ਡਾ. ਕੁਲਦੀਪ ਸਿੰਘ
ਕਰੋਨਾ ਨੇ ਦੁਨੀਆ ਨੂੰ ਤਕੜਾ ਹਲੂਣਾ ਦਿੱਤਾ ਸੀ, ਸਿਆਸੀ ਤੇ ਆਰਥਿਕ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਸਨ, ਅਜੇ ਵੀ ਕਈ ਕਿਸਮ ਦੇ ਵਾਇਰਸਾਂ ਦਾ ਖਤਰਾ ਮੰਡਰਾ ਰਿਹਾ ਹੈ। ਰੂਸ ਨੇ ਯੂਕਰੇਨ ਉਪਰ ਹਮਲਾ ਕਰਕੇ ਹੋਰ ਵੀ ਭੈੜੇ ਦੌਰ ਦੀ ਸ਼ੁਰੂਆਤ ਕਰ ਦਿੱਤੀ ਹੈ। ਵਲਾਦੀਮੀਰ ਪੂਤਿਨ ਨੇ ਧੀਮੀ ਗਤੀ ਵਿਚ ਚਲਦੀ ਜੰਗ ਨੂੰ ਤੇਜ਼ੀ ਨਾਲ ਅਸਮਾਨ ਤੇ ਚਾੜ੍ਹ ਦਿੱਤਾ। ਉਸ ਦਾ ਯੂਕਰੇਨ ਵਿਚ ਰੂਸ ਪੱਖੀ ਸਰਕਾਰ ਕਾਇਮ ਕਰਨ ਦਾ ਇਰਾਦਾ ਇਸ ਕਰਕੇ ਦਿਖਾਈ ਦਿੰਦਾ ਹੈ ਕਿ ਯੂਕਰੇਨ ਦੀ ਫੌਜ ਛੇਤੀ ਹੀ ਹਥਿਆਰ ਸੁੱਟ ਦੇਵੇਗੀ ਤੇ ਨਵੇਂ ਸ਼ਾਸਕਾਂ ਨੂੰ ਸਵੀਕਾਰ ਕਰ ਲਵੇਗੀ ਪਰ ਇਸ ਦੇ ਉਲਟ ਜਿਸ ਤੇਜ਼ੀ ਨਾਲ ਰੂਸ ਉਪਰ ਪੱਛਮੀ ਮੁਲਕਾਂ ਨੇ ਬੰਦਸ਼ਾਂ ਲਗਾ ਕੇ ਇੱਕ ਵਾਰੀ ਸਟਾਕ ਐਕਸਚੇਂਜ ਤੇ ਰੂਬਲ ਨੂੰ ਰਿਕਾਰਡ ਤੋੜ ਹੇਠਾਂ ਗਿਰਾ ਦਿੱਤਾ ਹੈ, ਰੂਸੀ ਆਰਥਿਕਤਾ ਵੀ ਲੜਖੜਾਉਣ ਲੱਗ ਪਈ ਹੈ।
ਰੂਸ ਦੇ ਅੰਦਰੋਂ ਅਤੇ ਬਾਹਰੋਂ ਦੁਨੀਆ ਭਰ ਵਿਚ ਵਿਖਾਵਿਆਂ ਨੇ ਪੂਤਿਨ ਨੂੰ ਇੱਕ ਵਾਰੀ ਤਾਂ ਹਿਲਾ ਕੇ ਰੱਖ ਦਿੱਤਾ। ਇਸ ਹਮਲੇ ਨੇ ਉਸ ਦੇ ਰੂਸੀ ਰਾਸ਼ਟਰਵਾਦ ਦੇ ਸੁਪਨੇ ਨੂੰ ਦਰਕਿਨਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪੂਤਿਨ ਸਰਕਾਰ ਨੇ ਆਪਣੇ ਮੁਲਕ ਵਿਚ 2021 ਤੋਂ ਹੱਕਾਂ ਲਈ ਲੜਦੇ 13 ਹਜ਼ਾਰ ਤੋਂ ਵੱਧ ਕਾਰਕੁਨਾਂ ਨੂੰ ਜੇਲ੍ਹ ਅੰਦਰ ਸੁੱਟਿਆ ਹੋਇਆ ਹੈ। ਗਲੀਆਂ, ਬਾਜ਼ਾਰਾਂ ਅਤੇ ਵੱਖ ਵੱਖ ਕੰਮ ਸਥਾਨਾਂ ਉਪਰ ਮੁਜ਼ਾਹਰੇ ਕਰਨ ਦੀ ਸਖਤ ਸਜ਼ਾ ਦੇ ਕਾਇਦੇ-ਕਾਨੂੰਨ ਬਣਾ ਕੇ ਉਹ ਰਾਜ ਕਰ ਰਿਹਾ ਹੈ। 2024 ਵਿਚ ਉਸ ਨੇ ਬਤੌਰ ਰਾਸ਼ਟਰਪਤੀ ਵੋਟ ਹਾਸਿਲ ਕਰਨੀ ਹੈ। ਜਿਸ ਤਰ੍ਹਾਂ 2014 ਵਿਚ ਕ੍ਰੀਮੀਆ ਉਪਰ ਕਬਜ਼ੇ ਤੋਂ ਬਾਅਦ ਉਸ ਨੂੰ ਹਮਾਇਤ ਹਾਸਲ ਹੋਈ ਸੀ, ਹੁਣ ਯੂਕਰੇਨ ਉਪਰ ਹਮਲੇ ਕਾਰਨ ਉਹ ਖਤਮ ਹੋ ਚੁੱਕੀ ਹੈ। ਇਸ ਜੰਗ ਨੇ ਰੂਸ ਅੰਦਰ ਸਮਾਜਿਕ ਕਾਰਕੁਨਾਂ ਤੇ ਬੁੱਧੀਜੀਵੀਆਂ ਨੂੰ ਭੈਅ-ਭੀਤ ਕਰ ਦਿੱਤਾ ਹੈ ਪਰ ਔਰਤਾਂ ਦੇ ਹੱਕਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਨੇ ਮੁਜ਼ਾਹਰਿਆਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਇਸ ਜੰਗ ਤੋਂ ਦੂਰ ਰਹਿਣ ਵਾਲੇ ਲੋਕਾਂ ਨੂੰ ਵੱਖ ਵੱਖ ਮਾਧਿਅਮਾਂ ਰਾਹੀਂ ਬੰਬਾਂ ਦੀਆਂ ਆਵਾਜ਼ਾਂ, ਤਬਾਹੀ ਦੀਆਂ ਤਸਵੀਰਾਂ ਤੇ ਖੂਨ ਦੇ ਖੌਫ ਨਾਲ ਲੈਸ ਦ੍ਰਿਸ਼ ਭੈਅ-ਭੀਤ ਕਰ ਰਹੇ ਹਨ। ਇਹ ਕੋਈ ਪਹਿਲੀ ਜੰਗ ਨਹੀਂ, ਦੁਨੀਆ ਦੇ ਲੋਕਾਂ ਨੇ ਦੋ ਸੰਸਾਰ ਯੁੱਧ ਦੇਖੇ ਹਨ, ਉਨ੍ਹਾਂ ਵਿਚ ਹੋਈ ਮਾਨਵੀ ਤਬਾਹੀ ਦਾ ਇਤਿਹਾਸ ਲੋਕਾਂ ਨੂੰ ਅੱਜ ਵੀ ਕੰਬਣੀਆਂ ਛੇੜ ਰਿਹਾ ਹੈ, ਇਸ ਕਰਕੇ ਹੀ ਦੁਨੀਆ ਭਰ ਵਿਚ ਅਮਰੀਕਾ ਤੋਂ ਲੈ ਕੇ ਫਰਾਂਸ ਤੱਕ ਵੱਡੇ ਮੁਜ਼ਾਹਰੇ ਹੋ ਰਹੇ ਹਨ। ਇਹ ਹਕੀਕਤ ਹੈ ਕਿ ਦੁਨੀਆ ਵਿਚ ਜੰਗ ਸਭ ਤੋਂ ਵੱਧ ਤਬਾਹਕੁਨ ਹੁੰਦੀ ਹੈ। ਜਿਸ ਮੁਲਕ ਉੱਤੇ ਜੰਗ ਥੋਪੀ ਜਾਂਦੀ ਹੈ, ਉੱਥੇ ਲੋਕਾਂ ਦੀ ਸੋਚ ਉਪਰ ਸਦੀਆਂ ਤੱਕ ਡੂੰਘੇ ਜਖ਼ਮ, ਦੁਖਦਾਈ ਘਟਨਾਵਾਂ ਤੇ ਦਿਲ ਦਹਿਲਾਊ ਬਿਰਤਾਂਤ ਭਾਰੂ ਰਹਿੰਦੇ ਹਨ। ਇਸ ਜੰਗ ਵਿਚ ਯੂਕਰੇਨ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀ ਬੁਰੀ ਤਰ੍ਹਾਂ ਫਸ ਗਏ। ਇਨ੍ਹਾਂ ਨੂੰ ਆਪਣੇ ਮੁਲਕ ਲਿਆਉਣ ਦੇ ਤੁਰੰਤ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਸਕੇ। ਇਸੇ ਤਰ੍ਹਾਂ ਯੂਕਰੇਨ ਅੰਦਰ ਬੱਚਿਆਂ ਦੀਆਂ ਭਿਆਨਕ ਦਿਲ-ਕੰਬਾਊ ਹਾਲਤਾਂ ਸਾਹਮਣੇ ਆ ਰਹੀਆਂ ਹਨ।
ਇਸ ਜੰਗ ਵਿਚ ਦੁਨੀਆ ਦੀਆਂ ਵੱਡੀਆਂ ਤਾਕਤਾਂ ਸਿੱਧੇ ਜਾਂ ਅਸਿੱਧੇ ਰੂਪ ਵਿਚ ਸ਼ਾਮਿਲ ਹਨ। ਇਸ ਜੰਗ ਨਾਲ ਵੱਖ ਵੱਖ ਮੁਲਕਾਂ ਦੀ ਜੀਓ-ਪੌਲਿਟਿਕਸ ਤਬਦੀਲ ਹੋਣ ਦੇ ਆਸਾਰ ਹਨ। ਅਮਰੀਕਾ, ਜਰਮਨੀ, ਚੀਨ, ਇੰਗਲੈਂਡ ਅਤੇ ਭਾਰਤ ਇਸ ਜੰਗ ਦੇ ਪ੍ਰਸੰਗ ਵਿਚ ਆਪੋ-ਆਪਣੀਆਂ ਗਿਣਤੀਆਂ ਮਿਣਤੀਆਂ ਵਿਚੋਂ ਪੁਜ਼ੀਸ਼ਨਾਂ ਲੈ ਰਹੇ ਹਨ। ਇਸ ਨਾਲ ਪੁਰਾਣੇ ਬਲਾਕ ਟੁੱਟ ਕੇ ਨਵੇਂ ਬਣਨ ਦੀ ਸੰਭਾਵਨਾ ਵਧ ਰਹੀ ਹੈ। ਜੰਗ ਦੇ ਸ਼ੁਰੂਆਤ ਦੌਰ ਵਿਚ ਹੀ ਪੂਤਿਨ ਨੇ ਤਾਂ ਰੂਸੀ ਰਾਸ਼ਟਰਵਾਦ ਦੀ ਸਰਦਾਰੀ ਦਾ ਦਾਅਵਾ ਠੋਕਦਿਆਂ ਵੱਖ ਵੱਖ ਕੌਮਾਂ ਨੂੰ ਖੁਦਮੁਖ਼ਤਾਰੀ ਤੇ ਆਤਮ-ਨਿਰਭਰਤਾ ਦੀ ਵਕਾਲਤ ਕਰਨ ਵਾਲੇ ਸੋਵੀਅਤ ਯੂਨੀਅਨ ਦੇ ਮੋਢੀ ਲੈਨਿਨ ਨੂੰ ਦੋਸ਼ੀ ਠਹਿਰਾਅ ਦਿੱਤਾ ਹੈ ਕਿ ਉਸ ਨੇ ਕੌਮਾਂ ਨੂੰ ਆਪਾ-ਨਿਰਨੇ ਦਾ ਅਖ਼ਤਿਆਰ ਦੇ ਕੇ ਰੂਸੀ ਰਾਸ਼ਟਰਵਾਦ ਦੇ ਪਸਾਰ ਵਿਚ ਕੰਡੇ ਗੱਡ ਦਿੱਤੇ ਸਨ। ਹੁਣ ਪੂਤਿਨ ਯੂਕਰੇਨ ਨੂੰ ਸੰਪੂਰਨ ਰਾਜ ਤੋਂ ਖਤਮ ਕਰਕੇ ਰੂਸ ਵਿਚ ਮਿਲਾਉਣ ਦਾ ਸੁਪਨਾ ਪਾਲ ਕੇ ਹੀ ਜੰਗ ਦੇ ਮੈਦਾਨ ਵਿਚ ਕੁੱਦਿਆ ਹੈ। ਅਜਿਹੇ ਖੁਆਬ ਅਮਰੀਕਾ ਪਹਿਲਾਂ ਹੀ ਲਾਤੀਨੀ ਅਮਰੀਕਾ ਵਿਚ ਵੈਨੇਜ਼ੁਏਲਾ ਨੂੰ ਮਲਿਆਮੇਟ ਕਰਨ, ਇਜ਼ਰਾਈਲ ਫਲਸਤੀਨ ਦੀ ਤਬਾਹੀ, ਚੀਨ ਹਾਗਕਾਂਗ ਨੂੰ ਆਪਣੇ ਵਿਚ ਸਮਾਉਣ ਲਈ ਕਰ ਚੁੱਕਾ ਹੈ। ਹਕੀਕਤ ਇਹ ਹੈ ਕਿ ਅੱਜ ਦੀ ਦੁਨੀਆ ਵਿਚ ਆਰਥਿਕ ਕਬਜ਼ਿਆਂ ਦੇ ਨਾਲ ਨਾਲ ਜੰਗ ਲੁੱਟਣ ਦਾ ਜ਼ਰੀਆ ਬਣ ਗਿਆ ਹੈ। ਜਦੋਂ ਹੁਣ ਇਹ ਯੁੱਧ ਚੱਲ ਰਿਹਾ ਹੈ ਤਾਂ ਸਾਉਦੀ ਅਰਬ ਨੇ ਯਮਨ ਉਪਰ, ਅਮਰੀਕਾ ਨੇ ਸੁਮਾਲੀਆ ਉਪਰ ਅਤੇ ਇਜ਼ਰਾਈਲ ਨੇ ਸੀਰੀਆ ਉਪਰ ਹਮਲਾ ਹੋਰ ਤੇਜ਼ ਕਰ ਦਿੱਤਾ ਹੈ। ਇਨ੍ਹਾਂ ਹਮਲਿਆਂ ਦੀਆਂ ਖਬਰਾਂ ਹੁਣ ਸੁਰਖੀਆਂ ਦਾ ਹਿੱਸਾ ਨਹੀਂ ਕਿਉਂਕਿ ਪੱਛਮੀ ਅਤੇ ਅਮਰੀਕੀ ਮੀਡੀਆ ਪੂਰੀ ਤਰ੍ਹਾਂ ਰੂਸ ਦੇ ਯੂਕਰੇਨ ਉਪਰ ਹਮਲੇ ਉਪਰ ਧਿਆਨ ਕੇਂਦਰਤ ਕਰ ਰਿਹਾ ਹੈ।
ਤੱਤ ਰੂਪ ਵਿਚ ਦੁਨੀਆ ਇੱਕ ਵਾਰੀ ਫਿਰ ਜੰਗਾਂ ਵਿਚ ਉਲਝ ਰਹੀ ਹੈ। ਯੂਰੋਪੀਅਨ ਅਤੇ ਅਮਰੀਕੀ ਮੁਲਕਾਂ ਦੀ ਪਿੱਠੂ ਬਣੀ ਯੂਐੱਨਓ ਨੇ ਆਪਣੀ ਹੋਂਦ ਬਚਾਉਣ ਲਈ ਤੇਜ਼ੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਇਸ ਦੇ ਹੁੰਦਿਆਂ ਇਕੱਲੇ ਮੱਧ ਪੂਰਬ ਦੇ 56 ਮੁਲਕਾਂ ਵਿਚ ਅਸ਼ਾਂਤੀ ਤੇ ਜੰਗ ਦੇ ਵੱਡੇ ਕਾਰਨਾਮੇ ਹੋਏ ਹਨ। 2003 ਵਿਚ ਇਰਾਕ ਉਪਰ ਹਮਲੇ ਸਮੇਂ ਵੀ ਇਸ ਨੇ ਝੂਠ ਬੋਲਿਆ ਸੀ। ਸੀਤ ਯੁੱਧ ਤੋਂ ਲੈ ਕੇ ਹੁਣ ਤੱਕ ਪੱਛਮੀ ਮੁਲਕਾਂ ਨੇ ਯੂਐੱਨਓ ਰਾਹੀਂ ਆਪਣੇ ਆਪ ਨੂੰ ਆਜ਼ਾਦੀ ਦੇ ਰਖਵਾਲੇ ਤੇ ਜਮਹੂਰੀਅਤ ਦੇ ਪਹਿਰੇਦਾਰ ਵਜੋਂ ਪੇਸ਼ ਕੀਤਾ ਹੈ। ਉੱਧਰ, 2008 ਵਿਚ ਨਾਟੋ ਨੇ ਹੀ ਜਾਰਜੀਆ ਤੇ ਯੂਕਰੇਨ ਨੂੰ ਆਪਣੇ ਗਠਜੋੜ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਸੀ। ਹੁਣ ਵੀ ਯੂਕਰੇਨ ਦੇ ਹੁਕਮਰਾਨਾਂ ਨੂੰ ਆਪਣੇ ਵੱਲ ਖਿੱਚਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਨਾਟੋ ਰੂਸ ਨਾਲ ਕਈ ਦਰਵਾਜਿ਼ਆਂ ਰਾਹੀਂ ਖੇਡ ਖੇਡ ਰਹੀ ਹੈ। ਇਸ ਕਰਕੇ ਇਹ ਯੂਕਰੇਨ ਨੂੰ ਮੈਂਬਰਸ਼ਿਪ ਦੇਣੀ ਚਾਹੁੰਦੀ ਹੈ। ਪੱਛਮ ਨਾਲਲ ਮਿਲਟਰੀ ਦੇ ਏਕੀਕਰਨ ਲਈ ਯੂਕਰੇਨ ਦੇ ਲੋਕਾਂ ਅੱਗੇ ਝੂਠ ਵੇਚਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਆਜ਼ਾਦੀ, ਜਮਹੂਰੀਅਤ ਤੇ ਸੁਰੱਖਿਆ ਅਮਰੀਕਾ, ਬਰਤਾਨੀਆ ਤੇ ਫਰਾਂਸ ਦੀ ਫੌਜੀ ਤਾਕਤ ਨਾਲ ਹੀ ਸੁਰੱਖਿਅਤ ਹੈ। ਸਿੱਟੇ ਵਜੋਂ ਹੁਣ ਰੂਸ ਦਾ ਹਮਲਾਵਰ ਰੁਖ ਯੂਕਰੇਨ ਦੇ ਲੋਕਾਂ ਲਈ ਤਰਾਸਦੀ ਦਾ ਕਾਰਨ ਬਣ ਗਿਆ ਹੈ। ਪੂਤਿਨ ਨੇ ਜਿਸ ਢੰਗ ਨਾਲ ਆਪਣੇ ਪਰਮਾਣੂ ਢਾਂਚੇ ਨੂੰ ਖਬਰਦਾਰ ਕੀਤਾ ਹੈ, ਉਸ ਤੋਂ ਇਹ ਡਰ ਬਣ ਰਿਹਾ ਹੈ ਕਿ ਦੁਨੀਆ ਕਿਤੇ ਪਰਮਾਣੂ ਜੰਗ ਦੀ ਕਗਾਰ ਉਪਰ ਨਾ ਪਹੁੰਚ ਜਾਵੇ। ਇਸ ਕਰਕੇ ਸਮੁੱਚੀ ਦੁਨੀਆ ਦੇ ਲੋਕਾਂ ਦੀ ਇਹ ਇਤਿਹਾਸਕ ਜਿ਼ੰਮੇਵਾਰੀ ਹੈ ਕਿ ਉਹ ਆਪੋ-ਆਪਣੀਆਂ ਸਰਕਾਰਾਂ ਉਪਰ ਦਬਾਅ ਪਾਉਣ ਕਿ ਰੂਸੀ ਫੌਜਾਂ ਬਿਨਾਂ ਸ਼ਰਤ ਯੂਕਰੇਨ ਵਿਚੋਂ ਬਾਹਰ ਕੱਢੀਆਂ ਜਾਣ ਤਾਂ ਕਿ ਯੂਕਰੇਨ ਖੁਦਮੁਖ਼ਤਾਰ ਰਾਜ ਬਣ ਸਕੇ।
ਇਹ ਪੈਂਤੜਾ ਕਤਈ ਦਰੁਸਤ ਨਹੀਂ ਕਿ ਯੂਕਰੇਨ ਵਿਚੋਂ ਰੂਸ ਦੀ ਫੌਜ ਨੂੰ ਬਾਹਰ ਕੱਢਣ ਲਈ ਨਾਟੋ ਦੀ ਮਦਦ ਲਈ ਜਾਵੇ। ਅਸਲ ਵਿਚ ਨਾਟੋ ਤਾਂ ਖ਼ੁਦ ਮਿਲਟਰੀ ਖੌਫ ਹੈ। ਚਾਹੀਦਾ ਤਾਂ ਇਹ ਸੀ ਕਿ ਸੀਤ ਯੁੱਧ ਤੋਂ ਬਾਅਦ ਨਾਟੋ ਖਤਮ ਕਰ ਦਿੱਤੀ ਜਾਂਦੀ ਪਰ ਆਪਣੇ ਸੌੜੇ ਹਿਤਾਂ ਲਈ ਅਜਿਹਾ ਕੀਤਾ ਨਹੀਂ ਗਿਆ। ਜੰਗ ਸਦਾ ਹੀ ਆਮ ਲੋਕਾਂ ਲਈ ਭਿਆਨਕ ਤਰਾਸਦੀ ਲੈ ਕੇ ਆਉਂਦੀ ਹੈ। ਇਹ ਜੰਗ ਵੀ ਇਸ ਦਿਸ਼ਾ ਵੱਲ ਵਧ ਰਹੀ ਹੈ, ਇਸ ਨੂੰ ਤੁਰੰਤ ਰੋਕਣ ਲਈ ਇਕਜੁੱਟ ਹੋ ਕੇ ਆਪੋ-ਆਪਣੀਆਂ ਸਰਕਾਰਾਂ ਉਪਰ ਦਬਾਅ ਪਾਉਣਾ ਚਾਹੀਦਾ ਹੈ।
ਸੰਪਰਕ: 98151-15429