ਡਾ. ਵਿਨੋਦ ਕੁਮਾਰ
ਸਿੱਖਿਆ, ਗਿਆਨ ਅਤੇ ਬੌਧਿਕਤਾ ਦਾ ਤਬਾਹ ਹੋਣਾ ਕੀ ਹੁੰਦਾ ਹੈ, ਜੇਕਰ ਇਸ ਨੂੰ ਦੇਖਣਾ ਹੋਵੇ ਤਾਂ ਨੱਬੇਵਿਆਂ ਤੋਂ ਚੱਲੀ ਨਵ-ਉਦਾਰਵਾਦ ਦੀ ਹਨੇਰੀ ਤੋਂ ਅੱਜ ਤੱਕ ਦੇ ਹਾਲਾਤ ਰਾਹੀਂ ਇਸ ਨੂੰ ਮਾਪਿਆ ਜਾ ਸਕਦਾ ਹੈ। ਇਸ ਸਿਆਸੀ ਕਾਰਵਾਈ ਨੂੰ ਅਕਸਰ ਵਿਕਾਸ ਮੁਖੀ, ਸਰਬ ਪੱਖੀ, ਇੱਕੀਵੀਂ ਸਦੀ, ਗਲੋਬਲਾਈਜ਼ੇਸ਼ਨ ਦੇ ਪ੍ਰਵਚਨ ਹੇਠ ਪ੍ਰਚਾਰਿਆ ਜਾਂਦਾ ਰਿਹਾ ਹੈ। ਅਮੀਰ ਤੇ ਗਰੀਬ ਵਿਚਲਾ ਪਾੜਾ ਦਿਨ ਪ੍ਰਤੀ ਦਿਨ ਵਧਿਆ ਹੈ, ਵਿੱਦਿਆ ਅਵਿੱਦਿਆ ਵਿਚ ਵਟ ਰਹੀ ਹੈ, ਲੋਕ ਸੱਭਿਆਚਾਰ ਉਸਾਰੂ ਨਾ ਰਹਿ ਕੇ ਗੈਰ-ਉਸਾਰੂ ਕਦਰਾਂ ਕੀਮਤਾਂ ਵਿਚ ਬਦਲ ਰਿਹਾ ਹੈ। ਪਿਛਲੇ ਲੱਗਭੱਗ ਤਿੰਨ ਦਹਾਕਿਆਂ ਤੋਂ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਮੁਲਕ ਭਰ ਦੇ ਉਸਾਰੂ ਸੱਭਿਆਚਾਰ ਅਤੇ ਜੀਵਨ ਜਾਚ ਨੂੰ ਖੋਰਾ ਲੱਗਿਆ ਹੈ। ਸਭ ਤੋਂ ਖ਼ੁਸ਼ਹਾਲ ਮੰਨਿਆ ਜਾਂਦਾ ਸੂਬਾ ਪੰਜਾਬ ਵੀ ਇਸ ਤੋਂ ਨਿਰਲੇਪ ਨਹੀਂ ਰਿਹਾ।
ਇਸ ਸਮੇਂ ਦੌਰਾਨ ਸਭ ਤੋਂ ਵੱਡਾ ਨਿਸ਼ਾਨਾ ਮਨੁੱਖੀ ਸਮਝ ਨੂੰ ਬਣਾਇਆ ਗਿਆ ਅਤੇ ਇਸ ਨਾਲ ਜੁੜੇ ਹਰ ਪਹਿਲੂ ਨੂੰ ਸਿੱਧੇ ਅਸਿੱਧੇ ਰੂਪ ਵਿਚ ਕਾਬੂ ਹੇਠ ਲਿਆਉਣ ਦੀ ਕਾਰਵਾਈ ਹੋਈ। ਇਥੇ ਕੋਈ ਸ਼ੱਕ ਨਹੀਂ ਕਿ ਇਸ ਦਾ ਸਭ ਤੋਂ ਵੱਡਾ ਖ਼ਮਿਆਜ਼ਾ ਸਾਡੀ ਸਿੱਖਿਆ ਨੂੰ ਝੱਲਣਾ ਪਿਆ ਕਿਉਂਕਿ ਸਾਡੇ ਕੋਲ ਲੋਕ ਚੇਤਨਾ ਸਿਰਜਣ ਦਾ ਇਹ ਵੱਡਾ ਸਾਧਨ ਸੀ।
ਸਮੇਂ ਦੀ ਸਿਆਸਤ ਨੇ ਨਿੱਜੀਕਰਨ ਲਾਗੂ ਕਰਦਿਆਂ ਸਭ ਤੋਂ ਪਹਿਲਾਂ ਸਿੱਖਿਆ ਨੂੰ ਇਸ ਦੇ ਲਪੇਟੇ ਵਿਚ ਲੈਣ ਦੀ ਕਾਰਵਾਈ ਆਰੰਭੀ। ਅੰਗਰੇਜ਼ੀ ਮਾਧਿਅਮ ਦੇ ਪ੍ਰਚਾਰ ਤੇ ਪ੍ਰਸਾਰ ਤਹਿਤ ਮਾਂ ਬੋਲੀ ਨੂੰ ਖੋਰਾ ਲਾਇਆ ਗਿਆ ਜਿਸ ਤਹਿਤ ਨਿੱਕੀ ਉਮਰੇ ਵਿਦਿਆਰਥੀ ਦੀ ਆਪਣੀ ਭਾਸ਼ਾ ਵਿਚ ਨਿਪੁੰਨਤਾ ਨੂੰ ਵੱਡਾ ਨੁਕਸਾਨ ਹੋਇਆ। ਇਸ ਦੇ ਨਾਲ ਹੀ ਵਿਦੇਸ਼ੀ ਭਾਸ਼ਾ ਲਾਗੂ ਕਰਨ ਦੇ ਤਰੀਕੇ ਇੰਨੇ ਕੁ ਗੁੰਝਲਦਾਰ ਬਣਾ ਦਿੱਤੇ ਕਿ ਬਹੁਤੀ ਵਾਰ ਵਿਦਿਆਰਥੀ ਗ੍ਰੈਜੂਏਸ਼ਨ ਕਰਨ ਤੱਕ ਉਸ ਭਾਸ਼ਾ ਦੀ ਮੁੱਢਲੀ ਵਿਆਕਰਨ ਹੀ ਪੜ੍ਹਦਾ ਰਹਿੰਦਾ ਹੈ। ਨਤੀਜੇ ਵਜੋਂ ਸਮਕਾਲੀ ਨੌਜਵਾਨਾਂ ਦੀ ਬਹੁ ਗਿਣਤੀ ਅਜਿਹੀ ਹੈ ਜਿਨ੍ਹਾਂ ਦੀ ਸਹੀ ਰੂਪ ਵਿਚ ਕਿਸੇ ਭਾਸ਼ਾ ਵਿਚ ਨਿਪੁੰਨਤਾ ਨਹੀਂ ਹੈ। ਇਹ ਸਰਵਵਿਆਪੀ ਸੱਤ ਹੈ ਕਿ ਭਾਸ਼ਾ ਜੀਵਨ ਨੂੰ ਸਮਝਣ, ਇਸ ਦੇ ਮਸਲਿਆਂ ਨੂੰ ਹੱਲ ਕਰਨ ਤੇ ਇਸ ਨੂੰ ਸਹੀ ਦਿਸ਼ਾ ਵਿਚ ਕੇਂਦਰਿਤ ਕਰਨ ਲਈ ਬਹੁਤ ਜ਼ਰੂਰੀ ਜ਼ਰੀਆ ਹੈ। ਜਦੋਂ ਵਿਦਿਆਰਥੀਆਂ ਦੀ ਭਾਸ਼ਾ ਹੀ ਕਮਜ਼ੋਰ ਕਰ ਦਿੱਤੀ ਤਾਂ ਉਨ੍ਹਾਂ ਦੀ ਬੌਧਿਕਤਾ ਕਿਵੇਂ ਵਿਕਸਿਤ ਹੋਵੇਗੀ ਅਤੇ ਉਨ੍ਹਾਂ ਲਈ ਜੀਵਨ ਨੂੰ ਸਮਝਣਾ ਤੇ ਇਸ ਦੀਆਂ ਗੁੰਝਲਾਂ ਹੱਲ ਕਰਨਾ ਵਸ ਦੀ ਗੱਲ ਨਹੀਂ ਰਹੇਗੀ। ਰਸੂਲ ਹਮਜ਼ਾਤੋਵ ਦੇ ਕਹਿਣ ਅਨੁਸਾਰ ਇਸ ਤੋਂ ਵੱਡੀ ਕੋਈ ਬਦ-ਦੁਆ ਨਹੀਂ ਹੋ ਸਕਦੀ ਕਿ ਕਿਸੇ ਨੂੰ ਉਸ ਦੀ ਮਾਂ ਬੋਲੀ ਭੁੱਲ ਜਾਵੇ।
ਸਕੂਲ ਸਿੱਖਿਆ ਵਿਚ ਸੁਧਾਰਾਂ ਦੇ ਨਾਂ ਉਪਰ ਉਸਾਰੂ ਤੇ ਲੋਕ-ਪੱਖੀ ਗਿਆਨ ਸਿਲੇਬਸ ਵਿਚੋਂ ਬਾਹਰ ਕਰਨ ਦੀ ਕਾਰਵਾਈ ਹੋਈ। ਉਨ੍ਹਾਂ ਨੂੰ ਜ਼ਿਆਦਾਤਰ ਖ਼ਿਆਲੀ, ਆਦਰਸ਼ ਤੇ ਮਿੱਥਕ ਗੱਲਾਂ ਦੀ ਪੜ੍ਹਾਈ ਵੱਲ ਮੋੜਿਆ ਗਿਆ। ਲੋਕ-ਪੱਖੀ, ਕ੍ਰਾਂਤੀਕਾਰੀ ਤੇ ਵਿਹਾਰਕ ਲਿਖਤਾਂ ਨੂੰ ਹੌਲੀ ਹੌਲੀ ਸਿਲੇਬਸ ਤੋਂ ਬਾਹਰ ਦਾ ਰਸਤਾ ਦਿਖਾਉਣਾ ਸ਼ੁਰੂ ਹੋਇਆ। ਜ਼ਿਆਦਾਤਰ ਵਿਦਿਆਰਥੀ ਅਰਜ਼ੀ ਲਿਖਣਾ ਹੀ ਸਿੱਖਦੇ ਹਨ, ਉਨ੍ਹਾਂ ਵਿਚ ਜੀਵਨ ਨੂੰ ਨਿਰਧਾਰਤ ਕਰਨ ਅਤੇ ਚਲਾਉਣ ਦੇ ਗੁਣ ਵਿਕਸਿਤ ਕਰਨ ਉਪਰ ਜ਼ੋਰ ਨਹੀਂ ਦਿੱਤਾ ਜਾਂਦਾ। ਵਿਦਿਆਰਥੀਆਂ ਵਿਚ ਵਿਸ਼ਲੇਸ਼ਣ, ਸਮੀਖਿਆ ਅਤੇ ਸਿਰਜਕ ਦੇ ਗੁਣ ਵਿਕਸਿਤ ਕਰਨ ਦੀ ਬਜਾਇ ਉਨ੍ਹਾਂ ਨੂੰ ਪੁਰਜੇ ਬਣਾਇਆ ਜਾਂਦਾ ਹੈ ਜਿਸ ਵਿਚ ਉਨ੍ਹਾਂ ਨੂੰ ਭਾਸ਼ਾ ਦੇ ਨਾਂ ਉੱਪਰ ਤਕਨੀਕੀ ਸ਼ਬਦਾਵਲੀ, ਤਕਨੀਕੀ ਬੋਲਚਾਲ ਅਤੇ ਕਾਰਪੋਰੇਟ ਦਫ਼ਤਰਾਂ ਵਿਚ ਕਿਵੇਂ ਜੀ-ਹਜ਼ੂਰੀ ਕਰਨੀ ਹੈ, ਹੀ ਸਿਖਾਇਆ ਜਾਂਦਾ ਹੈ। ਨਤੀਜੇ ਵਜੋਂ ਵਿਦਿਆਰਥੀ ਡਿਗਰੀ ਕਰਨ ਤੋਂ ਬਾਅਦ ਵੀ ਕੇਵਲ ਦਫ਼ਤਰੀ ਕਰਮਚਾਰੀ ਵਾਲੀ ਮੁਹਾਰਤ ਤੱਕ ਹੀ ਸੀਮਿਤ ਰਹਿ ਜਾਂਦੇ ਹਨ।
ਨਵੀਂ ਸਦੀ, ਨਵੀਂ ਸਿੱਖਿਆ, ਨਵੀਂ ਜੀਵਨ-ਜਾਚ ਤਹਿਤ ਅਜਿਹੀ ਸਿੱਖਿਆ ਪ੍ਰਣਾਲੀ ਨੂੰ ਹੱਲਾਸ਼ੇਰੀ ਦਿੱਤੀ ਗਈ। ਇਸ ਵਿਚ ਜ਼ਰੂਰੀ ਵਿਸ਼ੇ ਭਾਸ਼ਾ, ਸਾਹਿਤ ਤੇ ਸੋਸ਼ਲ ਸਾਇੰਸਿਜ਼ ਦੀ ਥਾਂ ਤਕਨੀਕੀ, ਮੈਨੇਜਮੈਂਟ, ਬਿਜ਼ਨਸ ਆਦਿ ਦੇ ਕੋਰਸਾਂ ਨੂੰ ਸਿੱਖਿਆ ਵਿਚ ਸ਼ਾਮਿਲ ਕੀਤਾ ਗਿਆ ਜਿਸ ਨਾਲ ਮਨੁੱਖ ਅਸਲ ਸਿੱਖਿਆ ਤੋਂ ਦੂਰ ਖੁਦ ਤਕਨੀਕ ਤੇ ਕਾਰਪੋਰੇਟ ਦਾ ਪੁਰਜਾ ਬਣ ਕੇ ਰਹਿ ਗਿਆ। ਅਜਿਹੀ ਸਿੱਖਿਆ ਨੂੰ ਮੀਡੀਆ ਅਤੇ ਥਾਂ ਥਾਂ ਉੱਪਰ ਦੁਕਾਨ-ਨੁਮਾ ਸੰਸਥਾਵਾਂ ਖੋਲ੍ਹ ਕੇ ਪ੍ਰਚਾਰਿਆ ਤੇ ਪਸਾਰਿਆ ਗਿਆ। ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਸਾਡੀ ਸਿੱਖਿਆ ਕਦੋਂ ਤਬਾਹੀ ਦੇ ਕੰਢੇ ਅੱਪੜ ਗਈ।
ਸਿੱਖਿਆ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਗਿਆਨ ਦੇ ਹੋਰ ਵਸੀਲਿਆਂ ਉੱਪਰ ਵੀ ਹਮਲਾ ਹੋਇਆ, ਜਿਵੇਂ ਮੀਡੀਆ ਕੁਝ ਕੁ ਹੱਥਾਂ ਵਿਚ ਹੀ ਕੇਂਦਰਿਤ ਕਰ ਲਿਆ ਗਿਆ ਅਤੇ ਵੱਡੇ ਕਾਰਪੋਰੇਟ ਸਮੂਹਾਂ ਦੁਆਰਾ ਮੀਡੀਆ, ਸਿਆਸਤ ਤੇ ਲੋਕਾਈ ਨੂੰ ਆਪਣੇ ਅਨੁਸਾਰ ਚਲਾਉਣ ਦੀ ਕਾਰਵਾਈ ਤੇਜ਼ ਹੋਈ। ਅਵਾਮ ਨੂੰ ਪਰਚਿਆਂ ਅਤੇ ਚੈਨਲਾਂ ਉੱਪਰ ਕੇਵਲ ਉਹ ਸਭ ਦਿਖਾਇਆ ਜਾਂਦਾ ਹੈ ਜੋ ਹਾਕਮ ਦਿਖਾਉਣਾ ਚਾਹੁੰਦਾ ਹੈ। ਉਹੀ ਪ੍ਰਚਾਰਿਆ ਤੇ ਪਸਾਰਿਆ ਜਾਂਦਾ ਹੈ ਜੋ ਹਾਕਮ ਦੇ ਹੱਕ ਵਿਚ ਹੋਵੇ ਚਾਹੇ, ਉਹ ਸੱਚ ਹੋਵੇ ਜਾਂ ਫਿਰ ਝੂਠ। ਇਸ ਤਰ੍ਹਾਂ ਗਿਆਨ ਦਾ ਵੱਡਾ ਸੋਮਾ ਵੀ ਸਿਆਸੀ ਦਖ਼ਲਅੰਦਾਜੀ ਤੋਂ ਬਚ ਨਹੀਂ ਸਕਿਆ। ਜਾਣਕਾਰੀ ਤੇ ਗਿਆਨ ਦੇ ਇਸ ਮਾਧਿਅਮ ਵਿਚ ਘੁਸਪੈਠ ਚੁੱਪ ਚਪੀਤੇ ਹੋਈ ਹੈ ਜਿਸ ਦੇ ਭਿਆਨਕ ਨਤੀਜੇ ਅੱਜ ਦਰਪੇਸ਼ ਹਨ। ਖ਼ਾਸ ਸਿਆਸੀ ਏਜੰਡੇ ਤਹਿਤ ਖ਼ਬਰਾਂ, ਸੱਚ ਨੂੰ ਹੋਰ ਦਾ ਹੋਰ ਬਣਾ ਦਿੰਦੀਆਂ ਹਨ ਤੇ ਸਿਵਲ ਸਮਾਜ ਵਿਚ ਮੀਡੀਆ ਰਾਹੀਂ ਕੀਤੀ ਜਾਂਦੀ ਮਸ਼ਹੂਰੀ ਨੇ ਅਵਾਮ ਦੀ ਸੋਚਣ ਸਮਝਣ ਦੀ ਸ਼ਕਤੀ ਖੁੰਢੀ ਕਰ ਦਿੱਤੀ ਹੈ ਅਤੇ ਮਨੁੱਖ ਦੀ ਚੇਤਨਾ ਨੂੰ ਗਹਿਰੀ ਸੱਟ ਮਾਰੀ ਹੈ।
ਸੋਸ਼ਲ ਮੀਡੀਆ ਦੇ ਆਉਣ ਨਾਲ ਜਿੱਥੇ ਜਾਣਕਾਰੀ ਦਾ ਲੈਣ-ਦੇਣ ਸੌਖਾ ਅਤੇ ਤੇਜ਼ ਹੋਇਆ ਹੈ, ਉੱਥੇ ਡਾਟਾ ਸਿਆਸਤ ਨੂੰ ਵੱਡਾ ਹੁਲਾਰਾ ਮਿਲਿਆ ਹੈ। ਇਸ ਰਾਹੀਂ ਹਾਕਮਾਂ ਨੂੰ ਲੋਕਾਂ ਦੀ ਨਿੱਜੀ ਜ਼ਿੰਦਗੀ ਵਿਚ ਝਾਕਣਾ ਸੌਖਾ ਹੋ ਗਿਆ ਹੈ। ਲੋਕਾਂ ਦੇ ਸ਼ੌਕ, ਪਸੰਦ-ਨਾਪਸੰਦ, ਕਾਰਜਾਂ ਤੇ ਸੋਚ ਦਾ ਵਿਸ਼ਲੇਸ਼ਣ ਕਰਨਾ ਸੌਖਾ ਹੋ ਗਿਆ ਹੈ ਜਿਸ ਨਾਲ ਉਹ ਅਵਾਮ ਨੂੰ ਕੰਟਰੋਲ ਕਰਨ ਲਈ ਨਿੱਤ ਨਵੇਂ ਸੌਖਾਲੇ ਤੇ ਤੇਜ਼ ਵਸੀਲਿਆਂ ਜੁਟਾਉਂਦੇ ਹਨ। ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਸ ਨੂੰ ਕਿਵੇਂ ਵਰਤਿਆ ਅਤੇ ਚਲਾਇਆ ਜਾ ਰਿਹਾ ਹੈ।
ਗਿਆਨ ਨੂੰ ਕੇਵਲ ਜਾਣਕਾਰੀ ਤੱਕ ਮਹਿਦੂਦ ਕਰ ਦਿੱਤਾ ਗਿਆ ਹੈ, ਜਾਣਕਾਰੀ ਵੀ ਉਹ ਜੋ ਉਸਾਰੂ ਨਹੀਂ, ਕੇਵਲ ਦਿਨ, ਤਰੀਕਾਂ ਜਾਂ ਬੇਲੋੜੇ ਅੰਕੜੇ ਹੀ ਹਨ। ਇਸ ਤਰ੍ਹਾਂ ਮੁਕਾਬਲੇ ਦੇ ਇਮਤਿਹਾਨ ਕਰਵਾਏ ਜਾਂਦੇ ਹਨ ਜਿਨ੍ਹਾਂ ਵਿਚ ਉਮੀਦਵਾਰਾਂ ਦਾ ਗਿਆਨ ਤੇ ਬੌਧਿਕਤਾ ਘੱਟ, ਉਸ ਕੋਲ ਜਾਣਕਾਰੀ ਕਿੰਨੀ ਹੈ ਤੇ ਕਿੰਨੀ ਜਾਣਕਾਰੀ ਨੂੰ ਉਹ ਯਾਦ ਰੱਖ ਸਕਦਾ ਹੈ, ਹੀ ਪਰਖਿਆ ਜਾਂਦਾ ਹੈ। ਇਹ ਸਾਰਾ ਕੁਝ ਗਿਆਨ ਗ੍ਰਹਿਣ ਕਰਨ ਦੀ ਬਜਾਇ ਰੱਟੇ ਮਾਰਨ ਨੂੰ ਉਤਸ਼ਾਹਿਤ ਕਰਦਾ ਹੈ।
ਜੇ ਸਾਡੇ ਕੋਲ ਚੰਗੀ ਸਿੱਖਿਆ ਪ੍ਰਣਾਲੀ ਨਹੀਂ, ਸਮਰੱਥ ਅਧਿਆਪਕ ਨਹੀਂ, ਸੁਤੰਤਰ ਤੇ ਨਿਰਪੱਖ ਗਿਆਨ ਨਹੀਂ ਤਾਂ ਸੁਤੰਤਰ ਤੇ ਉਸਾਰੂ ਬੌਧਿਕਤਾ ਸੰਭਵ ਨਹੀਂ। ਸਮੇਂ ਦੀ ਲੋੜ ਹੈ ਕਿ ਉਸਾਰੂ ਸਿੱਖਿਆ ਪ੍ਰਣਾਲੀ ਨੂੰ ਤਰਜੀਹ ਦਿੱਤੀ ਜਾਵੇ। ਜਨਤਕ ਖੇਤਰ ਨੂੰ ਬਚਾਇਆ ਜਾਵੇ, ਖ਼ਾਸ ਤੌਰ ਤੇ ਸਿੱਖਿਆ ਵਿਚ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸ਼ੋਸ਼ਣ ਰੋਕਿਆ ਜਾਵੇ। ਸਮਰੱਥ ਸਿੱਖਿਆ ਸ਼ਾਸਤਰੀਆਂ ਵੱਲੋਂ ਸਿੱਖਿਆ ਦੇ ਖੇਤਰ ਵਿਚ ਉਸਾਰੂ ਯੋਗਦਾਨ ਪਾਇਆ ਜਾਵੇ। ਮੀਡੀਆ/ਸੋਸ਼ਲ ਮੀਡੀਆ ਦੀ ਭੂਮਿਕਾ ਦੀ ਸਮੀਖਿਆ ਕਰਦਿਆਂ ਅਸਲ ਜੀਵਨ ਹਾਲਾਤ ਨੂੰ ਸਮਝਿਆ ਜਾਵੇ। ਜਨਤਕ ਲਾਇਬ੍ਰੇਰੀਆਂ ਰਾਹੀਂ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਹੁਲਾਰਾ ਦਿੱਤਾ ਜਾਵੇ। ਇਸ ਤਰ੍ਹਾਂ ਸਮੂਹਿਕ ਕੋਸ਼ਿਸ਼ਾਂ ਨਾਲ ਅਸੀਂ ਆਪਣੀ ਤਬਾਹ ਹੋ ਰਹੀ ਸਿੱਖਿਆ, ਗਿਆਨ ਤੇ ਬੌਧਿਕਤਾ ਨੂੰ ਬਚਾ ਸਕਦੇ ਹਾਂ।
ਪੰਜਾਬ ਦੀ ਉਸਾਰੂ ਜੀਵਨ ਸ਼ੈਲੀ ਬਚਾਉਣ ਲਈ ਇਥੋਂ ਦੀ ਸਿੱਖਿਆ ਅਤੇ ਬੌਧਿਕ ਸਭਿਆਚਾਰ ਨੂੰ ਬਚਾਉਣ ਦੀ ਅਤਿਅੰਤ ਜ਼ਰੂਰਤ ਹੈ। ਸਪੇਸ ਘਟੀ ਜ਼ਰੂਰ ਹੈ ਪਰ ਖ਼ਤਮ ਨਹੀਂ ਹੋਈ ਤੇ ਨਾ ਹੀ ਖ਼ਤਮ ਹੋਣ ਦੇਣੀ ਚਾਹੀਦੀ ਹੈ। ਸਾਨੂੰ ਇਸ ਬਚੀ ਹੋਈ ਸਪੇਸ ਤੋਂ ਸਾਂਝੇ ਰੂਪ ਵਿਚ ਨਵੀਂ ਲੋਕ ਲਹਿਰ ਛੇੜਨੀ ਚਾਹੀਦੀ ਹੈ। ਪੰਜਾਬ ਦੀ ਕਿਸਾਨੀ ਅਤੇ ਆਰਥਿਕਤਾ ਨੂੰ ਬਚਾਉਣ ਲਈ ਜਿਵੇਂ ਲੋਕ ਲਹਿਰ ਪੈਦਾ ਹੋਈ ਹੈ, ਇਸੇ ਤਰ੍ਹਾਂ ਇਸ ਲਹਿਰ ਵਿਚੋਂ ਇਕ ਹੋਰ ਸਾਂਝੀ ਲਹਿਰ ਦੀ ਲੋੜ ਹੈ ਜੋ ਸਾਡੀ ਸਿੱਖਿਆ, ਬਚਪਨ, ਜਵਾਨੀ, ਰੁਜ਼ਗਾਰ (ਸਰਕਾਰੀ ਤੇ ਪ੍ਰਾਈਵੇਟ), ਬੌਧਿਕਤਾ ਅਤੇ ਖ਼ੁਸ਼ਹਾਲੀ ਨੂੰ ਸੰਭਾਲਣ ਲਈ ਹੋਵੇ।
ਸੰਪਰਕ: 94631-53296