ਤੇਜਵੰਤ ਸਿੰਘ ਗਿੱਲ
‘‘ਆਦਿ ਗ੍ਰੰਥ’ ਦੇ ਅੰਤਿਮ ਅੰਗ ਬਣਨ ਦਾ ਸਿਹਰਾ ਗੁਰੂ ਤੇਗ ਬਹਾਦਰ ਰਾਗਾਂ ਤੋਂ ਵਧੀਕ ਸਲੋਕਾਂ ਨੂੰ ਜਾਂਦਾ ਹੈ। ਅਜਿਹਾ ਹੋਣ ਉਪਰੰਤ ‘ਆਦਿ ਗ੍ਰੰਥ’ ਜਿਸ ਨੂੰ ਭਾਈ ਗੁਰਦਾਸ ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਜੀ ਨੇ ਨੇਪਰੇ ਚਾੜ੍ਹਿਆ, ‘ਗੁਰੂ ਗ੍ਰੰਥ’ ਵਜੋਂ ਜਾਣਿਆ ਜਾਣ ਲੱਗਾ। ਸਿੱਖ ਸਮਾਜ ਦੇ ਅਨੁਭਵ ਖੇਤਰ ਅਤੇ ਭਾਵ-ਜਗਤ ਲਈ ਇਸ ਕਾਰਜ ਦੇ ਨਿਕਟ-ਵਰਤੀ ਦੇ ਨਾਲ ਦੂਰ-ਵਰਤੀ ਪਰਿਣਾਮ ਨਿਕਲੇ। ਵਿਅਕਤੀ ਵਿਸ਼ੇਸ਼ ਨੂੰ ਗੁਰੂ ਮੰਨੇ ਜਾਣ ਦੀ ਪ੍ਰਥਾ ਖ਼ਤਮ ਹੋ ਗਈ। ‘ਗੁਰੂ ਗ੍ਰੰਥ’ ਨੂੰ ਗੁਰੂ ਦੀ ਉਪਾਧੀ ਮਿਲ ਗਈ। ਹਲਤ ਵਿਚ ਹੀ ਨਹੀਂ, ਪਲਤ ਵਿਚ ਵੀ ਸ਼ਬਦ-ਗੁਰੂ ਤੇ ਟੇਕ ਸਭ ਤੋਂ ਸ੍ਰੇਸ਼ਟ ਸਿੱਧ ਹੋ ਗਈ।
ਰਾਗ ਦੀ ਧੁਨੀਗਤ ਬੰਦਿਸ਼ ਤੋਂ ਪਾਰ, ਕਾਇਨਾਤ ਤੇ ਸਹਿਕ ਸਕੰਦੜੇ ਪ੍ਰਬੰਧ ਨੂੰ ਉੱਤਰਦਈ ਹੋ ਕੇ ਜਿਵੇਂ ‘ਜਪੁਜੀ’, ‘ਗੁਰੂ ਗ੍ਰੰਥ’ ਦਾ ਆਰੰਭ ਰਚਾਉਂਦਾ ਹੈ, ਉਸ ਦਾ ਕੋਈ ਹੋਰ ਬਦਲ ਤਸੱਵੁਰ ਵਿਚ ਨਹੀਂ ਆਉਂਦਾ। ਉਸੇ ਤਰ੍ਹਾਂ ਦੀ ਅੰਤ ਨੂੰ ਦੇਣ ਹੈ ਗੁਰੂ ਤੇਗ਼ ਬਹਾਦਰ ਦੇ ਸਲੋਕਾਂ ਦੀ ਜਿਨ੍ਹਾਂ ਨਾਲ ਕਿਸੇ ਰਾਗ ਦਾ ਨਾਂ ਨਹੀਂ ਜੁੜਦਾ। ਉਂਝ ਆਰੰਭ ਤੋਂ ਅੰਤ ਤੱਕ ‘ਗੁਰੂ ਗ੍ਰੰਥ’ ਦਾ ਪਾਠ ਕਰਦਿਆਂ ਪਤਾ ਲੱਗ ਜਾਂਦਾ ਹੈ ਕਿ ਲਗਭਗ ਅੰਤਿਮ ਸਲੋਕਾਂ ਤੋਂ ਲਗਭਗ ਚਾਰ ਗੁਣਾਂ ਗੁਰੂ ਸਾਹਿਬ ਦੇ ਕਾਵਿ-ਉਚਾਰ ਹਨ ਜੋ ਵੱਖ ਵੱਖ ਰਾਗਾਂ, ਤਿਲੰਗ, ਬਿਲਾਵਲ, ਜੈਜਾਵੰਤੀ, ਤੁਖਾਰੀ, ਬਸੰਤੁ ਅਤੇ ਧਨਾਸਰੀ ਵਿਚ ਮਿਲਦੇ ਹਨ। ਡਾ. ਵਨੀਤਾ ਅਨੁਸਾਰ, ਇਨ੍ਹਾਂ ਕਾਵਿ ਉਚਾਰਾਂ ਵਿਚ ਗੁਰੂ ਤੇਗ ਬਹਾਦਰ ਦੀ ਸਿਮਰਨ ਨਾਲ ਖ਼ਾਸ ਤੌਰ ਤੇ ਬਿਰਤੀ ਜੁੜੀ ਹੋਈ ਸੀ। ਇਸ ਦਾ ਪ੍ਰਤੱਖ ਪ੍ਰਮਾਣ ਉਹ ਸਤਰਾਂ ਹਨ ਜਿਵੇਂ ‘‘ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ’’ ਜਾਂ ‘‘ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ’’ ਜਿਨ੍ਹਾਂ ਵਿਚ ਇਸ ਭਾਵਨਾ ਦਾ ਨਿਰਵਿਘਨ ਪ੍ਰਗਟਾਅ ਹੈ। ਸਿਵਾਏ ਰਾਗ ਤਿਲੰਗ ਅਧੀਨ ਰੱਖੇ ਗਏ ਕਾਵਿ ਉਚਾਰਾਂ ਦੇ ਬਾਕੀ ਦੇ ਸਾਰੇ ਇਸ ਜੁਗਤ ਦੇ ਅਨੁਸਾਰੀ ਹਨ। ਸਭ ਵਿਚ ਨਿਚੋੜ ਦੇ ਅੱਪੜਨ ਲਈ ਗੁਰੂ ਨਾਨਕ ਦੀ ਗਵਾਹੀ ਪਾਉਣ ਦੀ ਕਾਮਨਾ ਕੀਤੀ ਗਈ ਹੈ। ਇਹ ਨਿਰੀ ਕਾਵਿ-ਜੁਗਤ ਨਹੀਂ, ਆਪਣੇ ਕਥਨ ਨੂੰ ਸੱਚ ਸਿੱਧ ਕਰਨ ਦਾ ਸੁਯੋਗ ਉਪਰਾਲਾ ਹੈ। ‘‘ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ’’ ਆਦਿ ਇਸ ਦੀਆਂ ਉਦਾਹਰਨਾਂ ਹਨ। ਇਕਹਿਰੇ ਕਥਨਾਂ ਤੋਂ ਇਨਕਾਰ ਨਹੀਂ ਹੋ ਸਕਦਾ ਪਰ ਜਟਿਲ ਹੋ ਨਬਿੜਨ ਦਾ ਯਤਨ ਵੀ ਪ੍ਰਤੱਖ ਹੈ ਜਿਵੇਂ:
– ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ॥
– ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ॥
– ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥
ਸ਼ੈਲੀ ਨੂੰ ਵਧੇਰੇ ਜਟਿਲ ਕਰਨ, ਬਿੰਬ ਨੂੰ ਭਾਵਪੂਰਨ ਅਤੇ ਕਥਨ ਨੂੰ ਜੀਵਨ ਅਨੁਭਵ ਦੀ ਗਹਿਰਾਈ ਵਿਚ ਉਤਰਨ ਦੇ ਸਮਰੱਥ ਸਿੱਧ ਕਰਨ ਦਾ ਯਤਨ ਇਨ੍ਹਾਂ ਉਚਾਰਾਂ ਤੋਂ ਪ੍ਰਤੱਖ ਹੈ। ਕੀ ਕਾਰਨ ਹੈ ਕਿ ਜੋ ਗਿਆਨ ਧਿਆਨ ਅੰਤਿਮ ਸਲੋਕਾਂ ਲਈ ਰਾਖਵਾਂ ਬਣ ਜਾਂਦਾ ਹੈ, ਉਹ ਇਨ੍ਹਾਂ ਕਾਵਿ ਉਚਾਰਾਂ ਦੇ ਹਿੱਸੇ ਨਹੀਂ ਆਉਂਦਾ? ਇਉਂ ਲੱਗਦਾ ਹੈ, ਇਹ ਰਚਨਾ ਪ੍ਰਧਾਨ ਹਨ ਜਦਕਿ ਅੰਤਿਮ ਸਲੋਕ ਰਚਨਾ ਦੇ ਨਾਲ ਉਚਾਰ ਨੂੰ ਆਪਣੇ ਕਲਾਵੇ ਵਿਚ ਸਮਾਏ ਹੋਏ ਹਨ। ਮੇਰੇ ਅਨੁਮਾਨ ਅਨੁਸਾਰ ਇਹ ਉਨ੍ਹਾਂ ਵਰ੍ਹਿਆਂ ਦੀ ਉਪਜ ਹਨ ਜਦ ਉਹ ਸਿਮਰਨ ਵਿਚ ਕੁਲ ਸਮਾਂ ਲੰਘਾਉਂਦੇ ਸਨ। ਬਾਹਰ ਦੀ ਹਾਲਤ ਅਨੁਕੂਲ ਨਹੀਂ ਸੀ। ਪ੍ਰਤੀਕੂਲ ਘਟਨਾਵਾਂ ਵਾਪਰ ਰਹੀਆਂ ਸਨ। ਗੁਰੂ ਅਰਜਨ ਦੀ ਸ਼ਹਾਦਤ ਨੇ ਭੈਅ ਵਾਲੇ ਹਾਲਾਤ ਉਤਪੰਨ ਕਰ ਦਿੱਤੇ ਸਨ। ਦੁਖਦਾਈ ਤੇ ਅਨਿਆਈ ਮੰਨਣ ਦੀ ਥਾਂ, ਇਸ ਨੂੰ ਦੈਵੀ ਕਹਿਣ ਦੀ ਰੁਚੀ ਪਸਰ ਰਹੀ ਸੀ। ਇਸ ਹਾਲਤ ਵਿਚ ਵਿਯੋਗੇ ਹੋਏ ਅਨੁਭਵ ਕਰਨਾ ਸੁਭਾਵਕ ਸੀ। ਬਚਾਉ ਖਾਤਰ ਜੋ ਸ਼ਕਤੀ ਦੀ ਗੁਹਾਰ ਲੱਗਣ ਲੱਗ ਪਈ ਸੀ, ਉਸ ਨਾਲ ਪੂਰਨ ਸਹਿਮਤੀ ਨਹੀਂ ਹੋ ਸਕਦੀ ਸੀ। ਤਿਆਗ ਦਾ ਰੁਝਾਨ ਜਿਸ ਨੇ ਗੁਰੂ ਨਾਨਕ ਦੇ ਪੁੱਤਰ ਸਿਰੀ ਚੰਦ ਤੋਂ ਚੱਲ ਕੇ, ਭਾਈ ਗੁਰਦਿੱਤਾ ਨੂੰ ਵੀ ਕਲਾਵੇ ਵਿਚ ਲਿਆ ਹੋਇਆ ਸੀ, ਉਸ ਨਾਲ ਜੁੜਨਾ ਵੀ ਧਰਵਾਸ ਵਾਲੀ ਗੱਲ ਨਹੀਂ ਸੀ। ਅਜਿਹੀ ਹਾਲਤ ਵਿਚ ਜਦੋਂ ਪਰਿਵਾਰਕ ਹਾਲਾਤ ਅਨੁਕੂਲ ਨਾ ਹੋਣ, ਸਮਾਜਿਕ ਤੇ ਰਾਜਸੀ ਹਾਲਾਤ ਹੋਣ ਹੀ ਪ੍ਰਤੀਕੂਲ, ਰੂਹਾਨੀਅਤ ਨਾਲ ਪ੍ਰਨਾਏ ਵਿਅਕਤੀ ਲਈ ਇਕੱਲਤਾ ਦੀ ਚੋਣ ਸੁਭਾਵਕ ਹੀ ਨਹੀਂ, ਅਵੱਸ਼ਕ ਵੀ ਬਣ ਜਾਂਦੀ ਹੈ।
ਅਸਲ ਵਿਚ ਇਹ ਦੂਰ-ਵਰਤੀ ਤਰ੍ਹਾਂ ਦਾ ਨਿਚੋੜ ਹੈ। ਪਰੋਖ ਵੀ ਇਸ ਨੂੰ ਮੰਨਿਆ ਜਾ ਸਕਦਾ ਹੈ। ਅਪਰੋਖ ਅਤੇ ਨਿਕਟ-ਵਰਤੀ ਲੋੜ ਤਾਂ ਇਹ ਜਾਨਣ ਦੀ ਹੈ ਕਿ ਸਿਮਰਨ ਜਿਸ ਨਾਲ ਗੁਰੂ ਤੇਗ਼ ਬਹਾਦਰ ਨੇ ਪੁਰਜ਼ੋਰ ਵਾਸਤਾ ਦਰਸਾਇਆ, ਉਸ ਦੀ ਪ੍ਰਕਿਰਤੀ ਤੇ ਪ੍ਰਕਿਰਿਆ ਕੀ ਬਣਦੀ ਹੈ। ‘ਸੋਰਠਿ ਮਹਲਾ ਨੌਵਾਂ’ ਵਿਚ ਇਸ ਬਾਰੇ ਬੜੇ ਭਾਵਪੂਰਤ ਸੰਕੇਤ ਹਨ। ਇਨ੍ਹਾਂ ਦੀ ਲੋਅ ਵਿਚ ਅਕਾਲ ਪੁਰਖ ਨਾਲ ਪ੍ਰੀਤਿ ਉਸ ਦੀ ਰਚਨਾ ਦਾ ਗਾਇਨ, ਕਾਲ ਦੇ ਬਿਆਨ ਤੋਂ ਪਾਰ ਵਿਚਰਨ ਦੀ ਭਾਵਨਾ ਇਹ ਸਮਝ ਕੇ ‘ਆਜੁ ਕਾਲਿ’ ਨੇ ਪ੍ਰਾਣੀ ਨੂੰ ਗ੍ਰਸਿਆ ਹੋਇਆ ਹੈ, ਇਨ੍ਹਾਂ ਦੀ ਧੁਨ ਚਿੱਤ ਵਿਚ ਵਸੀ ਸਮਝਣਾ, ਇਸ ਦਾ ਮੂਲ ਹੈ। ਇਸ ਸਭ ਨੂੰ ਗ੍ਰਹਿਣ ਕਰਨ ਮਨ ਦੇ ਧੁਰ ਅੰਦਰ ਵਸਾਉਣ ਦੀ ਵਿਧੀ ਹੈ। ਸਿਮਰਨ ਜੋ ਰਵਾਇਤਨ ਭਗਤੀ ਅਤੇ ਤਪੱਸਿਆ ਤੋਂ ਪਾਰ ਦੀ ਗੱਲ ਹੈ। ਗੁਰੂ ਤੇਗ ਬਹਾਦਰ ਬਾਣੀ ਸੁਣਨਾ ਅਤੇ ਗਾਉਣਾ ਪ੍ਰਧਾਨ ਹੈ ਜਿਸ ਲਈ ਹੇਠ ਦਿੱਤੀ ਦੁਵੱਲੀ ਵਿਧੀ ਕਾਰਗਰ ਸਿੱਧ ਹੁੰਦੀ ਹੈ:
ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ॥
ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸੁਣਨ ਅਤੇ ਗਾਇਨ ਨੂੰ ਗੁਰੂ ਤੇਗ ਬਹਾਦਰ ਜੀ ਸਿਮਰਨ ਦਾ ਸਾਰ ਮੰਨਦੇ ਹਨ। ਪੜ੍ਹਨ ਨੂੰ ਗੌਣ ਖਿਆਲ ਕਰਦੇ ਹਨ, ਭਾਵੇਂ ਇਸ ਪ੍ਰਸੰਗ ਵਿਚ ਲਿਖਤ ਦੇ ਗੌਣ ਹੋਣ ਦੀ ਥਾਂ ਪ੍ਰਾਣੀ ਨੂੰ ਇਸ ਨਿਰਾਰਥਕ ਕਰਮ ਤੋਂ ਹੋੜਨ ਲਈ ਦਿੱਤੀ ਚਿਤਾਵਨੀ ਮੁੱਖ ਦੁਆਰ ਤੇ ਲੈ ਆਉਂਦੇ ਹਨ:
ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ ਨਿਮਖ ਨ ਹੀਏ ਬਸਾਵੈ॥
ਇਨ੍ਹਾਂ ਉਚਾਰਾਂ ਵਿਚ ਜਟਲ ਹੋ ਨਬਿੜਨ ਨੂੰ ਅਣਗੌਲਿਆ ਨਹੀਂ ਕੀਤਾ ਗਿਆ। ਨਿਚਲਾ ਉਚਾਰ ਇਸ ਦਾ ਪ੍ਰਤੱਖ ਪ੍ਰਮਾਣ ਹੈ:
ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ॥
ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ॥
ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥
ਸਿਵਾਏ ਰਾਗ ਤਿਲੰਗ ਵਿਚ ਰਚੇ ਗਏ ਸਲੋਕਾਂ ਦੇ ਬਾਕੀ ਸਾਰਿਆਂ ਵਿਚ ਪਰਿਣਾਮ ਤੇ ਅੱਪੜਨ ਲਈ ਗੁਰੂ ਨਾਨਕ ਦੀ ਗਵਾਹੀ ਪਾਉਣ ਦਾ ਯਤਨ ਪ੍ਰਤੱਖ ਹੈ। ਅਸਲ ਵਿਚ ਇਹ ਨਿਰੀ ਕਾਵਿ ਜੁਗਤ ਨਹੀਂ, ਆਪਣੀ ਧਾਰਨਾ ਨੂੰ ਸੱਚ ਸਿੱਧ ਕਰਨ ਦਾ ਸੁਯੋਗ ਉਪਰਾਲਾ ਹੈ। ਫਲਸਰੂਪ ਪਾਠਕ/ਸਰੋਤੇ ਦਾ ਮਨ ਕੀਲਿਆ ਜਾਂਦਾ ਹੈ।
ਇਸ ਪ੍ਰਸੰਗ ਵਿਚ ਇਨ੍ਹਾਂ ਦੀ ਰਚਨਾ ਦੇ ਸਮਾਂ ਸਥਾਨ ਨੂੰ ਚਿਤਾਰਨਾ ਬੇਲੋੜਾ ਨਹੀਂ। ਨਿਮਰ ਅਤੇ ਨਿਮਿਤ ਕਰਤਵ ਨਿਭਾਇਆ। ਉਹ ਸੀ ਖੇਤਰੀ ਤੋਂ ਚੱਲ ਕੇ ਕੇਂਦਰੀ ਰਾਜਸੱਤਾ ਵੱਲੋਂ ਜੁਟਾਇਆ ਵਿਰੋਧ।
ਜਿਸ ਦਾ ਸੱਤਵੇਂ ਅਤੇ ਅੱਠਵੇਂ ਗੁਰੂਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ, ਗੁਰੂ ਤੇਗ ਬਹਾਦਰ ਦੇ ਅਗਰਭੂਮੀ ਵਿਚ ਆਉਣ ਨਾਲ ਇਹ ਵਿਰੋਧ ਨਿਰੰਤਰ ਹੋ ਨਬਿੜਿਆ। ਕਈ ਤਰ੍ਹਾਂ ਦਾ ਸੀ ਇਹ ਵਿਰੋਧ; ਉਨ੍ਹਾਂ ਸ਼ਰੀਕਾਂ, ਮੰਜੀਆਂ ਦੀ ਪ੍ਰਥਾ ਦਾ ਅਯੋਗ ਲਾਭ ਲੈਣ ਵਾਲਿਆਂ, ਸ਼ਾਸਕਾਂ ਨਾਲ ਜੁੜੇ ਧੜਿਆਂ ਅਤੇ ਦਿੱਲੀ ਸਥਿਤ ਮੁਗ਼ਲ ਰਾਜ ਦੇ ਸੰਚਾਲਕਾਂ ਦਾ ਜਿਨ੍ਹਾਂ ਦੇ ਮਨਾਂ ਵਿਚੋਂ ਗੁਰੂ ਅਰਜਨ ਵਲੋਂ ਵਿਦਰੋਹੀ ਰਾਜ ਕੁਮਾਰ ਖੁਸਰੋ ਦੇ ਤਿਲਕ ਲਗਾਉਣ ਦੀ ਘਟਨਾ ਵਿਸਰੀ ਨਹੀਂ ਸੀ। ਵਰ੍ਹਿਆਂ ਬਧੀ ਸਿਮਰਨ ਵਿਚ ਲੱਗੇ ਰਹਿਣ ਉਪਰੰਤ ਜਿਵੇਂ ਗੁਰੂ ਤੇਗ ਬਹਾਦਰ ਨੇ ਗੁਰਗੱਦੀ ਨਾਲ ਜੁੜੀ ਜ਼ਿੰਮੇਵਾਰੀ ਨੂੰ ਨਿਭਾਉਣਾ ਆਰੰਭ ਕੀਤਾ, ਉਸ ਨੇ ਨਿਸ਼ਚੇ ਹੀ ਗੁਰੂ ਅਰਜਨ ਵਲੋਂ ਨਿਭਾਈ ਅਲੌਕਿਕ ਕਾਰਵਾਈ ਦੀ ਯਾਦ ਤਾਜ਼ਾ ਕਰ ਦਿੱਤੀ। ਕਈ ਤਰ੍ਹਾਂ ਦੇ ਤੌਖਲਿਆਂ ਦੀ ਚਿਤਾਵਨੀ ਉਨ੍ਹਾਂ ਨੂੰ ਦਿੱਤੀ ਗਈ ਅਤੇ ਨਿਹੱਥੀ ਜਨਤਾ ਦੇ ਦੁੱਖਾਂ ਪ੍ਰਤੀ ਅਵੇਸਲਾ ਨਾ ਬਣੇ ਰਹਿਣ ਦੀ ਸਲਾਹ ਮਿਲੀ ਹੋਵੇਗੀ।
ਮੇਰੇ ਤਸੱਵੁਰ ਵਿਚ ਆਉਂਦਾ ਹੈ ਕਿ ਨਵੀਂ ਹਾਲਤ ਵਿਚ ਗੁਰੂ ਨਾਨਕ ਦੀ ਜੋ ਇਲਹਾਮੀ ਤਸਵੀਰ ਮੁੱਢ ਤੋਂ ਹੀ ਭਾਈ ਗੁਰਦਾਸ ਦੀ ਨਿਗਰਾਣੀ ਸਦਕਾ ਹਿਰਦੇ ਵਿਚ ਉੱਕਰੀ ਹੋਈ ਸੀ, ਉਸ ਨਾਲ ਗੁਰੂ ਅਰਜਨ ਦੀ ਸ਼ਹਾਦਤ ਦਾ ਦ੍ਰਿਸ਼ ਵੀ ਆ ਜੁੜਿਆ ਹੋਵੇਗਾ। ਪ੍ਰਤੱਖ ਹੀ ਕੋਈ ਧੌਂਸ ਉਨ੍ਹਾਂ ਨੂੰ ਭੈਅ-ਭੀਤ ਨਹੀਂ ਸੀ ਕਰ ਸਕਦੀ। ਸਾਵਧਾਨੀ ਨੂੰ ਤਿਲਾਂਜਲੀ ਨਾ ਦੇਣਾ ਉਨ੍ਹਾਂ ਦੀ ਕਾਰਜ ਨੀਤੀ ਦਾ ਅਨਿੱਖੜਵਾਂ ਅੰਗ ਸੀ। ਕਈ ਤਰ੍ਹਾਂ ਦੇ ਵਿਰੋਧੀਆਂ, ਖਾਸ ਕਰ ਕੇ ਦਿੱਲੀ ਵਿਚ ਸਥਿਤ ਸ਼ਹਿਨਸ਼ਾਹ ਦੀ ਨਜ਼ਰ ਵਿਚ ਸਾਵਧਾਨੀ ਵੀ ਜਟਿਲ ਤਰ੍ਹਾਂ ਦਾ ਵਿਰੋਧ ਹੀ ਸੀ ਜੋ ਤੌਖਲੇ ਦਾ ਬੇ-ਪਨਾਹ ਕਾਰਨ ਸੀ। ਮਹਿਮਾ ਭਰਪੂਰ ਕਥਾ ਅਨੁਸਾਰ ਉਨ੍ਹਾਂ ਉਹ ਆਪਣੀ ਮਰਜ਼ੀ ਪੁਗਾ ਕੇ ਕਸ਼ਮੀਰੀ ਫਰਿਆਦੀਆਂ ਦੀ ਬਾਂਹ ਫੜਨ ਖਾਤਰ ਸ਼ਹਾਦਤ ਦੇਣ ਲਈ ਦਿੱਲੀ ਪਹੁੰਚੇ ਸਨ। ਇਸ ਕਥਾ ਦਾ ਲੋਕਾਂ ਦੇ ਮਨਾਂ ਵਿਚ ਵਸੇ ਹੋਣਾ ਇਹ ਸਿੱਧ ਕਰਦਾ ਹੈ ਕਿ ਗੁਰਗੱਦੀ ਦੇ ਬਿਰਾਜਮਾਨ ਹੋਣ ਉਪਰੰਤ, ਉਨ੍ਹਾਂ ਦਾ ਸਤਿਕਾਰ ਕਿਸ ਕਦਰ ਬੁਲੰਦੀਆਂ ਛੂਹ ਗਿਆ ਸੀ।
ਬੰਦੀ ਬਣਾਏ ਜਾਣ ਉਪਰੰਤ ਉਨ੍ਹਾਂ ਨੂੰ ਦਿੱਲੀ ਲਿਜਾਇਆ ਗਿਆ। ਕਈ ਥਾਈਂ, ਸਰਹਿੰਦ ਜਿਨ੍ਹਾਂ ਵਿਚ ਇਕ ਸੀ, ਉਨ੍ਹਾਂ ਨੂੰ ਮਹੀਨਿਆਂ ਬਧੀ ਰੋਕੀ ਰੱਖਿਆ ਗਿਆ। ਠਹਿਰਾਂ ਦੌਰਾਨ ਸੰਭਵ ਹੈ, ਉਨ੍ਹਾਂ ਨੂੰ ਸਰੀਰਕ ਕਸ਼ਟ ਵੀ ਦਿੱਤਾ ਗਿਆ ਹੋਵੇ। ਆਪਣਾ ਧਰਮ ਤਿਆਗ ਕੇ ਇਸਲਾਮ ਕਬੂਲ ਕਰਨ ਲਈ ਵੀ ਉਨ੍ਹਾਂ ਤੇ ਜ਼ੋਰ ਪਾਇਆ ਗਿਆ। ਦਿੱਲੀ ਵਿਚ ਬੰਦੀ ਵਜੋਂ ਉਨ੍ਹਾਂ ਨੂੰ ਕਿੰਨਾ ਸਮਾਂ ਰੱਖਿਆ ਗਿਆ, ਇਸ ਦਾ ਕੋਈ ਨਿਸਚਿਤ ਵੇਰਵਾ ਨਹੀਂ ਮਿਲਦਾ। ਜਿਵੇਂ ਇਥੇ ਲਿਆਉਣ ਵਿਚ ਕਈ ਮਹੀਨੇ ਲੱਗੇ, ਉਸੇ ਤਰ੍ਹਾਂ ਸ਼ਹਾਦਤ ਵੀ ਉਨ੍ਹਾਂ ਦੀ ਸਮਾਂ ਪਾ ਕੇ ਹੀ ਹੋਈ। ਜਿਵੇਂ ਉਹ ਬੰਦੀਖ਼ਾਨੇ ਵਿਚ ਵਿਚਰੇ, ਉਸ ਦਾ ਉਨ੍ਹਾਂ ਦੀ ਤਬੀਅਤ ਅਤੇ ਤਰਬੀਅਤ ਤੇ ਕੋਈ ਹਾਨੀਕਾਰਕ ਪ੍ਰਭਾਵ ਨਾ ਪੈ ਸਕਿਆ।
‘ਗੁਰੂ ਗ੍ਰੰਥ ਸਾਹਿਬ’ ਵਿਚ ਅੰਤ ਤੇ ਪਾਏ ਜਾਂਦੇ ਸਲੋਕ ਇਸ ਤੱਥ ਸੱਚ ਦੀ ਉੱਤਮ ਉਦਾਹਰਨ ਹਨ। ਪ੍ਰਤੱਖ ਹੀ ਇਹ ਉਨ੍ਹਾਂ ਮਹੀਨਿਆਂ ਦੌਰਾਨ ਰਚੇ ਗਏ ਸਨ। ਉਨ੍ਹਾਂ ਦੀ ਥਾਂ ਗੁਰਗੱਦੀ ਤੇ ਬਿਰਾਜਮਾਨ ਹੋ ਚੁੱਕੇ ਗੁਰੂ ਗੋਬਿੰਦ ਸਿੰਘ ਤੱਕ ਇਹ ਸਲੋਕ, ਕਿਵੇਂ ਨਾ ਕਿਵੇਂ ਪਹੁੰਚਦੇ ਵੀ ਰਹੇ ਸਨ। ਸੀਸ ਦੇ ਪਹੁੰਚਣ ਤੋਂ ਬਹੁਤ ਦਿਨ ਪਹਿਲਾਂ ਸ਼ਹਾਦਤ ਦੀ ਖ਼ਬਰ ਵੀ ਪਹੁੰਚ ਗਈ ਸੀ। ਕਈ ਸਾਲ ਬਾਅਦ ਇਸ ਘਟਨਾ ਨੂੰ ਚਿਤਾਰ ਕੇ ਗੁਰੂ ਗੋਬਿੰਦ ਸਿੰਘ ਨੇ ਜੋ ਮਹਿਸੂਸ ਕੀਤਾ, ਉਹ ਇਨ੍ਹਾਂ ਸਤਰਾਂ ਵਿਚ ਨਗੀਨੇ ਵਾਂਗ ਜੜਿਆ ਅਨੁਭਵ ਹੁੰਦਾ ਹੈ:
ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ॥
ਤੇਗ ਬਹਾਦੁਰ ਸੀ ਕ੍ਰਿਆ ਕਹੀ ਨ ਕਿਨਹੂੰ ਆਨਿ॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ॥
ਅਨੁਮਾਨ ਅਨੁਸਾਰ 1675 ਵਿਚ ਜੁਲਾਈ ਮਹੀਨੇ ਦੇ ਅੰਤਲੇ ਦਿਨਾਂ ਤੋਂ ਚੱਲ ਕੇ ਨਵੰਬਰ ਦੇ ਮੁੱਕਣ ਤੋਂ ਪਹਿਲਾਂ ਦਾ ਸਮਾਂ ਸੀ ਜਿਸ ਦੌਰਾਨ ਇਹ ਸਲੋਕ ਰਚੇ ਗਏ। ਬਹੁਤ ਵਾਰ ਕਾਲ ਕੋਠੜੀ ਵਿਚ ਬੰਦ ਸੀ ਉਨ੍ਹਾਂ ਦੀ ਦੇਹ ਜਦੋਂ ਉਨ੍ਹਾਂ ਦੀ ਬਿਰਤੀ ਹਕੀਕੀ ਸੀਮਾਵਾਂ ਉਲੰਘ ਕੇ ਆਤਮਿਕ ਪਾਸਾਰ ਵਿਚ ਵਿਚਰਨ ਲੱਗ ਜਾਂਦੀ ਸੀ। ਖੁੱਲ੍ਹੇ ਚੌਗਿਰਦੇ ਵਿਚ ਘੁੰਮਣ ਫਿਰਨ ਦੀ ਮਨਾਹੀ ਕਾਰਨ ਜੋ ਸੱਚਮੁੱਚ ਹੀ ਵਾਹਿਦ ਸੀ, ਉਨ੍ਹਾਂ ਦੇ ਦੇਖਣ ਪੇਖਣ, ਤੁਰਨ ਫਿਰਨ ਅਤੇ ਸ਼ਰਧਾਲੂਆਂ ਨੂੰ ਮਿਲਣ ਗਿਲਣ ਤੇ ਬੰਦਿਸ਼ ਲੱਗੀ ਹੋਈ ਸੀ। ਇਕੱਲੇ ਮੌਨ ਵਿਚ ਸੁਖਦਾਇਕ ਅਡੋਲਤਾ ਭੋਗਣਾ ਤਾਂ ਉਨ੍ਹਾਂ ਲਈ ਦੁਸ਼ਵਾਰ ਸੀ। ਜਿਸ ਰੂਹਾਨੀ ਤਰਬੀਅਤ ਨੇ ਉਨ੍ਹਾਂ ਦੀ ਤਬੀਅਤ ਨੂੰ ਸਿਮਰਨ ਰਾਹੀਂ ਆਤਮ-ਨਿਰਭਰ ਕਰ ਰੱਖਿਆ ਸੀ, ਉਸ ਦੀ ਇਹ ਸਲੋਕ ਵਡਮੁੱਲੀ ਉਪਜ ਸਨ। ਸੰਗਤ ਅਤੇ ਪਰਿਵਾਰ ਤੋਂ ਵਿਛੁੰਨੇ ਵੈਰੀਆਂ ਵਿਚ ਘਿਰੇ ਸਖ਼ਤ ਗਰਮੀ ਝੱਲਦੇ ਉਹ ਅਜਿਹੇ ਮੁਹਾਜ਼ ਤੇ ਖੜ੍ਹਾ ਦਿੱਤੇ ਗਏ ਸਨ ਜਿੱਥੇ ਕਿਸੇ ਪ੍ਰਕਾਰ ਦੀ ਢੋਈ ਦੀ ਉਮੀਦ ਰੱਖਣਾ ਨਿਰਮੂਲ ਸੀ। ਇਸ ਅਵਸਥਾ ਵਿਚ ਸੰਘਣੇ ਵੈਰਾਗ ਦਾ ਉਨ੍ਹਾਂ ਦੀ ਬਿਰਤੀ ਤੇ ਭਾਰੂ ਹੋ ਜਾਣਾ ਸੁਭਾਵਕ ਸੀ। ਧਨ, ਦਾਰਾ, ਸੰਪਤਿ ਭਾਵ ਦੌਲਤ ਨਾਲ ਲਗਾਓ, ਨਾ ਹੀ ਪ੍ਰੇਮ ਲਈ ਤਾਂਘ ਅਤੇ ਜਾਇਦਾਦ ਬਣਾਉਣ ਦੀ ਲਾਲਸਾ, ਇਹ ਸਭ ਅਕਾਰਥ ਸਿੱਧ ਹੋ ਰਹੇ ਸਨ। ਨਾਲ ਹੀ ਨਿਰਮੂਲ ਲੱਗਣ ਲੱਗ ਪਏ ਸਨ। ਦੁੱਖ-ਸੁੱਖ, ਉਸਤਤਿ ਨਿੰਦਾ, ਹਰਖ ਸੋਗ ਅਤੇ ਭੈਅ ਲੈਣ ਦੇਣ ਦੀ ਪ੍ਰਕਿਰਤੀ ਜਿਨ੍ਹਾਂ ਨੂੰ ਤਿਆਗਣਾ ਜਿਤਨਾ ਕਠਨ ਸੀ, ਉਤਨਾ ਜ਼ਰੂਰੀ ਵੀ ਸੀ। ਉਨ੍ਹਾਂ ਨੂੰ ਪ੍ਰਤੀਤ ਹੋਣ ਲੱਗਾ ਕਿ ਆਰੰਭ ਵਿਚ ਤਾਂ ਪ੍ਰਾਣੀ ਕਰਤਾ-ਵਾਚਕ ਹੋਣ ਦਾ ਦਾਅਵਾ ਕਰ ਸਕਦਾ ਹੈ ਪਰ ਅੰਤ ਨੂੰ ਅਵਸਥਾ ਇਹ ਬਣ ਜਾਂਦੀ ਹੈ ਕਿ ਇਨ੍ਹਾਂ ਦੀ ਪੀਢੀ ਪਕੜ ਵਿਚ ਗ੍ਰਸਿਆ ਉਹ ਕਰਮ-ਵਾਚਕ ਹੋ ਕੇ ਰਹਿ ਜਾਂਦਾ ਹੈ। ਬੜੇ ਭਾਵ ਸਹਿਤ ਨਿਚਲੀਆਂ ਸਤਰਾਂ ਇਸ ਤੱਥ ਸੱਚ ਦਾ ਨਿਚੋੜ ਕੱਢ ਦਿੰਦੀਆਂ ਹਨ:
ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ॥
ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ॥
ਆਤਮਿਕ ਤੌਰ ਤੇ ਹੀ ਨਹੀਂ, ਸਰੀਰਕ ਤੌਰ ਤੇ ਵੀ ਇਸ ਬੇਵਸੀ ਤੋਂ ਬਚਣ ਦੀ ਨਿਸਚਿਤ ਲੋੜ ਹੈ। ਨਹੀਂ ਤਾਂ ‘‘ਸਿਰੁ ਕੰਪਿਓ, ਪਗ ਡਗਮਗੇ ਨੈਨ ਜੋਤਿ ਤੇ ਹੀਨ’’ ਵਾਲੀ ਹਾਲਤ ਹੋ ਜਾਂਦੀ ਹੈ। ‘‘ਮੁਕਤਿ ਨਰ’’ ਬਣ ਕੇ ਹੀ ਇਸ ਅਵਸਥਾ ਨੂੰ ਟਾਲਿਆ ਜਾ ਸਕਦਾ, ਅਜਿਹਾ ਨਾ ਹੋਣ ਦੀ ਹਾਲਤ ਵਿਚ ‘‘ਸ਼ੂਕਰ ਸੁਆਨ’’ ਵਰਗਾ ਹੋਣ ਤੋਂ ਬਚਿਆ ਨਹੀਂ ਜਾ ਸਕਦਾ। ਇਸ ਹਾਲਤ ਵਿਚ ਉਨ੍ਹਾਂ ਲਈ ਸੁਭਾਵਕ ਸੀ ਇਹ ਮਹਿਸੂਸ ਕਰਨਾ:
ਬਲੁ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਇ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ॥
ਗੁਰੂ ਨਾਨਕ ਦੀ ਓਟ ਅਤੇ ਗੁਰੂ ਅਰਜਨ ਦੀ ਸ਼ਹਾਦਤ ਉਨ੍ਹਾਂ ਦੀ ਸਹਾਇਤਾ ਲਈ ਇਉਂ ਬਹੁੜਦੀਆਂ ਹਨ ਕਿ ਨਿਚਲੇ ਮੁਹਾਜ਼ ਤੇ ਦ੍ਰਿੜ੍ਹ ਹੋ ਜਾਣਾ ਉਨ੍ਹਾਂ ਲਈ ਓਪਰਾ ਨਹੀਂ ਰਹਿੰਦਾ:
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ॥
ਅਜੋਕੇ ਪੜਾਅ ਤੇ ਪਹਿਲਾ ਬਚਨ ਜਿੱਥੇ ਮਾਨਵਤਾ ਦੀ ਹੋਣੀ ਬਣ ਗਿਆ ਹੈ, ਉਥੇ ਇਸ ਤੋਂ ਪਾਰ ਜਾਣਾ ਵੀ ਦੂਜੇ ਬਚਨ ਤੇ ਚੱਲ ਕੇ ਹੀ ਸੰਭਵ ਹੈ। ਗੁਰੂ ਨਾਨਕ ਦੀ ਦ੍ਰਿਸ਼ਟੀ ਅਤੇ ਗੁਰੂ ਅਰਜਨ ਦੀ ਘਾਲਣਾ ਦਾ ਇਹ ਸਾਰ ਹੈ ਜੋ ਗੁਰੂ ਤੇਗ ਬਹਾਦਰ ਜੀ ਨੇ ਖ਼ੁਦ ਵਿਚ ਸਮਾਅ ਰੱਖਿਆ ਸੀ।
ਸੰਪਰਕ (ਵ੍ਹੱਟਸਐਪ): 98150-86016