ਜੀ ਪਾਰਥਾਸਾਰਥੀ
ਅਫ਼ਗ਼ਾਨਿਸਤਾਨ ਦੀਆਂ ਘਟਨਾਵਾਂ ਸਬੰਧੀ ਆਲਮੀ ਧਿਆਨ ਹੁਣ ਉਥੋਂ ਅਮਰੀਕੀ ਫ਼ੌਜਾਂ ਦੀ ਜਾਰੀ ਵਾਪਸੀ ਬਾਰੇ ਪੈਦਾ ਬੇਯਕੀਨੀਆਂ ਅਤੇ ਭੰਬਲਭੂਸੇ ਵੱਲ ਲੱਗਾ ਹੋਇਆ ਹੈ ਪਰ ਅਫ਼ਗਾਨ ਲੋਕਾਂ ਨੂੰ ਜਿਹੜੇ ਦੁੱਖ ਤੇ ਪ੍ਰੇਸ਼ਾਨੀਆਂ ਇਸ ਦੇ ਪਾਕਿਸਤਾਨ ਵਰਗੇ ਗੁਆਂਢੀਆਂ ਦੀਆਂ ਲਾਲਸਾਵਾਂ ਅਤੇ ਬਾਹਰੀ ਤਾਕਤਾਂ, ਖ਼ਾਸਕਰ ਸੋਵੀਅਤ ਸੰਘ ਤੇ ਅਮਰੀਕਾ ਆਦਿ ਦੀਆਂ ਦੁਸ਼ਮਣੀਆਂ ਕਾਰਨ ਝੱਲਣੀਆਂ ਪੈ ਰਹੀਆਂ ਹਨ, ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸੋਵੀਅਤ ਸੰਘ ਵੱਲੋਂ ਅਫ਼ਗ਼ਾਨਿਸਤਾਨ ਵਿਚ ਫੌਜਾਂ ਭੇਜੇ ਜਾਣ ਕਾਰਨ ਉਥੋਂ 43 ਲੱਖ ਲੋਕਾਂ ਨੇ ਭੱਜ ਕੇ ਪਾਕਿਸਤਾਨ ਤੇ ਇਰਾਨ ਵਿਚ ਪਨਾਹ ਲਈ ਸੀ। ਇਸ ਦੌਰਾਨ ਸੋਵੀਅਤ ਸੰਘ ਦੇ 13310 ਜਵਾਨ ਮਾਰੇ ਗਏ ਤੇ 35478 ਜ਼ਖ਼ਮੀ ਹੋਏ ਸਨ। ਸੋਵੀਅਤ ਫ਼ੌਜਾਂ ਦੀ ਅਫ਼ਗ਼ਾਨਿਸਤਾਨ ਤੋਂ ਵਾਪਸੀ 1992 ਵਿਚ ਹੋਈ। ਇਸ ਦਾ ਸਿੱਟਾ ਅਫ਼ਗ਼ਾਨਿਸਤਾਨ ਵਿਚ ਭਿਆਨਕ ਖ਼ਾਨਾਜੰਗੀ ਵਜੋਂ ਨਿਕਲਿਆ ਜਿਸ ਵਿਚ ਇਕ ਪਾਸੇ ਸੋਵੀਅਤ ਸ਼ਹਿ ਵਾਲੀ ਨਜੀਬੁੱਲਾ ਹਕੂਮਤ ਸੀ, ਤੇ ਦੂਜੇ ਪਾਸੇ ਸਨ ਪਾਕਿਸਤਾਨ ਦੀ ਆਈਐੱਸਆਈ ਦੇ ਤਿਆਰ ਕੀਤੇ ਹੋਏ ਕੱਟੜ ਅਫ਼ਗ਼ਾਨ ‘ਮੁਜਾਹਦੀਨ’ ਜਿਨ੍ਹਾਂ ਦੀ ਮਦਦ ਕਰੀਬ 28 ਤੋਂ 30 ਹਜ਼ਾਰ ਪਾਕਿਸਤਾਨੀ ਪਖ਼ਤੂਨ ਕੱਟੜਪੰਥੀ ਕਰ ਰਹੇ ਸਨ। ਇਹ ਉਹ ਘਟਨਾਵਾਂ ਸਨ ਜਿਹੜੀਆਂ ਤਾਲਿਬਾਨ ਦੇ ਉਭਾਰ ਦਾ ਕਾਰਨ ਬਣੀਆਂ। ਅਫ਼ਗ਼ਾਨਿਸਤਾਨ ਵਿਚ ਅਮਰੀਕਾ ਦਾ ਮੌਜੂਦਾ ਫ਼ੌਜੀ ਦਖ਼ਲ 19 ਸਾਲ ਚੱਲਿਆ। ਇਸ ਅਮਰੀਕੀ ਫ਼ੌਜੀ ਦਖ਼ਲ ਦੌਰਾਨ ਅੰਦਾਜ਼ਨ 1.12 ਲੱਖ ਅਫ਼ਗ਼ਾਨ ਫ਼ੌਜੀਆਂ ਤੇ 45 ਹਜ਼ਾਰ ਆਮ ਅਫ਼ਗਾਨ ਲੋਕਾਂ ਦੀ ਜਾਨ ਜਾਂਦੀ ਰਹੀ।
ਅਫ਼ਗ਼ਾਨਿਸਤਾਨ ਬਹੁ-ਨਸਲੀ ਇਸਲਾਮੀ ਮੁਲਕ ਹੈ। ਪਾਕਿਸਤਾਨ ਸ਼ਾਇਦ ਇਸ ਹਕੀਕਤ ਨੂੰ ਭੁੱਲ ਗਿਆ ਕਿ ਉਸ ਵੱਲੋਂ ਪਾਲ਼ੇ ਹੋਏ ਤਾਲਿਬਾਨ ਕਰੀਬ ਸਾਰੇ ਹੀ ਪਖ਼ਤੂਨ ਨਸਲ ਦੇ ਹਨ ਜੋ ਅਫ਼ਗ਼ਾਨਿਸਤਾਨ ਦੀ ਕੁੱਲ ਆਬਾਦੀ ਦਾ 42 ਫ਼ੀਸਦੀ ਹੈ। ਪਖ਼ਤੂਨਾਂ ਦੀ ਵੱਸੋਂ ਮੁੱਖ ਤੌਰ ਤੇ ਮੁਲਕ ਦੇ ਪੂਰਬੀ ਤੇ ਦੱਖਣੀ ਹਿੱਸੇ ਵਿਚ ਹੈ। ਦੂਜੇ ਪਾਸੇ ਅਫ਼ਗ਼ਾਨਿਸਤਾਨ ਦੀ ਬਹੁਗਿਣਤੀ 58 ਫ਼ੀਸਦੀ ਆਬਾਦੀ ਮੁੱਖ ਤੌਰ ਤੇ ਤਾਜਿਕਾਂ (37 ਫ਼ੀਸਦੀ) ਅਤੇ ਨਾਲ ਹੀ ਮੁਕਾਬਲਤਨ ਥੋੜ੍ਹੀ-ਥੋੜ੍ਹੀ ਗਿਣਤੀ ਉਜ਼ਬੇਕ, ਹਜ਼ਾਰਾ (ਸ਼ੀਆ), ਬਲੋਚ, ਤੁਰਕਮੇਨ ਅਤੇ ਹੋਰ ਨਸਲਾਂ ਦੀ ਹੈ। ਇਨ੍ਹਾਂ ਸਾਰਿਆਂ ਨੇ ਸ਼ੁਰੂ ਵਿਚ ਇਕਮੁੱਠ ਹੋ ਕੇ ਸੋਵੀਅਤ ਸੰਘ ਨਾਲ ਟੱਕਰ ਲਈ ਤੇ ਬਾਅਦ ਵਿਚ ਪਾਕਿਸਤਾਨ ਤੇ ਇਸ ਦੇ ਪਾਲ਼ੇ ਹੋਏ ਤਾਲਿਬਾਨ ਦਾ ਟਾਕਰਾ ਕੀਤਾ, ਕਿਉਂਕਿ ਤਾਲਿਬਾਨ ਸਮੁੱਚੇ ਮੁਲਕ ਉਤੇ ਸਿਰਫ਼ ਆਪਣਾ ਦਬਦਬਾ ਚਾਹੁੰਦੇ ਸਨ। ਇਹ ਅਫ਼ਗ਼ਾਨਿਸਤਾਨ ਦਾ ਨਾਮੀ ਤਾਜਿਕ ਯੋਧਾ ਅਹਿਮਦ ਸ਼ਾਹ ਮਸੂਦ ਸੀ ਜਿਸ ਨੇ ਪਾਕਿਸਤਾਨ ਅਤੇ ਆਈਐੱਸਆਈ ਦੀ ਸ਼ਹਿ ਪ੍ਰਾਪਤ ਤਾਲਿਬਾਨ ਨਾਲ ਲੋਹਾ ਲੈਣ ਲਈ ‘ਨੌਰਦਰਨ ਅਲਾਇੰਸ’ (ਉੱਤਰੀ ਗੱਠਜੋੜ) ਨਾਮੀ ਫ਼ੌਜੀ ਗਰੁੱਪ ਕਾਇਮ ਕੀਤਾ। ਭਾਰਤ, ਇਰਾਨ ਤੇ ਰੂਸ ਨੇ ਨੌਰਦਰਨ ਅਲਾਇੰਸ ਨੂੰ ਸਿਆਸੀ, ਫ਼ੌਜੀ ਤੇ ਸਫ਼ਾਰਤੀ ਸਹਿਯੋਗ ਮੁਹੱਈਆ ਕਰਵਾਇਆ।
ਪਾਕਿਸਤਾਨ ਸਥਿਤ ਆਪਣੇ ਟਿਕਾਣਿਆਂ ਤੋਂ ਉੱਭਰਨ ਪਿੱਛੋਂ ਤਾਲਿਬਾਨ ਜਦੋਂ ਉੱਤਰ ਵੱਲ ਵਧੇ ਤਾਂ ਉਨ੍ਹਾਂ ਨੂੰ ਨੌਰਦਰਨ ਅਲਾਇੰਸ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਮਰੀਕਾ ਨੇ ਅਫ਼ਗ਼ਾਨਿਸਤਾਨ ਵਿਚ ਆਪਣਾ ਮੌਜੂਦਾ ਫ਼ੌਜੀ ਦਖ਼ਲ ਅਹਿਮਦ ਸ਼ਾਹ ਮਸੂਦ ਦੇ ਭੇਤਭਰੇ ਢੰਗ ਨਾਲ ਹੋਏ ਕਤਲ ਤੋਂ ਦੋ ਦਿਨ ਬਾਅਦ ਸ਼ੁਰੂ ਕੀਤਾ ਜੋ ਅਮਰੀਕਾ ਉਤੇ ਹੋਏ 9/11 ਹਮਲਿਆਂ ਤੋਂ ਬਾਅਦ ਅਫ਼ਗ਼ਾਨਿਸਤਾਨ ਵਿਚ ਇਸ ਦੀ ਪਹਿਲੀ ਫ਼ੌਜੀ ਕਾਰਵਾਈ ਸੀ। ਇਨ੍ਹਾਂ ਸਾਰੇ ਹਾਲਾਤ ਦੌਰਾਨ ਅਫ਼ਗਾਨ ਤਾਲਿਬਾਨ ਜੋ ਸਿਰਫ਼ ਪਖ਼ਤੂਨ ਭਾਈਚਾਰੇ ਤੇ ਆਧਾਰਿਤ ਹਨ, ਅਫ਼ਗ਼ਾਨਿਸਤਾਨ ਵਿਚ ਜਮਹੂਰੀ ਢੰਗ ਨਾਲ ਕਦੇ ਵੀ ਸੱਤਾ ਵਿਚ ਨਹੀਂ ਆ ਸਕਦੇ। ਸਿਰਫ਼ 58 ਫ਼ੀਸਦੀ ਗ਼ੈਰ-ਪਖ਼ਤੂਨ ਆਬਾਦੀ ਹੀ ਉਨ੍ਹਾਂ ਨੂੰ ਨਾਪਸੰਦ ਨਹੀਂ ਕਰਦੀ ਸਗੋਂ ਪਖ਼ਤੂਨਾਂ ਦਾ ਇਕ ਭਰਵਾਂ ਹਿੱਸਾ ਵੀ ਉਨ੍ਹਾਂ ਦੀ ਇੰਤਹਾਪਸੰਦੀ ਕਾਰਨ ਉਨ੍ਹਾਂ ਦੇ ਖ਼ਿਲਾਫ਼ ਹੈ ਪਰ ਜਿਵੇਂ ਅਮਰੀਕੀ ਫ਼ੌਜਾਂ ਕਾਹਲੀ ਨਾਲ ਅਫ਼ਗ਼ਾਨਿਸਤਾਨ ਤੋਂ ਰੁਖ਼ਸਤ ਹੋਣ ਦੀ ਤਿਆਰੀ ਵਿਚ ਹਨ, ਉਸ ਸੂਰਤ ਵਿਚ ਤਾਲਿਬਾਨ ਤੇ ਇਸ ਦੇ ਆਈਐੱਸਆਈ ਹਮਾਇਤੀਆਂ ਨੇ ਆਪਣੀਆਂ ਫ਼ੌਜੀ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ, ਤਾਂ ਕਿ ਉਹ ਅਫ਼ਗਾਨ ਹਕੂਮਤ ਨਾਲ ਜੰਗਬੰਦੀ ਲਈ ਹੋਣ ਵਾਲੀ ਰਸਮੀ ਗੱਲਬਾਤ ਦੀ ਸ਼ੁਰੂਆਤ ਤੋਂ ਪਹਿਲਾਂ ਵੱਧ ਤੋਂ ਵੱਧ ਇਲਾਕੇ ਉਤੇ ਕਾਬਜ਼ ਹੋ ਸਕਣ। ਪਾਕਿਸਤਾਨ ਦਾ ਮਕਸਦ ਕਾਬੁਲ ਵਿਚ ਪੂਰੀ ਤਰ੍ਹਾਂ ਤਾਲਿਬਾਨ ਦੇ ਦਬਦਬੇ ਵਾਲੀ ਸਰਕਾਰ ਕਾਇਮ ਕਰਨਾ ਹੈ। ਇਹ ਵੱਖਰੀ ਗੱਲ ਹੈ ਕਿ ਪਾਕਿਸਤਾਨ ਦੇ ਇਹ ਸੁਪਨੇ ਸਾਕਾਰ ਹੁੰਦੇ ਹਨ ਜਾਂ ਨਹੀਂ।
ਅਫ਼ਗਾਨ ਤਾਲਿਬਾਨ ਦੀ ਲੀਡਰਸ਼ਿਪ ਵਿਚ ਹੋਈਆਂ ਹਾਲੀਆ ਤਬਦੀਲੀਆਂ, ਦੋਵਾਂ ਪਾਕਿਸਤਾਨ ਵਿਚ ਵੀ ਅਤੇ ਇਸ ਦੀ ਕੋਇਟਾ ਵਿਚ ਗੱਲਬਾਤ ਕਰਨ ਵਾਲੀ ਟੀਮ ਵਿਚ ਵੀ, ਇਸ ਦਹਿਸ਼ਤੀ ਫ਼ੌਜੀ ਗਰੁੱਪ ਵਿਚ ਨਵੀਂ ਜ਼ਿਆਦਾ ਕੱਟੜਪੰਥੀ ਤੇ ਸਮਝੌਤਾ ਨਾ ਕਰਨ ਵਾਲੀ ਲੀਡਰਸ਼ਿਪ ਦੇ ਉਭਾਰ ਦਾ ਸੰਕੇਤ ਹਨ। ਉਂਜ ਪਾਕਿਸਤਾਨ ਆਲਮੀ ਬੰਦਸ਼ਾਂ ਤੋਂ ਬਚਣ ਲਈ ਦਿਖਾਵੇ ਵਜੋਂ ਤਾਲਿਬਾਨ ਖ਼ਿਲਾਫ਼ ਸਖ਼ਤੀ ਕਰਦਾ ਹੋਇਆ ਤਾਲਿਬਾਨ ਦੇ ਦੋਹਾਂ ਵਿਚ ਮੁੱਖ ਵਾਰਤਾਕਾਰ ਮੁੱਲਾ ਬਰਦਾਰ ਅਤੇ ਆਈਐੱਸਆਈ ਦੇ ਪਸੰਦੀਦਾ ਅਫ਼ਗਾਨ ਤਾਲਿਬਾਨ ਗਰੁੱਪ ‘ਹੱਕਾਨੀ ਨੈਟਵਰਕ’ ਦੇ ਮੁਖੀ ਸਿਰਾਜੂਦੀਨ ਹੱਕਾਨੀ ਜੋ ਪਾਕਿਸਤਾਨ ਦੇ ਵਜ਼ੀਰਿਸਤਾਨ ਤੋਂ ਕੰਮ ਕਰਦਾ ਹੈ, ਉਤੇ ਪਾਬੰਦੀਆਂ ਆਇਦ ਕਰ ਰਿਹਾ ਹੈ ਪਰ ਇਹ ਬਹੁਤ ਹਾਸੋਹੀਣੀ ਕਾਰਵਾਈ ਹੈ, ਕਿਉਂਕਿ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਕਿ ਅਫ਼ਗ਼ਾਨਿਸਤਾਨ ਦੇ ਅੰਦਰ ਕਾਰਵਾਈਆਂ ਲਈ ਪਾਕਿਸਤਾਨ ਕੋਲ ਸਭ ਤੋਂ ਵੱਡਾ ਹਥਿਆਰ ਹੱਕਾਨੀ ਨੈਟਵਰਕ ਹੀ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਤਾਲਿਬਾਨ ਲੀਡਰਸ਼ਿਪ ਨੂੰ ਵੀ ਯਕੀਨਨ ਇਹ ਆਪਣੀ ਬਹੁਤ ਵੱਡੀ ਪ੍ਰਾਪਤੀ ਜਾਪਦੀ ਹੋਵੇਗੀ ਕਿ ਅਮਰੀਕਾ ਨੂੰ ਕਿਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਹੇਠ ਨਮੋਸ਼ੀ ਝਾਗਦਿਆਂ ਅਫ਼ਗ਼ਾਨਿਸਤਾਨ ਤੋਂ ਬੋਰੀ-ਬਿਸਤਰਾ ਗੋਲ ਕਰ ਕੇ ਭੱਜਣਾ ਪੈ ਰਿਹਾ ਹੈ। ਅਮਰੀਕਾ ਨੇ ਭਾਵੇਂ ਸਿੱਧਿਆਂ ਅਫ਼ਗਾਨ ਹਕੂਮਤ ਨਾਲ ਗੱਲਬਾਤ ਕਰਨ ਲਈ ਤਾਲਿਬਾਨ ਵੱਲੋਂ ਹਾਮੀ ਭਰੇ ਜਾਣ ਦਾ ਸਵਾਗਤ ਕੀਤਾ ਹੈ ਪਰ ਤਾਲਿਬਾਨ ਵੱਲੋਂ ਗੱਲਬਾਤ ਕਰਨ ਵਾਲੇ ਆਪਣੇ ਵਫ਼ਦ ਵਿਚ ਹਾਲ ਹੀ ਚ ਮੁੱਲਾ ਮੁਹੰਮਦ ਯਾਕੂਬ ਨੂੰ ਨਾਮਜ਼ਦ ਕੀਤੇ ਜਾਣ ਦੀ ਕਾਰਵਾਈ ਨੂੰ ਅਫ਼ਗਾਨ ਸਰਕਾਰ ਨੇ ਜ਼ਰੂਰ ਨੋਟ ਕੀਤਾ ਹੋਵੇਗਾ। ਦੱਸਣਯੋਗ ਹੈ ਕਿ ਯਾਕੂਬ (30 ਸਾਲ) ਤਾਲਿਬਾਨ ਦੇ ਬਾਨੀ ਮਰਹੂਮ ਮੁੱਲਾ ਉਮਰ ਦਾ ਪੁੱਤਰ ਹੈ। ਉਹ ਵੀ ਆਪਣੇ ਪਿਉ ਵਾਂਗ ਹੀ ਅੜੀਅਲ ਤੇ ਕੱਟੜ ਹੈ।
ਇੰਜ ਆਗਾਮੀ ਮਹੀਨਿਆਂ ਦੌਰਾਨ ਇਕ ਪਾਸੇ ਜਿਥੇ ਅਮਰੀਕੀ ਫ਼ੌਜਾਂ ਅਫ਼ਗ਼ਾਨਿਸਤਾਨ ਵਿਚੋਂ ਤੁਰ ਜਾਣ ਦੀ ਤਿਆਰੀ ਵਿਚ ਹਨ, ਉਥੇ ਤਾਲਿਬਾਨ ਹਰਗਿਜ਼ ਆਪਣੇ ਹਥਿਆਰ ਸੁੱਟਣ ਲਈ ਤਿਆਰ ਨਹੀਂ। ਸਾਫ਼ ਹੈ ਕਿ ਤਾਲਿਬਾਨ ਤੇ ਅਫ਼ਗਾਨ ਹਕੂਮਤ ਦਰਮਿਆਨ ਟਕਰਾਅ ਜਾਰੀ ਰਹੇਗਾ। ਚੰਗੇਜ਼ ਖ਼ਾਨ ਦੇ ਵੰਸ਼ਜ ਤੇ ਸ਼ੀਆ ਮੁਸਲਮਾਨ ਹਜ਼ਾਰਾ ਨਸਲੀ ਗਰੁੱਪ ਦੇ ਇਰਾਨ ਨਾਲ ਗੂੜ੍ਹੇ ਰਿਸ਼ਤੇ ਹਨ। ਜ਼ਾਹਿਰ ਹੈ ਕਿ ਹੁਣ ਜਦੋਂ ਅਮਰੀਕਾ ਨਮੋਸ਼ੀਜਨਕ ਢੰਗ ਨਾਲ ਅਫ਼ਗ਼ਾਨਿਸਤਾਨ ਛੱਡ ਕੇ ਭੱਜ ਰਿਹਾ ਹੈ, ਤਾਂ ਇਰਾਨ ਵੀ ਅਫ਼ਗ਼ਾਨਿਸਤਾਨ ਵਿਚ ਵਧੇਰੇ ਸਰਗਰਮ ਭੂਮਿਕਾ ਨਿਭਾਉਣ ਦਾ ਖ਼ਾਹਿਸ਼ਮੰਦ ਹੋਵੇਗਾ। ਇਹ ਵੀ ਜ਼ਾਹਿਰ ਹੈ ਕਿ ਭਾਵੇਂ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ, ਅਫ਼ਗ਼ਾਨਿਸਤਾਨ ਵਿਚੋਂ ਆਪਣੀਆਂ ਸਰਗਰਮ ਫ਼ੌਜੀ ਕਾਰਵਾਈਆਂ ਬੰਦ ਕਰਨ ਜਾ ਰਿਹਾ ਹੈ ਪਰ ਅਮਰੀਕਾ ਉਤੇ ਇਹ ਦਬਾਅ ਜ਼ਰੂਰ ਰਹੇਗਾ ਕਿ ਉਹ ਅਫ਼ਗਾਨ ਫ਼ੌਜਾਂ ਨੂੰ ਹਥਿਆਰ ਤੇ ਹੋਰ ਫ਼ੌਜੀ ਸਾਜ਼ੋ-ਸਾਮਾਨ ਮੁਹੱਈਆ ਕਰਾਉਂਦਾ ਰਹੇ। ਇਸ ਤੋਂ ਇਲਾਵਾ ਅਮਰੀਕਾ ਨੂੰ ਇਸ ਗੱਲ ਲਈ ਰਾਜ਼ੀ ਕਰਨ ਦੀਆਂ ਕੋਸ਼ਿਸ਼ਾਂ ਵੀ ਹੋ ਸਕਦੀਆਂ ਹਨ ਕਿ ਉਹ ਕਾਬੁਲ ਨੇੜੇ ਬਰਗਾਮ ਹਵਾਈ ਅੱਡੇ ਅਤੇ ਕੰਧਾਰ ਆਦਿ ਵਿਚਲੇ ਅੱਡਿਆਂ ‘ਤੇ ਆਪਣੇ ਜੰਗੀ ਜਹਾਜ਼ ਤੇ ਹੈਲੀਕਾਪਟਰ ਤਾਇਨਾਤ ਰੱਖ ਕੇ ਅਫ਼ਗਾਨ ਫ਼ੌਜ ਨੂੰ ਹਵਾਈ ਫ਼ੌਜੀ ਸਹਾਇਤਾ ਮੁਹੱਈਆ ਕਰਾਉਂਦਾ ਰਹੇ ਤੇ ਸਮੁੰਦਰੀ ਜੰਗੀ ਬੜਿਆਂ ਤੋਂ ਵੀ ਉਸ ਨੂੰ ਹਵਾਈ ਸਹਾਇਤਾ ਜਾਰੀ ਰੱਖੇ। ਨਾਲ ਹੀ ਅਮਰੀਕਾ ਤੇ ਇਸ ਦੇ ਇਤਹਾਦੀਆਂ ਨੂੰ ਇਹ ਸਲਾਹ ਵੀ ਦਿੱਤੀ ਜਾਵੇਗੀ ਕਿ ਉਹ ਅਫ਼ਗਾਨ ਸਰਕਾਰ ਨੂੰ ਲੋੜੀਂਦੀ ਮਾਲੀ ਸਹਾਇਤਾ ਜਾਰੀ ਰੱਖਣ ਤਾਂ ਕਿ ਉਹ ਤਾਲਿਬਾਨ ਦੀ ਚੁਣੌਤੀ ਦਾ ਟਾਕਰਾ ਕਰ ਸਕੇ। ਇਸ ਦੇ ਨਾਲ ਹੀ ਨਵੀਂ ਦਿੱਲੀ ਨੂੰ ਵੀ ਤਾਲਿਬਾਨ ਨਾਲ ਸੰਜੀਦਾ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਕਾਬੁਲ, ਕੰਧਾਰ, ਜਲਾਲਾਬਾਦ ਤੇ ਮਜ਼ਾਰ-ਏ-ਸ਼ਰੀਫ਼ ਵਿਚ ਤਾਇਨਾਤ ਭਾਰਤੀ ਸਫ਼ੀਰਾਂ ਅਤੇ ਮੁਲਕ ਵਿਚ ਸਹਾਇਤਾ ਪ੍ਰਾਜੈਕਟਾਂ ਵਿਚ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਦੀ ਸਲਾਮਤੀ ਯਕੀਨੀ ਬਣਾਈ ਜਾ ਸਕੇ।
ਹਾਈ ਕੌਂਸਲ ਫ਼ਾਰ ਨੈਸ਼ਨਲ ਰੀਕੌਂਸੀਲਿਏਸ਼ਨ ਇਨ ਅਫ਼ਗ਼ਾਨਿਸਤਾਨ (ਕੌਮੀ ਸੁਲ੍ਹਾ-ਸਫ਼ਾਈ ਕੌਂਸਲ) ਦੇ ਚੇਅਰਮੈਨ ਡਾ. ਅਬਦੁੱਲਾ ਅਬਦੁੱਲਾ ਦਾ ਹਾਲੀਆ ਭਾਰਤ ਦੌਰਾ ਵੇਲ਼ੇ ਸਿਰ ਚੁੱਕਿਆ ਗਿਆ ਵਧੀਆ ਕਦਮ ਸੀ। ਡਾæ ਅਬਦੁੱਲਾ ਅਜਿਹੇ ਕੁਝ ਕੁ ਅਫ਼ਗਾਨਾਂ ਵਿਚੋਂ ਹਨ ਜਿਹੜੇ ਮੁਲਕ ਦੀਆਂ ਨਸਲੀ, ਸੱਭਿਆਚਾਰਕ ਤੇ ਧਾਰਮਿਕ ਵਲਗਣਾਂ ਤੋਂ ਉੱਪਰ ਉੱਠਦੇ ਹਨ, ਉਨ੍ਹਾਂ ਦੇ ਪਿਤਾ ਪਖ਼ਤੂਨ ਤੇ ਮਾਤਾ ਤਾਜਿਕ ਸੀ। ਨਾਲ ਹੀ ਉਨ੍ਹਾਂ ਪਹਿਲਾਂ ਸੋਵੀਅਤ ਸੰਘ ਤੇ ਫਿਰ ਤਾਲਿਬਾਨ ਖ਼ਿਲਾਫ਼ ਲੜਾਈ ਵਿਚ ਅਹਿਮਦ ਸ਼ਾਹ ਮਸੂਦ ਦਾ ਸਾਥ ਦਿੱਤਾ ਤੇ ਉਹ ਇਸ ਤਾਜਿਕ ਆਗੂ ਦੇ ਖ਼ਾਸ ਵਫ਼ਾਦਾਰਾਂ ਵਿਚ ਸ਼ੁਮਾਰ ਸਨ। ਇਸ ਤਰ੍ਹਾਂ ਅਫ਼ਗਾਨ ਹਕੂਮਤ ਕੋਲ ਤਾਲਿਬਾਨ ਨਾਲ ਗੱਲਬਾਤ ਕਰਨ ਵਾਲੇ ਆਪਣੇ ਵਫ਼ਦ ਦੀ ਅਗਵਾਈ ਵਾਸਤੇ ਬਹੁਤ ਹੀ ਤਜਰਬੇਕਾਰ ਤੇ ਸਤਿਕਾਰਤ ਸਿਆਸੀ ਆਗੂ ਹੈ।
ਤਾਲਿਬਾਨ ਦਾ ਚੀਨ ਨਾਲ ਵੀ ਗੂੜ੍ਹਾ ਰਾਬਤਾ ਹੈ, ਉਹ ਵੀ ਅਫ਼ਗ਼ਾਨਿਸਤਾਨ ਵਿਚ ਅਮਰੀਕੀ ਫ਼ੌਜੀ ਕਾਰਵਾਈ ਸ਼ੁਰੂ ਹੋਣ ਤੋਂ ਕਿਤੇ ਪਹਿਲਾਂ ਦਾ। ਉਦੋਂ ਚੀਨ ਨੂੰ ਕੌਮਾਂਤਰੀ ਪੱਧਰ ਤੇ ਇਸਲਾਮ-ਵਿਰੋਧੀ ਵਜੋਂ ਨਹੀਂ ਸੀ ਦੇਖਿਆ ਜਾਂਦਾ। ਚੀਨ ਵੱਲੋਂ ਉਈਗਰ ਮੁਸਲਮਾਨਾਂ ਉਤੇ ਕੀਤਾ ਜਾ ਰਿਹਾ ਜ਼ੁਲਮ-ਜਬਰ, ਕਰੀਬ 20 ਲੱਖ ਉਈਗਰਾਂ ਨੂੰ ਬੰਦੀ ਬਣਾ ਕੇ ਰੱਖੇ ਜਾਣ ਅਤੇ ਇਨ੍ਹਾਂ ਵਿਚੋਂ ਬਹੁਤ ਸਾਰਿਆਂ ਨੂੰ ਵੱਖੋ-ਵੱਖ ਢੰਗਾਂ ਰਾਹੀਂ ਤਸੀਹੇ ਦਿੱਤੇ ਜਾਣ ਦੀ ਜਾਣਕਾਰੀ ਯਕੀਨਨ ਤਾਲਿਬਾਨ ਨੂੰ ਹੋਵੇਗੀ। ਕੀ ਤਾਲਿਬਾਨ ਇਸ ਦੇ ਖ਼ਿਲਾਫ਼ ਅਤੇ ਆਪਣੇ ਮੁਸਲਿਮ ਭਰਾਵਾਂ ਦੇ ਹੱਕ ਵਿਚ ਬੋਲਣਗੇ ਜਾਂ ਉਹ ਵੀ ਆਪਣੇ ਪਾਲਣਹਾਰ ਪਾਕਿਸਤਾਨ ਵਾਂਗ ਚੁੱਪ ਧਾਰੀ ਰੱਖਣਗੇ? ਆਧੁਨਿਕ ਸੰਸਾਰ ਵਿਚ ਕਿਤੇ ਵੀ ਔਰਤਾਂ ਨਾਲ ਅਜਿਹਾ ਮਾੜਾ ਤੇ ਜ਼ਾਲਮਾਨਾ ਵਤੀਰਾ ਨਹੀਂ ਹੁੰਦਾ, ਜਿਹਾ ਤਾਲਿਬਾਨ ਦੀ ਹਕੂਮਤ ਵਾਲੇ ਅਫ਼ਗ਼ਾਨਿਸਤਾਨ ਵਿਚ ਹੁੰਦਾ ਹੈ। ਅਫ਼ਗ਼ਾਨਿਸਤਾਨ ਦੀ ਪਹਿਲੀ ਮਹਿਲਾ ਡਿਪਟੀ ਸਪੀਕਰ ਫ਼ੌਜ਼ੀਆ ਕੂਫ਼ੀ ਨੂੰ ਬੀਤੀ 5 ਅਕਤੂਬਰ ਨੂੰ ਨੋਬੇਲ ਕਮੇਟੀ ਨੇ ਵੱਕਾਰੀ ਨੋਬੇਲ ਅਮਨ ਇਨਾਮ ਲਈ ਵਿਚਾਰੇ ਜਾਣ ਵਾਲੇ ਆਗੂਆਂ ਵਿਚ ਨਾਮਜ਼ਦ ਕਰਨ ਦਾ ਐਲਾਨ ਕੀਤਾ ਹੈ। ਉਸ ਨੇ ਤਾਲਿਬਾਨ ਦੀ ਧਾਰਮਿਕ ਕੱਟੜਤਾ ਦੀ ਪ੍ਰਵਾਹ ਨਾ ਕਰਦਿਆਂ, ਉਨ੍ਹਾਂ ਦੀਆਂ ਧਮਕੀਆਂ ਦੇ ਬਾਵਜੂਦ ਦਲੇਰੀ ਨਾਲ ਆਖਿਆ: “ਅਮਨ ਦੇ ਮਾਅਨੇ ਹਨ ਅਣਖ਼, ਇਨਸਾਫ਼ ਤੇ ਆਜ਼ਾਦੀ ਨਾਲ ਜਿਊਣਾ। ਜਮਹੂਰੀਅਤ ਦਾ ਹੋਰ ਕੋਈ ਬਦਲ ਨਹੀਂ ਹੈ।”
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।