ਭੂਮੀ ਖੋਰ ਦੋ ਕਿਸਮ ਦਾ ਹੁੰਦਾ ਹੈ- ਕੁਦਰਤੀ (ਸਹਿਜ) ਅਤੇ ਵਧਿਆ ਹੋਇਆ (ਮਨੁੱਖੀ ਆਪ-ਹੁਦਰੀਆਂ ਕਾਰਨ)। ਜਦੋਂ ਭੂਮੀ ਖੋਰ ਦੀ ਦਰ ਭੂਮੀ ਬਣਤਰ ਦੀ ਦਰ ਤੋਂ ਘੱਟ ਜਾਂ ਬਰਾਬਰ ਹੋਵੇ ਤਾਂ ਇਸ ਨੂੰ ਕੁਦਰਤੀ ਜਾਂ ਸਹਿਜ ਕਿਹਾ ਜਾਂਦਾ ਹੈ ਪਰ ਇਹ ਉਸੇ ਹਾਲਤ ਵਿਚ ਹੁੰਦਾ ਹੈ, ਜਦ ਭੂਮੀ ਬਨਸਪਤੀ ਨਾਲ ਪੂਰੀ ਤਰ੍ਹਾਂ ਢਕੀ ਹੋਈ ਹੋਵੇ। ਉਂਜ, ਹੁਣ ਅਜਿਹਾ ਨਹੀਂ ਹੈ। ਮਨੁੱਖੀ ਲੋੜਾਂ ਅਤੇ ਲਾਲਸਾ ਕਾਰਨ ਭੂਮੀ ਨੰਗ-ਧੜੰਗੀ ਕਰ ਦਿੱਤੀ ਗਈ ਹੈ।
ਭੂਮੀ ਖੋਰ/ਜਲ ਸੈਲਾਬ ਨਵਾਂ ਅਤੇ ਘੱਟ ਚਰਚਿਤ ਵਿਸ਼ਾ ਹੈ। ਮਨੁੱਖ ਦੀਆਂ ਕੁਦਰਤ ਵਿਰੋਧੀ ਸਰਗਰਮੀਆਂ ਅਤੇ ਵਰਤੇ ਗਏ ਕੁਦਰਤੀ ਸੋਮਿਆਂ ਦੀ ਮੁੜ ਭਰਪਾਈ ਨਾ ਕਰਨ ਕਾਰਨ ਧਰਤੀ ਦਾ ਖੁਰਚਿਆ ਜਾਣਾ ਅਤੇ ਭੂਮੀ ਦੇ ਕਣਾਂ ਦਾ ਪਾਣੀ, ਹਵਾ, ਗਤੀ ਜਾਂ ਜੀਵਕ-ਗਤੀਵਿਧੀਆਂ ਦੁਆਰਾ ਨਿੱਖੜ ਕੇ ਇਕ ਥਾਂ ਤੋਂ ਦੂਜੀ ਥਾਂ ਜਾਣ ਨੂੰ ਭੂਮੀ ਖੋਰ ਆਖਦੇ ਹਨ। ਸੀਮਤ ਅਤੇ ਸਾਧਾਰਨ ਭੂਮੀ ਖੋਰ ਕੁਦਰਤ ਦੀ ਆਮ ਪ੍ਰਕਿਰਿਆ ਹੈ, ਇਹ ਨੁਕਸਾਨਦਾਇਕ ਵੀ ਨਹੀਂ ਸੀ। ਕੁਦਰਤੀ ਹੀ ਭੂ-ਬਣਤਰ ਤੇ ਢਾਲੂ ਸਤਹਿ ਕਾਰਨ ਖੋਰ ਤਾਂ ਲਗਾਤਾਰ ਜਾਰੀ ਰਹਿੰਦੀ ਹੈ ਪਰ ਬਹੁਤ ਸੀਮਤ ਤੇ ਧੀਮੀ ਹੋਣ ਕਾਰਨ ਇਹ ਕੁਦਰਤੀ ਹੈ। ਭੂਮੀ ਖੋਰ ਅੱਗੇ ਵੀ ਜਾਰੀ ਰਹੇਗੀ। ਪੂਰੀ ਤਰ੍ਹਾਂ ਕੱਜੀ ਜਾਂ ਭੂਮੀ ਖੋਰ ਰੋਕੂ ਕਾਰਜਾਂ ਕਾਰਨ ਇਹ ਸੀਮਤ ਅਤੇ ਕਹਿਣੇ ਵਿਚ ਹੁਂੰਦੀ ਹੈ ਜਿਸ ਨੂੰ ਬੰਦੇ ਨੇ ਆਪਣੀਆਂ ਲਾਲਸੀ ਕਿਰਿਆਵਾਂ ਨਾਲ ਤੀਬਰ ਕਰ ਦਿੱਤਾ ਹੈ।
ਧਰਤੀ ਦੇ ਜਿਸ ਹਿੱਸੇ ਵਿਚ ਫਸਲਾਂ ਪੈਦਾ ਹੁੰਦੀਆ ਹਨ, ਉਹ ਉਪਰਲੀ ਬਾਰੀਕ ਮਿੱਟੀ ਦੀ ਪਰਤ ਸਿਰਫ 9 ਇੰਚ ਹੁੰਦੀ ਹੈ। ਇਹ ਮਹੀਨ ਮਿੱਟੀ ਹਜ਼ਾਰਾਂ ਸਾਲਾਂ ਵਿਚ ਪੱਥਰਾਟਾਂ ਤੋਂ ਬਣੀ ਹੁੰਦੀ ਹੈ। ਮਿੱਟੀ ਦੀ ਇਕ ਇੰਚ ਪਰਤ ਤਿਆਰ ਹੋਣ ਵਿਚ ਇਕ ਹਜ਼ਾਰ ਵਰ੍ਹਾ ਲੱਗ ਜਾਂਦਾ ਹੈ ਅਤੇ ਕੁਦਰਤੀ ਤੌਰ ‘ਤੇ ਜ਼ਰਖੇਜ਼ ਹੋਣ ਵਿਚ ਤਿੰਨ ਸਦੀਆਂ ਲੱਗ ਜਾਂਦੀਆਂ ਹਨ। ਮਿੱਟੀ ਦੀਆਂ ਉਪਜਾਊ ਪਰਤਾਂ ਨੂੰ ਸਿਰਜਣ ਅਤੇ ਫਿਰ ਸੰਭਾਲਣ ਵਿਚ ਬਨਸਪਤੀ ਦਾ ਵੱਡਾ ਯੋਗਦਾਨ ਹੈ। ਇਹ ਮਿੱਟੀ ਸਾਡੀ ਖੇਤੀ ਦਾ ਆਧਾਰ ਹੈ। ਬਨਸਪਤੀ ਵਾਲੇ ਖਾਧ ਪਦਾਰਥਾਂ ਦਾ ਸਾਰਾ ਦਾਰੋਮਦਾਰ ਇਸੇ ਪਰਤ ਤੇ ਟਿਕਿਆ ਹੋਇਆ ਹੈ। ਧਰਤੀ ਦੀ ਉਪਰਲੀ ਜ਼ਰਖੇਜ਼ ਮਿੱਟੀ ਹਰ ਸਾਲ 6 ਕਰੋੜ ਟਨ ਦੇ ਹਿਸਾਬ ਨਾਲ ਜਲ ਕੁੰਡਾਂ ਅਤੇ ਸਮੁੰਦਰਾਂ ਨੂੰ ਜਾ ਰਹੀ ਹੈ। ਜੇ ਹਰ ਹਫਤੇ ਇਕ ਹੈਕਟੇਅਰ ਵਿਚੋਂ ਇਕ ਘਣਮੀਟਰ ਪਰਤ ਰੁੜ੍ਹਦੀ ਰਹੇ ਅਤੇ ਇਹ ਕਿਰਿਆ ਇੱਕ ਪੀੜ੍ਹੀ (ਅਰਥਾਤ 25 ਵਰ੍ਹੇ) ਤਕ ਜਾਰੀ ਰਹੇ ਤਾਂ ਕਰੀਬ 28 ਸੈਂਟੀਮੀਟਰ ਉਤਲੀ ਤਹਿ ਰੁੜ੍ਹ-ਖੁਰ ਜਾਵੇਗੀ। ਭਾਰਤ ਨੂੰ ਦਰਪੇਸ਼ ਵੱਡੇ ਖ਼ਤਰਿਆਂ ਵਿਚੋਂ ਹੁਣ ਸਭ ਤੋਂ ਵੱਡਾ ਖ਼ਤਰਾ ਉਸ ਉਪਰਲੀ ਤਹਿ ਦੇ ਖੁਰਨ ਦਾ ਵੀ ਹੈ। ਦੇਸ਼ ਦਾ ਕਰੀਬ ਅੱਧ ਭੂਮੀ ਖੋਰ ਹੇਠ ਆ ਚੁੱਕਾ ਹੈ।
ਦਰਅਸਲ, ਜਿਉਂ ਜਿਉਂ ਮਨੁੱਖ ਦੀ ਲੋੜ ਪਰ ਲਾਲਸਾ ਵਧਦੀ ਗਈਮ ਭੂਮੀ ਖੋਰ ਵੀ ਵਧਦੀ ਗਈ। ਮੁੱਖ ਤੌਰ ਤੇ ਹਵਾ ਦੀ ਬਜਾਇ ਬਹੁਤੀ ਭੂਮੀ ਖੋਰ ਪਾਣੀ ਨਾਲ ਹੋ ਰਹੀ ਹੈ। ਵੀਰਾਨ ਅਤੇ ਰੁੱਖ ਵਿਹੂਣੀ ਇਕ ਹੈਕਟੇਅਰ ਭੂਮੀ ਹਰ ਵਰ੍ਹੇ 30 ਟਨ ਮਿੱਟੀ ਗੁਆ ਬਹਿੰਦੀ ਹੈ। ਜਦੋਂ ਪਾਣੀ ਢਲਾਨ ਤੋਂ ਉਤਰਦਾ ਹੈ, ਉਥੇ ਜੇ ਧਰਤੀ ਨੰਗੀ ਹੋਵੇ ਜਾਂ ਮੂਹਰੇ ਅੜਿੱਕੇ ਨਾ ਹੋਣ ਤਾਂ ਜੇ ਇਸ ਦੀ ਗਤੀ ਦੁੱਗਣੀ ਹੋ ਜਾਵੇ ਤਾਂ ਭੂਮੀ ਦੀ ਕੱਟ-ਵੱਢ 4 ਗੁਣਾ ਹੋ ਜਾਂਦੀ ਹੈ ਅਤੇ ਇਸ ਗਤੀ ਉੱਤੇ ਮਾਦਾ ਚੁੱਕਣ ਦੀ ਸਮਰੱਥਾ 32 ਗੁਣਾ ਅਤੇ ਰੋੜ੍ਹ ਸਮਰੱਥਾ 64 ਗੁਣਾ ਹੋ ਜਾਂਂਦੀ ਹੈ; ਅਰਥਾਤ ਜੇ ਗਤੀ ਦੁੱਗਣੀ ਹੈ ਤਾਂ ਰੋੜ੍ਹ ਸਮਰੱਥਾ 64, ਪਰ ਜੇ ਜਲ ਗਤੀ ਤਿੰਨ ਗੁਣਾ ਹੋਵੇ ਤਾਂ ਰੋੜ੍ਹ ਸਮਰੱਥਾ 729 ਗੁਣਾ ਹੋ ਜਾਂਦੀ ਹੈ। ਪਹਿਲੀ ਸਟੇਜ ਵਿਚ ਜਦ ਮੀਂਹ ਦੀਆਂ ਬੂੰਦਾਂ ਨੰਗੀ ਧਰਤੀ ਉੱਤੇ ਪੈਂਦੀਆਂ ਹਨ ਤਾਂ ਇਹ ਭੂਮੀ ਕਣਾਂ ਨੂੰ ਨਿਖੇੜ ਕੇ 2 ਤੋਂ 5 ਫੁੱਟ ਦੀ ਦੂਰੀ ਤੇ ਲਿਜਾ ਕੇ ਸੁੱਟ ਦਿੰਦੀਆਂ ਹਨ। ਦੂਸਰੀ ਸਟੇਜ ਉੱਤੇ ਇਹ ਕਣ ਵਹਿ ਕੇ ਜਾਂ ਧਰਤੀ ਉਪਰਲੀ ਮਹੀਨ ਪਰਤ ਧੋ ਹੋ ਕੇ ਵਹਿ ਤੁਰਦੀ ਹੈ। ਇਸ ਬਾਰੀਕ ਪਰਤ ਦੀ ਖੁਰਚਾਈ ਦਿਸਦੀ ਨਹੀਂ ਪਰ ਇੱਕ-ਅੱਧ ਦਹਾਕੇ ਬਾਅਦ ਇਸ ਦੀ ਘਾਟ ਰੜਕਣ ਲੱਗ ਪੈਂਦੀ ਹੈ। ਇਸ ਤੋਂ ਅਗਲਾ ਕਦਮ ਧਾਰਾਵੀ ਖੋਰ (rill erosion) ਹੁੰਦੀ ਹੈ, ਜਦ ਧਰਤੀ ਉੱਤੇ ਪੰਜਿਆਂ ਵਰਗੀਆਂ ਧਾਰਾਵਾਂ ਬਣ ਜਾਂਦੀਆਂ ਹਨ। ਪਾਣੀ ਦਾ ਲਗਾਤਾਰ ਵਹਿਣ ਉਂਗਲਾਂ ਵਰਗੀਆਂ ਨਾਲੀਆਂ ਉਸਾਰ ਕੇ ਭੂਮੀ ਖੋਰ ਕਰਦਾ ਹੈ ਜਿਸ ਨਾਲ ਉਪਜਾਊ ਪਰਤਾਂ ਰੁੜ੍ਹ ਜਾਂਦੀਆਂ ਹਨ। ਤੀਜੀ ਧਾਰਾ ਚੋਈਆਂ ਦਾ ਉਸਾਰ ਹੁੰਦੀ ਹੈ। ਪਾਣੀ ਦੀ ਤੇਜ਼ ਗਤੀ ਦੋ ਕੁ ਸਾਲਾਂ ਵਿਚ ਹੀ ਨਾਲੀਆਂ ਦੀ ਉਸਾਰੀ ਕਰ ਦਿੰਦੀ ਹੈ। ਇਸ ਤੋਂ ਅਗਾਂਹ ਖੁਰ ਕੇ ਚੌੜੀਆਂ ਤੇ ਡੂੰਘੀਆਂ ਹੋ ਕੇ ਖਾਈਆਂ ਬਣ ਜਾਂਦੀਆਂ ਹਨ। ਬਰਫਾਨੀ, ਹਵਾਈ ਤੇ ਢਿੱਗਾਂ ਡਿੱਗਣ ਵਾਲੀਆਂ ਹੋਰ ਵੀ ਕਈ ਕਿਸਮਾਂ ਭੂਮੀ ਖੋਰ ਦੀਆਂ ਹਨ ਪਰ ਡੂੰਘੀਆਂ ਖਾਈਆਂ ਅਤੇ ਜਲ ਸੈਲਾਬ ਇਸ ਦਾ ਵਿਰਾਟ ਰੂਪ ਹਨ।
ਭੂਮੀ ਖੋਰ ਦੋ ਕਿਸਮ ਦਾ ਹੁੰਦਾ ਹੈ- ਕੁਦਰਤੀ (ਸਹਿਜ) ਅਤੇ ਵਧਿਆ ਹੋਇਆ (ਮਨੁੱਖੀ ਆਪ-ਹੁਦਰੀਆਂ ਕਾਰਨ)। ਜਦੋਂ ਭੂਮੀ ਖੋਰ ਦੀ ਦਰ ਭੂਮੀ ਬਣਤਰ ਦੀ ਦਰ ਤੋਂ ਘੱਟ ਜਾਂ ਬਰਾਬਰ ਹੋਵੇ ਤਾਂ ਇਸ ਨੂੰ ਕੁਦਰਤੀ ਜਾਂ ਸਹਿਜ ਕਿਹਾ ਜਾਂਦਾ ਹੈ ਪਰ ਇਹ ਉਸੇ ਹਾਲਤ ਵਿਚ ਹੁੰਦਾ ਹੈ, ਜਦ ਭੂਮੀ ਬਨਸਪਤੀ ਨਾਲ ਪੂਰੀ ਤਰ੍ਹਾਂ ਢਕੀ ਹੋਈ ਹੋਵੇ। ਉਂਜ, ਹੁਣ ਅਜਿਹਾ ਨਹੀਂ ਹੈ। ਮਨੁੱਖੀ ਲੋੜਾਂ ਅਤੇ ਲਾਲਸਾ ਕਾਰਨ ਭੂਮੀ ਨੰਗ-ਧੜੰਗੀ ਕਰ ਦਿੱਤੀ ਗਈ ਹੈ। ਉਸ ਦੀ ਵਰਤੋਂ ਵੀ ਉਸ ਦੀ ਯੋਗਤਾ ਅਨੁਸਾਰ ਨਹੀਂ ਹੋ ਰਹੀ ਜਿਸ ਕਾਰਨ ਭੂਮੀ ਖੋਰ ਅਤੇ ਮਾਰੂਥਲ ਬਣਨ ਦੀ ਪ੍ਰਕਿਰਿਆ ਵਧ ਰਹੀ ਹੈ। ਅਨਾਜ ਕੋਠੜੀ ਪੰਜਾਬ ਦਾ ਹਾਲ ਵੀ ਚੰਗਾ ਨਹੀਂ। ਇਸ ਦਾ ਦੱਖਣੀ ਹਿੱਸਾ ਜਿੱਥੇ ਹਵਾ ਖੋਰ ਦਾ ਸ਼ਿਕਾਰ ਹੈ, ਉੱਥੇ ਕੇਂਦਰੀ ਪੰਜਾਬ ਵਿਚ ਉਪਰਲੀ ਪਰਤ ਦੀ ਖੁਰਚਾਈ ਹੋ ਰਹੀ ਹੈ। ਨਦੀ-ਨਾਲੇ ਕੰਢੇ ਅਤੇ ਆਧਾਰ ਖੋਰ ਰਹੇ ਹਨ। ਕੰਢੀ ਖੇਤਰ ਬੁਰੀ ਤਰ੍ਹਾਂ ਕੱਟ-ਵੱਢ ਦਾ ਸ਼ਿਕਾਰ ਹੈ। ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਜਿੱਥੇ ਸੰਨ 1852 ਵਿਚ 48206 ਏਕੜ ਰਕਬਾ ਭੂਮੀ ਖੋਰ ਅਤੇ ਚੋਆਂ ਦੀ ਮਾਰ ਹੇਠ ਸੀ, 1897 ਵਿਚ 94236 ਏਕੜ ਅਤੇ 1936 ਵਿਚ ਇਹ ਡੇਢ ਲੱਖ ਏਕੜ ਤੋਂ ਵੀ ਉੱਪਰ ਹੋ ਗਿਆ ਸੀ।
ਉਤਰਾਖੰਡ ਦੇ ਜਲ ਸੈਲਾਬਾਂ ਨੂੰ ਇਸੇ ਲਗਾਤਾਰਤਾ ਵਿਚ ਦੇਖਣ ਦੀ ਲੋੜ ਹੈ। ਪਹਾੜਾਂ ਦੇ ਰੁੰਡ-ਮਰੁੰਡ ਹੋਣ ਨਾਲ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਬਰਫ ਅਤੇ ਮੀਂਹ ਭਾਵੇਂ ਅਸਾਵੇਂ ਪੈਂਦੇ ਹਨ ਪਰ ਨੰਗੀ ਧਰਤੀ ਹੁਣ ਬਹੁ-ਪਰਤੀ ਭੂਮੀ ਖੋਰ ਤੇ ਕੱਟ-ਵੱਢ ਦੀ ਸ਼ਿਕਾਰ ਹੈ। ਮਨੁੱਖ ਵਲੋਂ ਕੁਦਰਤੀ ਜਲ ਵਹਿਣ ਮੱਲ ਲੈਣ ਕਾਰਨ ਹੜ੍ਹਾਂ ਦੀ ਭਿਆਨਕਤਾ ਵੀ ਵਧ ਗਈ ਹੈ। ਇਸ ਵਕਤ ਸ਼ਿਵਾਲਕ ਖਿੱਤੇ ਦਾ ਲਖੂਖਾ ਹੈਕਟੇਅਰ ਖੇਤਰ ਭੂਮੀ ਖੋਰ ਹੇਠ ਹੈ। ਇਸ ਦਾ ਮੁੱਖ ਕਾਰਨ ਖੇਤਰ ਵਿਸ਼ੇਸ਼ ਦੇ ਭੂਗੋਲਿਕ ਹਾਲਾਤ ਹਨ ਪਰ ਬਹੁਤਾ ਕਾਰਨ ਕੁਦਰਤੀ ਸੋਮਿਆਂ ਦਾ ਘਾਣ ਹੈ। ਦਰਅਸਲ ਪਹਾੜਾਂ, ਜੰਗਲਾਂ ਅਤੇ ਜਲ ਵਹਿਣਾਂ ਦਾ ਸਾਵਾਂਪਨ ਅਤੇ ਕੁਦਰਤੀ ਸੰਰਚਨਾ ਅਨੁਸਾਰ ਰਹਿਣਾ ਹੀ ਮਨੁੱਖੀ ਹੋਂਦ ਦੀ ਗਰੰਟੀ ਹੈ।
ਜੇ ਮਿੱਟੀ ਅਤੇ ਪਾਣੀ ਹੈ, ਤਦ ਹੀ ਬਨਸਪਤੀ (ਜੰਗਲ) ਹੈ। ਜੰਗਲ ਜੋ ਵਰਖਾ ਦੇ ਗਵਾਹ ਹਨ, ਵਰਖਾ ਪਾਣੀ ਦਾ ਮੁੱਢਲਾ ਸੋਮਾ ਹੈ। ਪਾਣੀ ਅਤੇ ਮਿੱਟੀ ਜੀਵਨ ਦਾ ਆਧਾਰ ਹਨ। ਭੂਮੀ ਖੋਰ ਨਾਲ ਧਰਤ ਦੀ ਉਪਜਾਊ ਪਰਤ ਗੁਆਚ ਜਾਂਦੀ ਹੈ, ਮੈਦਾਨੀ ਜਲ ਵਹਿਣਾਂ ਦੇ ਪਾਟ ਭਰਨ ਨਾਲ ਹੜ੍ਹਾਂ ਦਾ ਖਤਰਾ, ਜਲ ਕੁੰਡ ਮਿੱਟੀ ਨਾਲ ਪੂਰ ਹੋਣ ਨਾਲ ਜਲ ਗ੍ਰਹਿਣ ਸਮਰੱਥਾ ਵਿਚ ਕਮੀ, ਜ਼ਮੀਨ ਦਾ ਟੋਇਆਂ-ਟੋਟਿਆਂ ਵਿਚ ਵੰਡੇ ਜਾਣਾ, ਜਲ ਤਲ ਦਾ ਨੀਵੇਂ ਤੋਂ ਨੀਵਾਂ ਹੁੰਦੇ ਜਾਣਾ, ਸਮੁੰਦਰ ਦਾ ਤਲ ਉੱਚਾ ਹੁੰਦੇ ਜਾਣਾ, ਵਰਖਾ ਗੜਬੜਾ ਜਾਣਾ, ਤੇ ਇਸ ਤੋਂ ਬਿਨਾਂ ਖਾਧ ਪਦਾਰਥਾਂ ਦੀ ਪੈਦਾਵਾਰ ਦਾ ਘਟਣਾ ਅਤੇ ਜਾਇਦਾਦਾਂ ਸਮੇਤ ਜਾਨਾਂ ਦਾ ਖੌਅ ਆਦਿ ਇਸ ਦੀਆਂ ਭੈੜੀਆਂ ਅਲਾਮਤਾਂ ਹਨ। ਜਲ ਅਤੇ ਹਵਾ ਨਾਲ ਲਗਾਤਾਰ ਹੁੰਦੀ ਭੂਮੀ ਖੋਰ, ਕੱਟ-ਵੱਢ ਤੇ ਉਡਾਈ ਮਗਰੋਂ ਸਾਡੇ ਪੱਲੇ ਦਰਾੜਾਂ ਅਤੇ ਮਾਰੂਥਲ ਤਾਂ ਪਾ ਹੀ ਜਾਵੇਗੀ ਸਗੋਂ ਅਸੀਂ ਸਮੁੰਦਰ ਕੰਢਲੇ ਸ਼ਹਿਰਾਂ ਅਤੇ ਨੀਵੇਂ ਮੁਲਕਾਂ ਨੂੰ ਵੀ ਲੈ ਬੈਠਾਂਗੇ। ਜੰਗਲਾਂ ਪਹਾੜਾਂ ਵਿਚ ਅਖੌਤੀ ਵਿਕਾਸ ਅਤੇ ਨਿਗੂਣੀਆਂ ਆਮਦਨਾਂ ਲਈ ‘ਵਿਕਾਸ ਅਤੇ ਸੈਰ-ਸਪਾਟੇ’ ਦੇ ਨਾਂ ਤੇ ਕੁਦਰਤੀ ਸਮਤੋਲ ਵਿਚ ਦਿੱਤਾ ਬੇਲੋੜਾ ਦਖ਼ਲ ਪਹਾੜਾਂ ਆਦਿ ਨੂੰ ਢਹਿ-ਢੇਰੀ ਕਰ ਕੇ ਹਰ ਸਾਲ ਭਿਅੰਕਰ ਦੁਖਾਂਤ ਸਾਡੇ ਪੱਲੇ ਪਾਉਂਦਾ ਹੈ। ਨੇਪਾਲ ਅਤੇ ਉਤਰਾਖੰਡ ਦੇ ਜਲ ਸੈਲਾਬ ਅਤੇ ਢਿੱਗਾਂ ਡਿਗਣ ਨਾਲ ਵਾਪਰੇ ਦੁਖਾਂਤ ਸਾਡੇ ਲਈ ਕੌੜੇ ਸਬਕ ਹਨ।
ਭਾਰਤੀ ਖੇਤੀ ਖੋਜ ਕੌਂਸਲ ਅਨੁਸਾਰ ਇਸ ਸਮੇਂ ਸਾਡੇ ਦੇਸ਼ ਦੇ ਵੱਡੇ ਭੂਗੋਲਿਕ ਰਕਬੇ ਨੂੰ ਪਾਣੀ ਅਤੇ ਪੌਣ-ਖਰਨ ਦਾ ਸਾਹਮਣਾ ਹੈ, ਸੱਤ ਕਰੋੜ ਹੈਕਟੇਅਰ ਖੇਤਰ ਭੂਮੀ ਖਰਨ ਕਾਰਨ ਅਤਿਅੰਤ ਗੰਭੀਰ ਰੂਪ ਵਿਚ ਖ਼ਰਾਬ ਹੋ ਚੁੱਕਾ ਹੈ। ਭੂ-ਵਿਗਿਆਨੀਆਂ ਦੀ ਰਾਇ ਹੈ ਕਿ ਭਾਰਤ ਵਿਚ ਫ਼ੀ ਸਾਲ ਸੱਤਰ ਹਜ਼ਾਰ ਵਰਗ ਫੁੱਟ ਭੂਮੀ ਅਤੇ ਲੱਗਭੱਗ ਛੇ ਅਰਬ ਟਨ ਮਿੱਟੀ ਦਾ ਕਟਾਓ ਹੁੰਦਾ ਹੈ ਜੋ ਆਪਣੇ ਨਾਲ ਪੌਦਿਆਂ ਲਈ ਲੋੜੀਂਦੀਆਂ ਲੱਗਭੱਗ 90 ਲੱਖ ਟਨ ਰਸਾਇਣੀ ਖਾਦਾਂ ਤੇ ਉਨ੍ਹਾਂ ਦੇ ਪੋਸ਼ਕ ਤੱਤਾਂ ਨੂੰ ਰੋੜ੍ਹ ਕੇ ਲੈ ਜਾਂਦੀ ਹੈ। ਦੇਸ਼ ਵਿਚ ਵਧਦੇ ਭੂਮੀ ਖਰਨ ਕਾਰਨ ਹਰ ਸਾਲ ਤਿੰਨ ਹਜ਼ਾਰ ਕਰੋੜ ਰੁਪਏ ਅਤੇ ਹਜ਼ਾਰਾਂ ਜ਼ਿੰਦਗੀਆਂ ਦੀ ਬਲੀ ਲੈਦੀਂ ਹੈ। ਜੇ ਆਉਣ ਵਾਲੇ ਵੀਹ ਵਰ੍ਹਿਆਂ ਤਕ ਇਹੋ ਹਾਲਾਤ ਰਹੇ ਤਾਂ ਇਕ ਤਿਹਾਈ ਖੇਤੀਯੋਗ ਭੂਮੀ ਨਸ਼ਟ ਹੋ ਜਾਵੇਗੀ। ਇਸ ਤੋਂ ਇਲਾਵਾ ਭੂਮੀ ਖਰਨ ਕਾਰਨ ਬਨਸਪਤੀ ਵੀ ਹੌਲੀ ਹੌਲੀ ਅਤੇ ਧਰਤੀ ਦੇ ਤਲ ਦੀ ਉਪਰਲੀ ਜ਼ਰਖੇਜ਼ੀ ਖ਼ਤਮ ਹੋ ਜਾਂਦੀ ਹੈ; ਫਲਸਰੂਪ ਸਮਾਂ ਪਾ ਕੇ ਉਹ ਹਿੱਸਾ ਰੇਗਿਸਤਾਨ ਵਿਚ ਤਬਦੀਲ ਹੋ ਜਾਂਦਾ ਹੈ।
ਲੱਗਦਾ ਹੈ, ਅਸੀਂ ਹੱਥੀਂ ਉਜਾੜੇ ਰਾਜਸਥਾਨ ਦੀ ਹੋਣੀ ਨੂੰ ਭੁੱਲ ਗਏ ਹਾਂ। ਕਿਸੇ ਸਮੇਂ ਸਾਰੇ ਸਥਾਨਾਂ ਵਿਚੋਂ ਰਾਜ (ਸਿਰਮੌਰ) ਸਥਾਨ ਰੱਖਦਾ ਇਹ ਸਰ-ਸਬਜ਼ ਖਿੱਤਾ ਕੁਝ ਦਹਿ-ਸਦੀਆਂ ਵਿਚ ਉਦੋਂ ਧੂੜ ਅਤੇ ਟੋਇਆਂ ਵਿਚ ਬਦਲ ਗਿਆ ਜਦ ਜੰਗਲ ਰੁੱਸ ਗਏ। ਤਵਾਰੀਖ ਗਵਾਹ ਹੈ ਕਿ ਜ਼ਰੂਰੀ ਵਰਤੋਂ ਤੋਂ ਬਾਅਦ ਕੁਦਰਤੀ ਸੋਮਿਆਂ ਦੀ ਮੁੜ-ਭਰਪਾਈ ਨਾ ਕਰਨ ਵਾਲੀ ਤਕਰੀਬਨ ਹਰ ‘ਸਲਤਨਤ’ ਦਾ ਅੰਤ ਦਰਾੜਾਂ ਅਤੇ ਮਾਰੂਥਲ ਦੇ ਜਨਮ ਨਾਲ ਹੋਇਆ ਹੈ। ਮੌਜੂਦਾ ਮਾਰੂਥਲ (ਰੇਗਿਸਤਾਨ) ਮੋਰੱਕੋ, ਅਲਜ਼ੀਰੀਆ, ਅਤੇ ਟਿਊਨੇਸ਼ੀਆ ਕਿਸੇ ਵਕਤ ਰੋਮਨ ਸ਼ਹਿਨਸ਼ਾਹੀ ਦੇ ਪ੍ਰਸਿੱਧ ਅਨਾਜ ਖੇਤਰ ਸਨ। ਇਸੇ ਦੀ ਉਪਜ ਇਟਲੀ ਅਤੇ ਸਿਸਲੀ ਦਾ ਭੂਮੀ ਖੋਰ ਹੈ। ਮੈਸੋਪਟਾਮੀਆ, ਫ਼ਲਸਤੀਨ, ਸੀਰੀਆ ਅਤੇ ਅਰਬ ਦੇ ਕੁਝ ਭਾਗ ਉਰ, ਸੁਮੇਰੀਆ, ਬੇਬੀਲੋਨ ਅਤੇ ਅਸੀਰੀਆ ਕਦੇ ਮਹਾਨ ਬਾਦਸ਼ਾਹੀਆਂ ਦੇ ਮਾਣ-ਮੱਤੇ ਤਖ਼ਤ ਸਨ। ਕੱਲ੍ਹ ਦਾ ਉਪਜਾਊ ਪਰਸ਼ੀਆ ਅੱਜ ਦਾ ਮਾਰੂਥਲ ਹੈ। ਸਿਕੰਦਰ ਦਾ ਹਰਿਆ-ਭਰਿਆ ਯੂਨਾਨ ਅੱਜ ਆਪਣੀ ਬੰਜਰ ਭੂਮੀ ਕਾਰਨ ਝੂਰ ਰਿਹਾ ਹੈ। ਕਿਉਂ? ਇਨ੍ਹਾਂ ਕੁਦਰਤ ਦੀ ਅਸਮਤ ਜੋ ਲੀਰੋ-ਲੀਰ ਕਰ ਦਿੱਤੀ ਸੀ। ਸਾਡੇ ਆਪਣੇ ਮੋਹੰਜੋਦੜੋ ਅਤੇ ਹੜੱਪਾ ਵਰਗੇ ਸੱਭਿਅਕ ਖਿੱਤਿਆ ਦਾ ਕੀ ਬਣਿਆ? ਕੀ ਅਸੀਂ ਬਚੇ ਰਹਾਂਗੇ?
ਸੰਪਰਕ: 94634-39075