ਦੇਵਿੰਦਰ ਸ਼ਰਮਾ
ਅਸੀਂ ਜਾਣ ਚੁੱਕੇ ਹਾਂ ਕਿ ਆਲਮੀ ਮਹਾਮਾਰੀ ਦੌਰਾਨ ਖੇਤੀਬਾੜੀ ਹੀ ਸਾਡੀ ਰੱਖਿਅਕ ਸੀ। ਇੰਨਾ ਹੀ ਨਹੀਂ, ਲੌਕਡਾਊਨ ਦੌਰਾਨ ਹਰ ਘਰ-ਪਰਿਵਾਰ ਨੂੰ ਭੋਜਨ ਦੀ ਲਗਾਤਾਰ ਸਪਲਾਈ ਹੁੰਦੀ ਰਹੀ ਤੇ ਜਿਹੜੇ ਲੋਕ ਭੋਜਨ ਖਰੀਦਣ ਤੋਂ ਅਸਮਰੱਥ ਸਨ, ਉਨ੍ਹਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਗਿਆ ਪਰ ਖੇਤੀ ਨੇ ਅਰਥਚਾਰੇ ਦੇ ਪਹੀਏ ਨੂੰ ਰਿੜ੍ਹਦਾ ਰੱਖਿਆ। ਮਾਲੀ ਸਾਲ 2020 ਦੀ ਪਹਿਲੀ ਤਿਮਾਹੀ ਦੌਰਾਨ ਜਦੋਂ ਅਰਥਚਾਰੇ ਦੀ ਵਿਕਾਸ ਦਰ 23.9 ਫ਼ੀਸਦੀ ਥੱਲੇ ਡਿੱਗ ਗਈ, ਉਦੋਂ ਸਿਰਫ਼ ਖੇਤੀ ਤੋਂ ਹੀ ਉਮੀਦ ਦੀ ਕਿਰਨ ਦਿਖਾਈ ਦਿੰਦੀ ਸੀ ਜਿਸ ਨੇ ਉਸ ਦੌਰਾਨ ਵੀ 3.4 ਫ਼ੀਸਦੀ ਕੁੱਲ ਮੁੱਲ ਵਾਧਾ (gross value added) ਦਰ ਦਰਜ ਕੀਤੀ।
ਇਸ ਸਾਰੇ ਹੀ ਮਾਲੀ ਸਾਲ ਦੌਰਾਨ ਖੇਤੀ ਨੇ ਮਜ਼ਬੂਤ ਬੁਨਿਆਦ ਦਿੱਤੀ। ਕੋਵਿਡ-19 ਦੀਆਂ ਰੁਕਾਵਟਾਂ ਦੇ ਬਾਵਜੂਦ ਅਤੇ ਉਸ ਵਕਤ ਜਦੋਂ ਅਰਥਚਾਰੇ ਦੇ ਹੋਰ ਸਾਰੇ ਖੇਤਰਾਂ ਦਾ ਬੁਰਾ ਹਾਲ ਸੀ, ਖੇਤੀ ਨੇ ਰਿਕਾਰਡ 30.865 ਕਰੋੜ ਟਨ ਅਨਾਜ ਦੀ ਪੈਦਾਵਾਰ ਕੀਤੀ। 2020-21 ਦੌਰਾਨ ਅਨਾਜ ਦਾ ਹਾਸਲ ਹੋਇਆ ਝਾੜ ਇਸ ਤੋਂ ਪਿਛਲੇ ਸਾਲ ਨਾਲੋਂ 1.11 ਕਰੋੜ ਟਨ ਵੱਧ ਸੀ। ਇਸ ਤੋਂ ਇਲਾਵਾ ਇਸ ਦੌਰਾਨ ਮੁਲਕ ਨੇ 32.99 ਕਰੋੜ ਟਨ ਫਲਾਂ, ਸਬਜ਼ੀਆਂ ਅਤੇ ਖ਼ੁਸ਼ਬੂਦਾਰ ਤੇ ਬੂਟਿਆਂ ਆਧਾਰਤ ਜਿਣਸਾਂ ਜਿਨ੍ਹਾਂ ਵਿਚ ਮਸਾਲੇ ਵੀ ਸ਼ਾਮਲ ਹਨ, ਦੀ ਵੀ ਪੈਦਾਵਾਰ ਕੀਤੀ। ਨਾਲ ਹੀ ਕਰੀਬ 20.4 ਕਰੋੜ ਟਨ ਦੁੱਧ ਅਤੇ 3.61 ਕਰੋੜ ਟਨ ਤੇਲ ਬੀਜ ਉਪਜਾਏ।
ਸਾਫ਼ ਲਫ਼ਜ਼ਾਂ ਵਿਚ ਆਖੀਏ ਤਾਂ ਕਿਸਾਨਾਂ ਨੇ ਮੁਲਕ ਲਈ ਆਰਥਿਕ ਦੌਲਤ ਦੀ ਸਿਰਜਣਾ ਕੀਤੀ। ਨਾ ਸਿਰਫ਼ ਮਹਾਮਾਰੀ ਦੇ ਦਿਨਾਂ ਦੌਰਾਨ ਸਗੋਂ ਇਸ ਗੱਲ ਦੀ ਸ਼ਲਾਘਾ ਹੋਣੀ ਚਾਹੀਦੀ ਹੈ ਕਿ ਸਾਲ ਦਰ ਸਾਲ ਕਿਸਾਨਾਂ ਨੇ ਸਾਡੀ ਥਾਲੀ ਵਿਚ ਭੋਜਨ ਪਹੁੰਚਾਉਣ ਲਈ ਸਖ਼ਤ ਘਾਲਣਾ ਘਾਲੀ ਹੈ। ਕੋਈ ਸਮਾਂ ਸੀ ਜਦੋਂ ਭਾਰਤ ਅਨਾਜ ਵਿਦੇਸ਼ਾਂ ਤੋਂ ਦਰਾਮਦ ਕਰਦਾ ਸੀ। ਇਹ ਹਾਲਤ ਮੱਧ-60ਵਿਆਂ ਤੱਕ ਵੀ ਸੀ। ਇਸ ਦੌਰਾਨ ਭਾਰਤੀ ਕਿਸਾਨਾਂ ਨੇ ਮੁਲਕ ਨੂੰ ਇਸ ਮਾਮਲੇ ਵਿਚ ਆਤਮ-ਨਿਰਭਰ ਬਣਾਉਣ ਵਿਚ ਜੋ ਰੋਲ ਨਿਭਾਇਆ, ਉਸ ਨੂੰ ਵੱਡੇ ਪੱਧਰ ’ਤੇ ਤਸਲੀਮ ਕੀਤਾ ਜਾਂਦਾ ਹੈ। ਮੁਲਕ ਦੀ ਖੇਤੀਬਾੜੀ ਨੇ ਵੱਡੀ ਛਾਲ ਮਾਰੀ ਹੈ ਅਤੇ ਅਨਾਜ ਪੈਦਾਵਾਰ ਸੱਤ ਦਹਾਕਿਆਂ ਦੌਰਾਨ 1950-51 ਦੇ ਮੁਕਾਬਲੇ 2020-21 ਤੱਕ ਛੇ ਗੁਣਾ ਵਧੀ ਹੈ।
ਮਜ਼ਬੂਤ ਖੇਤੀ ਉਹੀ ਹੁੰਦੀ ਹੈ ਜਿਹੜੀ ਅਰਥਚਾਰੇ ਦਾ ਵਿਕਾਸ ਬਣਾਈ ਰੱਖੇ ਪਰ ਇਹ ਮੰਨ ਲੈਣਾ ਕਿ ਮਹਿਜ਼ ਆਰਥਿਕ ਵਿਕਾਸ ਨਾਲ ਹੀ ਭੁੱਖ ਤੇ ਕੁਪੋਸ਼ਣ ਵਰਗੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ, ਵਹਿਮ ਹੀ ਹੋ ਸਕਦਾ ਹੈ। ਜਿਵੇਂ ਸੰਯੁਕਤ ਰਾਸ਼ਟਰ (ਯੂਐੱਨ) ਖ਼ੁਰਾਕ ਤੇ ਖੇਤੀ ਸੰਸਥਾ (ਐਫਏਓ) ਖ਼ੁਦ ਮੰਨਦੀ ਹੈ ਕਿ ‘ਭੁੱਖ ਤੇ ਕੁਪੋਸ਼ਣ ਘਟਾਉਣ ਲਈ ਆਰਥਿਕ ਵਿਕਾਸ ਜ਼ਰੂਰੀ ਤਾਂ ਹੈ ਪਰ ਇਹ ਇਕੱਲਾ ਹੀ ਕਾਫ਼ੀ ਨਹੀਂ’। ਵਿਗਿਆਨਕ ਰਸਾਲੇ ‘ਦਿ ਲੈਂਸਟ’ ਵਿਚ ਛਪੇ ਅਧਿਐਨ ਵਿਚ ਦਰਸਾਇਆ ਗਿਆ ਹੈ ਕਿ ਜੇ ਆਰਥਿਕ ਵਿਕਾਸ ਦਾ ਵਾਧਾ 10 ਫ਼ੀਸਦੀ ਤੱਕ ਵੀ ਹੋ ਜਾਵੇ ਤਾਂ ਵੀ ਕੁਪੋਸ਼ਣ ਵਿਚ ਕਮੀ ਵੱਧ ਤੋਂ ਵੱਧ 6 ਫ਼ੀਸਦੀ ਤੱਕ ਹੀ ਹੁੰਦੀ ਹੈ। ਇਸ ਦੇ ਉਲਟ, ਰੱਜਵੀਂ ਖ਼ੁਰਾਕ ਖਾਣ ਵਾਲਾ ਕੋਈ ਵੀ ਮੁਲਕ ਅਜਿਹੀ ਕੁਸ਼ਲ ਤੇ ਉਸਾਰੂ ਕਿਰਤ ਸ਼ਕਤੀ ਸਿਰਜ ਸਕਦਾ ਹੈ ਜਿਹੜੀ ਉਚੀ ਮਾਲੀ ਤਰੱਕੀ ਦਰ ਹਾਸਲ ਕਰਨ ਲਈ ਜ਼ਰੂਰੀ ਹੁੰਦੀ ਹੈ।
ਜੇ 1950-51 ਤੋਂ ਆਬਾਦੀ ਦੇ ਵਾਧੇ ਨੂੰ ਦੇਖੀਏ ਤਾਂ ਹੁਣ ਤੱਕ ਭਾਰਤੀਆਂ ਦੀ ਆਬਾਦੀ ਚਾਰ ਗੁਣਾ ਵਧ ਚੁੱਕੀ ਹੈ। 1950-51 ਵਿਚ ਭਾਰਤ ਦੀ ਆਬਾਦੀ 35.9 ਕਰੋੜ ਸੀ ਜਿਹੜੀ ਹੁਣ 140 ਕਰੋੜ (1.4 ਅਰਬ) ਹੋ ਚੁੱਕੀ ਹੈ। ਖੇਤੀਬਾੜੀ ਨੇ ਨਾ ਸਿਰਫ਼ ਆਪਣੀ ਰਫ਼ਤਾਰ ਕਾਇਮ ਰੱਖੀ ਸਗੋਂ ਇਸ ਨੇ ਮਲਥੂਸੀਅਨ ਤਬਾਹੀ ਦੇ ਸਿਧਾਂਤ ਨੂੰ ਖਾਰਜ ਕਰਦਿਆਂ ਲਾਸਾਨੀ ਢੰਗ ਨਾਲ ਕਿਤੇ ਜਿ਼ਆਦਾ ਮਿਕਦਾਰ ਵਿਚ ਪੈਦਾਵਾਰ ਕੀਤੀ (ਬਰਤਾਨਵੀ ਵਿਦਵਾਨ ਥੌਮਸ ਰੌਬਰਟ ਮਲਥਸ ਨੇ 1798 ਵਿਚ ਛਪੀ ਆਪਣੀ ਕਿਤਾਬ ‘ਆਬਾਦੀ ਦੇ ਸਿਧਾਂਤ ’ਤੇ ਇਕ ਲੇਖ’ ਵਿਚ ਇਹ ਡਰਾਉਣੀ ਭਵਿੱਖਬਾਣੀ ਕੀਤੀ ਸੀ ਕਿ ਸੰਸਾਰ ਦੀ ਵਧਦੀ ਆਬਾਦੀ ਛੇਤੀ ਹੀ ਧਰਤੀ ਦੀ ਖੇਤੀ ਪੈਦਾਵਾਰ ਸਮਰੱਥਾ ਨੂੰ ਪਛਾੜ ਦੇਵੇਗੀ)। ਇਸ ਤਰ੍ਹਾਂ ਖੇਤੀ ਨਾ ਸਿਰਫ਼ ਇੰਨੀ ਪੈਦਾਵਾਰ ਕਰ ਰਹੀ ਹੈ ਜਿਸ ਨਾਲ ਮੁਲਕ ਦਾ ਢਿੱਡ ਭਰ ਸਕੇ ਸਗੋਂ ਇਸ ਨਾਲ ਮੁਲਕ ਵਿਚ ਅਨਾਜ, ਫਲਾਂ, ਸਬਜ਼ੀਆਂ ਅਤੇ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ ਵਿਚ ਵੀ ਇਜ਼ਾਫ਼ਾ ਹੋਇਆ ਹੈ ਜਿਸ ਨਾਲ ਕੁਪੋਸ਼ਣ ਅਤੇ ਤੱਤਾਂ ਦੀ ਘਾਟ ਕਾਰਨ ਕੁਪੋਸ਼ਣ ਤੋਂ ਦਰਪੇਸ਼ ਚੁਣੌਤੀਆਂ ਦੇ ਟਾਕਰੇ ਵਿਚ ਵੀ ਮਦਦ ਮਿਲੀ ਹੈ। ਗ਼ੌਰਤਲਬ ਹੈ ਕਿ ਮੁਲਕ ਦੇ ਕੁਝ ਹਿੱਸਿਆਂ ਵਿਚ ਭੁੱਖ ਦੀ ਸਮੱਸਿਆ ਅਜੇ ਵੀ ਕਾਇਮ ਹੈ ਜਿਸ ਦਾ ਕਾਰਨ ਅਨਾਜ ਦੀ ਪੈਦਾਵਾਰ ਵਿਚ ਕਮੀ ਨਹੀਂ ਸਗੋਂ ਇਹ ਪਹੁੰਚ ਤੇ ਵੰਡ ਦੀਆਂ ਜੌੜੀਆਂ ਸਮੱਸਿਆਵਾਂ ਦਾ ਸਿੱਟਾ ਹੈ।
ਜੇ ਐਡਮ ਸਮਿਥ ਦੀ ਬੁਨਿਆਦੀ ਲਿਖਤ ‘ਐਨ ਇਨਕੁਆਰੀ ਇੰਟੂ ਦਿ ਨੇਚਰ ਐਂਡ ਕੌਜ ਆਫ ਦਿ ਵੈਲਥ ਆਫ ਨੇਸ਼ਨਜ਼’ ਦਾ ਕੇਂਦਰੀ ਵਿਸ਼ਾ ਤਰੱਕੀ ਤੇ ਖ਼ੁਸ਼ਹਾਲੀ ਹੈ ਤਾਂ ਮੰਨਣਾ ਪਵੇਗਾ ਕਿ ਭਾਰਤੀ ਖੇਤੀ ਵਿਚ ਹੋਈ ਸ਼ਾਨਦਾਰ ਤਬਦੀਲੀ ਹੈ ਕਿ ਇਸ ਨੇ ਨਾ ਸਿਰਫ਼ ਮੁਲਕ ਦੀ ਦੌਲਤ ਵਿਚ ਇਜ਼ਾਫ਼ਾ ਕੀਤਾ ਸਗੋਂ ਇਸ ਨੂੰ ਅੱਗੇ ਵੀ ਵਧਾਇਆ। ਭਾਰਤ ਜ਼ਰੂਰੀ ਖ਼ੁਰਾਕੀ ਵਸਤਾਂ ਜਿਵੇਂ ਕਣਕ, ਚੌਲ, ਫਲਾਂ, ਸਬਜ਼ੀਆਂ ਅਤੇ ਕਪਾਹ ਤੇ ਮੂੰਗਫਲੀ ਵਰਗੀਆਂ ਫ਼ਸਲਾਂ ਦੀ ਪੈਦਾਵਾਰ ਕਰਨ ਵਾਲਾ ਦੁਨੀਆ ਦਾ ਦੂਜਾ ਵੱਡਾ ਮੁਲਕ ਹੈ ਅਤੇ ਨਾਲ ਹੀ ਦੁੱਧ, ਪਟਸਨ ਤੇ ਦਾਲਾਂ ਦੀ ਸੰਸਾਰ ਵਿਚ ਸਭ ਤੋਂ ਵੱਧ ਉਪਜ ਕਰਦਾ ਹੈ, ਕਿਉਂਕਿ ਕਿਸਾਨਾਂ ਨੇ ਸਾਰੇ ਰਿਕਾਰਡ ਤੋੜਨ ਲਈ ਖੇਤੀ ਵਿਚ ਲੰਮੀਆਂ ਪੁਲਾਂਘਾਂ ਭਰੀਆਂ ਹਨ ਪਰ ਇਸ ਦੇ ਬਾਵਜੂਦ ਇਸ ਮੁਤਾਬਕ ਉਨ੍ਹਾਂ ਦੀ ਆਮਦਨ ਵਿਚ ਵਾਧਾ ਨਹੀਂ ਹੋਇਆ; ਮਤਲਬ ਇਸ ਮਾਮਲੇ ਵਿਚ ਵਿਕਾਸ ਨਾਲ ਖ਼ੁਸ਼ਹਾਲੀ ਨਹੀਂ ਆਈ।
ਐਡਮ ਸਮਿਥ ਨੇ ਜਿਸ ਅਣਦਿਸਦੇ ਹੱਥ ਦੀ ਗੱਲ ਕੀਤੀ ਸੀ, ਉਹ ਅਸਲ ਵਿਚ ਨਾ ਸਿਰਫ਼ ਭਾਰਤ ਸਗੋਂ ਸਾਰੀ ਦੁਨੀਆ ਦੇ ਕਿਸਾਨਾਂ ਨੂੰ ਗੁਜ਼ਾਰੇ ਲਾਇਕ ਆਮਦਨ ਮੁਹੱਈਆ ਕਰਾਉਣ ਵਿਚ ਨਾਕਾਮ ਰਿਹਾ ਹੈ। ਕਿਸੇ ਨੂੰ ਇਹ ਜਾਨਣ ਲਈ ਅਰਥਸ਼ਾਸਤਰ ਦੇ ਗੁੰਝਲਦਾਰ ਮਾਡਲ ਵਰਤਣ ਦੀ ਲੋੜ ਨਹੀਂ ਹੈ ਕਿ ਅਸਲ ਵਿਚ ਖੇਤੀ ਕਿਵੇਂ ਘਟੀ ਹੈ ਅਤੇ ਕਿਵੇਂ ਖੁੱਲ੍ਹੇ ਬਾਜ਼ਾਰ ਨੇ ਕਿਸਾਨਾਂ ਦੀ ਆਮਦਨ ਨੂੰ ਹੜੱਪ ਲਿਆ। ਇਸ ਦੀ ਥਾਂ, ਜਿਵੇਂ ਇਸ ਸਾਲ ਦੇ ਅਰਥਸ਼ਾਸਤਰ ਲਈ ਨੋਬੇਲ ਇਨਾਮ ਦੇ ਮਾਣ ਪੱਤਰ ਵਿਚ ਤਸਲੀਮ ਕੀਤਾ ਗਿਆ ਹੈ: “ਕਾਰਨ ਤੇ ਅਸਰ ਬਾਰੇ ਸਿੱਟੇ ਕੁਦਰਤੀ ਤਜਰਬਿਆਂ ਤੋਂ ਕੱਢੇ ਜਾ ਸਕਦੇ ਹਨ।” ਮੈਂ ਸਹਿਮਤ ਹਾਂ ਅਤੇ ਮਹਿਸੂਸ ਕਰਦਾ ਹਾਂ ਕਿ ਅਰਥਸ਼ਾਸਤਰੀਆਂ ਨੂੰ ਆਰਥਿਕ ਤੇ ਗਣਿਤਕ ਅਧਿਐਨਾਂ ਵੱਲ ਜਾਣ ਦੀ ਲੋੜ ਨਹੀਂ ਹੈ, ਜਦੋਂ ਉਪਲਬਧ ਸਬੂਤਾਂ ਰਾਹੀਂ ਆਸਾਨੀ ਨਾਲ ਸਿੱਟੇ ਕੱਢੇ ਜਾ ਸਕਦੇ ਹਨ।
ਐੱਫਏਓ ਨੇ 2018 ਵਿਚ (ਮਾਰਚ 2021 ਵਿਚ ਜਾਰੀ ਰਿਪੋਰਟ) ਭਾਰਤ ਦੀ ਫ਼ਸਲੀ ਪੈਦਾਵਾਰ ਦੀ ਕੁੱਲ ਕੀਮਤ 289,802,03.2 ਕਰੋੜ ਡਾਲਰ ਹੋਣ ਅਤੇ ਕੁੱਲ ਖੁਰਾਕੀ ਪੈਦਾਵਾਰ ਦੀ ਕੀਮਤ 400,722,02.5 ਕਰੋੜ ਡਾਲਰ ਦਾ ਅੰਦਾਜ਼ਾ ਲਾਇਆ ਸੀ। ਜੇ ਮੌਜੂਦਾ ਕੀਮਤਾਂ ਤਹਿਤ ਫ਼ਸਲੀ ਪੈਦਾਵਾਰ ਦੀ ਕੁੱਲ ਕੀਮਤ ਦੇਖੀ ਜਾਵੇ ਤਾਂ ਚੀਨ ਦੀ ਕੁੱਲ ਕੀਮਤ 418,541,34.3 ਕਰੋੜ ਡਾਲਰ ਤੋਂ ਬਾਅਦ ਇਸ ਪੱਖੋਂ ਸੰਸਾਰ ਵਿਚ ਦੂਜਾ ਨੰਬਰ ਭਾਰਤ ਦਾ ਆਉਂਦਾ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਪੈਦਾਵਾਰੀ ਅੰਕੜਿਆਂ ਦੀ ਘੁੰਮਣਘੇਰੀ ਵਿਚ ਉਲਝ ਜਾਓ ਜਿਸ ਅਹਿਮ ਤੱਥ ਵੱਲ ਜਿ਼ਆਦਾ ਧਿਆਨ ਦੇਣ ਦੀ ਲੋੜ ਹੈ, ਉਹ ਹੈ ਉਹ ਬੇਸ਼ੁਮਾਰ ਆਰਥਿਕ ਦੌਲਤ ਜਿਸ ਦੀ ਸਿਰਜਣਾ ਕਿਸਾਨ ਕਰਦੇ ਹਨ ਅਤੇ ਅਖ਼ੀਰ ਜੋ ਕੁਝ ਖੇਤੀਬਾੜੀ ਸੈਕਟਰ ਪੈਦਾ ਕਰਦਾ ਹੈ। ਦੂਜੇ ਲਫ਼ਜ਼ਾਂ ਵਿਚ ਕਿਸਾਨ ਵੀ ਦੌਲਤ ਦੇ ਸਿਰਜਕ ਹਨ।
ਇਸ ਲਈ ਅੱਜ ਉਸ ਸੋਚ ਨੂੰ ਬਦਲਣ ਦੀ ਲੋੜ ਹੈ ਜਿਹੜੀ ਰਵਾਇਤਨ ਇਸ ਧਾਰਨਾ ਉਤੇ ਆਧਾਰਤ ਹੈ ਕਿ ਸਿਰਫ਼ ਕਾਰੋਬਾਰ ਵੱਡੇ ਅਤੇ ਛੋਟੇ ਹੀ ਦੌਲਤ ਦੇ ਸਿਰਜਕ ਹਨ। ਸਾਡੇ ਸਮਾਜ ਵਿਚ ਜਿਹੜੀ ਦੌਲਤ ਪੱਖੋਂ ਬੇਹਿਸਾਬ ਨਾ-ਬਰਾਬਰੀ ਫੈਲੀ ਹੋਈ ਹੈ, ਉਹ ਵੇਲਾ ਵਿਹਾ ਚੁੱਕੀ ਇਸ ਆਰਥਿਕ ਸੋਚ ਦਾ ਸਿੱਟਾ ਹੈ। ਨਹੀਂ ਤਾਂ ਮੈਨੂੰ ਕੋਈ ਕਾਰਨ ਨਹੀਂ ਜਾਪਦਾ ਕਿ ਉਦੋਂ ਜਦੋਂ ਫ਼ਸਲੀ ਪੈਦਾਵਾਰ ਦੀ ਕੁੱਲ ਕੀਮਤ 1999 ਤੋਂ ਹੀ ਔਸਤਨ 8.25 ਫ਼ੀਸਦੀ ਦੀ ਦਰ ਨਾਲ ਵਧ ਰਹੀ ਹੈ, ਤਾਂ ਕਿਸਾਨ ਕਿਉਂ ਪੌੜੀ ਦੇ ਸਭ ਤੋਂ ਹੇਠਲੇ ਡੰਡੇ ਉਤੇ ਹਨ। ਅਮਰੀਕਾ ਵਿਚ 2018 ਵਿਚ ਇਕ ਖ਼ੁਰਾਕੀ ਡਾਲਰ ਵਿਚ ਇਕ ਕਿਸਾਨ ਦਾ ਹਿੱਸਾ ਘਟ ਕੇ ਮਹਿਜ਼ ਅੱਠ ਫ਼ੀਸਦੀ ਰਹਿ ਗਿਆ। ਭਾਰਤ ਵਿਚ, ਸੱਜਰੇ ‘ਕਿਸਾਨ ਪਰਿਵਾਰਾਂ ਲਈ ਸਥਿਤੀ ਮੁਲੰਕਣ ਸਰਵੇ’ ਵਿਚ ਫ਼ਸਲਾਂ ਦੀ ਖੇਤੀ ਤੋਂ ਆਮਦਨ ਦੀ ਗਣਨਾ ਸਿਰਫ਼ 27 ਰੁਪਏ ਰੋਜ਼ਾਨਾ ਕੀਤੀ ਜਾਂਦੀ ਹੈ।
ਇਸ ਗੱਲ ਦੇ ਕਾਫ਼ੀ ਤੇ ਪੁਖ਼ਤਾ ਸਬੂਤ ਹਨ ਕਿ ਖੁੱਲ੍ਹੇ ਬਾਜ਼ਾਰ ਨੇ ਕਿਵੇਂ ਦੁਨੀਆ ਭਰ ਵਿਚ ਖੇਤੀ ਨੂੰ ਤਬਾਹ ਕੀਤਾ। ਇਸ ਹਾਲਾਤ ਨੂੰ ਬਦਲਣਾ ਪਵੇਗਾ। ਅਜਿਹਾ ਸਿਰਫ਼ ਉਸ ਸੂਰਤ ਵਿਚ ਹੋਵੇਗਾ, ਜਦੋਂ ਅਸੀਂ ਕਿਸਾਨਾਂ ਨੂੰ ਮਹਿਜ਼ ਮੁਢਲੇ ਉਤਪਾਦਕ ਨਹੀਂ ਸਗੋਂ ਦੌਲਤ ਦੇ ਸਿਰਜਕ ਮੰਨਣਾ ਸ਼ੁਰੂ ਕਰਾਂਗੇ ਅਤੇ ਨਾਲ ਹੀ ਇਹ ਯਕੀਨੀ ਬਣਾਵਾਂਗੇ ਕਿ ਦੌਲਤ ਦੀ ਸਿਰਜਣਾ ਵਿਚ ਉਨ੍ਹਾਂ ਦੇ ਯੋਗਦਾਨ ਦਾ ਉਨ੍ਹਾਂ ਨੂੰ ਬਣਦਾ ਮੁਆਵਜ਼ਾ (ਮਿਹਨਤਾਨਾ) ਮਿਲੇ। ਸੰਸਾਰ ਭਰ ਵਿਚ ਖੇਤੀ ਤੋਂ ਰੋਜ਼ੀ ਕਮਾਉਣ ਵਾਲੇ ਅਰਬਾਂ ਲੋਕਾਂ ਦਾ ਰੁਜ਼ਗਾਰ ਬਣਾਈ ਰੱਖਣ ਅਤੇ ਕਿਸਾਨਾਂ ਵੱਲੋਂ ਦੌਲਤ ਦੀ ਸਿਰਜਣਾ ਵਿਚ ਨਿਭਾਏ ਜਾਂਦੇ ਰੋਲ ਦੇ ਜਸ਼ਨ ਮਨਾਉਣ ਲਈ ਸ਼ੁਰੂਆਤ ਕਰਨ ਦੀ ਲੋੜ ਹੈ ਕਿ ਕਿਸਾਨਾਂ ਨੂੰ ਤੈਅਸ਼ੁਦਾ ਤੇ ਲਾਹੇਵੰਦ ਮੁੱਲ ਅਦਾ ਕਰਨ ਦੀ ਯਕੀਨਦਹਾਨੀ ਕੀਤੀ ਜਾਵੇ।
*ਲੇਖਕ ਖ਼ੁਰਾਕ ਤੇ ਖੇਤੀਬਾੜੀ ਮਾਹਿਰ ਹੈ।
ਸੰਪਰਕ: hunger55@gmail.com