ਕੰਵਲਜੀਤ ਖੰਨਾ
1974 ਦੀ ਤੇਲ ਦੀ ਬਲੈਕ ਵਿਰੋਧੀ ਕਿਸਾਨ ਐਜੀਟੇਸ਼ਨ ਮੌਕੇ ਉਹ ਚਾਰ ਕੁ ਵਰ੍ਹਿਆਂ ਦਾ ਸੀ। ਉਸ ਦੀ ਜਨਮ ਭੂਮੀ ਪਿੰਡ ਗਾਲਬਿ ਕਲਾਂ ਨੂੰ ਕਿਸਾਨੀ ਦੀ ਲੁੱਟ ਤੇ ਧੱਕੇ ਖਿਲਾਫ਼ ਉੱਠੀ ਕਾਂਗ ਨੇ ਸੂਬੇ ’ਚ ਕਿਸਾਨ ਅੰਦੋਲਨ ਦੇ ਗੜ੍ਹ ਵਜੋਂ ਮਸ਼ਹੂਰ ਕਰ ਦਿੱਤਾ। ਇਸ ਪਿੰਡ ਨੇ ਇਨਕਲਾਬ ਦੀ ਲਾਟ ਨੂੰ ਨਿਰੰਤਰ ਬਲਦੀ ਰੱਖਿਆ। ਸਾਲ 1995 ’ਚ ਇਲਾਕੇ ’ਚ ਮੁੜ ਕਿਸਾਨ ਜਥੇਬੰਦੀ ਦੀ ਉਸਾਰੀ ਦਾ ਕਾਰਜ ਤੁਰਿਆ ਤਾਂ ਵੱਖ ਹੋਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਭੂੰਦੜੀ, ਭਮਾਲ, ਗਾਲਬਿ ਕਲਾਂ, ਲੀਲਾਂ ਆਦਿ ਪਿੰਡਾਂ ’ਚ ਗਠਨ ਕੀਤਾ ਗਿਆ। ਉਦੋਂ ਹਰਦੀਪ ਗਾਲਬਿ ਆਪਣੇ ਸਾਥੀ ਨਿਰਮਲ ਸਿੰਘ ਭਮਾਲ ਨਾਲ ਮੂਹਰਲੀਆਂ ਸਫ਼ਾਂ ’ਚ ਨਿੱਤਰਿਆ। ਛੋਟੀ ਕਿਸਾਨੀ ਦੇ ਦੁੱਖਾਂ ਦਰਦਾਂ ਨੂੰ ਨੇੜਿਓਂ ਸਮਝਣ ਵਾਲੇ ਹਰਦੀਪ ਨੇ ਨਿਰਮਲ ਭਮਾਲ ਦੇ ਵਿਦੇਸ਼ ਜਾਣ ਮਗਰੋਂ ਇਲਾਕੇ ’ਚ ਭਾਰਤੀ ਕਿਸਾਨ ਯੂਨੀਅਨ ਦੀ ਉਸਾਰੀ ਦਾ ਕੰਮ ਆਪਣੇ ਮੋਢਿਆਂ ’ਤੇ ਚੁੱਕ ਲਿਆ। ਉਸ ਦੀ ਅਗਵਾਈ ’ਚ ਸਿੱਧਵਾਂ ਬੇਟ, ਹੰਬੜਾਂ, ਜਗਰਾਓਂ, ਰਾਏਕੋਟ ਬਲਾਕਾਂ ਦੇ ਇੱਕ ਸੌ ਦੇ ਕਰੀਬ ਪਿੰਡਾਂ ’ਚ ਜਥੇਬੰਦੀ ਦੀਆਂ ਇਕਾਈਆਂ ਖੜ੍ਹੀਆਂ ਕੀਤੀਆਂ ਗਈਆਂ। ਜਥੇਬੰਦੀ ਦੇ ਕਾਰਜਾਂ ਨੂੰ ਮੁੱਖ ਰੱਖ ਕੇ ਚੱਲਣਾ ਉਸ ਦੇ ਸੁਭਾਅ ਦਾ ਅਨਿੱਖੜਵਾਂ ਅੰਗ ਸੀ। ਇਸ ਦੇ ਸਿੱਟੇ ਵਜੋਂ ਹੀ ਕਿਸਾਨ ਆਗੂ ਮਨਜੀਤ ਧਨੇਰ ਦੀ ਰਿਹਾਈ ਲਈ ਚੱਲੇ ਲੰਮੇ ਸੰਘਰਸ਼ ’ਚ ਜਗਰਾਓਂ, ਰਾਏਕੋਟ ਇਲਾਕੇ ਨੇ ਯਾਦਗਾਰੀ ਰੋਲ ਨਿਭਾਇਆ। ਰਾਏਕੋਟ ਤੇ ਹੰਬੜਾਂ ਬਲਾਕਾਂ ’ਚ ਕਿਸਾਨ ਜਥੇਬੰਦੀ ਖੜ੍ਹੀ ਕਰਨ ’ਚ ਉੱਘੇ ਆਗੂਆਂ ਨਾਲ ਉਸ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਉਸ ਦੇ ਪੁੱਤਰ ਨੇ ਦੱਸਿਆ: ‘‘ਮੈਂ ਆਪਣੇ ਸਾਰੇ ਜੀਵਨ ’ਚ ਉਸ ਨੂੰ ਕਦੇ ਨਿਰਾਸ਼ ਨਹੀਂ ਸੀ ਦੇਖਿਆ, ਕਦੇ ਗੁੱਸੇ ਹੁੰਦਾ ਨਹੀਂ ਸੀ ਦੇਖਿਆ। ਉਹ ਮੈਨੂੰ ਆਪਣਾ ਦੋਸਤ ਕਿਹਾ ਕਰਦਾ ਸੀ। ਕਹਿੰਦਾ ਸੀ ਕਾਂਤੇ ਮੇਰੇ ਨਾਲ ਮਿੱਤਰਾਂ ਵਾਲਾ ਰਿਸ਼ਤਾ ਰੱਖਿਆ ਕਰ। ਕਿਹਾ ਕਰਦਾ ਸੀ ਖੇਤੀ ਦਾ ਬਹੁਤਾ ਬੋਝ ਨ੍ਹੀਂ ਰੱਖੀਦਾ।’’
ਇਲਾਕੇ ਦਾ ਕੋਈ ਵੀ ਸੰਘਰਸ਼ ਉਸ ਦੀ ਅਗਵਾਈ ਤੋਂ ਬਿਨਾਂ ਅਧੂਰਾ ਸੀ। ਜਗਰਾਓਂ ਰੇਲਵੇ ਸਟੇਸ਼ਨ ’ਤੇ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਚੱਲੇ ਸ਼ਾਨਦਾਰ ਸੰਘਰਸ਼ ’ਚ ਉਸ ਦੀ ਤੇ ਉਸ ਦੇ ਪਿੰਡ ਦੀ ਹਰ ਪੱਖੋਂ ਮੋਹਰੀ ਭੂਮਿਕਾ ਸੀ। ਉੱਥੇ ਲੰਗਰ ’ਚ ਇਕ ਦਿਨ ਰੋਟੀ ਛਕਦਿਆਂ ਮੂੰਹ ਦੇ ਅੰਦਰਲੇ ਪਾਸੇ ਦੰਦੀ ਵੱਢੀ ਗਈ। ਲਹੂ ਨਿਕਲਿਆ, ਠੰਢੇ ਪਾਣੀ ਦੀਆਂ ਕੁਰਲੀਆਂ ਕਰ ਲਈਆਂ, ਪਰਵਾਹ ਨਹੀਂ ਕੀਤੀ। ਮੂੰਹ ਅੰਦਰਲਾ ਜ਼ਖ਼ਮ ਹੌਲੀ ਹੌਲੀ ਨਾਸੂਰ ਬਣ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪਿੰਡਾਂ ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ ਗਿਆ ਤਾਂ ਹਰਦੀਪ ਪਹਿਲੇ ਦਿਨ ਹੀ ਅਪਣਾ ਟਰੈਕਟਰ ਟਰਾਲੀ ਲੈ ਕੇ ਮੂਹਰੇ ਜਾ ਲੱਗਿਆ। ਉਹ ਪੂਰਾ ਸਮਾਂ ਓਥੇ ਰਿਹਾ, ਸਿਰਫ਼ ਇਕ ਦਿਨ ਆਪਣੇ ਨੇੜਲੇ ਰਿਸ਼ਤੇਦਾਰ ਦੀ ਮੌਤ ’ਤੇ ਪੰਜਾਬ ਆਪਣੇ ਸਹੁਰੀਂ ਕੋਠੇ ਪੋਨਾ ਪਿੰਡ ਆਇਆ ਸੀ। ਦਿੱਲੀ ਅੰਦੋਲਨ ’ਚ ਪੂਰੇ ਜ਼ਿਲ੍ਹੇ ਦੀ ਨਿਗਰਾਨੀ, ਦੇਖਰੇਖ ਦੀ ਜ਼ਿੰਮੇਵਾਰੀ ਤਾਂ ਸੀ ਹੀ, ਨਾਲ ਹੀ ਸੂਬਾ ਪ੍ਰਧਾਨ ਦੇ ਇਕ ਤਰ੍ਹਾਂ ਸੈਕਟਰੀ ਦੀ ਜ਼ਿੰਮੇਵਾਰੀ ਵੀ ਹਰਦੀਪ ਗਾਲਬਿ ਨੂੰ ਸੰਭਾਲੀ ਹੋਈ ਸੀ। ਜਨਵਰੀ ਮਹੀਨੇ ਅਸੀਂ ਇਨਕਲਾਬੀ ਕੇਂਦਰ ਪੰਜਾਬ ਦਾ ਜਥਾ ਲੈ ਕੇ ਦਿੱਲੀ ਗਏ ਤਾਂ ਹਰਦੀਪ ਦਾ ਮੂੰਹ ਇਕ ਪਾਸੇ ਸੁੱਜਿਆ ਹੋਇਆ ਸੀ, ਜਿਵੇਂ ਫੋੜਾ ਨਿਕਲਿਆ ਹੋਵੇ। ਵਾਹਵਾ ਜ਼ੋਰ ਲਾਉਣ ’ਤੇ ਜਦੋਂ ਟੈਸਟ ਕਰਵਾਏ ਤਾਂ ਕੈਂਸਰ ਚੌਥੀ ਸਟੇਜ ’ਤੇ ਪਹੁੰਚ ਚੁੱਕਾ ਸੀ। ਰਾਜੀਵ ਗਾਂਧੀ ਕੈਂਸਰ ਹਸਪਤਾਲ ਦਿੱਲੀ ’ਚ ਇਲਾਜ ਚੱਲਿਆ। ਅਪਰੇਸ਼ਨ ਹੋਇਆ, 10-12 ਦਿਨ ਲੱਗੇ ਤੇ ਹਰਦੀਪ ਪਿੰਡ ਆ ਗਿਆ। ਇਸ ਦੌਰਾਨ ਹਰਦੀਪ ਦੀ ਜੀਵਨ ਸਾਥਣ ਸੁਖਵੰਤ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਗਈ। ਇਸ ਬਿਪਤਾ ਦੀ ਘੜੀ ਵੀ ਨਾ ਪਰਿਵਾਰ ਡੋਲਿਆ ਤੇ ਨਾ ਹੀ ਹਰਦੀਪ। ਉਸ ਦੇ ਵੱਡਾ ਖਰਚਾ ਝੱਲ ਕੇ ਸਟੰਟ ਪਵਾਇਆ। ਸੁਖਵੰਤ ਨੇ ਇਸ ਵੱਡੇ ਸਦਮੇ ’ਚ ਆਪਣੀ ਵਿਧਵਾ ਜੇਠਾਣੀ ਦੇ ਸਾਥ ਨਾਲ ਪਰਿਵਾਰ ਨੂੰ ਸੰਭਾਲਣ ਦਾ ਜ਼ਿੰਮਾ ਜੋ ਓਟਣਾ ਸੀ। ਹਰਦੀਪ ਦੀ ਸੇਵਾ ’ਚ ਉਸ ਦੀ ਪਤਨੀ ਤੇ ਭਰਜਾਈ ਨੇ ਕੋਈ ਕਸਰ ਨਹੀਂ ਛੱਡੀ। ਭੈਣ ਸੁਖਵੰਤ ਨੇ ਤਾਂ ਕਿਸਾਨ ਅੰਦੋਲਨ ’ਚ ਹੋਰਨਾਂ ਭੈਣਾਂ ਨਾਲ ਸ਼ਾਮਲ ਹੋ ਕੇ ਅਹਿਮ ਭੂਮਿਕਾ ਨਿਭਾਈ।
ਹਰਦੀਪ ਫਿਰ ਕਦੇ ਕਦਾਈਂ ਮੂੰਹ ’ਤੇ ਰੁਮਾਲ ਵਲ੍ਹੇਟ ਧਰਨਿਆਂ ’ਚ ਆਉਣ ਲੱਗਾ। ਲੱਗਾ ਕਿ ਮੋੜਾ ਪੈ ਗਿਆ, ਖਰਚਿਆ ਪੈਸਾ ਤੇ ਮਿਹਨਤ ਕੰਮ ਆ ਗਈ ਹੈ। ਇੱਕ ਦਿਨ ਪਿੰਡ ’ਚ ਆਪ ਹੀ ਟਰਾਲੀ ਲੈ ਕੇ ਸਾਥੀਆਂ ਸੰਗ ਫੰਡ ਇਕੱਠਾ ਕਰਨ ਲਈ ਤੁਰ ਪਿਆ। ਮੀਂਹ ’ਚ ਭਿੱਜਿਆ ਸਰੀਰ ਜਕੜਿਆ ਗਿਆ। ਦਵਾਈ ਬੂਟੀ ਅਸਰ ਨਹੀਂ ਕਰ ਰਹੀ ਸੀ। ਦਿੱਲੀ ਦੇ ਪਹਿਲੇ ਡਾਕਟਰਾਂ ਦੀ ਰਾਇ ਨਾਲ ਲੁਧਿਆਣੇ ਦੇ ਦਇਆਨੰਦ ਹਸਪਤਾਲ ਤੋਂ ਫਿਰ ਇਲਾਜ ਸ਼ੁਰੂ ਹੋਇਆ। ਕਈ ਟੈਸਟ ਹੋਏ, ਸੇਕੇ ਲੱਗੇ ਪਰ ਪੁੱਤਰ ਦੇ ਹੱਥਾਂ ’ਚ ਹੀ ਸੁਆਸ ਤਿਆਗ ਗਿਆ। ਉਸ ਦਾ ਪੁੱਤਰ ਯਕਦਮ ਠਠੰਬਰ ਗਿਆ। ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ’ਚ ਜੂਝਦਿਆਂ ਬਿਮਾਰ ਹੋਏ ਹਰਦੀਪ ਗਾਲਬਿ ਨੂੰ ਪਰਿਵਾਰ ਤੇ ਜਥੇਬੰਦੀ ਸਮੇਤ ਦੇਸ਼ ਵਿਦੇਸ਼ ’ਚ ਬੈਠੇ ਹਮਦਰਦਾਂ ਸਿੱਖ ਪੰਚਾਇਤ ਫਰੀਮੌਂਟ, ਸਿੱਖਜ਼ ਫਾਰ ਹਿਊਮੈਨਿਟੀ ਕੈਲੀਫੋਰਨੀਆ ਨੇ ਬਚਾਉਣ ਦੀ ਅਣਥੱਕ ਕੋਸ਼ਿਸ਼ ਕੀਤੀ ਪਰ ਕਿਸਾਨ ਲਹਿਰ ਦਾ ਇਕ ਅਮੁੱਲਾ ਹੀਰਾ ਸਾਥੋਂ ਵਿਛੜ ਗਿਆ। ਅਤਿਅੰਤ ਸਾਊ, ਸਨਿਮਰ, ਸਿਰੜੀ, ਸਿਦਕਵਾਨ ਤੇ ਪ੍ਰਪੱਕ ਸਾਥੀ ਦਾ ਬੇਵਕਤ ਵਿਗੋਚਾ ਕਿਸਾਨ ਤੇ ਇਨਕਲਾਬੀ ਲਹਿਰ ਲਈ ਅਸਹਿ ਅਤੇ ਅਕਹਿ ਹੈ।