ ਵਿਚ ਸੱਦਾਮ ਹੁਸੈਨ ਦਾ ਤਖ਼ਤਾ ਪਲਟ ਕੇ ਤੇ ਉਸ ਦੇਸ਼ ਦਾ ਸੱਤਾ ਢਾਂਚਾ ਨੇਸਤੋ-ਨਾਬੂਦ ਕਰਨ ਮਗਰੋਂ ਜਾਂ ਸੰਨ 2000 ਵਿਚ ਜਦੋਂ ਰੂਸ ਵਿਚ ਪੂਤਿਨ ਨੇ ਸੱਤਾ ਦੀ ਵਾਗਡੋਰ ਸੰਭਾਲੀ ਸੀ ਤਾਂ ਅਮਰੀਕਾ ਨੂੰ ਪਿਛਾਂਹ ਹਟਣਾ ਪਿਆ, ਇਰਾਨ ਵਿਚ 1979 ਦੀ ਇਸਲਾਮੀ ਕ੍ਰਾਂਤੀ ਦੀ ਅਮਰੀਕਾ ਥਾਹ ਨਾ ਪਾ ਸਕਿਆ ਅਤੇ 1975 ਵਿਚ ਇਸ ਨੂੰ ਵੀਅਤਨਾਮ ’ਚ ਉਥੋਂ ਦੀ ਫ਼ੌਜ ਹੱਥੋਂ ਮੂੰਹ ਦੀ ਖਾਣੀ ਪਈ ਸੀ। ਇਸ ਦੌਰਾਨ, ਅਰਬ ਕ੍ਰਾਂਤੀ ਵੀ ਮੁਰਝਾ ਗਈ।
ਪੰਝੀ ਸਾਲ ਪਹਿਲਾਂ ਦੇ ਹਾਲਾਤ ਬਹੁਤ ਵੱਖਰੇ ਸਨ। ਸੋਵੀਅਤ ਸੰਘ ਦੇ ਬਿਖਰਨ ਤੋਂ ਬਾਅਦ ਜਦੋਂ ਥੋੜ੍ਹੇ ਅਰਸੇ ਲਈ ਅਮਰੀਕਾ ਇਕਲੌਤੀ ਮਹਾਸ਼ਕਤੀ ਵਜੋਂ ਵਿਚਰ ਰਿਹਾ ਸੀ ਤਾਂ ‘ਫੌਰੇਨ ਅਫੇਅਰਜ਼’ ਰਸਾਲੇ (ਯੂਐੱਸ ਕੌਂਸਲ ਆਨ ਫੌਰੇਨ ਰਿਲੇਸ਼ਨਜ਼ ਨਾਲ ਸਬੰਧਤ) ਵਿਚ ਛਪਦੇ ਲੇਖਾਂ ਦੀ ਸੁਰ ਕੁਝ ਇੱਦਾਂ ਦੀ ਹੁੰਦੀ ਸੀ ਕਿ ਹੁਣ ਨਵੇਂ ਅਮਰੀਕੀ ਸਾਮਰਾਜ ਦਾ ਸੂਰਜ ਚੜ੍ਹਨ ਹੀ ਵਾਲਾ ਹੈ। ਅੱਜ ਇਸੇ ਰਸਾਲੇ ਦੀ ਸੁਰ ਬਿਲਕੁਲ ਬਦਲ ਗਈ ਹੈ, ਹਾਲਾਂਕਿ ਕੁਝ ਲੇਖਕਾਂ ਦਾ ਮਤ ਹੈ ਕਿ ਚੀਨ ਦੀ ਤਾਕਤ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਤੇ ਇਹ ਕਿ ਇੱਕੀਵੀਂ ਸਦੀ ਵੀ ਅਮਰੀਕੀ ਸਦੀ ਹੀ ਅਖਵਾਏਗੀ ਪਰ ਅਧੇੜ ਬੁਸ਼ ਤੋਂ ਲੈ ਕੇ ਬਜ਼ੁਰਗਵਾਰ ਜੋਅ ਬਾਇਡਨ ਤੱਕ ਜਿੰਨੇ ਵੀ ਅਮਰੀਕੀ ਰਾਸ਼ਟਰਪਤੀ ਆਏ ਹਨ, ਉਹ ਵਿਦੇਸ਼ ਮਾਮਲਿਆਂ ਮੁਤੱਲਕ ਅੱਕੀਂ ਪਲਾਹੀਂ ਹੱਥ ਮਾਰਦੇ ਨਜ਼ਰ ਆਏ; ਦੂਜੇ ਪਾਸੇ ਚੀਨੀ ਲੀਡਰਸ਼ਿਪ ਨੇ ਸੱਤਾ ਤੇ ਦੌਲਤ ਇਕੱਠੀ ਕਰਨ ਦੇ ਨਿਸ਼ਾਨੇ ’ਤੇ ਆਪਣਾ ਧਿਆਨ ਕੇਂਦਰਤ ਕਰੀਂ ਰੱਖਿਆ ਹੈ। ਇਸ ਲਈ ਪੁਰਾਣੇ ਨੁਸਖ਼ੇ ਅੱਜ ਕੱਲ ਕੰਮ ਨਹੀਂ ਦੇ ਰਹੇ। ਬਹੁਤ ਸਾਰੇ ਮੁਲ਼ਕਾਂ ਅੰਦਰ ਨਿਰੰਕੁਸ਼ ਸ਼ਾਸਕਾਂ ਨੇ ਪੈਰ ਜਮਾ ਲਏ ਹਨ ਤੇ ਰਾਸ਼ਟਰਵਾਦੀ ਨੀਤੀਆਂ ਕਰ ਕੇ ਆਲਮੀਅਤ ਦੀਆਂ ਸੁਰਾਂ ਮੱਠੀਆਂ ਪੈ ਗਈਆਂ ਹਨ। ਚੀਨ ਦੇ ਉਭਾਰ ਨੇ ਦੱਖਣ ਪੂਰਬ ਏਸ਼ੀਆ ਦੇ ਛੋਟੇ ਛੋਟੇ ਦੇਸ਼ਾਂ ਨੂੰ ਜੇ ਅਜੇ ਪੂਰੀ ਤਰਾਂ ਨਿਗ਼ਲਿਆ ਨਹੀਂ ਤਾਂ ਉਨਾਂ ’ਤੇ ਦਾਬਾ ਤਾਂ ਕਾਇਮ ਕਰ ਹੀ ਲਿਆ ਹੈ। ਪੇਈਚਿੰਗ ਦੇ ਅਸਰ-ਰਸੂਖ ਦਾ ਦਾਇਰਾ ਮੱਧ ਏਸ਼ੀਆ ਤੱਕ ਫੈਲ ਗਿਆ ਹੈ ਤੇ ਉਧਰ ਰੂਸ ਨੇ ਇਕ ਵਾਰ ਫਿਰ ਆਪਣੇ ਆਸ-ਪਾਸ ਦੇ ਮੁਲ਼ਕਾਂ ’ਤੇ ਧਾਂਕ ਜਮਾ ਲਈ ਹੈ ਤੇ ਪੂਰਬੀ ਮੱਧ ਸਾਗਰ ਖਿੱਤੇ ਅੰਦਰ ਵੀ ਇਹ ਕਾਰਕ ਸਾਬਿਤ ਹੋ ਰਿਹਾ ਹੈ।
ਜੇ ਚੀਨ ਅਮਰੀਕਾ ਨੂੰ ਹੋਰ ਪਿਛਾਂਹ ਧੱਕਣ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਨਿਸ਼ਚੇ ਹੀ ਇਹ ਵੱਡੇ ਚੌਧਰੀ ਦੇ ਮੁਕਾਬਲੇ ਪਤਨ ਦੀ ਨਿਸ਼ਾਨੀ ਹੋਵੇਗੀ। ਵਿਚਾਰਸ਼ੀਲ ਅਦਾਰੇ ਇਸ ਬਾਰੇ ਕਿਆਸ ਲਾ ਰਹੇ ਹਨ ਕਿ ਉਹ ਥਿਊਸੀਡੀਡਿਆਈ ਚੱਕਰਵਿਊਹ ਕਿਹੋ ਜਿਹਾ ਹੋਵੇਗਾ ਜੋ ਪ੍ਰਾਚੀਨ ਯੂਨਾਨ ਦੀ ਉਸ ਜੰਗ ਨਾਲ ਜੁੜਿਆ ਹੋਇਆ ਹੈ ਜਦੋਂ ਸਥਾਪਿਤ ਸ਼ਕਤੀ ਸਪਾਰਟਾ ਨੂੰ ਉਭਰਦੀ ਹੋਈ ਤਾਕਤ ਏਥਨਜ਼ ਨੇ ਵੰਗਾਰਿਆ ਸੀ। ਇਕ ਅਨੁਮਾਨ ਮੁਤਾਬਕ ਹੁਣ ਤੱਕ ਹੋਈਆਂ 16 ਵੱਡੇ ਸ਼ਕਤੀ ਤਬਾਦਲਿਆਂ ਵਿਚੋਂ 12 ਤਬਾਦਲੇ ਜੰਗ ਦਾ ਸਿੱਟਾ ਸਨ ਜਿਨ੍ਹਾਂ ਵਿਚ ਪਹਿਲੀ ਆਲਮੀ ਜੰਗ ਵੀ ਸ਼ਾਮਲ ਹੈ ਜਦੋਂ ਉਭਰਦੀ ਹੋਈ ਤਾਕਤ ਜਰਮਨੀ ਨੇ ਬਰਤਾਨੀਆ ਤੇ ਰੂਸ ਲਈ ਖ਼ਤਰਾ ਪੇਸ਼ ਕੀਤਾ ਸੀ। ਉਂਝ, 1904 ਵਿਚ ਕੂਟਨੀਤੀ ਦੀ ਨਾਕਾਮੀ ਤੋਂ ਬਾਅਦ ਰੂਸ ’ਤੇ ਚੜ੍ਹਾਈ ਕਰਨ ਵਾਲੇ ਜਾਪਾਨ ਦੇ ਉਲਟ ਚੀਨ ਆਪਣੇ ਆਪ ਨੂੰ ਇਹ ਗੱਲ ਸਮਝਾ ਸਕਦਾ ਹੈ ਕਿ ਜਦੋਂ ਗੋਟੀਆਂ ਆਪੇ ਹੀ ਟਿਕਾਣੇ ’ਤੇ ਪੈ ਰਹੀਆਂ ਹਨ ਤਾਂ ਸਿੱਧੀ ਜੰਗ ਲੜਨ ਦਾ ਕੀ ਫਾਇਦਾ ਹੈ।
ਵੱਡੀ ਗੱਲ ਤਾਂ ਇਹ ਹੈ ਕਿ ਚੀਨੀ ਮੰਡੀ ਦੀ ਚੁੰਬਕ ਸਭ ਨੂੰ ਆਪਣੇ ਵੱਲ ਖਿੱਚ ਰਹੀ ਹੈ। ਅਮਰੀਕਾ ਦੇ ਮੁਕਾਬਲੇ ਕਿਤੇ ਜ਼ਿਆਦਾ ਮੁਲਕ ਚੀਨ ਨਾਲ ਵਪਾਰ ਕਰ ਰਹੇ ਹਨ। ਹਾਲ ਹੀ ਵਿਚ ਮੋਹਰੀ ਅਮਰੀਕੀ ਕਾਰੋਬਾਰੀਆਂ ਨੇ ਵੀ ਚੀਨ ਨਾਲ ਵਪਾਰ ਮੁੜ ਸ਼ੁਰੂ ਕਰਨ ਲਈ ਰਾਸ਼ਟਰਪਤੀ ਜੋਅ ਬਾਇਡਨ ਦੇ ਕੰਨ ਵਿਚ ਫੂਕ ਮਾਰੀ ਹੈ। ‘ਕੁਐਡ’ ਦੇ ਘੱਟੋ-ਘੱਟ ਦੋ ਮੈਂਬਰ ਮੁਲ਼ਕਾਂ ਨੂੰ ‘ਡਰੈਗਨ’ (ਡਾਢੇ ਚੀਨ) ਦੇ ਕਹਿਰ ਦਾ ਸੇਕ ਝੱਲਣਾ ਪੈ ਰਿਹਾ ਹੈ; ਆਸਟਰੇਲੀਆ ਨੂੰ ਆਰਥਿਕ ਤੌਰ ’ਤੇ ਜਦਕਿ ਭਾਰਤ ਨੂੰ ਆਰਥਿਕ ਤੇ ਫ਼ੌਜੀ ਦੋਵੇਂ ਰੂਪਾਂ ਵਿਚ। ਦਰਅਸਲ, ਕਈ ਸਾਲਾਂ ਦੀ ਸੁਸਤੀ ਮਗਰੋਂ ਕੁਐਡ ਦੀ ਹਾਲੀਆ ਸਰਗਰਮੀ ਦਾ ਤਰਕ ਇਸ ਗੱਲ ’ਚੋਂ ਸਮਝ ਪੈਂਦਾ ਹੈ ਕਿ ਇਸ ਵੇਲੇ ਅਮਰੀਕਾ ਨੂੰ ਜਿੰਨੀ ਆਪਣੇ ਭਿਆਲਾਂ ਦੀ ਲੋੜ ਹੈ, ਓਨੀ ਉਨ੍ਹਾਂ ਨੂੰ ਅਮਰੀਕਾ ਦੀ ਨਹੀਂ ਹੈ। ਇਸ ਕਰ ਕੇ ਕੁਐਡ ਦੀ ਭਾਗੀਦਾਰੀ ਦੀਆਂ ਵਾਗਾਂ ਤਣੀਆਂ ਗਈਆਂ ਹਨ। ਦੂਜੇ ਪਾਸੇ, ਅਫ਼ਗਾਨਿਸਤਾਨ ਵਿਚ ਅਮਰੀਕਾ ਦੀ ਹਾਲ-ਪਾਹਰਿਆ ਦੇਖ ਕੇ ਹੀ ਤਾਇਵਾਨ ਦੇ ਰੱਖਿਆ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੇ ਮੁਲ਼ਕ ਦਾ ਦਾਰੋਮਦਾਰ ਅਮਰੀਕੀ ਦੀ ਬਜਾਇ ਆਪਣੇ ਰੱਖਿਆ ਢਾਂਚੇ ’ਤੇ ਵਧੇਰੇ ਰਹੇਗਾ। ਜੇ ਬਾਕੀ ਦੇ ਭਿਆਲ ਵੀ ਇੰਝ ਹੀ ਸੋਚਣ ਲੱਗ ਪਏ ਤਾਂ ਅਮਰੀਕਾ ਦੀ ਚੌਧਰ ਖੁੱਸਣ ਦੇ ਰਾਹ ਪਈ ਕਿ ਪਈ।
ਦੁਬਾਰਾ, ਕਿੰਡਲਬਰਗਰ ਦੇ ਸਹਾਰੇ ਇਹ ਜਾਇਜ਼ਾ ਲੈਣਾ ਸਹੀ ਹੋਵੇਗਾ ਕਿ ਜਦੋਂ ਚੌਧਰਪੁਣੇ ਦਾ ਰਵਾਇਤੀ ਨਿਜ਼ਾਮ ਡਾਵਾਂਡੋਲ ਹੋ ਰਿਹਾ ਹੈ ਤਾਂ ਅਜਿਹੇ ਵੇਲ਼ਿਆਂ ’ਚ ਭਾਰਤ ਕਿਵੇਂ ਆਪਣਾ ਰਾਹ ਤਲਾਸ਼ ਕਰੇਗਾ? ਕੀ ਸਾਡੇ ਮੁਲ਼ਕ ਦੀ ਆਰਥਿਕਤਾ, ਫ਼ੌਜ ਤੇ ਕੂਟਨੀਤੀ ਉਸ ਮੁਕਾਮ ਦੀ ਹੈ ਜੋ ਸਾਨੂੰ ਇਨਾਂ ਔਖੇ ਵੇਲਿਆਂ ’ਚੋਂ ਪਾਰ ਲੰਘਾ ਸਕਦੀਆਂ ਹਨ?
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ। 1980ਵਿਆਂ ਅਤੇ 1990 ਵਿਚ ਉਹ ‘ਬਿਜ਼ਨਸ ਵਰਲਡ’ ਅਤੇ ‘ਇਕਨਾਮਿਕ ਟਾਈਮਜ਼’ ਦਾ ਸੰਪਾਦਕ ਰਿਹਾ, 1992 ਤੋਂ ਬਾਅਦ ‘ਬਿਜ਼ਨਸ ਸਟੈਂਡਰਡ’ ਦਾ ਪ੍ਰਮੁੱਖ ਸੰਪਾਦਕ ਬਣਿਆ ਅਤੇ ਮਗਰੋਂ ਇਸ ਗਰੁੱਪ ਦਾ ਚੇਅਰਮੈਨ ਰਿਹਾ।