ਡਾ. ਰਣਜੀਤ ਸਿੰਘ
ਕੁਦਰਤ ਦੇ ਬਖਸ਼ੇ ਫ਼ਲ ਸਾਡੇ ਸੰਤੁਲਿਤ ਭੋਜਨ ਲਈ ਵਰਦਾਨ ਹਨ। ਜੇ ਭੋਜਨ ਨਾਲ ਇਨ੍ਹਾਂ ਦੀ ਰੋਜ਼ਾਨਾ ਵਰਤੋਂ ਕੀਤੀ ਜਾਵੇ ਤਾਂ ਮਨੁੱਖੀ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੋ ਜਾਂਦਾ ਹੈ। ਫ਼ਲਾਂ ਵਿਚ ਮਨੁੱਖੀ ਸਰੀਰ ਲਈ ਲੋੜੀਂਦੇ ਵਿਟਾਮਨ ਅਤੇ ਧਾਤਾਂ ਹੁੰਦੀਆਂ ਹਨ। ਫ਼ਲਾਂ ਦੇ ਪੂਰੇ ਖ਼ੁਰਾਕੀ ਤੱਤ ਤਾਜ਼ੇ ਫ਼ਲਾਂ ਤੋਂ ਹੀ ਪ੍ਰਾਪਤ ਹੁੰਦੇ ਹਨ। ਆਮ ਲੋਕ ਫ਼ਲਾਂ ਦੀ ਵਰਤੋਂ ਘੱਟ ਕਰਦੇ ਹਨ। ਫ਼ਲਾਂ ਦੀ ਕਾਸ਼ਤ ਵੱਡੇ ਪੱਧਰ ’ਤੇ ਨਾ ਹੋਣ ਕਾਰਨ ਅਕਸਰ ਇਨ੍ਹਾਂ ਦੀਆਂ ਕੀਮਤਾਂ ਜਿ਼ਆਦਾ ਹੁੰਦੀਆਂ ਹਨ। ਬਾਜ਼ਾਰ ਵਿਚ ਮਿਲਣ ਵਾਲੇ ਫ਼ਲ ਕਈ ਵਾਰ ਰਸਾਇਣਾਂ ਨਾਲ ਪਕਾਏ ਹੁੰਦੇ ਹਨ। ਉਂਝ ਵੀ ਰੇੜ੍ਹੀਆਂ ਉੱਤੇ ਰੱਖੇ ਫ਼ਲਾਂ ਉੱਤੇ ਮਿੱਟੀ ਅਤੇ ਹੋਰ ਕੀਟਾਣੂ ਆ ਜਾਂਦੇ ਹਨ।
ਅੱਧੀ ਸਦੀ ਪਹਿਲਾਂ ਪੰਜਾਬ ਵਿਚ ਫ਼ਲਾਂ ਦੇ ਰੁੱਖ ਚੋਖੀ ਗਿਣਤੀ ਵਿਚ ਹੁੰਦੇ ਸਨ। ਆਮ ਕਰ ਕੇ ਖੂਹਾਂ ਲਾਗੇ ਇਕ ਦੋ ਫ਼ਲਦਾਰ ਬੂਟੇ ਕਿਸਾਨ ਲਗਾ ਹੀ ਲੈਂਦੇ ਸਨ। ਦੁਆਬੇ ਵਿਚ ਅੰਬਾਂ ਦੇ ਬਗੀਚੇ ਹਨ। ਅਮਰੂਦ, ਬੇਰੀਆਂ ਤੇ ਜਾਮਣ ਦੇ ਰੁੱਖ ਵੀ ਆਮ ਹੀ ਹੁੰਦੇ ਹਨ। ਇਹ ਸਾਰੇ ਖ਼ੁਰਾਕੀ ਤੱਤਾਂ ਨਾਲ ਭਰਪੂਰ ਫ਼ਲ ਹਨ। ਪੰਜਾਬ ਵਿਚ ਮੁਰੱਬਾਬੰਦੀ ਦੇ ਜਿੱਥੇ ਲਾਭ ਹੋਏ ਪਰ ਰੁੱਖਾਂ ਦੀ ਕਟਾਈ ਵੀ ਹੋਈ। ਇਸ ਸਮੇਂ ਪੰਜਾਬ ਵਿਚ ਮਸਾਂ 94,000 ਹੈਕਟੇਅਰ ਰਕਬਾ ਹੀ ਫ਼ਲਾਂ ਹੇਠ ਹੈ। ਇਸ ਵਿਚੋਂ ਅੱਧਾ ਰਕਬਾ ਕੇਵਲ ਕਿੰਨੂ ਹੇਠ ਹੈ। ਦੂਜੇ ਨੰਬਰ ਉੱਤੇ ਅਮਰੂਦ ਹੈ ਜਿਸ ਹੇਠ ਕਰੀਬ 10,000 ਹੈਕਟੇਅਰ ਰਕਬਾ ਹੈ। ਅੰਬਾਂ ਹੇਠ ਹੁਣ ਕੇਵਲ 8000 ਹੈਕਟੇਅਰ ਕਰਬਾ ਹੀ ਰਹਿ ਗਿਆ ਹੈ। ਬਾਗ਼ ਲਗਾਉਣ ਤੋਂ ਆਮ ਲੋਕ ਘਬਰਾਉਂਦੇ ਹਨ ਕਿਉਂਕਿ ਬੂਟਿਆਂ ਦੀ ਵਿਸ਼ੇਸ਼ ਸਾਂਭ-ਸੰਭਾਲ ਕਰਨੀ ਪੈਂਦੀ ਹੈ ਪਰ ਘਰ ਦੀ ਵਰਤੋਂ ਲਈ ਬੰਬੀ ਲਾਗੇ ਦੋ ਤਿੰਨ ਫ਼ਲਦਾਰ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਆਪਣੇ ਖੇਤਾਂ ਦੇ ਤਾਜ਼ੇ ਅਤੇ ਜ਼ਹਿਰ ਰਹਿਤ ਫ਼ਲਾਂ ਨੂੰ ਖਾਣ ਦਾ ਅਨੰਦ ਮਾਣਿਆ ਜਾ ਸਕੇ। ਇਨ੍ਹਾਂ ਫ਼ਲਾਂ ਦਾ ਸਭ ਤੋਂ ਵੱਡਾ ਲਾਭ ਇਹ ਵੀ ਹੈ ਕਿ ਇਨ੍ਹਾਂ ਦੀ ਵਰਤੋਂ ਤੁਰੰਤ ਕੀਤੀ ਜਾ ਸਕਦੀ ਹੈ। ਇਸ ਲਈ ਇਹ ਬਾਜ਼ਾਰ ਵਿਚੋਂ ਮਿਲਣ ਵਾਲੇ ਕਈ ਦਿਨ ਪੁਰਾਣੇ ਫ਼ਲਾਂ ਨਾਲੋਂ ਲਾਭਦਾਇਕ ਹੁੰਦੇ ਹਨ। ਇਸ ਦੇ ਨਾਲ ਹੀ ਇਹ ਫ਼ਲ ਦਰੱਖਤਾਂ ’ਤੇ ਹੀ ਪੱਕਦੇ ਹਨ, ਇਸ ਲਈ ਕਿਸੇ ਰਸਾਇਣ ਦੀ ਵਰਤੋਂ ਨਹੀਂ ਕੀਤੀ ਹੁੰਦੀ। ਅਗਸਤ-ਸਤੰਬਰ ਸਦਾਬਹਾਰ ਨਵੇਂ ਬੂਟੇ ਲਗਾਉਣ ਲਈ ਢੁਕਵਾਂ ਸਮਾਂ ਹੈ। ਆਪਣੇ ਖੇਤ ਵਿਚ ਅੰਬ, ਅਮਰੂਦ, ਬੇਰੀ, ਅੰਗੂਰ, ਨਿੰਬੂ, ਜਾਮਣ ਆਦਿ ਦੇ ਬੂਟੇ ਲਗਾ ਲੈਣੇ ਚਾਹੀਦੇ ਹਨ।
ਕਿੰਨੂ ਦੇ ਬਹੁਤ ਬਗੀਚੇ ਮਾਲਵਾ ਅਤੇ ਹੁਸ਼ਿਆਰਪੁਰ ਵਿਚ ਹਨ ਪਰ ਬੰਬੀ ਲਾਗੇ ਇੱਕ ਬੂਟਾ ਤਾਂ ਲਗਾਇਆ ਹੀ ਜਾ ਸਕਦਾ ਹੈ। ਪੀਏਯੂ-ਕਿੰਨੂ-1 ਕਿਸਮ ਦਾ ਬੂਟਾ ਲਗਾਓ ਕਿਉਂਕਿ ਇਸ ਵਿਚ ਬੀਜ ਬਹੁਤ ਘੱਟ ਹੁੰਦੇ ਹਨ। ਨਿੰਬੂ ਦੀ ਵਰਤੋਂ ਤਾਂ ਸਾਰਾ ਸਾਲ ਘਰ ਵਿਚ ਹੁੰਦੀ ਹੈ। ਇਸ ਵਾਰ ਬਾਜ਼ਾਰ ਵਿਚ ਇਹ ਸਾਰੇ ਫ਼ਲਾਂ ਨਾਲੋਂ ਮਹਿੰਗੇ ਵਿਕੇ ਹਨ। ਨਿੰਬੂ ਦਾ ਇੱਕ ਬੂਟਾ ਤਾਂ ਘਰ ਦੇ ਵਿਹੜੇ ਵਿਚ ਵੀ ਲਗਾਇਆ ਜਾ ਸਕਦਾ ਹੈ। ਪੰਜਾਬ ਬਾਰਾਮਾਸੀ ਨਿੰਬੂ, ਪੀਏਯੂ ਬਾਰਾਮਾਸੀ ਨਿੰਬੂ-1, ਤੇ ਕਾਗਜ਼ੀ ਇਸ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਅਮਰੂਦ ਹਰ ਥਾਂ ਹੋ ਜਾਂਦਾ ਹੈ। ਇਸ ਕਰ ਕੇ ਇਸ ਦਾ ਇੱਕ ਬੂਟਾ ਜ਼ਰੂਰ ਲਗਾਓ। ਇਹ ਵਿਟਾਮਿਨ ਸੀ ਅਤੇ ਐਂਟੀ-ਔਕਸੀਡੈਂਟ ਦਾ ਵਧੀਆ ਸੋਮਾ ਹੈ। ਘੱਟ ਬੀਜ ਲਈ ਸ਼ਵੇਤਾ ਅਤੇ ਲਾਲ ਗੁੱਦੇ ਲਈ ਪੰਜਾਬ ਪਿੰਕ ਕਿਸਮਾਂ ਦੇ ਬੂਟੇ ਲਗਾਓ। ਇੱਕ ਬੂਟੇ ਤੋਂ ਇੱਕ ਕੁਇੰਟਲ ਤੋਂ ਵੱਧ ਫ਼ਲ ਪ੍ਰਾਪਤ ਹੋ ਜਾਂਦਾ ਹੈ। ਅੰਬ ਨੂੰ ਫ਼ਲਾਂ ਦਾ ਰਾਜਾ ਮੰਨਿਆ ਜਾਂਦਾ ਹੈ। ਕਦੇ ਦੁਆਬੇ ਨੂੰ ਚੂਪਣ ਵਾਲੇ ਅੰਬਾਂ ਦਾ ਘਰ ਮੰਨਿਆ ਜਾਂਦਾ ਸੀ। ਇਸੇ ਕਰ ਕੇ ਆਖਿਆ ਜਾਂਦਾ ਸੀ- ‘ਅੰਬੀਆਂ ਨੂੰ ਤਰਸੇਂਗੀ, ਜਦੋਂ ਛੱਡਿਆ ਦੇਸ਼ ਦੁਆਬਾ।’ ਹੁਣ ਤਾਂ ਬਹੁਤੇ ਰੁੱਖ ਕੱਟੇ ਗਏ ਹਨ। ਪੰਜਾਬ ਵਿਚ ਕਾਸ਼ਤ ਲਈ ਕਲਮੀ ਅੰਬਾਂ ਦੀਆਂ ਅਲਫ਼ੈਂਜੋ, ਦਸਹਿਰੀ ਤੇ ਲੰਗੜਾ ਕਿਸਮ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਚੂਪਣ ਵਾਲੇ ਅੰਬਾਂ ਵਿਚ ਗੰਗੀਆਂ ਸੰਧੂਰੀ ਕਿਸਮ ਨੂੰ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਬਗੈਰ ਜੀ ਐਨ-1 ਤੋਂ ਜੀ ਐਨ-7 ਤਕ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਬੇਰਾਂ ਨੂੰ ਗ਼ਰੀਬਾਂ ਦਾ ਫ਼ਲ ਆਖਿਆ ਜਾਂਦਾ ਸੀ ਪਰ ਹੁਣ ਤਾਂ ਇਸ ਦੀ ਕੀਮਤ ਵਿਚ ਵੀ ਚੋਖਾ ਵਾਧਾ ਹੋਇਆ ਹੈ। ਬੇਰ ਵਿਚ ਵਿਟਾਮਿਨ ਸੀ, ਪ੍ਰੋਟੀਨ, ਕੈਲਸ਼ੀਅਮ, ਲੋਹਾ ਅਤੇ ਫਾਸਫੋਰਸ ਹੁੰਦੇ ਹਨ। ਉਮਰਾਨ ਕਿਸਮ ਦਾ ਸਭ ਤੋਂ ਵਧ ਝਾੜ ਹੈ। ਵਲੈਤੀ ਅਤੇ ਸਨੌਰ-2 ਕਿਸਮਾਂ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਉਮਰਾਨ ਦੇ ਇੱਕ ਬੂਟੇ ਤੋਂ ਦੋ ਕੁਇੰਟਲ ਝਾੜ ਪ੍ਰਾਪਤ ਹੋ ਜਾਂਦਾ ਹੈ।
ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਵਿਚ ਲੀਚੀ ਦੀ ਵੀ ਕਾਸ਼ਤ ਕੀਤੀ ਜਾ ਸਕਦੀ ਹੈ। ਦੇਹਰਾਦੂਨ, ਕਲਕੱਤੀਆ ਅਤੇ ਸੀਡਲੈੱਸ ਲੇਟ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਪੰਜਾਬ ਵਿਚ ਔਲੇ ਦਾ ਆਚਾਰ ਅਤੇ ਮੁਰੱਬਾ ਬਹੁਤ ਪਸੰਦ ਕੀਤਾ ਜਾਂਦਾ ਹੈ। ਉਹ ਵਿਟਾਮਿਨ ਸੀ ਅਤੇ ਖਣਿਜ ਪਦਾਰਥਾਂ ਦਾ ਮੁੱਖ ਸੋਮਾ ਹੈ। ਬਲਵੰਤ, ਨੀਲਮ ਅਤੇ ਕੰਚਨ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ।
ਨੀਮ ਪਹਾੜੀ ਇਲਾਕਿਆਂ ਵਿਚ ਚੀਕੂ ਦੇ ਬੂਟੇ ਵੀ ਸਫ਼ਲਤਾਪੂਰਵਕ ਉਗਾਏ ਜਾ ਸਕਦੇ ਹਨ। ਚੀਕੂ ਕਾਰਬੋਹਾਈਡਰੇਟ, ਚਰਬੀ, ਕੈਲਸ਼ੀਅਮ, ਫਾਸਫੋਰਸ, ਲੋਹਾ ਅਤੇ ਰੇਸ਼ੇ ਦਾ ਵਧੀਆ ਸੋਮਾ ਹੈ। ਕਾਲੀ ਪੱਤੀ ਅਤੇ ਕ੍ਰਿਕਟ ਬਾਲ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਹ ਵੱਡੇ ਰੁੱਖ ਬਣ ਜਾਂਦੇ ਹਨ ਤੇ ਇੱਕ ਬੂਟੇ ਤੋਂ 1.5 ਕੁਇੰਟਲ ਤੋਂ ਵੱਧ ਫ਼ਲ ਪ੍ਰਾਪਤ ਹੋ ਜਾਂਦਾ ਹੈ। ਬਰਸਾਤ ਵਿਚ ਲੁਕਾਠ ਦੇ ਬੂਟੇ ਵੀ ਲਗਾਏ ਜਾ ਸਕਦੇ ਹਨ। ਇਹ ਅਪਰੈਲ ਵਿਚ ਪੱਕ ਜਾਂਦਾ ਹੈ ਜਦੋਂ ਬਾਜ਼ਾਰ ਵਿਚ ਹੋਰ ਫ਼ਲ ਨਹੀਂ ਹੁੰਦੇ। ਕੈਲੀਫੋਰਨੀਆ ਐਡਵਾਂਸ, ਗੋਲਡਨ ਯੈਲੋ, ਪੇਲਯੈਲੋ ਉੱਨਤ ਕਿਸਮਾਂ ਹਨ। ਖੁਸ਼ਕ
ਇਲਾਕਿਆਂ ਵਿਚ ਖਜੂਰ ਦੇ ਬੂਟੇ ਵੀ ਲਗਾਏ ਜਾ
ਸਕਦੇ ਹਨ। ਹਲਾਵੀ ਅਤੇ ਬਰੀ ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਹਨ।
ਬਿੱਲ ਅਜਿਹਾ ਫ਼ਲ ਹੈ ਜਿਸ ਦੀ ਬਹੁਤ ਘੱਟ ਵਰਤੋਂ ਕੀਤੀ ਜਾਂਦੀ ਹੈ। ਇਸ ਵਿਚ ਰਾਈਬੋਫ਼ਲੇਵਿਨ, ਵਿਟਾਮਿਨ-ਏ ਅਤੇ ਕਾਰਬੋਹਾਈਡਰੇਟ ਹੁੰਦੇ ਹਨ। ਇਸ ਦੇ ਫ਼ਲਾਂ ਦਾ ਗੁੱਦਾ ਸ਼ਰਬਤ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਸਖ਼ਤ ਕਿਸਮ ਦਾ ਰੁੱਖ ਹੈ ਤੇ ਹਰ ਥਾਂ ਹੋ ਜਾਂਦਾ ਹੈ। ਕਾਗਜ਼ੀ ਇਸ ਦੀ ਸਿਫ਼ਾਰਸ਼ ਕੀਤੀ ਕਿਸਮ ਹੈ। ਇਸ ਵਾਰ ਘਰ ਦੇ ਵਿਹੜੇ ਜਾਂ ਬੰਬੀ ਲਾਗੇ ਘੱਟੋ-ਘੱਟ ਦੋ ਫ਼ਲਦਾਰ ਰੁੱਖ ਲਗਾਓ, ਤਾਜ਼ੇ ਫ਼ਲ ਖਾਓ ਤੇ ਬਿਮਾਰੀਆਂ ਨੂੰ ਦੂਰ ਭਜਾਓ। ਬੂਟੇ ਹਮੇਸ਼ਾ ਸਿਹਤਮੰਦ, ਸਹੀ ਉਮਰ, ਸਹੀ ਕਿਸਮ ਦੇ ਪੀਏਯੂ, ਸਰਕਾਰੀ ਜਾਂ ਸਰਕਾਰ ਦੀ ਮਨਜ਼ੂਰਸ਼ੁਦਾ ਨਰਸਰੀ ਤੋਂ ਖ਼ਰੀਦੋ।
ਸੰਪਰਕ: 94170-87328