ਟੀਐੱਨ ਨੈਨਾਨ
ਸ਼ਹਿਰਾਂ ਦੀ ਦਰਜਾਬੰਦੀ ਦਾ ਕਾਰੋਬਾਰ ਅੱਜ ਕੱਲ੍ਹ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਦਿ ਇਕੋਨੌਮਿਸਟ ਇੰਟੈਲੀਜੈਂਸ ਯੂਨਿਟ ਨੇ ਪਿਛਲੇ ਹਫ਼ਤੇ ਦਰਜਾਬੰਦੀ ਦੀ ਸੱਜਰੀ ਸੂਚੀ ਜਾਰੀ ਕੀਤੀ ਹੈ ਜਿਸ ਵਿਚ ਸਭ ਤੋਂ ਮਹਿੰਗੇ ਤੇ ਸਭ ਤੋਂ ਸਸਤੇ ਸ਼ਹਿਰਾਂ ਦਾ ਜ਼ਿਕਰ ਕੀਤਾ ਗਿਆ ਹੈ। ਅਹਿਮਦਾਬਾਦ ਸਭ ਤੋਂ ਸਸਤੇ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਲ ਹੈ, ਇਸ ਵਿਚ ਦਮਸ਼ਕ ਅਤੇ ਤ੍ਰਿਪੋਲੀ ਵਰਗੇ ਬਿਪਤਾ ਮਾਰੇ ਸ਼ਹਿਰ ਵੀ ਸ਼ੁਮਾਰ ਹਨ। ਇਸ ਤੋਂ ਪਹਿਲਾਂ ਸਰਕਾਰ ਨੇ ਭਾਰਤ ਦੇ ਸਭ ਤੋਂ ਸਸਤੇ ਸ਼ਹਿਰਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਸੀ ਜਿਨ੍ਹਾਂ ਵਿਚੋਂ ਸਭ ਤੋਂ ਉਪਰ ਇੰਦੌਰ ਨੇ ਇਕ ਵਾਰ ਫਿਰ ਬਾਜ਼ੀ ਮਾਰੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਅਜਿਹੇ ਸ਼ਹਿਰਾਂ ਦੀ ਸੂਚੀ ਵੀ ਦਿੱਤੀ ਹੈ ਜਿੱਥੇ ਜ਼ਿੰਦਗੀ ਬਸ਼ਰ ਕਰਨੀ ਆਸਾਨ ਹੈ ਜਿਨ੍ਹਾਂ ਵਿਚ ਸਭ ਤੋਂ ਉਪਰ ਬੰਗਲੂਰੂ ਹੈ ਜਿਸ ਤੋਂ ਬਾਅਦ ਪੁਣੇ ਆਉਂਦਾ ਹੈ ਜਦਕਿ ਸ੍ਰੀਨਗਰ ਤੇ ਧਨਬਾਦ ਸਭ ਤੋਂ ਹੇਠਾਂ ਆਉਂਦੇ ਹਨ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਨੇ ਵੀ ਅਜਿਹੀ ਸੂਚੀ ਜਾਰੀ ਕੀਤੀ ਹੈ ਜਿਸ ਵਿਚ ਬੰਗਲੂਰੂ ਸਭ ਤੋਂ ਉਪਰ ਹੈ ਜਦਕਿ ਚੇਨਈ ਦੂਜੇ ਮੁਕਾਮ ਤੇ ਹੈ (ਹਾਲਾਂਕਿ ਸਰਕਾਰੀ ਸੂਚੀ ਵਿਚ ਚੇਨਈ ਚੌਥੇ ਨੰਬਰ ਤੇ ਹੈ)। ਸਮਾਰਟ ਸਿਟੀ ਦੀ ਦਰਜਾਬੰਦੀ ਵੀ ਸ਼ਾਇਦ ਜਲਦੀ ਆਉਣ ਵਾਲੀ ਹੈ ਹਾਲਾਂਕਿ ਇਸ ਦੇ ਪੈਮਾਨਿਆਂ ਦਾ ਖੁਲਾਸਾ ਕਰਨਾ ਖਾਲਾਜੀ ਦਾ ਵਾੜਾ ਨਹੀਂ ਹੈ।
ਇਸ ਸੰਬੰਧ ਵਿਚ ਕੁਝ ਰੁਝਾਨ ਨਿੱਖੜਵੇਂ ਰੂਪ ਵਿਚ ਨਜ਼ਰ ਆ ਰਹੇ ਹਨ। ਭਾਰਤ ਜਾਂ ਦੁਨੀਆ ਵਿਚ ਕਿਤੇ ਵੀ ਮਹਾਨਗਰਾਂ ਦੀ ਦਰਜਾਬੰਦੀ ਬਹੁਤੀ ਚੰਗੀ ਨਹੀਂ ਆ ਰਹੀ। ਮੁੰਬਈ ਤੇ ਦਿੱਲੀ (ਜਾਂ ਫਿਰ ਕੋਲਕਾਤਾ ਦੀ ਵੀ) ਦੀ ਦਰਜਾਬੰਦੀ ਬਹੁਤੀ ਵਧੀਆ ਨਹੀਂ। ਕੌਮਾਤਰੀ ਪੱਧਰ ਤੇ ਸਭ ਤੋਂ ਵਧੀਆ ਰਹਿਣਯੋਗ ਸ਼ਹਿਰਾਂ ਵਿਚ ਵੀਏਨਾ, ਆਕਲੈਂਡ ਅਤੇ ਵੈਨਕੂਵਰ ਜਿਹੇ ਦਰਮਿਆਨੀ ਰੇਂਜ ਦੇ ਸ਼ਹਿਰ ਆਉਂਦੇ ਹਨ ਹਾਲਾਂਕਿ ਮੈਲਬਰਨ ਨੇ ਵੀ ਕਾਫ਼ੀ ਲੰਮੇ ਸਮੇਂ ਤੋਂ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਯੂਰੋਪ, ਅਮਰੀਕਾ ਤੇ ਚੀਨ ਦੇ ਸਭ ਤੋਂ ਵੱਡੇ ਸ਼ਹਿਰ ਰਹਿਣ ਸਹਿਣ ਪੱਖੋਂ ਸਭ ਤੋਂ ਵਧੀਆ ਨਹੀਂ ਗਿਣੇ ਜਾਂਦੇ ਜਿਸ ਦਾ ਇਕ ਕਾਰਨ ਇਹ ਵੀ ਹੈ ਕਿ ਉੱਥੇ ਰੀਅਲ ਅਸਟੇਟ ਦੀਆ ਕੀਮਤਾਂ ਬਹੁਤ ਜ਼ਿਆਦਾ ਉੱਚੀਆਂ ਹਨ। ਇਸ ਤੋਂ ਇਲਾਵਾ ਉੱਥੇ ਆਉਣ ਜਾਣ ਵਿਚ ਸਮਾਂ ਬਹੁਤ ਖਰਚ ਹੁੰਦਾ ਹੈ ਤੇ ਪ੍ਰਦੂਸ਼ਨ ਬਹੁਤ ਜ਼ਿਆਦਾ ਹੈ। ਜਾਪਾਨ ਵਿਚ ਵੀ ਇੱਦਾਂ ਦਾ ਹੀ ਰੁਝਾਨ ਹੈ ਜਿੱਥੇ ਉਸਾਕਾ ਨੇ ਟੋਕੀਓ ਨੂੰ ਪਛਾੜ ਦਿੱਤਾ ਹੈ।
ਦੂਜਾ ਰੁਝਾਨ ਇਹ ਹੈ ਕਿ ਵਿੰਧੀਆ ਪਰਬਤ ਮਾਲਾ ਤੋਂ ਦੱਖਣ ਵੱਲ ਪੈਂਦੇ ਸ਼ਹਿਰਾਂ (ਜਿਨ੍ਹਾਂ ਮੁਤੱਲਕ ਕਿਸੇ ਨੂੰ ਬਹੁਤੀ ਹੈਰਾਨੀ ਨਹੀਂ ਹੋਈ) ਅਤੇ ਗੁਜਰਾਤ ਦੇ ਤਿੰਨ ਵੱਡੇ ਸ਼ਹਿਰਾਂ ਦੀ ਕਾਰਗੁਜ਼ਾਰੀ ਚੰਗੀ ਰਹੀ ਹੈ। ਜੀਵਨ ਦੀ ਗੁਣਵੱਤਾ ਬਾਰੇ ਆਲਮੀ ਦਰਜਾਬੰਦੀ ਲਈ ਵਰਤੇ ਗਏ ਸੱਤਾਂ ਵਿਚੋਂ ਦੋ ਪੈਮਾਨਿਆਂ, ਭਾਵ ਜ਼ਿੰਦਗੀ ਬਸਰ ਕਰਨ ਅਤੇ ਸਿਹਤ ਸੰਭਾਲ ਦੀ ਲਾਗਤ ਦੇ ਲਿਹਾਜ਼ ਤੋਂ ਮੰਗਲੌਰ, ਕੋਇੰਬਟੂਰ, ਚੇਨਈ ਅਤੇ ਤਿਰੂਵਨੰਤਪੁਰਮ ਜਿਹੇ ਸ਼ਹਿਰਾਂ ਨੇ ਚੰਗੇ ਅੰਕ ਹਾਸਲ ਕੀਤੇ ਹਨ। ਇਹ ਉਨ੍ਹਾਂ ਭਾਰਤੀ ਸ਼ਹਿਰਾਂ ਦੇ ਵਡੇਰੇ ਪ੍ਰਸੰਗ ਦਰਸਾਉਂਦਾ ਹੈ ਜਿਹੜੇ ਸਿਖਰਲੇ ਮੁਕਾਮ ਤੋਂ ਤਿੰਨ ਚੁਥਾਈ ਦਾਇਰੇ ਵਿਚ ਆਉਂਦੇ ਰਹਿੰਦੇ ਹਨ। ਇਨ੍ਹਾਂ ਦੀ ਖਰਾਬ ਕਾਰਕਰਦਗੀ ਮਾੜੀ ਆਮਦਨ ਦੇ ਪੱਧਰ ਅਤੇ ਜ਼ਿਆਦਾ ਗਰਮੀ ਪੈਣ ਕਰ ਕੇ ਵੀ ਹੈ। ਭਾਰਤ ਦੇ ਜ਼ਿਆਦਾਤਰ ਬਿਹਤਰੀਨ ਸ਼ਹਿਰ ਦੱਖਣੀ ਪਠਾਰ ਤੇ ਪੈਂਦੇ ਹਨ ਜਿੱਥੇ ਤਿੱਖੜ ਗਰਮੀ ਨਾ ਪੈਂਦੀ ਹੋਣ ਕਰ ਕੇ ਲਾਹੇ ਵਾਲੀ ਹਾਲਤ ਵਿਚ ਰਹਿੰਦੇ ਹਨ। ਇੰਦੌਰ ਮਾਲਵਾ ਪਠਾਰ ਦੇ ਕੰਢੇ ਤੇ ਸਥਿਤ ਹੈ (1800 ਫੁੱਟ ਦੀ ਉਚਾਈ ਤੇ) ਜਦਕਿ ਕੋਇੰਬਟੂਰ (1350 ਫੁੱਟ ਦੀ ਉਚਾਈ ਤੇ) ਨੀਲਗਿਰੀ ਦੇ ਨੇੜੇ ਪੈਂਦਾ ਹੈ।
ਜੇ ਭਾਰਤ ਦਾ ਸਫ਼ਲ ਢੰਗ ਨਾਲ ਸ਼ਹਿਰੀਕਰਨ ਹੋਣਾ ਹੈ ਤਾਂ ਇਸ ਨੂੰ ਦਸ ਤੋਂ ਪੰਜਾਹ ਲੱਖ ਦੀ ਆਬਾਦੀ ਵਾਲੇ ਦੂਜੇ ਵਰਗ (ਟੀਅਰ2) ਦੇ ਸ਼ਹਿਰਾਂ ਵੱਲ ਧਿਆਨ ਕੇਂਦਰਤ ਕਰਨਾ ਪਵੇਗਾ। ਇਨ੍ਹਾਂ ਵਿਚੋਂ ਕੁਝ ਸ਼ਹਿਰਾਂ ਤੇ ਸਰਕਾਰ ਦੀ ਸਮਾਰਟ ਸਿਟੀ ਪ੍ਰੋਗਰਾਮ ਤਹਿਤ ਧਿਆਨ ਦਿੱਤਾ ਵੀ ਜਾ ਰਿਹਾ ਹੈ। ਹਾਲਾਂਕਿ ਮੇਅਰਾਂ ਦੀ ਸਿੱਧੀ ਚੋਣ, ਇਕ ਬਿਹਤਰ ਪ੍ਰਾਪਰਟੀ ਟੈਕਸ ਪ੍ਰਣਾਲੀ, ਸਿਟੀਜ਼ਨ ਅਤੇ ਸਾਈਕਲ ਪੱਖੀ ਡਿਜ਼ਾਈਨ ਅਤੇ ਅਤੇ ਸ਼ਹਿਰੀ ਆਬਾਦੀ ਦੇ ਘੜਮੱਸ ਤੋਂ ਲਾਂਭੇ ਇਕ ਕੇਂਦਰੀ ਬਿਜ਼ਨਸ ਜ਼ਿਲ੍ਹਾ ਬਣਾਉਣ ਲਈ ਦਰਕਾਰ ਬਹੁਮੰਜ਼ਿਲਾ ਦਫ਼ਤਰਾਂ ਆਦਿ ਲਈ ਫਲੋਰ ਏਰੀਆ ਅਨੁਪਾਤ ਦੇ ਨੇਮਾਂ ਜਿਹੀਆਂ ਢਾਂਚਾਗਤ ਤਬਦੀਲੀਆਂ ਤੋਂ ਬਗੈਰ ਗੱਲ ਬਣਨੀ ਮੁਸ਼ਕਿਲ ਹੈ।
ਉਂਜ ਇਸ ਤੱਥ ਦਾ ਇਕ ਸਬਕ ਵੀ ਹੈ ਕਿ ਭਾਵੇਂ ਵੱਡੇ ਮਹਾਨਗਰਾਂ ਵਿਚ ਜੀਵਨ ਦੇ ਮਿਆਰਾਂ ਦਾ ਹਾਲ ਮਾੜਾ ਹੈ, ਤਾਂ ਵੀ ਇਹ ਪਿੰਡਾਂ ਤੇ ਛੋਟੇ ਸ਼ਹਿਰਾਂ ਤੋਂ ਉਠ ਕੇ ਆਉਣ ਵਾਲੇ ਵੱਡੇ ਉਦਮੀ ਤੇ ਹਿੰਮਤੀ ਲੋਕਾਂ ਨੂੰ ਲਗਾਤਾਰ ਆਪਣੇ ਵੱਲ ਖਿੱਚ ਰਹੇ ਹਨ। ਦਰਅਸਲ, ਸਫ਼ਲ ਸ਼ਹਿਰਾਂ ਦਾ ਸਥਾਪਤ ਲੱਛਣ ਇਹ ਹੁੰਦਾ ਹੈ ਕਿ ਉਹ ਹੋਰ ਥਾਵਾਂ ਤੋਂ ਚੱਲ ਕੇ ਆਉਣ ਵਾਲੇ ਲੋਕਾਂ ਦਾ ਕਿੱਦਾਂ ਸਵਾਗਤ ਕਰਦਾ ਹੈ ਜਿਸ ਕਰ ਕੇ ਮੁੰਬਈ ਵਿਚ ਇੰਨੇ ਜ਼ਿਆਦਾ ਗੁਜਰਾਤੀ, ਪਾਰਸੀ, ਦੱਖਣ ਭਾਰਤੀ ਆ ਕੇ ਵੱਸੇ ਹੋਏ ਹਨ ਤੇ ਕਿਸੇ ਵੇਲੇ ਬਗ਼ਦਾਦ ਦੇ ਯਹੂਦੀ ਵੀ ਇੱਥੇ ਆਉਂਦੇ ਰਹੇ ਹਨ। ਇਸੇ ਕਰ ਕੇ ਦਿੱਲੀ ਵਿਚ ਕਿਉਂ ਪੰਜਾਬੀਆਂ ਦਾ ਦਬਦਬਾ ਘਟਿਆ ਹੈ ਅਤੇ ਇਸੇ ਕਰ ਕੇ ਆਪਣੀ ਜਵਾਨੀ ਦੇ ਦਿਨਾਂ ਵਿਚ ਕਿਉਂ ਕੋਲਕਾਤਾ ਵਿਚ ਇੰਨੇ ਜ਼ਿਆਦਾ ਗ਼ੈਰ-ਬੰਗਾਲੀ ਵਸਦੇ ਸਨ ਜਿਨ੍ਹਾਂ ਵਿਚ ਚੀਨੀ, ਅਰਮੀਨਿਆਈ ਆਦਿ ਸ਼ਾਮਲ ਸਨ। ਇਸੇ ਮਿਸ਼ਰਨ ਸਦਕਾ ਹੀ ਮਹਾਨਗਰ ਦਿਲਚਸਪ ਅਤੇ ਆਲਮੀ ਸ਼ਹਿਰ ਅਖਵਾਉਂਦੇ ਹਨ ਜਦਕਿ ਛੋਟੇ ਸ਼ਹਿਰ ਪ੍ਰਾਂਤਕ ਦਾਇਰੇ ਵਿਚ ਸਿਮਟੇ ਰਹਿੰਦੇ ਹਨ।
ਬੰਗਲੂਰੂ ਦਾ ਮਾਜਰਾ ਦਿਲਚਸਪ ਹੈ। ਪ੍ਰਦੂਸ਼ਣ, ਸਿਹਤ ਸੰਭਾਲ, ਸੁਰੱਖਿਆ ਆਦਿ ਜਿਹੇ ਕਈ ਪੱਖਾਂ ਤੋਂ ਕੋਇੰਬਟੂਰ ਤੇ ਮੰਗਲੌਰ ਜਿਹੇ ਸ਼ਹਿਰਾਂ ਨੇ ਬੰਗਲੂਰੂ ਨੂੰ ਪਛਾੜਿਆ ਹੈ, ਤਾਂ ਵੀ ਰਹਿਣ ਲਈ ਸਭ ਤੋਂ ਵਧੀਆ ਜਗ੍ਹਾ ਹੋਣ ਕਰ ਕੇ ਇਹ ਅਕਸਰ ਸਿਖਰਲੇ ਮੁਕਾਮ ਦੇ ਨੇੜੇ ਤੇੜੇ ਹੀ ਟਿਕਿਆ ਰਹਿੰਦਾ ਹੈ ਹਾਲਾਂਕਿ ਇਹ ਜ਼ਿਆਦਾ ਕਾਰ-ਮੁਖੀ ਮਹਾਨਗਰ ਵਾਲੀਆਂ ਦਿੱਕਤਾਂ ਨਾਲ ਜੂਝ ਰਿਹਾ ਹੈ। ਆਬੋ-ਹਵਾ, ਆਲਮੀਅਤ ਦੀ ਪੌਣ, ਕਿਫ਼ਾਇਤੀ ਰੀਅਲ ਐਸਟੇਟ ਅਤੇ ਉਚ ਪੱਧਰ ਦੀ ਖਰੀਦ ਸ਼ਕਤੀ ਸੂਚਕ ਅੰਕ (ਇਸ ਦੇ ਤਕਨੀਕ ਮੁਖੀ ਕੁਲੀਨ ਵਰਗ ਦੀ ਬਦੌਲਤ) ਇਹ ਜ਼ਿਆਦਾਤਰ ਉਨ੍ਹਾਂ ਲੋਕਾਂ ਦਾ ਪਸੰਦੀਦਾ ਸ਼ਹਿਰ ਹੈ ਜੋ ਮੁੰਬਈ (ਜੋ ਆਮਦਨ ਦੇ ਲਿਹਾਜ਼ ਤੋਂ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿਚ ਗਿਣਿਆ ਜਾਂਦਾ ਹੈ) ਦੀਆਂ ਰੀਅਲ ਐਸਟੇਟ ਕੀਮਤਾਂ ਅਤੇ ਮਾੜੇ ਦਰਜੇ ਵਾਲੇ ਦਿੱਲੀ-ਗੁੜਗਾਓਂ-ਨੋਇਡਾ ਤੋਂ ਬਚਣ ਦਾ ਇਰਾਦਾ ਰੱਖਦੇ ਹਨ। ਟੀਅਰ 2 ਵਾਲੇ ਸ਼ਹਿਰਾਂ ਵਿਚ ਸਭ ਤੋਂ ਤਿੱਖਾ ਵਾਧਾ ਸੂਰਤ ਵਿਚ ਦਰਜ ਕੀਤਾ ਗਿਆ ਹੈ ਜਿੱਥੇ ਆਬਾਦੀ ਵਿਚ ਪਿਛਲੇ ਚਾਰ ਦਹਾਕਿਆਂ ਦੌਰਾਨ 70 ਫ਼ੀਸਦ ਦੇ ਕਰੀਬ ਵਾਧਾ ਹੋਇਆ ਹੈ। ਭਾਰਤ ਦੇ ਭਵਿੱਖੀ ਸ਼ਹਿਰੀਕਰਨ ਦੀ ਸਫ਼ਲਤਾ ਤੇ ਨਾਕਾਮੀ ਦੀ ਕਹਾਣੀ ਇਨ੍ਹਾਂ ਸ਼ਹਿਰਾਂ ਵਿਚ ਹੀ ਲਿਖੀ ਜਾਵੇਗੀ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ।