ਸੁੱਚਾ ਸਿੰਘ ਗਿੱਲ
ਪੰਜਾਬ ਆਰਥਿਕ, ਸਮਾਜਿਕ ਅਤੇ ਬੌਧਿਕ ਤੌਰ ’ਤੇ ਨਿਰਾਸ਼ਾ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਇਸ ਦੌਰ ਨੂੰ ਪਿਛਲੇ ਚਾਰ ਦਹਾਕਿਆਂ ਦੀਆਂ ਸਿਆਸੀ ਕਲਾਬਾਜ਼ੀਆਂ ਅਤੇ ਲੀਡਰਸਿ਼ਪ ਦੀਆਂ ਕਮਜ਼ੋਰੀਆਂ ਨੇ ਸਿੰਜਿਆ ਤੇ ਵਿਕਸਿਤ ਕੀਤਾ ਹੈ। ਇਸ ਦੌਰ ਨੂੰ ਬਦਲ ਕੇ ਸਿਰਜਣਾਤਮਕ ਦੌਰ ਵਿਚ ਬਦਲਣ ਦੀ ਜਿ਼ੰਮੇਵਾਰੀ ਅਤੇ ਭੂਮਿਕਾ ਸੂਬਾ ਵਾਸੀਆਂ, ਜਥੇਬੰਦੀਆਂ ਅਤੇ ਪਾਰਟੀਆਂ ਨੂੰ ਹੀ ਨਿਭਾਉਣੀ ਪੈਣੀ ਹੈ। ਪੰਜਾਬ ਜਿਸ ਭੂਗੋਲਿਕ ਖਿੱਤੇ ਵਿਚ ਹੈ ਅਤੇ ਜਿਨ੍ਹਾਂ ਇਤਿਹਾਸਕ ਹਾਲਾਤ ਵਿਚੋਂ ਗੁਜ਼ਰਦਾ ਰਿਹਾ ਹੈ, ਇਸ ਸਚਾਈ ਦਾ ਗਵਾਹ ਹੈ ਕਿ ਇਸ ਵਿਚ ਸਿਰਜਣਾਤਮਕ ਸਮਰੱਥਾ ਸਮੇਂ ਸਮੇਂ ਪੈਦਾ ਹੁੰਦੀ ਰਹਿੰਦੀ ਹੈ। ਇਸ ਸਿਰਜਣਾਤਮਕ ਸਮਰੱਥਾ ਨੂੰ ਸੰਭਾਲਣ ਅਤੇ ਉਸ ’ਤੇ ਅਮਲ ਕਰਨ ਦੀ ਲੋੜ ਹੈ। ਇਸ ਨਾਲ ਸੂਬੇ ਨੂੰ ਨਿਰਾਸ਼ਾ ਦੇ ਦੌਰ ਵਿਚੋਂ ਕੱਢਣ ਵਲ ਵਧਿਆ ਜਾ ਸਕਦਾ ਹੈ। ਇੱਥੇ ਕੁਝ ਵਿਚਾਰਨਯੋਗ ਨੁਕਤੇ ਸਾਂਝੇ ਕਰਨ ਦਾ ਯਤਨ ਕੀਤਾ ਗਿਆ ਹੈ।
ਨਿਰਾਸ਼ਾ ਤੋਂ ਬਾਹਰ ਹੋਣ ਵਾਸਤੇ ਪੰਜਾਬ ਆਪਣੇ ਇਤਿਹਾਸ ਤੋਂ ਸਬਕ ਸਿੱਖ ਸਕਦਾ ਹੈ। ਦੇਸ਼ ਦੀ ਆਜ਼ਾਦੀ ਸਮੇਂ ਪੰਜਾਬ ਵੰਡਿਆ ਗਿਆ। ਅੱਧੀ ਆਬਾਦੀ ਨੂੰ ਤਬਾਦਲੇ ਸਮੇਂ ਬੇਘਰ ਹੋ ਕੇ ਸ਼ਰਨਾਰਥੀ ਬਣਨਾ ਪਿਆ। ਲੱਖਾਂ ਦੀ ਗਿਣਤੀ ਵਿਚ ਆਮ ਲੋਕਾਂ ਤੇ ਬੱਚਿਆਂ ਦੇ ਕਤਲ ਹੋਏ ਅਤੇ ਔਰਤਾਂ ਨੂੰ ਅਣਮਨੁੱਖੀ ਅਤਿਆਚਾਰ ਦਾ ਸਿ਼ਕਾਰ ਹੋਣਾ ਪਿਆ। ਇਸ ਦਾ ਖੁਲਾਸਾ ਇਤਿਹਾਸਕਾਰਾਂ ਨੇ ਬੜੀ ਤਫਸੀਲ ਨਾਲ ਕੀਤਾ ਹੈ। ਇਸ ਦੌਰ ਵਿਚੋਂ ਬਾਹਰ ਕੱਢ ਕੇ ਭਾਰਤੀ ਪੰਜਾਬ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਦਾ ਬੀੜਾ ਪੰਜਾਬ ਦੀ ਸਿਆਸੀ ਲੀਡਰਸਿ਼ਪ ਨੇ ਆਪਣੇ ਹੱਥ ਲਿਆ ਸੀ। ਇਸ ਲੀਡਰਸਿ਼ਪ ਨੇ ਚੋਟੀ ਦੇ ਇਮਾਨਦਾਰ ਅਤੇ ਕਾਬਲ ਅਫਸਰਾਂ ਨੂੰ ਨਾਲ ਲੈ ਕੇ ਉੱਜੜੇ ਪੁੱਜੜੇ ਪਰਿਵਾਰਾਂ ਦਾ ਪਿੰਡਾਂ ਅਤੇ ਸ਼ਹਿਰਾਂ ਵਿਚ ਮੁੜ-ਵਸੇਬੇ ਦਾ ਪ੍ਰਬੰਧ ਤਿੰਨ ਚਾਰ ਸਾਲਾਂ ਵਿਚ ਕਰ ਦਿੱਤਾ ਸੀ। ਇਸ ਤੋਂ ਬਾਅਦ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਕਾਰਜਾਂ ਵੱਲ ਤਵੱਜੋਂ ਦਿੱਤੀ ਅਤੇ ਪੰਜਾਬ ਨੂੰ 1955-56 ਵਿਚ ਦੇਸ਼ ਦਾ ਪਹਿਲੇ ਨੰਬਰ ਦਾ ਸੂਬਾ ਬਣਾ ਦਿੱਤਾ। ਇਸ ਤੋਂ ਬਾਅਦ 1965-66 ਵਿਚ ਹਰਾ ਇਨਕਲਾਬ ਪੈਦਾ ਕਰ ਕੇ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇ ਕੇ ਪੰਜਾਬ ਨੂੰ ਦੇਸ਼ ਦੇ ਮਾਡਲ ਸੂਬੇ ਵਿਚ ਤਬਦੀਲੀ ਕਰ ਦਿੱਤਾ ਸੀ। ਜਦੋਂ ਇਸ ਮਾਡਲ ਵਿਚ ਵਿਗਾੜ ਆਏ ਅਤੇ ਇਸ ਨੂੰ ਠੀਕ ਕਰਨ ਬਾਰੇ ਵਿਚਾਰਾਂ 1980ਵਿਆਂ ਵਿਚ ਸ਼ੁਰੂ ਹੋਈਆਂ ਤਾਂ ਸਿਆਸੀ ਲੀਡਰਸਿ਼ਪ ਨੇ ਹੱਥ ਖੜ੍ਹੇ ਕਰ ਦਿੱਤੇ। ਇਸ ਲੀਡਰਸਿ਼ਪ ਨੇ ਇਹ ਵਿਗਾੜ ਠੀਕ ਕਰਨ ਦੀ ਬਜਾਇ ਆਪਣੇ ਵਿਅਕਤੀਗਤ ਫਾਇਦੇ ਲਈ ਕੰਮ ਕਰਨਾ ਬਿਹਤਰ ਸਮਝਿਆ। ਇਨ੍ਹਾਂ ਨੇ ਪੰਜਾਬ, ਵਾਤਾਵਰਨ ਅਤੇ ਆਰਥਿਕਤਾ ਨੂੰ ਤਬਾਹ ਕਰਨ ਦਾ ਘਿਨਾਉਣਾ ਰੋਲ ਨਿਭਾਇਆ। ਇਸ ਦੇ ਸਬੂਤ ਹਰ ਰੋਜ਼ ਸਾਡੇ ਸਾਹਮਣੇ ਆ ਰਹੇ ਹਨ। ਇਸ ਕਰ ਕੇ ਮੌਜੂਦਾ ਸਿਆਸੀ ਲੀਡਰਸਿ਼ਪ ਨੂੰ ਹਾਂਮੁਖੀ ਰੋਲ ਵਾਸਤੇ ਮੋੜਨ ਲਈ ਅਤੇ ਹਾਲਾਤ ਪੈਦਾ ਕਰਨ ਵਿਚ ਸਮਾਂ ਲੱਗ ਸਕਦਾ ਹੈ। ਇਸ ਵਾਸਤੇ ਸਮਾਜਿਕ ਲਹਿਰ ਨੂੰ ਕਾਫ਼ੀ ਕੋਸਿ਼ਸ਼ ਕਰਨੀ ਪੈਣੀ ਹੈ ਅਤੇ ਵਿਚਾਰਧਾਰਕ ਜੱਦੋਜਹਿਦ ਵਿਚ ਪੈਣਾ ਹੋਵੇਗਾ। ਇਸ ਕਾਰਜ ਵਿਚ ਸੂਬੇ ਦੇ ਸੁਹਿਰਦ ਅਤੇ ਸੰਜੀਦਾ ਬੁਧੀਮਾਨਾਂ ਨੂੰ ਸਮਾਜਿਕ ਲਹਿਰ ਨਾਲ ਰਲ ਕੇ ਹਾਲਾਤ ਨੂੰ ਰਿੜਕਣਾ ਪੈਣਾ ਹੈ। ਸਮਾਜਿਕ ਜਥੇਬੰਦੀਆਂ ਅਤੇ ਵਿਦਵਾਨਾਂ ਨੂੰ ਇਸ ਬਾਰੇ ਵਿਚਾਰ ਚਰਚਾ, ਗੋਸ਼ਟੀਆਂ, ਸੈਮੀਨਾਰ, ਕਾਨਫਰੰਸਾਂ ਆਦਿ ਕਰਨੀਆਂ ਹੋਣਗੀਆਂ। ਇਹ ਪ੍ਰਕਿਰਿਆ ਹੀ ਸੂਬੇ ਨੂੰ ਨਿਰਾਸ਼ਾ ਵਿਚੋਂ ਬਾਹਰ ਕੱਢਣ ਲਈ ਸਹਾਈ ਹੋ ਸਕਦੀ ਹੈ।
ਇਸ ਪ੍ਰਸੰਗ ਵਿਚ ਦੇਸ਼ ਦੇ ਦੂਜੇ ਸੂਬਿਆਂ ਵਿਚ ਸਫਲ ਤਜਰਬੇ ਘੋਖਣ ਤੋਂ ਬਾਅਦ ਸੂਬੇ ਲਈ ਸਾਜ਼ਗਾਰ ਸੁਝਾਅ ਦਿੱਤੇ ਜਾ ਸਕਦੇ ਹਨ। ਇਨ੍ਹਾਂ ਸੁਝਾਵਾਂ ਨੂੰ ਲਾਗੂ ਕਰਨ ਲਈ ਮਾਹੌਲ ਵੀ ਤਿਆਰ ਕੀਤਾ ਜਾ ਸਕਦਾ ਹੈ। ਇਹ ਵਿਸ਼ਵਾਸ ਪੈਦਾ ਕੀਤਾ ਜਾ ਸਕਦਾ ਹੈ ਕਿ ਪੰਜਾਬ ਨੂੰ ਮੁੜ ਲੀਹਾਂ ’ਤੇ ਲਿਆਂਦਾ ਜਾ ਸਕਦਾ ਹੈ। ਖੇਤੀ ਲਾਹੇਵੰਦ ਬਣਾਈ ਜਾ ਸਕਦੀ ਹੈ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਆਤਮ-ਹੱਤਿਆਵਾਂ ਰੋਕੀਆਂ ਜਾ ਸਕਦੀਆਂ ਹਨ। ਪੰਜਾਬ ਵਿਚ ਉਦਯੋਗਿਕ ਤਰੱਕੀ ਨੂੰ ਹੁਲਾਰਾ ਦਿੱਤਾ ਜਾ ਸਕਦਾ, ਵਾਤਾਵਰਨ ਨੂੰ ਬਚਾਇਆ ਜਾ ਸਕਦਾ ਅਤੇ ਪੰਜਾਬ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰ ਕੇ ਜਵਾਨੀ ਦਾ ਵਿਦੇਸ਼ਾਂ ਵੱਲ ਪਰਵਾਸ ਰੋਕਿਆ ਜਾ ਸਕਦਾ ਹੈ। ਇਹ ਵਿਸ਼ਵਾਸ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਮੌਜੂਦਾ ਸਮਾਜਿਕ ਲਹਿਰ ਸੰਘਰਸ਼ ਦੇ ਨਾਲ ਨਾਲ ਨਿਰਮਾਣ ਦੇ ਕਾਰਜਾਂ ਵੱਲ ਧਿਆਨ ਦੇਵੇ। ਸਿਆਸੀ ਪਾਰਟੀਆਂ ਦੀ ਲੀਡਰਸਿ਼ਪ ਅਜੇ ਪੰਜਾਬ ਨੂੰ ਮੁੜ ਲੀਹਾਂ ’ਤੇ ਤੋਰਨ ਦੇ ਸਮਰੱਥ ਨਹੀਂ ਹੋ ਰਹੀ, ਇਸ ਕਰ ਕੇ ਸਮਾਜਿਕ ਲਹਿਰ ਦੀ ਜਿ਼ੰਮੇਵਾਰੀ ਹੈ ਕਿ ਸਮਾਜ ਨੂੰ ਨਿਰਾਸ਼ਾ ਦੇ ਦੌਰ ਵਿਚੋਂ ਬਾਹਰ ਕੱਢਣ ਦਾ ਰੋਲ ਅਦਾ ਕਰੇ।
ਜਦੋਂ ਸਿਆਸੀ ਪਾਰਟੀਆਂ ਲੋਕਾਂ ਦੇ ਮਸਲਿਆਂ ਬਾਰੇ ਸੁਹਿਰਦ ਨਹੀਂ ਰਹਿੰਦੀਆਂ ਤਾਂ ਲੋਕਾਂ ਦੀਆਂ ਸਿਰਜਣਾਤਮਕ ਕਾਰਵਾਈਆਂ ਨੀਚੇ ਤੋਂ ਕਾਫ਼ੀ ਫਾਇਦੇਮੰਦ ਹੋ ਸਕਦੀਆਂ ਹਨ। ਇਸ ਦੀ ਸਫਲ ਮਿਸਾਲ ਜੰਗ ਦੀ ਮਾਰ ਹੇਠ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਪਹਾੜੀ ਪੇਂਡੂ ਇਲਾਕਿਆਂ ਤੋਂ ਮਿਲਦੀ ਹੈ। ਇਸ ਨੂੰ ਗ੍ਰੇਗ ਮਾਰਟੈਨਸਨ ਨੇ ਆਪਣੀ ਕਿਤਾਬ ‘Stones into Schools: Promoting Peace with Books, Not Bombs, in Afghanistan and Pakistan’ ਵਿਚ ਬੜੇ ਵਿਸਥਾਰ ਨਾਲ ਬਿਆਨ ਕੀਤਾ ਹੈ। ਇਨ੍ਹਾਂ ਇਲਾਕਿਆਂ ਵਿਚ ਤਾਲਿਬਾਨ ਹਕੂਮਤ ਅਤੇ ਗਰੁਪਾਂ ਨੇ ਲੜਕੀਆਂ ਨੂੰ ਸਕੂਲਾਂ ਵਿਚ ਸਿੱਖਿਆ ਦੇਣ ਤੋਂ ਮਨਾਹੀ ਦੇ ਹੁਕਮ ਕੀਤੇ ਹੋਏ ਸਨ। ਅਮਰੀਕਾ ਨੇ ਇਨ੍ਹਾਂ ਇਲਾਕਿਆਂ ਵਿਚ ਬੰਬਾਰੀ ਨਾਲ ਕਾਫ਼ੀ ਤਬਾਹੀ ਕੀਤੀ ਸੀ। ਇਨ੍ਹਾਂ ਹਾਲਾਤ ਵਿਚ ਗੈਰ-ਸਰਕਾਰੀ ਸੰਸਥਾ ‘ਸੈਂਟਰਲ ਏਸ਼ੀਆ ਇੰਸਟੀਚਿਊਟ’ ਨੇ ਇਨ੍ਹਾਂ ਇਲਾਕਿਆਂ ਵਿਚ 131 ਸਕੂਲ ਕਾਇਮ ਕੀਤੇ। ਇਨ੍ਹਾਂ ਸਕੂਲਾਂ ਵਿਚ ਲੜਕੀਆਂ ਦੇ ਦਾਖ਼ਲੇ ਅਤੇ ਪੜ੍ਹਾਈ ਯਕੀਨੀ ਬਣਾਏ। ਸੈਂਟਰਲ ਏਸ਼ੀਆ ਇੰਸਟੀਚਿਊਟ ਦੇ ਸੰਸਥਾਪਕ ਗ੍ਰੇਗ ਮਾਰਟੈਨਸਨ ਦੀ ਕਹਾਣੀ 1993 ਤੋਂ ਸ਼ੁਰੂ ਹੁੰਦੀ ਹੈ। ਉਸ ਨੇ ਦੁਨੀਆ ਦੇ ਦੂਜੇ ਸਭ ਤੋਂ ਉੱਚੇ ਪਹਾੜ ਦੀ ਚੋਟੀ ’ਤੇ ਚੜ੍ਹਨ ਲਈ ਪਾਕਿਸਤਾਨ ਤੋਂ ਸਫ਼ਰ ਸ਼ੁਰੂ ਕੀਤਾ ਪਰ 2000 ਫੁੱਟ ਦੇ ਬੇਸ ਕੈਂਪ ਤੋਂ ਚੜ੍ਹਦੇ ਹੋਏ ਗਲੇਸ਼ੀਅਰ ਵਿਚ 13 ਮੀਲ ਤਾਈਂ ਭਟਕ ਗਿਆ ਅਤੇ ਪਿੰਡ ਕਾਰਫੇ ਪਹੁੰਚ ਗਿਆ। ਇਸ ਪਿੰਡ ਨੇ ਉਸ ਨੂੰ ਪਨਾਹ ਦਿੱਤੀ; ਚਾਹ ਤੇ ਭੋਜਨ ਨਾਲ ਸੇਵਾ ਕੀਤੀ ਅਤੇ ਬਿਸਤਰੇ ਦਾ ਪ੍ਰਬੰਧ ਕੀਤਾ। ਇਹ ਪਿੰਡ ਬਹੁਤ ਪਛੜਿਆ ਹੋਇਆ ਸੀ ਜਿਥੇ ਹਰ ਤੀਜਾ ਬੱਚਾ ਇੱਕ ਸਾਲ ਦੀ ਉਮਰ ਤੋਂ ਪਹਿਲਾਂ ਹੀ ਮਰ ਜਾਂਦਾ ਸੀ। ਉਸ ਨੇ ਦੇਖਿਆ ਕਿ 82 ਬੱਚੇ ਬਾਹਰ ਬੈਠੇ ਅਧਿਆਪਕ ਤੋਂ ਬਗੈਰ ਸੋਟੀਆਂ ਨਾਲ ਮਿੱਟੀ ’ਤੇ ਸਬਕ ਸਿੱਖ ਰਹੇ ਹਨ। ਉਨ੍ਹਾਂ ਵਿਚ ਇੱਕ ਲੜਕੀ ਜਿਸ ਦਾ ਨਾਮ ਚੋਚੋ ਸੀ, ਨੇ ਗ੍ਰੇਗ ਮਾਰਟੈਨਸਨ ਤੋਂ ਉਸ ਪਿੰਡ ਤੋਂ ਵਾਪਸ ਜਾਣ ਸਮੇਂ ਪ੍ਰਣ ਲਿਆ ਕਿ ਉਹ ਦੁਬਾਰਾ ਉਸ ਪਿੰਡ ਆ ਕੇ ਬੱਚਿਆਂ ਵਾਸਤੇ ਸਕੂਲ ਬਣਾਏਗਾ। ਇਸ ਪ੍ਰਣ ਪੂਰਾ ਕਰਨ ਵਾਸਤੇ ਮਾਰਟੈਨਸਨ ਨੇ ਅਮਰੀਕਾ ਦੇ ਬਰਕਲੇ ਸ਼ਹਿਰ ਵਿਚ ਆਪਣੀ ਕਾਰ, ਕਿਤਾਬਾਂ ਅਤੇ ਪਹਾੜਾਂ ’ਤੇ ਚੜ੍ਹਨ ਵਾਲਾ ਗੇਅਰ ਵੇਚ ਕੇ ਫੰਡ ਇਕੱਠੇ ਕਰਨ ਦੀ ਕੋਸਿ਼ਸ਼ ਕੀਤੀ। ਸਾਧਾਰਨ ਦਾਨੀਆਂ ਤੋਂ ਡਾਲਰ ਇਕੱਠੇ ਕਰ ਕੇ ਉਹ ਕਾਰਫੇ ਪਹੁੰਚ ਗਿਆ। ਇਸ ਕਾਰਜ ਵਾਸਤੇ ਉਸ ਨੇ ਪਿੰਡ ਦੇ ਸਿਆਣੇ ਬਜ਼ੁਰਗਾਂ ਨਾਲ ਰਾਬਤਾ ਬਣਾਇਆ ਅਤੇ ਉਨ੍ਹਾਂ ਦੀ ਮਦਦ ਨਾਲ ਪਿੰਡ ਦੇ ਮੌਲਵੀ ਤੋਂ ਇਜਾਜ਼ਤ ਲਈ ਕਿ ਸਕੂਲ ਬਣਨ ’ਤੇ ਲੜਕੀਆਂ ਨੂੰ ਇਸ ਵਿਚ ਦਾਖਲ ਕੀਤਾ ਜਾਵੇਗਾ। ਪਿੰਡ ਵਾਲਿਆਂ ਨੇ ਸਕੂਲ ਦੀ ਇਮਾਰਤ ਵਾਸਤੇ ਮੁਫ਼ਤ ਜ਼ਮੀਨ ਦਿੱਤੀ। ਉਸਾਰੀ ਵਿਚ ਮੁਫ਼ਤ/ਸਸਤੀ ਲੇਬਰ, ਪਹਾੜਾਂ ਤੋਂ ਪੱਥਰ ਇਮਾਰਤ ਵਾਸਤੇ ਕੱਟੇ ਅਤੇ ਸਕੂਲ ਬਣਾਉਣ ਲਈ ਸਾਜ਼ੋ-ਸਮਾਨ, ਸੀਮਿੰਟ, ਸਰੀਆ, ਦਰਵਾਜ਼ੇ, ਖਿੜਕੀਆਂ, ਕਾਪੀਆਂ, ਕਿਤਾਬਾਂ ਅਤੇ ਅਧਿਆਪਕਾਂ ਨੂੰ ਤਨਖਾਹ ਦਾ ਇੰਤਜ਼ਾਮ ਸੈਂਟਰਲ ਏਸ਼ੀਆ ਇੰਸਟੀਚਿਊਟ ਨੇ ਕੀਤਾ। ਸਕੂਲ ਦੀਆਂ ਇਮਾਰਤਾਂ ਅਜਿਹੀਆਂ ਬਣਾਈਆਂ ਜਿਹੜੀਆਂ ਭੂਚਾਲ ਦੀ ਮਾਰ ਵੀ ਝੱਲ ਸਕਣ। ਅਧਿਆਪਕਾਂ ਦਾ ਪ੍ਰਬੰਧ ਉਨ੍ਹਾਂ ਇਲਾਕਿਆਂ ਵਿਚੋਂ ਹੀ ਕੀਤਾ ਗਿਆ। ਸਕੂਲ ਬਣਨ ਨਾਲ ਲੜਕੀਆਂ ਦੀ ਪੜ੍ਹਾਈ ਦੀ ਖ਼ਬਰ ਲਾਗਲੇ ਪਿੰਡਾਂ ਵਿਚ ਫੈਲ ਗਈ ਅਤੇ ਲੋਕਾਂ ਨੇ ਉਸ ਨੂੰ ਹੋਰ ਪਿੰਡਾਂ ਵਿਚ ਵੀ ਸਕੂਲ ਖੋਲ੍ਹਣ ਦੀ ਮੰਗ ਕੀਤੀ। ਇਸ ਲਈ ਸੈਂਟਰਲ ਏਸ਼ੀਆ ਇੰਸਟੀਚਿਊਟ ਨੇ ਫੰਡ ਇਕੱਠੇ ਕਰਨ ਵਾਸਤੇ ਇਸ ਦੇ ਸੰਸਥਾਪਕ ਨੇ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਲੋਕਾਂ ਨੂੰ ਅਪੀਲ ਕੀਤੀ ਅਤੇ ਕਈ ਥਾਈਂ ਲੈਕਚਰ ਦੇ ਕੇ ਡਾਲਰ ਇਕੱਠੇ ਕੀਤੇ। ਜਦੋਂ ਸਕੂਲਾਂ ਬਣਾਉਣ ਦਾ ਵਰਤਾਰਾ ਵਧਣਾ ਸ਼ੁਰੂ ਹੋਇਆ ਤਾਂ ਕੁਝ ਪੁਰਾਣੇ ਸਮੇਂ ਦੇ ਲੜਾਕੂ ਮੁਜਾਹਦੀਨ ਵਰਕਰ ਉਸ ਦੇ ਕੰਮ ਨੂੰ ਸ਼ਲਾਘਾਯੋਗ ਸਮਝਦੇ ਹੋਏ ਇਸ ਕੰਮ ਵਿਚ ਉਸ ਨਾਲ ਸ਼ਾਮਲ ਹੋਣ ਲੱਗ ਪਏ। ਦੂਜੇ ਪਾਸੇ ਕੁਝ ਤਾਲਿਬਾਨ ਲੜਾਕੂਆਂ ਨੂੰ ਇਹ ਗੱਲ ਠੀਕ ਨਹੀਂ ਲੱਗੀ। ਉਨ੍ਹਾਂ ਇਸ ਦਾ ਵਿਰੋਧ ਕੀਤਾ। ਇਸ ਵਿਰੋਧ ਨੂੰ ਪਿੰਡਾਂ ਦੇ ਬਜ਼ੁਰਗਾਂ ਅਤੇ ਸਤਿਕਾਰਯੋਗ ਲੋਕਾਂ ਨੇ ਸਿਆਣਪ ਨਾਲ ਨਜਿੱਠਿਆ ਅਤੇ ਸਕੂਲ ਦੀ ਇਮਾਰਤ ਦੀ ਸੁਰੱਖਿਆ ਦਾ ਇੰਤਜ਼ਾਮ ਵੀ ਕੀਤਾ। ਅਧਿਆਪਕਾਂ ਨੂੰ ਕਿਸੇ ਵੀ ਕਿਸਮ ਦੀਆਂ ਧਮਕੀਆਂ ਤੋਂ ਵੀ ਬਚਾਇਆ। ਅਸਲ ਵਿਚ ਗ੍ਰੇਗ ਮਾਰਟੈਨਸਨ ਦਾ ਪਿਛੋਕੜ ਵੀ ਉਸ ਵਾਸਤੇ ਸਹਾਈ ਹੋਇਆ। ਉਸ ਦੇ ਪਿਤਾ ਸਮਾਜ ਸੇਵੀ ਸਨ ਅਤੇ ਉਨ੍ਹਾਂ ਅਫਰੀਕਾ ਵਿਚ ਮੈਡੀਕਲ ਕਾਲਜ ਬਣਾਇਆ ਸੀ ਅਤੇ ਲੋਕਲ ਡਾਕਟਰਾਂ ਦੀ ਟੀਮ ਤਿਆਰ ਕਰ ਕੇ ਕਾਲਜ ਉਨ੍ਹਾਂ ਦੇ ਹਵਾਲੇ ਕੀਤਾ ਸੀ। ਗ੍ਰੇਗ ਨੂੰ ਵਿਰਾਸਤ ਵਿਚ ਸਮਾਜ ਸੇਵਾ ਮਿਲੀ ਸੀ। ਸ਼ਾਇਦ ਇਸ ਕਰ ਕੇ ਉਸ ਉੱਤੇ ਅਮਰੀਕੀ ਸਰਕਾਰ ਦਾ ਏਜੰਟ ਹੋਣ ਦਾ ਲੇਬਲ ਨਹੀਂ ਲੱਗ ਸਕਿਆ। ਇਸ ਕੰਮ ਦੀ ਸਾਰਥਿਕਤਾ ਦੇਖਣ ਤੋਂ ਬਾਅਦ 2008 ਦੇ ਆਸ-ਪਾਸ ਅਮਰੀਕਨ ਫੌਜੀ ਅਧਿਕਾਰੀਆਂ ਨੇ ਵੀ ਉਸ ਦੀ ਸ਼ਲਾਘਾ ਕੀਤੀ; ਭਾਵੇਂ ਉਨ੍ਹਾਂ ਮਦਦ ਕੋਈ ਨਹੀਂ ਕੀਤੀ। ਜਿਨ੍ਹਾਂ ਪਿੰਡਾਂ ਵਿਚ ਸਕੂਲ ਖੋਲ੍ਹੇ ਗਏ, ਉਨ੍ਹਾਂ ਵਿਚ ਕਈ ਲੜਕੀਆਂ ਪੜ੍ਹ ਕੇ ਪੈਰਾ-ਮੈਡੀਕਲ ਵਰਕਰ ਅਤੇ ਕੁਝ ਅਧਿਆਪਕ ਬਣ ਗਈਆਂ। ਇਨ੍ਹਾਂ ਪਿੰਡਾਂ ਵਿਚ ਬੱਚੇ ਦੇ ਜਣੇਪੇ ਮੌਕੇ ਔਰਤਾਂ ਅਤੇ ਛੋਟੇ ਬੱਚਿਆਂ ਦੀ ਮੌਤ ਦੀ ਦਰ ਘਟ ਗਈ; ਜਨਮ ਦਰ ਵੀ ਘਟਣ ਲਗ ਪਈ। ਵਿਦਿਆ, ਖਾਸ ਕਰ ਕੇ ਲੜਕੀਆਂ ਦੀ ਵਿਦਿਆ ਨੂੰ ਉਤਸ਼ਾਹ ਮਿਲਿਆ ਅਤੇ ਔਰਤਾਂ ਦੇ ਸ਼ਕਤੀਕਰਨ ਨੂੰ ਪ੍ਰੇਰਨਾ ਮਿਲੀ। ਲੋਕਾਂ ਦੇ ਸਹਿਯੋਗ ਨਾਲ ਗੈਰ-ਸਰਕਾਰੀ ਸੰਸਥਾ ਉਨ੍ਹਾਂ ਮੁਸ਼ਕਿਲ ਪਹਾੜੀ ਥਾਵਾਂ ’ਤੇ ਸਕੂਲ ਕਾਇਮ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਕਾਮਯਾਬ ਹੋ ਗਈ ਜਿਥੇ ਸਰਕਾਰਾਂ ਪਹੁੰਚ ਨਹੀਂ ਸਕੀਆਂ ਸਨ।
ਭਾਰਤੀ ਪੰਜਾਬ ਦੇ ਹਾਲਾਤ ਤਾਂ ਅਫ਼ਗ਼ਾਨਿਸਤਾਨ ਅਤੇ ਕਬਾਇਲੀ ਪਾਕਿਸਤਾਨੀ ਇਲਾਕਿਆਂ ਨਾਲੋਂ ਕਾਫ਼ੀ ਬਿਹਤਰ ਹਨ। ਇੱਥੇ ਸਮਾਜਿਕ ਲਹਿਰ ਬਹੁਤ ਸਰਗਰਮ ਹੈ। ਕਿਸਾਨ ਲਹਿਰ ਨੇ ਤਾਂ ਦੇਸ਼ ਭਰ ਦੇ ਕਿਸਾਨਾਂ ਨੂੰ ਜਗਾਇਆ ਅਤੇ ਤਿੰਨ ਖੇਤੀ ਕਾਨੂੰਨ ਵਾਪਸ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ। ਮੱਧ ਵਰਗ ਦੇ ਮੁਲਾਜ਼ਮ ਵੀ ਕਾਫ਼ੀ ਜਥੇਬੰਦ ਹਨ। ਪੰਜਾਬ ਦੇ ਲੋਕ ਸੰਘਰਸ਼ਾਂ ਵਿਚ ਨਹੀਂ ਸਗੋਂ ਕੁਦਰਤੀ ਆਫ਼ਤਾਂ ਸਮੇਂ ਵੀ ਸਮਾਜਿਕ ਸੇਵਾ ਵਿਚ ਇਕੱਠੇ ਜੁਟ ਜਾਂਦੇ ਹਨ। ਇਸ ਸਮਾਜਿਕ ਸਰਮਾਏ ਦਾ ਸੂਬੇ ਨੂੰ ਨਿਰਾਸ਼ਾ ਵਿਚੋਂ ਕੱਢਣ ਵਿਚ ਮਹੱਤਵਪੂਰਨ ਰੋਲ ਹੋ ਸਕਦਾ ਹੈ। ਕੀ ਪੰਜਾਬ ਦੀ ਸਮਾਜਿਕ ਲਹਿਰ ਕੋਈ ਪਹਿਲਕਦਮੀ ਕਰ ਕੇ ਸੂਬੇ ਦੇ ਸਰਕਾਰੀ ਸਕੂਲਾਂ ਅਤੇ ਮੁਢਲੀ ਸਿਹਤ ਨੂੰ ਪਿੰਡਾਂ ਦੇ ਸੂਝਵਾਨ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਨਾਲ ਲੈ ਕੇ ਬਿਹਤਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੀ ਹੈ? ਕੀ ਪੰਜਾਬ ਦੇ ਖੇਤੀ ਅਰਥਚਾਰੇ ਨੂੰ ਸਹਿਕਾਰੀ ਲੀਹਾਂ ’ਤੇ ਤੋਰਨ ਵਾਸਤੇ ਕੋਈ ਪਹਿਲਕਦਮੀ ਕਰ ਕੇ ਇਸ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਹੈ? ਕੀ ਕਿਸਾਨ ਅੰਦੋਲਨ ਦੀ ਪੈਦਾ ਕੀਤੀ ਆਪਸੀ ਸਾਂਝ ਨੂੰ ਇਸ ਤੋਂ ਅਗਲੇ ਪੜਾਅ ਵਲ ਲਿਜਾਇਆ ਜਾ ਸਕਦਾ ਹੈ? ਸਮਾਜਿਕ ਲਹਿਰ ਵਾਤਾਵਰਨ ਨੂੰ ਬਚਾਉਣ ਵਿਚ ਕਿਵੇਂ ਮਦਦਗਾਰ ਹੋ ਸਕਦੀ ਹੈ? ਇਹ ਮੁੱਦੇ ਵਿਚਾਰ ਚਰਚਾ ਦੀ ਮੰਗ ਕਰਦੇ ਹਨ। ਇਨ੍ਹਾਂ ਦੇ ਜਵਾਬ ਲੱਭਣ ਦੀ ਕੋਸਿ਼ਸ਼ ਨਾਲ ਸਮਾਜਿਕ ਲਹਿਰ ਆਰਥਿਕ ਸੰਕਟ ਅਤੇ ਸਮਾਜਿਕ ਨਿਰਾਸ਼ਾ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਸਹਾਈ ਹੋ ਸਕਦੀ ਹੈ। ਇਹ ਤਰੀਕਾ ਸੂਬੇ ਦੀ ਸਿਆਸੀ ਲੀਡਰਸਿ਼ਪ ਨੂੰ ਵੀ ਸਿਰਜਣਾਤਮਕ ਸਮਾਜਿਕ ਏਜੰਡੇ ਵੱਲ ਮੋੜਨ ਵਿਚ ਸਹਾਈ ਹੋ ਸਕਦਾ ਹੈ।
ਸੰਪਰਕ: 98550-82857