ਗੁਰਬਚਨ ਜਗਤ*
ਸੱਤ ਦਹਾਕੇ ਲੋਕਾਂ ਅਤੇ ਉਨ੍ਹਾਂ ਵੱਲੋਂ ਬਣਾਏ ਜਾ ਰਹੇ ਰਾਸ਼ਟਰ ਦੇ ਇਤਿਹਾਸ ਵਿਚ ਕੋਈ ਬਹੁਤ ਵੱਡਾ ਮਾਅਨਾ ਨਹੀਂ ਰੱਖਦੇ, ਪਰ ਉਹ ਉਸ ਮਾਰਚ (ਯਾਤਰਾ) ਦੀ ਦਿਸ਼ਾ ਬਦਲ ਸਕਦੇ ਹਨ ਜਿਸ ਦਾ ਆਗਾਜ਼ 1947 ਦੀ ਅੱਧੀ ਰਾਤ ਨੂੰ ਲਾਲ ਕਿਲੇ ਤੋਂ ‘ਸਾਡਾ (ਭਾਵ ਸਾਰੇ ਹਿੰਦੋਸਤਾਨੀਆਂ ਦਾ) ਆਪਣੀ ਤਕਦੀਰ/ਹੋਣੀ/ਭਾਵੀ ਦੇ ਨਾਲ ਇਕ ਇਕਰਾਰ/ਅਹਿਦ ਹੈ।’ (we have a tryst with destiny) ਦੇ ਸ਼ਬਦਾਂ ਨਾਲ ਕੀਤਾ ਗਿਆ ਸੀ। ਪਿਛਲੇ ਇਕ ਦਹਾਕੇ ਦੌਰਾਨ ਜੋ ਕੁਝ ਅਸੀਂ ਦੇਖਿਆ ਹੈ ਉਹ ਦੇਸ਼ ਦੇ ਸਿਆਸੀ, ਆਰਥਿਕ, ਸਮਾਜਿਕ ਅਤੇ ਸੰਸਦੀ ਪ੍ਰਣਾਲੀ ਪ੍ਰਤੀ ਪਹੁੰਚ ਵਿਚ ਇਕ ਮੁਕੰਮਲ ਤਬਦੀਲੀ ਦਾ ਆਭਾਸ ਕਰਵਾ ਰਿਹਾ ਹੈ। ਇਹ ਤਬਦੀਲੀ ਇੰਨੀ ਤੇਜ਼ੀ ਨਾਲ ਵਾਪਰੀ ਹੈ ਕਿ ਇਸ ’ਤੇ ਯਕੀਨ ਨਹੀਂ ਹੋ ਰਿਹਾ। ਪਰ ਕੀ ਇਹ ਵਾਕਈ ਇੰਨੀ ਤੇਜ਼ ਸੀ ਜਾਂ ਫਿਰ ਅਸੀਂ ਹੀ ਸੁੱਤੇ ਰਹੇ ਜਦੋਂਕਿ ਸੱਤਰਵਿਆਂ ਤੇ ਅੱਸੀਵਿਆਂ ਵਿਚ ਬੀਜੇ ਗਏ ਗਏ ਭ੍ਰਿਸ਼ਟਾਚਾਰ, ਕੁਨਬਾਪਰਵਰੀ ਅਤੇ ਸੱਤਾ ਦੀ ਹਵਸ ਦੇ ਬੀਜਾਂ ਨੇ ਸਾਨੂੰ ਇਸ ਕਦਰ ਮਦਹੋਸ਼ ਕਰ ਦਿੱਤਾ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਕੁਝ ਬਹੁਤ ਹੀ ਦ੍ਰਿੜ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਨੇ ਇਕੱਲਿਆਂ ਹੀ ਦੇਸ਼ ਨੂੰ ਧਰੁਵੀਕਰਨ ਵਾਲੀ ਵਿਚਾਰਧਾਰਾ ਦੀ ਇਕ ਨਵੀਂ ਸਾਣ੍ਹ ’ਤੇ ਚੜ੍ਹਾਅ ਦਿੱਤਾ।
ਅੱਜ ਸਾਡੇ ਕੋਲ ਅਜਿਹੀ ਕੌਮੀ ਸਿਆਸੀ ਜਾਂ ਸਮਾਜਿਕ ਜਥੇਬੰਦੀ ਨਜ਼ਰ ਨਹੀਂ ਆ ਰਹੀ ਜੋ ਉਨ੍ਹਾਂ ਤਾਕਤਾਂ ਦਾ ਮੁਕਾਬਲਾ ਕਰ ਸਕਦੀ ਹੋਵੇ ਜਿਹੜੀਆਂ ਸਾਨੂੰ ਉਸ ਦਿਸ਼ਾ ਵੱਲ ਧੱਕ ਰਹੀਆਂ ਹਨ ਜਿਨ੍ਹਾਂ ਬਾਰੇ ਸ਼ਾਇਦ ਸਾਡੇ ਵੱਡੇ ਵਡੇਰਿਆਂ ਨੇ ਸੋਚਿਆ ਵੀ ਨਹੀਂ ਸੀ। ਕਿਸੇ ਵੀ ਸਿਹਤਮੰਦ ਲੋਕਤੰਤਰ ਵਿਚ ਬਦਲਵੇਂ ਨਜ਼ਰੀਏ ਸਾਹਮਣੇ ਲਿਆਉਣ, ਸੰਸਦ ਅਤੇ ਮੀਡੀਆ ਵਿਚ ਜਾਂ ਫਿਰ ਜੇ ਲੋੜ ਪਏ ਤਾਂ ਸੜਕਾਂ ’ਤੇ ਆ ਕੇ ਵੀ ਬਹਿਸ ਮੁਬਾਹਿਸਾ ਕਰਨ ਦੀ ਲੋੜ ਹੁੰਦੀ ਹੈ। ਬਹਿਸ ਮੁਬਾਹਿਸੇ ਦੇ ਜ਼ਰੀਏ ਹੀ ਕਿਸੇ ਇੱਛਤ ‘ਸੁਨਹਿਰੀ ਮੱਧ ਮਾਰਗ’ ਅਤੇ ਮਿਆਰ ਨੂੰ ਤਲਾਸ਼ਿਆ ਜਾ ਸਕਦਾ ਹੈ ਜੋ ਮਨੁੱਖੀ ਵਿਚਾਰ ਅਤੇ ਹੋਂਦ ਦਾ ਸਤਿਕਾਰ ਕਰਦਾ ਹੋਵੇ ਅਤੇ ਮੱਧ ਮਾਰਗ ਦੀ ਇਕਸੁਰਤਾ ਨੂੰ ਧਿਆਉਂਦਾ ਹੋਵੇ।
ਆਓ, ਅਸੀਂ 1947 ਵਿਚ ਪਰਤਦੇ ਹਾਂ ਜਿਸ ਵੇਲੇ ਅਤੇ ਉਸ ਤੋਂ ਕੁਝ ਦਹਾਕੇ ਬਾਅਦ ਤੱਕ ਭਾਰਤੀ ਰਾਸ਼ਟਰੀ ਕਾਂਗਰਸ (ਆਈਐੱਨਸੀ) ਸੁਤੰਤਰਤਾ ਸੰਗਰਾਮ ਦੀ ਪੈਦਾਇਸ਼ ਹੋਣ ਕਰਕੇ ਦੇਸ਼ ਅੰਦਰ ਇਕੋ ਇਕ ਵੱਡੀ ਸਿਆਸੀ ਪਾਰਟੀ ਬਣੀ ਹੋਈ ਸੀ। ਉੱਘੇ ਸੁਤੰਤਰਤਾ ਸੰਗਰਾਮੀ ਹੀ ਆਈਐੱਨਸੀ ਦੇ ਝੰਡਾਬਰਦਾਰ ਬਣ ਗਏ ਸਨ; ਕੇਂਦਰ ’ਚ ਮੰਡਲਾਉਂਦੇ ਇਸ ਝੁਰਮਟ ਵਿਚ ਜਵਾਹਰਲਾਲ ਨਹਿਰੂ, ਡਾ. ਰਾਜਿੰਦਰ ਪ੍ਰਸਾਦ, ਮੌਲਾਨਾ ਆਜ਼ਾਦ, ਵੱਲਭਭਾਈ ਪਟੇਲ, ਰਾਜਗੋਪਾਲਾਚਾਰੀ, ਵਾਈ.ਬੀ. ਚਵਾਨ ਜਿਹੇ ਆਗੂ ਸ਼ਰੀਕ ਸਨ। ਰਾਜਾਂ ਦੇ ਮੁੱਖ ਮੰਤਰੀ ਵੀ ਇੰਨੇ ਹੀ ਕੱਦ ਬੁੱਤ ਦੇ ਮਾਲਕ ਸਨ ਜਿਨ੍ਹਾਂ ਵਿਚ ਯੂਪੀ ਵਿਚ ਜੀ.ਬੀ. ਪੰਤ, ਬੰਗਾਲ ਵਿਚ ਡਾ. ਬੀ.ਸੀ. ਰਾਏ, ਤਾਮਿਲਨਾਡੂ ਵਿਚ ਕਾਮਰਾਜ, ਆਂਧਰਾ ਪ੍ਰਦੇਸ਼ ਵਿਚ ਸੰਜੀਵਾ ਰੈਡੀ, ਉੜੀਸਾ ਵਿਚ ਬੀਜੂ ਪਟਨਾਇਕ ਆਦਿ ਸ਼ਾਮਲ ਸਨ। ਮੁੱਖ ਮੰਤਰੀਆਂ ਨੂੰ ਆਪਣੀ ਖਤੋ-ਕਿਤਾਬਤ ਵਿਚ ਪ੍ਰਧਾਨ ਮੰਤਰੀ ਨੂੰ ‘ਜਵਾਹਰ’ ਲਿਖਣ ਵਿਚ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ ਸੀ। ਆਈਐੱਨਸੀ ਵਿਚ ਕੌਮੀ ਅਤੇ ਸੂਬਾਈ ਪੱਧਰ ’ਤੇ ਮਜ਼ਬੂਤ ਪ੍ਰਧਾਨ ਹੁੰਦੇ ਸਨ ਅਤੇ ਉਨ੍ਹਾਂ ਨੂੰ ਕੰਮ ਕਰਨ ਦੀ ਕਾਫ਼ੀ ਖੁੱਲ੍ਹ ਹਾਸਲ ਹੁੰਦੀ ਸੀ। ਸੰਖੇਪ ਸਾਰ ਇਹ ਹੈ ਕਿ ਪ੍ਰਧਾਨ ਮੰਤਰੀ, ਕੈਬਨਿਟ ਮੰਤਰੀ, ਮੁੱਖ ਮੰਤਰੀ, ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਪ੍ਰਧਾਨ ਮਿਲ-ਜੁਲ ਕੇ ਕੰਮ ਕਰਦੇ ਸਨ ਅਤੇ ਇਕ ਦੂਜੇ ਦੇ ਕੰਮ ਨੂੰ ਲੈ ਕੇ ਕਿਸੇ ਕਿਸਮ ਦੀ ਅਸੁਰੱਖਿਆ ਦੀ ਭਾਵਨਾ ਮਹਿਸੂਸ ਨਹੀਂ ਹੁੰਦੀ ਸੀ।
ਹਾਲਾਂਕਿ ਉਸ ਵੇਲੇ ਵਿਰੋਧੀ ਧਿਰ ਨਾਂਮਾਤਰ ਹੀ ਸੀ ਅਤੇ ਨਹਿਰੂ ਬਹੁਤ ਹੀ ਦਿਲਕਸ਼ ਅਤੇ ਹਰਮਨਪਿਆਰਾ ਆਗੂ ਸੀ ਤੇ ਇਹ ਹੋ ਸਕਦਾ ਸੀ ਕਿ ਉਹ ਸੰਵਿਧਾਨ ’ਚ ਦਿੱਤੀਆਂ ਗਈਆਂ ਤਾਕਤਾਂ ਨਾਲੋਂ ਕਿਤੇ ਵੱਧ ਤਾਕਤ ਆਪਣੇ ਹੱਥਾਂ ਵਿਚ ਲੈ ਲੈਂਦੇ, ਪਰ ਉਹ ਇਕ ਖ਼ਰੇ ਲੋਕਰਾਜੀ ਪਾਰਲੀਮਾਨੀ ਸਿਆਸਤਦਾਨ ਸਨ। ਉਹ ਸਾਰੇ ਅਹਿਮ ਮਾਮਲਿਆਂ ਸਬੰਧੀ ਦੇਸ਼, ਕੈਬਨਿਟ, ਮੁੱਖ ਮੰਤਰੀਆਂ ਅਤੇ ਲੋਕਾਂ ਨੂੰ ਭਰੋਸੇ ਵਿਚ ਲੈਂਦੇ ਸਨ। ਉਨ੍ਹਾਂ ਨੂੰ ਆਪਣੇ ਚਹੇਤਿਆਂ ਨੂੰ ਮੁੱਖ ਮੰਤਰੀ ਜਾਂ ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਪ੍ਰਧਾਨ ਠੋਸਣ ਦੀ ਕਦੇ ਲੋੜ ਮਹਿਸੂਸ ਨਾ ਹੋਈ। ਇਸੇ ਤਰ੍ਹਾਂ, ਜਿਵੇਂ ਜਿਵੇਂ ਵਿਰੋਧੀ ਪਾਰਟੀਆਂ ਵਧਣੀਆਂ ਫੁੱਲਣੀਆਂ ਸ਼ੁਰੂ ਹੋਈਆਂ ਤਾਂ ਉਨ੍ਹਾਂ ਪਾਰਲੀਮਾਨੀ ਜਾਂ ਜਨਤਕ ਬਹਿਸ ਮੁਬਾਹਿਸੇ ਤੋਂ ਬਿਨਾਂ ਕਦੇ ਵੀ ਉਨ੍ਹਾਂ ਦੇ ਪਸਾਰ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ। ਮੀਡੀਆ ਅਤੇ ਨਿਆਂਪਾਲਿਕਾ ਨੂੰ ਆਪੋ ਆਪਣੇ ਖੇਤਰ ਵਿਚ ਆਜ਼ਾਦਾਨਾ ਢੰਗ ਨਾਲ ਵਿਚਰਨ ਦੀ ਪੂਰੀ ਖੁੱਲ੍ਹ ਸੀ। ਇਹ ਇਕ ਅਜਿਹੇ ਮੁਲਕ ਵਿਚ ਉਨ੍ਹਾਂ ਜਮਹੂਰੀ ਕਦਰਾਂ ਕੀਮਤਾਂ, ਪ੍ਰਤੀਬੱਧ ਅਤੇ ਅਸੂਲੀ ਲੀਡਰਸ਼ਿਪ ਦਾ ਸਿੱਟਾ ਸੀ ਜਿਸ ਨੇ ਥੋੜ੍ਹੀ ਦੇਰ ਪਹਿਲਾਂ ਆਜ਼ਾਦ ਹੋਣ ਮਗਰੋਂ ਆਧੁਨਿਕ ਦੁਨੀਆ ਵਿਚ ਆਪਣੇ ਪੈਰ ਜਮਾਉਣੇ ਸ਼ੁਰੂ ਕੀਤੇ ਸਨ। ਗਣਰਾਜ ਦਾ ਗਠਨ (ਰਿਆਸਤਾਂ ਨੂੰ ਮਿਲਾ ਕੇ), ਸਿੱਖਿਆ, ਏਮਜ਼, ਆਈਆਈਟੀ, ਆਈਆਈਐੱਮ, ਅਤੇ ਐੱਨਡੀਏ ਉਪਰ ਜ਼ੋਰ, ਸ੍ਰੀ ਹੋਮੀ ਭਾਬਾ ਨਾਲ ਮਿਲ ਕੇ ਐਟਮੀ ਊਰਜਾ ਵਿਭਾਗ ਦੀ ਸਥਾਪਨਾ, ਪੰਜ ਸਾਲਾ ਵਿਕਾਸ ਯੋਜਨਾਵਾਂ ਅਤੇ ਹੋਰ ਬਹੁਤ ਸਾਰੇ ਅਜਿਹੇ ਉੱਦਮ ਗਿਣਾਏ ਜਾ ਸਕਦੇ ਹਨ। ਨਹਿਰੂ ਤੇ ਉਨ੍ਹਾਂ ਦੀ ਟੀਮ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਸਨ।
ਫਿਰ ਸ੍ਰੀਮਤੀ ਇੰਦਰਾ ਗਾਂਧੀ ਦੀ ਆਮਦ ਨਾਲ ਰੌਂਅ ਬਦਲਣਾ ਸ਼ੁਰੂ ਹੋ ਗਿਆ। ਉਹ ਵੀ ਹਰਮਨਪਿਆਰੀ ਅਤੇ ਕ੍ਰਿਸ਼ਮਈ ਹਸਤੀ ਸਨ, ਪਰ ਧੁਰ ਅੰਦਰ ਕਿਤੇ ਅਸੁਰੱਖਿਆ ਦਾ ਖੌਅ ਪਿਆ ਸੀ ਤੇ ਉਨ੍ਹਾਂ ਹੌਲੀ-ਹੌਲੀ ਚੀਜ਼ਾਂ ਬਦਲਣੀਆਂ ਸ਼ੁਰੂ ਕਰ ਦਿੱਤੀਆਂ। ਕੈਬਨਿਟ ਅੰਦਰ ਇਕ ‘ਕਿਚਨ ਕੈਬਨਿਟ’ ਬਣ ਗਈ ਸੀ ਜਿਸ ਦੀ ਮੈਂਬਰੀ ਅਕਸਰ ਬਦਲਦੀ ਰਹਿੰਦੀ ਸੀ। ਪਹਿਲਾ ਮੌਕਾ ਮਿਲਦੇ ਸਾਰ ਉਨ੍ਹਾਂ ਆਈਐੱਨਸੀ ਦੋਫਾੜ ਕਰ ਦਿੱਤੀ ਅਤੇ ‘ਸਿੰਡੀਕੇਟ’ ਅਤੇ ਇਸ ਦੇ ਮੈਂਬਰਾਂ ਨੂੰ ਕੁਚਲ ਦਿੱਤਾ। ਇੰਦਰਾ ਗਾਂਧੀ ਨੇ ਸੂਬਿਆਂ ਵਿਚ ਕਮਜ਼ੋਰ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਥਾਪਣੇ ਸ਼ੁਰੂ ਕਰ ਦਿੱਤੇ। ਖ਼ਾਸਕਰ 1971 ਤੋਂ ਬਾਅਦ ਕਾਂਗਰਸ ਵਿਧਾਨਕਾਰ ਪਾਰਟੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀਆਂ ਰਬੜ ਦੀਆਂ ਮੋਹਰਾਂ ਬਣ ਕੇ ਰਹਿ ਗਈਆਂ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਕਾਂਗਰਸ ਇਕ ਲਹਿਰ ਦੇ ਤੌਰ ’ਤੇ ਕੰਮ ਕਰਦੀ ਆ ਰਹੀ ਸੀ ਜਿਸ ਦਾ ਕੋਈ ਕੇਡਰ ਨਹੀਂ ਸੀ ਜਦੋਂਕਿ ਜਨ ਸੰਘ (ਭਾਜਪਾ) ਅਤੇ ਖੱਬੀਆਂ ਪਾਰਟੀਆਂ ਕੇਡਰ ਆਧਾਰਿਤ ਪਾਰਟੀਆਂ ਸਨ। ਇਸ ਲਿਹਾਜ਼ ਤੋਂ ਕਾਂਗਰਸ ਪਾਰਟੀ ਕੌਮੀ ਅਤੇ ਸੂਬਾਈ ਪੱਧਰ ’ਤੇ ਚੋਣਾਂ ਜਿੱਤਣ ਲਈ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਦੇ ਕ੍ਰਿਸ਼ਮੇ ’ਤੇ ਨਿਰਭਰ ਹੋ ਕੇ ਰਹਿ ਗਈ। ਐਮਰਜੈਂਸੀ ਦੇ ਐਲਾਨ ਅਤੇ ਸੰਜੇ ਗਾਂਧੀ ਦੀ ਆਮਦ ਤੋਂ ਬਾਅਦ ਸਰਕਾਰ ਅਤੇ ਪਾਰਟੀ ਮਸ਼ੀਨਰੀ ’ਤੇ ਮਜ਼ਬੂਤ ਪਕੜ ਜਮਾਉਣ ਦੇ ਨਿਰੰਕੁਸ਼ ਤੌਰ ਤਰੀਕੇ ਜ਼ੋਰ ਫੜਨ ਲੱਗ ਪਏ। ਮੁੱਖ ਮੰਤਰੀ, ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਪ੍ਰਧਾਨ, ਕੈਬਨਿਟ ਮੰਤਰੀ ‘ਮਿੱਟੀ ਦੇ ਮਾਧੋ’ ਬਣ ਕੇ ਰਹਿ ਗਏ।
ਇਸ ਅਰਸੇ ਦੌਰਾਨ ਆਰਐੱਸਐੱਸ ਦੀ ਮਦਦ ਨਾਲ ਭਾਰਤੀ ਜਨਤਾ ਪਾਰਟੀ ਪੈਰ ਪਸਾਰਦੀ ਰਹੀ ਅਤੇ ਆਖ਼ਰਕਾਰ ਇਕ ਤਾਕਤ ਬਣ ਕੇ ਉੱਭਰੀ। ਕਾਂਗਰਸ ਤੋਂ ਉਲਟ ਭਾਜਪਾ ਕੋਲ ਇਕ ਠੋਸ, ਅਨੁਸ਼ਾਸਿਤ ਅਤੇ ਪ੍ਰੇਰਤ ਕੇਡਰ ਮੌਜੂਦ ਸੀ ਅਤੇ ਇਸ ਦੀ ਵਿਚਾਰਧਾਰਾ ਬਹੁਤ ਸਪੱਸ਼ਟ ਸੀ। ਪਾਰਟੀ ਨੂੰ ਇਸ ਦਾ ਲਾਹਾ ਮਿਲਿਆ ਅਤੇ ਇਹ ਤਾਕਤ ਬਣ ਕੇ ਉਭਰੀ। ਪਾਰਟੀ ਕੇਂਦਰ ਵਿਚ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਗੱਠਜੋੜ ਸਰਕਾਰ ਬਣਾਉਣ ਵਿਚ ਕਾਮਯਾਬ ਰਹੀ ਅਤੇ ਕਾਂਗਰਸ ਦੇ ਮੁਕਾਬਲੇ ਭਾਜਪਾ ਨੂੰ ਇਸ ਦਾ ਬਹੁਤ ਲਾਭ ਮਿਲਿਆ। ਜਦੋਂ ਵੀ ਕਦੇ ਭਾਜਪਾ ਸਰਕਾਰ ਵਿਚ ਹੁੰਦੀ ਤਾਂ ਇਹ ਆਪਣਾ ਆਧਾਰ ਮਜ਼ਬੂਤ ਕਰਦੀ ਅਤੇ ਪ੍ਰਸ਼ਾਸਨ, ਮੀਡੀਆ ਅਤੇ ਨਿਆਂਪਾਲਿਕਾ ’ਤੇ ਆਪਣੀ ਪਕੜ ਪੀਢੀ ਕਰਨ ਵਿਚ ਕਾਮਯਾਬ ਹੁੰਦੀ ਰਹੀ। ਇਸ ਨੇ ਕਾਰੋਬਾਰੀ ਅਤੇ ਕਾਰਪੋਰੇਟ ਜਗਤ ਨਾਲ ਚੰਗੀ ਸਾਂਝ ਗੰਢ ਲਈ ਜਿਸ ਦਾ ਇਸ ਨੂੰ ਅੱਗੇ ਚੱਲ ਕੇ ਖ਼ੂਬ ਲਾਹਾ ਮਿਲਿਆ। ਮੈਂ ਜੋ ਗੱਲ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਉਹ ਇਹ ਹੈ ਕਿ ਹੁਣ ਤੱਕ ਇਹ ਬਿਰਤਾਂਤ ਚੱਲ ਰਿਹਾ ਸੀ ਕਿ ਕਾਂਗਰਸ ਲੰਮਾ ਸਮਾਂ ਸੱਤਾ ਵਿਚ ਰਹਿਣ ਦੇ ਬਾਵਜੂਦ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਨਾਕਾਮ ਸਾਬਿਤ ਹੋਈ, ਅਸਲ ਵਿਚ ਇਸ ਨੇ ਅਜਿਹਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਿਸ ਕਰਕੇ ਇਹ ਕੇਂਦਰ ਅਤੇ ਸੂਬਿਆਂ ਵਿਚ ਚੁਣਾਵੀ ਜਿੱਤਾਂ ਲਈ ਪੂਰੀ ਤਰ੍ਹਾਂ ਗਾਂਧੀ ਪਰਿਵਾਰ ’ਤੇ ਨਿਰਭਰ ਹੋ ਕੇ ਰਹਿ ਗਈ। ਦੂਜੇ ਬੰਨੇ, ਭਾਜਪਾ-ਆਰਐੱਸਐੱਸ ਨੇ ਇਕ ਅਜਿਹੀ ਚੁਣਾਵੀ ਮਸ਼ੀਨ ਵਿਕਸਤ ਕਰ ਲਈ ਜਿਸ ਵਿਚ ਕੇਡਰ, ਵਿਚਾਰਧਾਰਾ ਅਤੇ ਚੰਗੀ ਲੀਡਰਸ਼ਿਪ ਜਿਹੇ ਸਾਰੇ ਗੁਣ ਮੌਜੂਦ ਸਨ। ਕ੍ਰਿਸ਼ਮਈ ਤੇ ਬਹੁਤ ਵਧੀਆ ਵਕਤਾ ਸ੍ਰੀ ਮੋਦੀ ਦੇ ਆਉਣ ’ਤੇ ਇਸ ਮਸ਼ੀਨ ਨੇ 2014 ਅਤੇ 2019 ਵਿਚ ਕੇਂਦਰ ਅਤੇ ਹੋਰਨਾਂ ਸਮਿਆਂ ’ਤੇ ਸੂਬਿਆਂ ਵਿਚ ਸ਼ਾਨਦਾਰ ਜਿੱਤਾਂ ਹਾਸਲ ਕਰਵਾਈਆਂ।
ਮੌਜੂਦਾ ਦ੍ਰਿਸ਼ ਵੱਲ ਪਰਤਦਿਆਂ, ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਨਹੀਂ ਕਿ ਕੋਈ ਖ਼ਾਸ ਸਿਆਸੀ ਪਾਰਟੀ ਸੱਤਾ ਵਿਚ ਹੈ, ਸਗੋਂ ਚਿੰਤਾ ਦਾ ਸਬੱਬ ਇਹ ਹੈ ਕਿ ਦੇਸ਼ ਨੂੰ ਅੱਜ ਮਜ਼ਬੂਤ ਵਿਰੋਧੀ ਧਿਰ ਦੀ ਘਾਟ ਮਹਿਸੂਸ ਹੋ ਰਹੀ ਹੈ ਜਦੋਂਕਿ ਇਕ ਧੜੱਲੇਦਾਰ ਵਿਰੋਧੀ ਧਿਰ ਦੀ ਅਣਹੋਂਦ ਵਿਚ ਕਈ ਕੁਵੱਲੀਆਂ ਵਾਪਰ ਗਈਆਂ ਹਨ। ਬਦਲਵੀਂ ਵਿਚਾਰਧਾਰਾ ਦਾ ਖੁਲਾਸਾ ਕਰਨ ਦੀ ਫ਼ੌਰੀ ਲੋੜ ਹੈ ਤੇ ਅਜਿਹੇ ਬਹੁਤ ਸਾਰੇ ਖ਼ਾਮੋਸ਼ ਭਾਰਤੀ ਹਨ ਜੋ ਕੁਝ ਵੱਖਰਾ ਸੁਣਨਾ ਚਾਹੁੰਦੇ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਨੂੰ ਦੱਸੇ ਕਿ ਉਹ ਕੀ ਖਾਣ, ਕੀ ਪੀਣ ਜਾਂ ਉਹ ਕੀਹਨੂੰ ਪਿਆਰ ਕਰਨ ਜਾਂ ਕਿਹੋ ਜਿਹਾ ਪਹਿਰਾਵਾ ਪਹਿਨਣ, ਕਿਹੜਾ ਧਰਮ ਅਪਣਾਉਣ, ਆਪਣੀ ਜ਼ਮੀਨ ਤੇ ਅਸਾਸਿਆਂ ਦਾ ਕੀ ਕਰੀਏ। ਅਸੀਂ ਨਹੀਂ ਚਾਹੁੰਦੇ ਕਿ ਆਪਣੇ ਮੱਤ ਜਾਂ ਵਿਰੋਧੀ ਵਿਚਾਰ ਪ੍ਰਗਟ ਕਰਨ ਬਦਲੇ ਕਿਸੇ ਨੂੰ ਦੇਸ਼ ਧਰੋਹ ਦਾ ਦੋਸ਼ ਲਾ ਕੇ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇ। ਸੰਖੇਪ ’ਚ ਅਸੀਂ ਆਜ਼ਾਦ ਬੰਦਿਆਂ ਤੇ ਔਰਤਾਂ ਦੀ ਤਰ੍ਹਾਂ, ਸੁੱਖ ਸ਼ਾਂਤੀ ਨਾਲ ਤੇ ਬਿਨਾਂ ਕਿਸੇ ਡਰ ਭੈਅ ਤੋਂ ਜਿਊਣਾ ਚਾਹੁੰਦੇ ਹਾਂ। ਇਸ ਵਕਤ ਇਕ ਮਜ਼ਬੂਤ ਵਿਰੋਧੀ ਪਾਰਟੀ ਦੀ ਸਖ਼ਤ ਲੋੜ ਹੈ ਕਿਉਂਕਿ ਇਕ ਜਾਨਦਾਰ ਲੋਕਤੰਤਰ ਲਈ ਸੁਚੇਤ ਵਿਰੋਧੀ ਧਿਰ ਦੀ ਲੋੜ ਹੁੰਦੀ ਹੈ। ਲੋਕਤੰਤਰ ਵਿਚ ਬਹਿਸ ਦਾ ਮੁਹਾਣ ਅਧਪੜ੍ਹ ਪਰਜਾ ਦੀਆਂ ਭਾਵਨਾਵਾਂ ਭੜਕਾਉਣ ਵਾਲੇ ਕ੍ਰਿਸ਼ਮਈ ਆਗੂਆਂ ਤੇ ਬੜਬੋਲੇ ਮੀਡੀਆ ਕਰਮੀਆਂ ਦੇ ਹੱਥਾਂ ਵਿਚ ਨਹੀਂ ਰਹਿਣਾ ਚਾਹੀਦਾ ਸਗੋਂ ਅਜਿਹੇ ਸੰਸਦ ਮੈਂਬਰਾਂ ਕੋਲ ਹੋਣਾ ਚਾਹੀਦਾ ਹੈ ਜਿਨ੍ਹਾਂ ਦਾ ਧਿਆਨ ਸਿਹਤ, ਰੁਜ਼ਗਾਰ, ਸਿੱਖਿਆ, ਲੋਕ ਭਲਾਈ, ਵਾਤਾਵਰਨ ਅਤੇ ਸੁਰੱਖਿਆ ਦੇ ਮੁੱਦਿਆਂ ’ਤੇ ਕੇਂਦਰਤ ਹੋਵੇ।
ਵਿਰੋਧੀ ਧਿਰ ਦੇ ਨਿੱਤਰ ਕੇ ਸਾਹਮਣੇ ਆਉਣ ਦਾ ਇਕੋ ਇਕ ਰਾਹ ਇਹ ਹੈ ਕਿ ਉਹ ਭਵਿੱਖ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਅਤੇ ਆਪਣੀ ਵਿਚਾਰਧਾਰਾ ਦੇਸ਼ ਸਾਹਮਣੇ ਰੱਖੇ। ਉਹ ਭਾਵੇਂ ਜੋ ਮਰਜ਼ੀ ਵਿਚਾਰਧਾਰਾ ਅਪਣਾਵੇ, ਉਸ ਦਾ ਸੰਘਰਸ਼ ਬਹੁਤ ਸਖ਼ਤ ਹੋਵੇਗਾ ਅਤੇ ਲੋਕਾਂ ਨੂੰ ਪ੍ਰੇਰਤ ਕਰ ਕੇ ਲਹਿਰਾਂ ਪੈਦਾ ਕਰਨ ਦੀ ਲੋੜ ਪਵੇਗੀ। ਸਿਰਫ਼ ਦਾਰਸ਼ਨਿਕ ਹੀ ਆਪਣੇ ਅਧਿਐਨਾਂ ਦੇ ਲਹਿਜੇ ਵਿਚ ਬੋਲ ਸਕਦੇ ਹਨ ਜਦੋਂਕਿ ਸਿਆਸੀ ਆਗੂਆਂ ਨੂੰ ਸੜਕਾਂ ’ਤੇ ਆਉਣਾ ਪੈਂਦਾ ਹੈ। ਕਿਸਾਨਾਂ ਨੇ ਸਾਨੂੰ ਸਾਰਿਆਂ ਨੂੰ ਰਾਹ ਦਿਖਾਇਆ ਹੈ ਕਿ ਕਿਵੇਂ ਉਨ੍ਹਾਂ ਇਕਾਗਰਚਿੱਤ ਹੋ ਕੇ ਆਪਣੇ ਨਿਸ਼ਾਨੇ ਮਿੱਥੇ ਹਨ, ਲਾਮਬੰਦੀ ਕੀਤੀ ਹੈ ਅਤੇ ਅਨੁਸ਼ਾਸਨ ਅਤੇ ਅਹਿੰਸਾ ਦੀ ਜੋ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਆਪਣੇ ਆਲੇ-ਦੁਆਲੇ ਤੋਂ ਹੀ ਮਦਦ ਹਾਸਲ ਕਰ ਕੇ, ਕਿਸੇ ਸਿਆਸੀ ਲੀਡਰਸ਼ਿਪ ਤੋਂ ਬਗ਼ੈਰ ਇਹ ਸਭ ਕੁਝ ਕਰ ਕੇ ਦਿਖਾਇਆ ਹੈ। ਹਾਲਾਂਕਿ ਕਿਸਾਨਾਂ ਦਾ ਇਹ ਅੰਦੋਲਨ ਬਿਲਕੁਲ ਅਹਿੰਸਕ ਹੈ ਪਰ ਇਸ ਦੌਰਾਨ ਕਈ ਲੋਕਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ ਜਿਵੇਂ ਕਿ ਮਿਰਜ਼ਾ ਅਜ਼ੀਮ ਨੇ ਲਿਖਿਆ ਹੈ:
‘ਗਿਰਤੇ ਹੈਂ ਸ਼ਾਹਸਵਾਰ ਹੀ ਮੈਦਾਨ-ਏ-ਜੰਗ ਮੇਂ,
ਵੋਹ ਤਿਫ਼ਲ ਕਯਾ ਗਿਰੇ ਜੋ ਘੁਟਨੋਂ ਕੇ ਬਲ ਚਲੇ।’
* ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।