ਪ੍ਰੋ. ਪ੍ਰੀਤਮ ਸਿੰਘ
ਬਰਤਾਨੀਆ ਵਿਚ 19 ਜੁਲਾਈ ਨੂੰ ਜੋ ਕੁਝ ਵਾਪਰਿਆ ਹੈ, ਉਸ ਤੋਂ ਬਾਅਦ ਸਪੱਸ਼ਟ ਹੋ ਗਿਆ ਕਿ ਕਿਆਮਤ ਕਿਸੇ ਸਾਇੰਸੀ ਕਲਪਨਾ ਲੋਕ ਦੀ ਕਹਾਣੀ ਨਹੀਂ ਹੈ ਸਗੋਂ ਇਹ ਘਟਨਾ ਦੁਨੀਆ ਭਰ ਵਿਚ ਵਧ ਰਹੀ ਬੇਤਹਾਸ਼ਾ ਗਰਮੀ ਦੇ ਪਸਾਰ ਦਾ ਇੱਕ ਇਤਿਹਾਸਕ ਅਤੇ ਫ਼ੈਸਲਾਕੁਨ ਮੋੜ ਬਣ ਗਈ ਹੈ। ਬਰਤਾਨੀਆ ਵਿਚ ਆਲਮੀ ਤਪਸ਼ ਨੂੰ ਆਮ ਤੌਰ ’ਤੇ ਗਲੋਬਲ ਵਾਰਮਿੰਗ ਦੇ ਨਾਂ ਨਾਲ ਪੁਕਾਰਿਆ ਜਾਂਦਾ ਰਿਹਾ ਹੈ ਕਿਉਂਕਿ ਵਾਰਮਿੰਗ ਦਾ ਮਤਲਬ ਹੁੰਦਾ ਹੈ ਹੌਲੀ ਹੌਲੀ ਤਾਪ ਵਿਚ ਵਾਧਾ ਹੋਣਾ ਜਦੋਂਕਿ ਇਹ ਬੇਤਹਾਸ਼ਾ ਗਰਮੀ ਦਾ ਵਰਤਾਰਾ ਹੈ। ਬਰਤਾਨੀਆ ਵਿਚ ਵੱਧ ਤੋਂ ਵੱਧ ਤਾਪਮਾਨ 19 ਜੁਲਾਈ ਨੂੰ 40 ਡਿਗਰੀ ਸੈਲਸੀਅਸ ਦੀ ਸੀਮਾ ਪਾਰ ਕਰ ਕੇ 40.3 ਡਿਗਰੀ ਸੈਲਸੀਅਸ ਹੋ ਗਿਆ ਸੀ।
ਬਰਤਾਨੀਆ ਦੇ ਮੌਸਮ ਵਿਭਾਗ ਨੇ ਪਿਛਲੇ ਹਫ਼ਤੇ ਦੇ ਸ਼ੁਰੂ ਵਿਚ ਪਹਿਲੀ ਸਖਤ ਚਿਤਾਵਨੀ (red warning) ਜਾਰੀ ਕਰ ਕੇ ਗਰਮੀ ਵਿਚ ਭਾਰੀ ਵਾਧੇ ਦਾ ਖ਼ਦਸ਼ਾ ਜਤਾਇਆ ਸੀ। ਬਰਤਾਨੀਆ ਦੀ ਜਨਤਾ ਦੇ ਮਨਮਸਤਕ ਵਿਚ 40 ਦਰਜੇ ਦੇ ਤਾਪਮਾਨ ਨੂੰ ਤੀਜੀ ਦੁਨੀਆ ਜਾਂ ਦੱਖਣੀ ਯੂਰੋਪ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਆਮ ਤੌਰ ’ਤੇ ਅਜਨਬੀਆਂ ਨੂੰ ਵੀ ਇਹ ਗੱਲ ਆਖ ਕੇ ਜੀ ਆਇਆਂ ਆਖਿਆ ਜਾਂਦਾ ਹੈ ਕਿ ‘ਕਿੰਨੀ ਸੋਹਣੀ ਧੁੱਪ ਚੜ੍ਹੀ ਹੈ’ ਪਰ ਹੋ ਸਕਦਾ ਹੈ ਕਿ ਹੁਣ ਇਹ ਮੁਹਾਵਰਾ ਬਦਲ ਜਾਏ।
ਬਰਤਾਨੀਆ ਵਿਚ ਉਸ ਦਿਨ ਜੋ ਕੁਝ ਵਾਪਰਿਆ ਸੀ, ਉਹ ਇਸ ਅਧਿਐਨ ਦਾ ਵਿਸ਼ਾ ਬਣ ਗਿਆ ਹੈ ਕਿ ਜੇ ਹੰਗਾਮੀ ਤੌਰ ’ਤੇ ਆਲਮੀ ਤਪਸ਼ ਨੂੰ ਪੁੱਠਾ ਗੇੜਾ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਦੁਨੀਆ ਦਾ ਹਾਲ ਕਿਹੋ ਜਿਹਾ ਹੋਣ ਵਾਲਾ ਹੈ। ਇਵੇਂ ਲੱਗਿਆ, ਜਿਵੇਂ ਇਹ ਮੁਲਕ ਅੱਗ ਦੀ ਭੱਠੀ ਬਣ ਗਿਆ ਹੋਵੇ। ਲੰਡਨ ਤੋਂ ਲੈ ਕੇ ਯੌਰਕਸ਼ਾਇਰ ਤੱਕ ਬਰਤਾਨੀਆ ਭਰ ਵਿਚ ਘਾਹ ਪੱਤਿਆਂ ਨਾਲ ਅੱਗਾਂ ਭੜਕ ਕੇ ਜੰਗਲੀ ਅੱਗ ਵਿਚ ਤਬਦੀਲ ਹੋ ਗਈਆਂ। ਕਈ ਹੋਰ ਥਾਵਾਂ ’ਤੇ ਬੇਧਿਆਨੀ ਨਾਲ ਸੁੱਟੀਆਂ ਸਿਗਰਟਾਂ ਅੱਗਾਂ ਭੜਕਾਉਣ ਦਾ ਸਬਬ ਬਣ ਸਕਦੀਆਂ ਸਨ। ਸਰਕਾਰੀ ਤਰਜਮਾਨ ਨੇ ਦੱਸਿਆ ਕਿ ਇਕੱਲੇ ਲੰਡਨ ਵਿਚ ਅੱਗਾਂ ਭੜਕਣ ਨਾਲ 41 ਜਾਇਦਾਦਾਂ ਸੜ ਕੇ ਸੁਆਹ ਹੋ ਗਈਆਂ। ਨੌਰਫਿਕ ਵਿਚ 14 ਅਤੇ ਲਿੰਕਨਸ਼ਾਇਰ ਵਿਚ ਅੱਗ ਲੱਗਣ ਦੀਆਂ ਪੰਜ ਘਟਨਾਵਾਂ ਵਾਪਰੀਆਂ।
ਅੱਗ ਬੁਝਾਊ ਸੇਵਾਵਾਂ ਦੀ ਲਾਚਾਰੀ ਦਾ ਇਹ ਹਾਲ ਸੀ ਕਿ ਲੰਡਨ ਦੇ ਮੇਅਰ ਸਾਦਿਕ ਖ਼ਾਨ ਨੂੰ ਇਹ ਕਹਿਣਾ ਪਿਆ ਕਿ ਅੱਗ ਬੁਝਾਊ ਅਮਲੇ ਲਈ ਦੂਜੀ ਆਲਮੀ ਜੰਗ ਤੋਂ ਬਾਅਦ ਇਹ ਸਭ ਤੋਂ ਰੁਝੇਵੇਂ ਭਰੇ ਦਿਨ ਦਾ ਸਾਹਮਣਾ ਕਰਨਾ ਪਿਆ ਹੈ। ਛੁੱਟੀ ’ਤੇ ਗਏ ਅਫਸਰਾਂ ਨੂੰ ਵਾਪਸ ਕੰਮ ’ਤੇ ਬੁਲਾਉਣਾ ਪਿਆ। ਨਿਯਮਤ ਸਿਖਲਾਈ ਅਭਿਆਸ ਰੱਦ ਕਰਨੇ ਪਏ ਅਤੇ ਇਸ ਤਰ੍ਹਾਂ ਭਵਿੱਖ ਵਿਚ ਅੱਗ ਦੀਆਂ ਘਟਨਾਵਾਂ ਨਾਲ ਸਿੱਝਣ ਦੀ ਤਕਨੀਕੀ ਮਨੁੱਖੀ ਸਰੋਤ ਸ਼ਕਤੀ ਨੂੰ ਢਾਹ ਲੱਗੀ ਹੈ। ਨੈਸ਼ਨਲ ਫਾਇਰ ਚੀਫਜ਼ ਕੌਂਸਲ ਦੇ ਮੁਖੀ ਮਾਰਕ ਹਾਰਡਿੰਗਮ ਨੇ ਕਿਹਾ ਕਿ ਇਹ ਘਟਨਾਵਾਂ ਕੈਲੀਫੋਰਨੀਆ, ਆਸਟਰੇਲੀਆ ਅਤੇ ਦੱਖਣੀ ਯੂਰੋਪ ਵਿਚ ਪੁਰਤਗਾਲ, ਸਪੇਨ ਤੇ ਗ੍ਰੀਸ ਵਿਚ ਲੱਗੀਆਂ ਜੰਗਲਾਂ ਦੀਆਂ ਅੱਗਾਂ ਨਾਲ ਮੇਲ ਖਾਂਦੀਆਂ ਸਨ। ਬਹੁਤ ਸਾਰੀਆਂ ਥਾਵਾਂ ’ਤੇ ਅਤਿ ਦੀ ਗਰਮੀ ਕਰ ਕੇ ਰੇਲਵੇ ਪਟੜੀਆਂ ਪਿਘਲਣ ਤੇ ਖੰਭਿਆਂ ਦੀਆਂ ਤਾਰਾਂ ਦਾ ਨੁਕਸਾਨ ਹੋਣ ਕਰ ਕੇ ਰੇਲ ਸੇਵਾਵਾਂ ਵਿਚ ਵਿਘਨ ਪਿਆ। ਘੱਟੋ-ਘੱਟ ਇੱਕ ਏਅਰਪੋਰਟ ਦੀ ਹਵਾਈ ਪੱਟੀ ਪਿਘਲ ਗਈ ਜਿਸ ਕਰ ਕੇ ਇਹ ਹਵਾਈ ਜਹਾਜ਼ਾਂ ਦੇ ਚੜ੍ਹਨ ਉਤਰਨ ਲਈ ਅਸੁਰੱਖਿਅਤ ਕਰਾਰ ਦੇ ਦਿੱਤੀ ਗਈ। ਹਸਪਤਾਲਾਂ ਤੋਂ ਰਿਪੋਰਟਾਂ ਮਿਲੀਆਂ ਕਿ ਲੂਅ ਲੱਗਣ ਅਤੇ ਸਿਹਤ ਦੀਆਂ ਕਈ ਹੋਰ ਦਿੱਕਤਾਂ ਕਰ ਕੇ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਗਈ। ਰੇਡੀਓਥੈਰੇਪੀ ਦੀ ਦਰਕਾਰ ਵਾਲੇ ਕੈਂਸਰ ਦੇ ਕੁਝ ਮਰੀਜ਼ਾਂ ਦੇ ਮਿਲਣੀ-ਇਕਰਾਰ (appointments) ਰੱਦ ਕਰਨੇ ਪਏ ਅਤੇ ਕੁਝ ਹਸਪਤਾਲਾਂ ਵਿਚ ਸੂਚਨਾ ਤਕਨਾਲੋਜੀ (ਆਈਟੀ) ਪ੍ਰਣਾਲੀਆਂ ਠੱਪ ਹੋ ਗਈਆਂ ਜਿਸ ਨਾਲ ਮਰੀਜ਼ਾਂ ਦੇ ਰਿਕਾਰਡ ਤੱਕ ਰਸਾਈ ਮੁਸ਼ਕਿਲ ਹੋ ਗਈ। ਕੁਝ ਥਾਈਂ ਪ੍ਰਾਇਮਰੀ ਸਕੂਲ ਜਲਦੀ ਬੰਦ ਕਰ ਦਿੱਤੇ ਗਏ ਅਤੇ ਬੱਚਿਆਂ ਨੂੰ ਘਰਾਂ ਵਿਚ ਰੱਖਣ ਦੀ ਸਲਾਹ ਦਿੱਤੀ ਗਈ।
ਨੈਸ਼ਨਲ ਫਾਰਮਰਜ਼ ਯੂਨੀਅਨ ਦੇ ਦੱਸਣ ਮੁਤਾਬਿਕ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਬੇਤਹਾਸ਼ਾ ਗਰਮੀ ਪੈਣ ਕਰ ਕੇ ਫ਼ਸਲਾਂ ਦੀ ਬਿਜਾਈ ਵਿਚ ਰੁਕਾਵਟ ਆਉਣ, ਨਦੀਨ ਵਧਣ ਅਤੇ ਸਬਜ਼ੀਆਂ ਦੀ ਕਾਸ਼ਤ ਲਈ ਪਾਣੀ ਦੀ ਕਿੱਲਤ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ। ਗਰਮੀ ਕਰ ਕੇ ਖੇਤਾਂ ਵਿਚ ਕੰਮ ਕਰਨ ਵਾਲੇ ਕਾਮੇ ਤੇ ਤੋੜਨ ਵਾਲੇ ਮਜ਼ਦੂਰ ਲੋੜੀਂਦੀ ਤਾਦਾਦ ਵਿਚ ਨਾ ਮਿਲਣ ਕਰ ਕੇ ਸਟ੍ਰਾਬੇਰੀਆਂ ਖੇਤਾਂ ਵਿਚ ਹੀ ਪੱਕ ਗਈਆਂ। ਪਸ਼ੂਆਂ ਨੂੰ ਵੀ ਬੇਤਹਾਸ਼ਾ ਗਰਮੀ ਦਾ ਕਹਿਰ ਝੱਲਣਾ ਪਿਆ। ਪਸ਼ੂ ਪਾਲਕ ਕਿਸਾਨਾਂ ਦੇ ਦੱਸਣ ਮੁਤਾਬਿਕ ਗਰਮੀ ਦੀ ਲਹਿਰ ਦੌਰਾਨ ਘਾਹ ਦੀ ਕਮੀ ਕਰ ਕੇ ਭੇਡਾਂ ਤੇ ਗਊਆਂ ਲਈ ਹਰੇ ਚਾਰੇ ਦੀ ਦਿੱਕਤ ਆ ਰਹੀ ਹੈ। ਗਊਆਂ ਦਾ ਦੁੱਧ ਘਟ ਗਿਆ ਹੈ। ਪਾਲਤੂ ਜਾਨਵਰਾਂ ਖ਼ਾਸਕਰ ਕੁੱਤਿਆਂ ’ਤੇ ਵੀ ਵਧਦੀ ਗਰਮੀ ਦੀ ਮਾਰ ਪਈ।
ਅਤਿ ਦੀ ਗਰਮੀ ਦਾ ਚੌਤਰਫ਼ਾ ਅਸਰ ਪਿਆ ਹੈ। ਪੌਣ ਜ਼ਰੀਏ ਨਵਿਆਉਣਯੋਗ ਬਿਜਲੀ ਦਾ ਉਤਪਾਦਨ ਵੀ ਘਟ ਗਿਆ ਕਿਉਂਕਿ ਗਰਮੀ ਦੇ ਮੌਸਮ ਵਿਚ ਪਾਰਾ ਚੜ੍ਹਨ ਕਰ ਕੇ ਹਵਾ ਦਾ ਦਬਾਓ ਘਟ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਬਹੁਤ ਜ਼ਿਆਦਾ ਗਰਮੀ ਕਰ ਕੇ ਸੋਲਰ ਪਲਾਂਟਾਂ ਦੀ ਕਾਰਜ ਕੁਸ਼ਲਤਾ ਵੀ ਘਟ ਗਈ। ਇਹ ਅਨੁਮਾਨ ਲਾਇਆ ਜਾਂਦਾ ਹੈ ਕਿ ਜਿਨ੍ਹਾਂ ਥਾਵਾਂ ’ਤੇ ਸੋਲਰ ਪੈਨਲ ਲਾਏ ਗਏ ਹਨ, ਉੱਥੇ ਗਰਮੀ 25 ਡਿਗਰੀ ਸੈਲਸੀਅਸ ਤੋਂ ਉੱਪਰ ਚਲੀ ਜਾਣ ’ਤੇ ਨਿਰੀਖਣ ਕਰਨ ’ਤੇ ਪਤਾ ਲੱਗਿਆ ਹੈ ਕਿ ਆਮ ਤੌਰ ’ਤੇ ਫੋਟੋਵੋਲਟਿਕ ਪੈਨਲਾਂ ਦੀ ਉਤਪਾਦਨ ਕੁਸ਼ਲਤਾ ਵਿਚ 10-25 ਫ਼ੀਸਦ ਤੱਕ ਕਮੀ ਆਉਂਦੀ ਹੈ।
ਉਂਝ, ਇਸ ਗੱਲ ’ਤੇ ਜ਼ੋਰ ਦੇਣਾ ਅਹਿਮ ਹੈ ਕਿ ਸੌਰ ਊਰਜਾ ਹੋਰਨਾਂ ਸਰੋਤਾਂ ਦੇ ਮੁਕਾਬਲੇ ਜ਼ਿਆਦਾ ਕੁਸ਼ਲ ਹੈ। ਬਹਰਹਾਲ, ਸੌਰ ਊਰਜਾ ਵੀ ਆਲਮੀ ਤਬਦੀਲੀ ਦਾ ਸੰਪੂਰਨ ਹੱਲ ਨਹੀਂ ਦੇ ਸਕਦੀ ਕਿਉਂਕਿ ਸੋਲਰ ਪੈਨਲ ਬਣਾਉਣ ਲਈ ਵੀ ਬਹੁਤ ਸਾਰੀ ਊਰਜਾ ਖਰਚ ਕਰਨੀ ਪੈਂਦੀ ਹੈ ਅਤੇ ਅਖੀਰ ਵਿਚ ਸੋਲਰ ਪੈਨਲ ਪ੍ਰਦੂਸ਼ਣ ਪੈਦਾ ਕਰਨ ਦਾ ਜ਼ਰੀਆ ਬਣ ਜਾਂਦੇ ਹਨ। ਬੇਤਹਾਸ਼ਾ ਗਰਮੀ ਪੈਣ ਕਰ ਕੇ ਪਣ ਬਿਜਲੀ ਉਤਪਾਦਨ ’ਤੇ ਵੀ ਅਸਰ ਪਿਆ ਹੈ ਕਿਉਂਕਿ ਜਲ ਭੰਡਾਰ ਸੁੱਕ ਗਏ।
ਆਲਮੀ ਤਪਸ਼ ਦਾ ਮੁੱਖ ਕਾਰਨ ਪਥਰਾਟੀ ਈਂਧਣ (ਤੇਲ, ਕੋਲਾ ਤੇ ਗੈਸ) ਹੈ ਤੇ ਇਨ੍ਹਾਂ ਦੀ ਖਪਤ ਕੁ-ਚੱਕਰ ਬਣ ਗਈ ਹੈ। ਦੋ ਮਿਸਾਲਾਂ ਬਹੁਤ ਚੰਗੀ ਤਰ੍ਹਾਂ ਇਸ ਦਾ ਖੁਲਾਸਾ ਕਰਦੀਆਂ ਹਨ। ਇੱਕ ਹੈ ਗਰਮੀ ਤੋਂ ਰਾਹਤ ਲਈ ਸੰਸਥਾਵਾਂ ਤੇ ਘਰਾਂ ਵਿਚ ਏਅਰ ਕੰਡੀਸ਼ਨਰਾਂ (ਏਸੀਜ਼) ਦੀ ਵਰਤੋਂ ਅਤੇ ਦੂਜੀ ਹੈ ਕਾਰਬਨ ਗੈਸਾਂ ਦੀ ਨਿਕਾਸੀ ਨੂੰ ਖਾਰਜ ਕਰਨ ਲਈ ਜੰਗਲਾਂ ਦਾ ਪਸਾਰ। ਏਅਰ ਕੰਡੀਸ਼ਨਰਾਂ ਦੀ ਵਰਤੋਂ ਕਰਨ ਵਾਲੇ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਹੋਣਗੇ ਕਿ ਇਹ ਚੌਗਿਰਦੇ ਲਈ ਕਿੰਨੇ ਖ਼ਤਰਨਾਕ ਹਨ। ਜਿਨ੍ਹਾਂ ਨੂੰ ਪਤਾ ਵੀ ਹੈ, ਉਹ ਵੀ ਇਸ ਮੁਤੱਲਕ ਬੇਵਸੀ ਮਹਿਸੂਸ ਕਰਦੇ ਹਨ। ਦੁਨੀਆ ਭਰ ਵਿਚ ਕੁੱਲ ਬਿਜਲੀ ਦਾ ਵੀਹ ਫ਼ੀਸਦ ਹਿੱਸਾ ਏਅਰ ਕੰਡੀਸ਼ਨਰ ਖਪਤ ਕਰ ਜਾਂਦੇ ਹਨ। ਜ਼ਿਆਦਾਤਰ ਬਿਜਲੀ ਤਾਪ ਘਰਾਂ ਤੋਂ ਆਉਂਦੀ ਹੈ ਜਿਨ੍ਹਾਂ ਵਿਚ ਪਥਰਾਟੀ ਈਂਧਣ ਬਾਲਿਆ ਜਾਂਦਾ ਹੈ ਜਿਸ ਕਰ ਕੇ ਤਾਪ ਵਧਾਊ ਗੈਸ ਦੀ ਨਿਕਾਸੀ ਵਿਚ ਹੋਰ ਵਾਧਾ ਹੁੰਦਾ ਹੈ ਤੇ ਅੱਗੋਂ ਨਿਕਾਸੀ ਕਰ ਕੇ ਔਸਤਨ ਆਲਮੀ ਤਾਪਮਾਨ ਵਿਚ ਵਾਧਾ ਹੁੰਦਾ ਹੈ। ਇਸ ਤਰ੍ਹਾਂ ਆਲਮੀ ਤਾਪਮਾਨ ਵਧਣ ਕਰ ਕੇ ਏਅਰ ਕੰਡੀਸ਼ਨਰਾਂ ’ਤੇ ਟੇਕ ਵਧ ਰਹੀ ਹੈ।
ਕੁਦਰਤ ਨੂੰ ਬਰਬਾਦ ਕਰਨ ਵਾਲੀਆਂ ਕਾਰਬਨ ਗੈਸਾਂ ਦੀ ਨਿਕਾਸੀ ਪੈਦਾ ਕਰਨ ਵਾਲੀਆਂ ਮਨੁੱਖੀ ਵਧੀਕੀਆਂ ਨਾਲ ਸਿੱਝਣ ਲਈ ਜੰਗਲ ਅਤੇ ਦਰੱਖਤ ਹੀ ਕੁਦਰਤ ਦੀ ਅਹਿਮ ਪ੍ਰਣਾਲੀ ਹੈ। ਉਂਝ, ਮੈਂ ਇਹ ਗੱਲ ਵੀ ਜੋੜਨਾ ਚਾਹੁੰਦਾ ਹਾਂ ਕਿ ਵਾਤਾਵਰਨ ਸੋਝੀ ਤੋਂ ਬਗੈਰ ਚਲਾਈਆਂ ਜਾਂਦੀਆਂ ਪੌਦੇ ਲਾਉਣ ਦੀਆਂ ਮੁਹਿੰਮਾਂ ਦਾ ਵਾਤਾਵਰਨ ’ਤੇ ਉਲਟਾ ਅਸਰ ਪੈ ਸਕਦਾ ਹੈ। ਪੌਦੇ ਲਾਉਣ ਦੀਆਂ ਮੁਹਿੰਮਾਂ ਅਤੇ ਜੰਗਲ ਇੱਕੋ ਗੱਲ ਨਹੀਂ ਹੈ। ਕੁਦਰਤੀ ਤੌਰ ’ਤੇ ਪੈਦਾ ਹੋਏ ਜੰਗਲ ਜੈਵ ਵੰਨ-ਸਵੰਨਤਾ ਦੇ ਬੇਸ਼ਕੀਮਤੀ ਸਰੋਤ ਹਨ ਪਰ ਪੌਦੇ ਲਾਉਣ ਦੀਆਂ ਕੁਝ ਕਵਾਇਦਾਂ ਬਹੁਤ ਸਾਰੀਆਂ ਪ੍ਰਜਾਤੀਆਂ ਨੂੰ ਪਾਲਣ ਵਾਲੀਆਂ ਘਾਹ ਪੱਟੀਆਂ ਤੇ ਕਾਰਬਨ ਡਾਇ-ਆਕਸਾਈਡ ਗੈਸਾਂ ਦੇ ਭੰਡਾਰ ਕਰਨ ਵਾਲੀਆਂ ਜਲਗਾਹਾਂ ਲਈ ਖ਼ਤਰਾ ਬਣ ਸਕਦੀਆਂ ਹਨ।
ਜੰਗਲ ਸੁੱਕਣ ਨਾਲ ਪੈਦਾ ਹੁੰਦੀ ਬੇਤਹਾਸ਼ਾ ਗਰਮੀ ਨਾਲ ਅਜਿਹੇ ਹਾਲਾਤ ਬਣ ਜਾਂਦੇ ਹਨ ਜਿਨ੍ਹਾਂ ਵਿਚ ਕਿਸੇ ਮਾਮੂਲੀ ਚੰਗਿਆੜੀ ਤੋਂ ਹੀ ਭੜਕੀਆਂ ਜੰਗਲਾਂ ਦੀਆਂ ਅੱਗਾਂ ’ਤੇ ਕਾਬੂ ਪਾਉਣਾ ਲਗਭਗ ਨਾਮਮੁਕਿਨ ਹੋ ਜਾਂਦਾ ਹੈ। ਇਵੇਂ ਇਸ ਨਾਲ ਆਲਮੀ ਤਪਸ਼ ਵਿਚ ਹੋਰ ਵਾਧਾ ਹੁੰਦਾ ਹੈ ਤੇ ਕਿਆਮਤ ਦੇ ਆਸਾਰ ਵਧਦੇ ਦਿਖਾਈ ਦਿੰਦੇ ਹਨ। ਇਹ ਇਕੱਲੇ ਬਰਤਾਨੀਆ ਦਾ ਮਾਮਲਾ ਨਹੀਂ ਹੈ ਜਦਕਿ ਭਾਰਤ, ਪਾਕਿਸਤਾਨ ਤੇ ਚੀਨ ਤੋਂ ਵੀ ਬੇਤਹਾਸ਼ਾ ਗਰਮੀ ਪੈਣ ਕਰ ਕੇ ਉੱਥੇ ਇੱਕੋ ਸਮੇਂ ਸੋਕੇ ਤੇ ਹੜ੍ਹ ਆਉਣ ਅਤੇ ਅਫਰੀਕਾ ਦੇ ਕੁਝ ਖੇਤਰਾਂ ਵਿਚ ਅਕਾਲ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ।
ਫੌਰੀ ਲੋੜ ਹੈ ਕਿ ਦੁਨੀਆ ਭਰ ਵਿਚ ਕੋਲੇ, ਤੇਲ ਅਤੇ ਗੈਸ ਜਿਹੇ ਈਂਧਣ ਦੇ ਪਥਰਾਟੀ ਸਰੋਤਾਂ ਦੀ ਵਰਤੋਂ ਭਰਵੇਂ ਰੂਪ ਵਿਚ ਘਟਾਈ ਜਾਵੇ ਤਾਂ ਕਿ ਸਾਡੇ ਵਾਤਾਵਰਨ ਤੇ ਸਮਾਜਿਕ ਢਾਂਚੇ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਹੋਣ ਤੋਂ ਬਚਾਇਆ ਜਾ ਸਕੇ ਜਿਸ ਦੀ ਖੌਫ਼ਨਾਕ ਝਲਕ ਅਸੀਂ ਹੁਣੇ ਹੁਣੇ ਬਰਤਾਨੀਆ ਦੇ ਕਈ ਇਲਾਕਿਆਂ ਵਿਚ ਦੇਖ ਚੁੱਕੇ ਹਾਂ।
*ਲੇਖਕ ਔਕਸਫੋਰਡ ਬਰੂਕਸ ਬਿਜ਼ਨਸ ਸਕੂਲ, ਔਕਸਫੋਰਡ ਦੇ ਪ੍ਰੋਫੈਸਰ ਐਮੇਰਿਟਸ ਹਨ।
ਸੰਪਰਕ: +447922657957